ਹੁਣ ਡਰਾਈਵਰ ਦਾ ਇਕ ਹੱਥ ਸਟੀਅਰਿੰਗ ’ਤੇ ਸੀ ਅਤੇ ਦੂਜੇ ਵਿਚ ਅਚਾਰ ਨਾਲ ਲਿਪਟੀ ਰੋਟੀ ਸੀ। ਉਹ ਰੋਟੀਆਂ ਦੀ ਭੂਕਣੀ ਬਣਾ ਕੇ ਖਾ ਰਿਹਾ ਸੀ। ਉਸ ਨੂੰ ਇੰਜ ਰੋਟੀ ਖਾਂਦੇ ਨੂੰ ਦੇਖ ਕੇ ਮੈਨੂੰ ਯਾਦ ਆ ਗਿਆ ਕਿ ਕੁਝ ਦਿਨ ਪਹਿਲਾਂ ਦਫ਼ਤਰ ਵਿਚ ਕੰਮ ਜ਼ਿਆਦਾ ਸੀ। ਸਮਾਂ ਨਾ ਮਿਲਣ ਕਾਰਨ ਮੈਂ ਵੀ ਬੱਸ ਵਿਚ ਹੀ ਰੋਟੀ ਖਾਧੀ ਸੀ।

ਰਾਤ ਦੇ ਲਗਪਗ ਪੌਣੇ ਗਿਆਰਾਂ ਵੱਜ ਗਏ ਸਨ। ਦਫ਼ਤਰ ਤੋਂ ਵਿਹਲਾ ਹੋ ਕੇ ਮੈਂ ਆਪਣੇ ਘਰ ਪਟਿਆਲਾ ਜਾਣਾ ਸੀ। ਚੰਡੀਗੜ੍ਹ ਦੇ ਇਕ ਬੱਸ ਸਟੈਂਡ ’ਤੇ ਮੈਂ ਬੱਸ ਦੀ ਉਡੀਕ ਕਰ ਰਿਹਾ ਸਾਂ। ਬੱਸ ਆਪਣੇ ਸਮੇਂ ਅਨੁਸਾਰ ਪਹੁੰਚ ਗਈ। ਬੱਸ ਵਿਚ ਚੜ੍ਹਿਆ ਤਾਂ ਦੇਖਿਆ ਕਿ ਉਸ ’ਚ 10 ਤੋਂ 15 ਸਵਾਰੀਆਂ ਹੀ ਸਨ। ਸਬੱਬੀ ਮੈਂ ਡਰਾਈਵਰ ਦੇ ਬਿਲਕੁਲ ਪਿਛਲੇ ਪਾਸੇ ਵਾਲੀ ਸੀਟ ’ਤੇ ਬੈਠ ਗਿਆ। ਰਾਤ ਹੋਣ ਕਾਰਨ ਸੜਕਾਂ ’ਤੇ ਬਹੁਤੀ ਆਵਾਜਾਈ ਨਹੀਂ ਸੀ। ਡਰਾਈਵਰ ਵੀ ਬੱਸ ਨੂੰ ਖਿੱਚੀ ਜਾ ਰਿਹਾ ਸੀ। ਕੰਡਕਟਰ ਸਵਾਰੀਆਂ ਨੂੰ ਟਿਕਟਾਂ ਦੇ ਕੇ ਵਿਹਲਾ ਹੋ ਚੁੱਕਾ ਸੀ। ਬੱਸ ਅੰਦਰਲੀਆਂ ਕੁਝ ਲਾਈਟਾਂ ਜਗ ਰਹੀਆਂ ਸਨ। ਮੌਸਮ ਵੀ ਸੰਤੁਲਿਤ ਜਿਹਾ ਸੀ। ਨਾ ਜ਼ਿਆਦਾ ਠੰਢ ਸੀ, ਤੇ ਨਾ ਗਰਮੀ। ਬੱਸ ਦੀਆਂ ਖਿੜਕੀਆਂ ਰਾਹੀਂ ਬਾਹਰੋਂ ਆਉਂਦੀ ਠੰਢੀ-ਠੰਢੀ ਹਵਾ ਥਕਾਵਟ ਨੂੰ ਦੂਰ ਕਰ ਰਹੀ ਸੀ। ਸੜਕਾਂ ਨੂੰ ਚੀਰਦੀ ਬੱਸ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ। ਡਰਾਈਵਰ ਦੇ ਪਿਛਲੇ ਪਾਸੇ ਬੈਠਾ ਹੋਣ ਕਾਰਨ ਮੇਰਾ ਵਧੇਰੇ ਧਿਆਨ ਉਸ ’ਤੇ ਹੀ ਸੀ। ਉਸ ਦੇ ਖੱਬੇ ਪਾਸੇ ਨੇੜੇ ਹੀ ਇਕ ਕਾਲੇ ਰੰਗ ਦਾ ਬੈਗ ਪਿਆ ਸੀ। ਉਸ ਨੇ ਬੈਗ ਨੂੰ ਹੱਥ ਪਾਇਆ। ਉਸ ਦਾ ਇਕ ਹੱਥ ਬੱਸ ਦੇ ਸਟੀਅਰਿੰਗ ’ਤੇ ਅਤੇ ਦੂਜਾ ਬੈਗ ਨੂੰ ਫਰੋਲਣ ਵਿਚ ਮਸਰੂਫ਼ ਸੀ। ਖ਼ਾਸੀ ਮੁਸ਼ੱਕਤ ਮਗਰੋਂ ਉਸ ਨੇ ਬੈਗ ਵਿੱਚੋਂ ਕਾਲੇ ਰੰਗ ਦਾ ਲਿਫ਼ਾਫ਼ਾ ਕੱਢਿਆ। ਮੈਨੂੰ ਸ਼ੱਕ ਹੋਇਆ ਕਿ ਕਿਤੇ ਕੋਈ ਨਸ਼ਾ ਤਾਂ ਨਹੀਂ ਕਰਨ ਲੱਗਾ। ਜਦੋਂ ਟੇਢਾ ਜਿਹਾ ਹੋ ਕੇ ਮੈਂ ਦੇਖਿਆ ਤਾਂ ਉਸ ਨੇ ਲਿਫ਼ਾਫ਼ੇ ਵਿੱਚੋਂ ਕੁਝ ਰੋਟੀਆਂ ਕੱਢੀਆਂ। ਜਦੋਂ ਉਸ ਨੇ ਕੱਪੜੇ ਵਿਚ ਲਪੇਟੀਆਂ ਰੋਟੀਆਂ ਨੂੰ ਖੋਲ੍ਹਿਆ ਤਾਂ ਉਨ੍ਹਾਂ ਉੱਤੇ ਅਚਾਰ ਵੀ ਪਿਆ ਸੀ। ਮੈਂ ਆਪਣੀ ਸੋਚ ਨੂੰ ਕੋਸਿਆ ਕਿ ਮੈਂ ਐਵੇਂ ਹੀ ਡਰਾਈਵਰ ਨੂੰ ਨਸ਼ੇੜੀ ਸਮਝ ਰਿਹਾ ਸਾਂ।
ਹੁਣ ਡਰਾਈਵਰ ਦਾ ਇਕ ਹੱਥ ਸਟੀਅਰਿੰਗ ’ਤੇ ਸੀ ਅਤੇ ਦੂਜੇ ਵਿਚ ਅਚਾਰ ਨਾਲ ਲਿਪਟੀ ਰੋਟੀ ਸੀ। ਉਹ ਰੋਟੀਆਂ ਦੀ ਭੂਕਣੀ ਬਣਾ ਕੇ ਖਾ ਰਿਹਾ ਸੀ। ਉਸ ਨੂੰ ਇੰਜ ਰੋਟੀ ਖਾਂਦੇ ਨੂੰ ਦੇਖ ਕੇ ਮੈਨੂੰ ਯਾਦ ਆ ਗਿਆ ਕਿ ਕੁਝ ਦਿਨ ਪਹਿਲਾਂ ਦਫ਼ਤਰ ਵਿਚ ਕੰਮ ਜ਼ਿਆਦਾ ਸੀ। ਸਮਾਂ ਨਾ ਮਿਲਣ ਕਾਰਨ ਮੈਂ ਵੀ ਬੱਸ ਵਿਚ ਹੀ ਰੋਟੀ ਖਾਧੀ ਸੀ। ਡਰਾਈਵਰ ਨੂੰ ਬੱਸ ਵਿਚ ਇਸ ਤਰ੍ਹਾਂ ਰੋਟੀ ਖਾਂਦਿਆਂ ਦੇਖ ਕੇ ਮੇਰੇ ਅੰਦਰ ਉਸ ਪ੍ਰਤੀ ਹਮਦਰਦੀ ਆ ਗਈ। ਉਸ ਨਾਲ ਗੱਲ ਕਰਨ ਲਈ ਮੈਂ ਕੁਝ ਸਮਾਂ ਸੋਚੀਂ ਪਿਆ ਰਿਹਾ। ਆਖ਼ਰ ਮੈਂ ਉਸ ਨੂੰ ਪੁੱਛ ਹੀ ਲਿਆ, “ਬਾਈ ਜੀ, ਕਿੰਨੀ ਕੁ ਸਖ਼ਤ ਡਿਊਟੀ ਹੁੰਦੀ ਹੈ, ਤੁਸੀਂ ਤਾਂ ਰੋਟੀ ਵੀ ਡਿਊਟੀ ਦੌਰਾਨ ਹੀ ਖਾ ਰਹੇ ਹੋ।” ਜਵਾਬ ਵਿਚ ਡਰਾਈਵਰ ਵੱਲੋਂ ਸੁਣਾਈਆਂ ਗੱਲਾਂ ਨੇ ਮੈਨੂੰ ਇਹ ਲੇਖ ਲਿਖਣ ਲਈ ਮਜਬੂਰ ਕਰ ਦਿੱਤਾ। ਇਕ ਸਵਾਲ ਦੇ ਇੰਨੇ ਜਵਾਬ ਵੀ ਹੋ ਸਕਦੇ ਹਨ, ਮੈਨੂੰ ਉਸੇ ਦਿਨ ਪਤਾ ਲੱਗਿਆ। ਮੇਰੇ ਵੱਲੋਂ ਰੋਟੀ ਖਾਣ ਸਬੰਧੀ ਪੁੱਛੇ ਗਏ ਸਵਾਲ ਤੋਂ ਬਾਅਦ ਡਰਾਈਵਰ ਨੇ ਕਿਹਾ, “ਡਰਾਈਵਰਾਂ ਦੀ ਇਹੋ ਜ਼ਿੰਦਗੀ ਹੈ। ਦੁਨੀਆ ਡਰਾਈਵਰਾਂ ਨੂੰ ਗਾਲ੍ਹਾਂ ਕੱਢਦੀ ਰਹਿੰਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ ਦਾ ਚੱਕਰ ਡਰਾਈਵਰ ਹੀ ਚਲਾ ਰਹੇ ਹੈ।’’ ਉਸ ਨੇ ਆਖਿਆ ਕਿ ਉਸ ਦੇ ਹੱਥ ਵਿਚ ਇਸ ਅੰਨ ਦੇ ਬੀਜ ਨੂੰ ਦੁਕਾਨ ਤੱਕ ਇਕ ਡਰਾਈਵਰ ਨੇ ਪਹੁੰਚਾਇਆ ਹੈ। ਖੇਤਾਂ ਵਿੱਚੋਂ ਪੱਕੀ ਫ਼ਸਲ ਨੂੰ ਕੰਬਾਈਨ ਨਾਲ ਡਰਾਈਵਰ ਨੇ ਵੱਢਿਆ ਹੈ। ਫ਼ਸਲ ਦਾ ਮੰਡੀ ਤੋਂ ਗੁਦਾਮਾਂ ਤੱਕ ਦਾ ਸਫ਼ਰ ਡਰਾਈਵਰਾਂ ਨੇ ਸਿਰੇ ਚੜ੍ਹਾਇਆ ਹੈ। ਮੁੜ ਆਟਾ ਚੱਕੀਆਂ ਜਾਂ ਫੈਕਟਰੀਆਂ ਤੱਕ ਡਰਾਈਵਰਾਂ ਨੇ ਪਹੁੰਚਾਇਆ। ਲੋਕ ਜਿਹੜੇ ਸਟੋਰਾਂ ਜਾਂ ਦੁਕਾਨਾਂ ਤੋਂ ਅਨਾਜ ਖ਼ਰੀਦਦੇ ਹਨ, ਉਹ ਉੱਥੇ ਡਰਾਈਵਰਾਂ ਨੇਹੀ ਪਹੁੰਚਾਇਆ ਹੈ। ਮਨੁੱਖ ਦੇ ਕੁੱਖ ਵਿਚ ਹੋਣ ਤੋਂ ਲੈ ਕੇ ਅਸਥੀਆਂ ਤੱਕ ਦਾ ਸਫ਼ਰ ਡਰਾਈਵਰ ਨਾਲ ਹੀ ਜੁੜਿਆ ਹੋਇਆ ਹੈ। ਗਰਭਵਤੀ ਔਰਤ ਨੂੰ ਹਸਪਤਾਲ ਵਿਚ ਡਰਾਈਵਰ ਲੈ ਕੇ ਜਾਂਦਾ ਹੈ। ਬੱਚਾ ਥੋੜ੍ਹਾ ਵੱਡਾ ਹੁੰਦਾ ਹੈ, ਉਸ ਨੂੰ ਪੜ੍ਹਨ-ਲਿਖਣ ਲਈ ਸਕੂਲ ਤੱਕ ਡਰਾਈਵਰ ਹੀ ਪਹੁੰਚਾਉਂਦਾ ਹੈ। ਘਰ ਵਿਚ ਆਪਣੇ ਜਿਗਰ ਦੇ ਟੋਟਿਆਂ ਦਾ ਰਾਹ ਤੱਕ ਰਹੇ ਮਾਪਿਆਂ ਤੱਕ ਬੱਚਿਆਂ ਨੂੰ ਡਰਾਈਵਰ ਹੀ ਪਹੁੰਚਾਉਂਦਾ ਹੈ।
ਨੌਜਵਾਨਾਂ ਨੂੰ ਉਨ੍ਹਾਂ ਦੇ ਪ੍ਰੀਖਿਆ ਕੇਂਦਰਾਂ, ਰੁਜ਼ਗਾਰ, ਇੰਟਰਵਿਊ ਵਾਸਤੇ ਮੰਜ਼ਿਲ ’ਤੇ ਪਹੁੰਚਾਉਣ ਵਾਲਾ ਡਰਾਈਵਰ ਹੀ ਹੈ। ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਨੌਜਵਾਨ ਹਨ, ਜੋ ਇਕ ਤੋਂ ਦੂਜੇ ਸ਼ਹਿਰ, ਇਕ ਤੋਂ ਦੂਜੇ ਸੂਬੇ, ਇੱਥੋਂ ਤੱਕ ਕਿ ਦੇਸ਼-ਵਿਦੇਸ਼ ਤੱਕ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਜਾਂਦੇ ਹਨ ਪਰ ਇਹ ਕੰਮ ਵੀ ਡਰਾਈਵਰਾਂ ਕਾਰਨ ਹੀ ਸੰਭਵ ਬਣਦਾ ਹੈ। ਡਰਾਈਵਰ ਹੀ ਵਿਦੇਸ਼ਾਂ ਤੋਂ ਪਰਤੇ ਪੁੱਤਾਂ-ਧੀਆਂ ਨੂੰ ਮਾਵਾਂ ਨਾਲ ਮਿਲਾਉਂਦੇ ਹਨ। ਵਿਆਹ ਤੋਂ ਬਾਅਦ ਜਦੋਂ ਕੋਈ ਭੈਣ ਆਪਣੇ ਭਰਾ ਲਈ ਮੋਹ ਦੀਆਂ ਤੰਦਾਂ ਰੂਪੀ ਰੱਖੜੀ ਲੈ ਕੇ ਬੱਸ ਜਾਂ ਕਿਸੇ ਹੋਰ ਵਾਹਨ ਵਿਚ ਜਾ ਰਹੀ ਹੁੰਦੀ ਹੈ, ਤਾਂ ਉਸ ਸਾਧਨ ਨੂੰ ਵੀ ਡਰਾਈਵਰ ਹੀ ਚਲਾ ਰਿਹਾ ਹੁੰਦਾ ਹੈ। ਇਹ ਡਰਾਈਵਰ ਹੀ ਹਨ ਜੋ ਭੈਣਾਂ ਨੂੰ ਆਪਣੇ ਭਰਾਵਾਂ ਤੱਕ ਪਹੁੰਚਾਉਂਦੇ ਹਨ ਅਤੇ ਮੋਹ ਦੀਆਂ ਤੰਦਾਂ ਨੂੰ ਟੁੱਟਣ ਨਹੀਂ ਦਿੰਦੇ। ਸਾਡੀਆਂ ਨਾਨੀਆਂ ਨੂੰ ਤੀਆਂ ਦੇ ਮਹੀਨੇ ਬਿਸਕੁਟਾਂ ਵਾਲਾ ਪੀਪਾ ਚੁੱਕ ਕੇ ਸਾਡੀਆਂ ਮਾਵਾਂ ਕੋਲ ਪਹੁੰਚਾਉਣ ਵਾਲਾ ਡਰਾਈਵਰ ਹੀ ਹੈ। ਇਹ ਡਰਾਈਵਰ ਹੀ ਹਨ ਜੋ ਮਨੁੱਖਤਾ ਦੀ ਕਿੰਨੀ ਵੱਡੀ ਜਮਾਤ ਨੂੰ ਉਨ੍ਹਾਂ ਦੇ ਕੰਮਾਂ-ਧੰਦਿਆਂ ਤੇ ਵਪਾਰਾਂ ਤੱਕ ਪਹੁੰਚਾਉਂਦੇ ਹਨ। ਕਿਸੇ ਦੇ ਘਰ ਚਾਹੇ ਵਿਆਹ ਰੱਖਿਆ ਹੋਵੇ, ਚਾਹੇ ਕਿਸੇ ਦੀ ਅੰਤਿਮ ਅਰਦਾਸ ਦਾ ਸਮਾਗਮ, ਦੋਵੇਂ ਕਾਰ-ਵਿਹਾਰਾਂ ਲਈ ਲੋੜ ਵਾਲਾ ਸਾਮਾਨ ਪਹੁੰਚਾਉਣ ਵਾਲਾ ਡਰਾਈਵਰ ਹੀ ਹੈ। ਦੋ ਰਿਸ਼ਤਿਆਂ ਨੂੰ ਆਪਸ ਵਿਚ ਜੋੜਨ ਵਾਲਾ ਡਰਾਈਵਰ ਹੀ ਹੈ। ਵਿਆਹ ਵਾਲੀ ਗੱਡੀ ਡਰਾਈਵਰ ਹੀ ਚਲਾ ਰਿਹਾ ਹੁੰਦਾ ਹੈ। ਮੌਤ ਮਗਰੋਂ ਮਨੁੱਖ ਦੀ ਲਾਸ਼ ਨੂੰ ਮੜ੍ਹੀਆਂ-ਕਬਰਾਂ ਤੱਕ ਡਰਾਈਵਰ ਹੀ ਪਹੁੰਚਾ ਰਿਹਾ ਹੁੰਦਾ ਹੈ।
ਉਸ ਬੱਸ ਡਰਾਈਵਰ ਨੇ ਕਿਹਾ ਕਿ ਫਿਰ ਵੀ ਡਰਾਈਵਰਾਂ ਨੂੰ ਕਦੇ ਉਹ ਮਾਣ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਹਨ। ਸੜਕਾਂ ’ਤੇ ਇੰਨਾ ਤੰਗ ਟੋਏ ਨਹੀਂ ਕਰਦੇ ਜਿੰਨਾ ਹੋਰ ਮੁਸ਼ਕਲਾਂ ਕਰਦੀਆਂ ਹਨ। ਉਹ ਆਖਣ ਲੱਗਿਆ, “ਬਾਈ ਜੀ, ਸਾਨੂੰ ਹੀ ਪਤਾ ਹੈ ਕਿ ਦਿਨ-ਰਾਤ ਅਸੀਂ ਕਿਵੇਂ ਕੱਢਦੇ ਹਾਂ। ਤੁਸੀਂ ਤਾਂ ਹੁਣ ਆਪਣੇ ਘਰ ਜਾ ਕੇ ਸੌਂ ਜਾਣਾ ਹੈ ਪਰ ਮੈਨੂੰ ਰਾਤ ਇਸ ਬੱਸ ਵਿਚ ਹੀ ਕੱਟਣੀ ਪੈਣੀ ਹੈ।” ਉਸ ਦੀ ਕੋਈ ਵੀ ਗੱਲ ਝੂਠੀ ਨਹੀਂ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਜਿੰਨਾ ਹੈਰਾਨ ਹੋ ਰਿਹਾ ਸਾਂ, ਓਨਾ ਹੀ ਪਰੇਸ਼ਾਨ ਵੀ ਹੋ ਰਿਹਾ ਸਾਂ। ਇੰਨੇ ਨੂੰ ਬੱਸ ਪਟਿਆਲਾ ਪਹੁੰਚ ਗਈ। ਬੱਸ ਵਿੱਚੋਂ ਸਾਰੀਆਂ ਸਵਾਰੀਆਂ ਉਤਰ ਗਈਆਂ। ਮੈਂ ਡਰਾਈਵਰ ਨਾਲ ਹੱਥ ਮਿਲਾਇਆ ਤੇ ਆਗਿਆ ਲੈਂਦੇ ਹੋਏ ਨੇ ਕਿਹਾ, “ਡਰਾਈਵਰ ਸਾਬ੍ਹ, ਅੱਜ ਤੁਸੀਂ ਮੈਨੂੰ ਡਰਾਈਵਰਾਂ ਦੇ ਮੁਸ਼ਕਲ ਪੇਸ਼ੇ ਤੇ ਉਨ੍ਹਾਂ ਦੀਆਂ ਵੱਖ-ਵੱਖ ਚੁਣੌਤੀਆਂ ਦਾ ਅਹਿਸਾਸ ਕਰਵਾਇਆ ਹੈ। ਮੈਨੂੰ ਲਿਖਣ ਦਾ ਸ਼ੌਕ ਹੈ, ਇਸ ’ਤੇ ਜ਼ਰੂਰ ਲਿਖਾਂਗਾ।’’ ਬੱਸ ਵਿੱਚੋਂ ਉਤਰਨ ਮਗਰੋਂ ਮਨ ਵਿਚ ਖ਼ਿਆਲ ਦੌੜਿਆ, ‘ਡਰਾਈਵਰਾ, ਤੇਰੇ ਲਈ ਸਤਿਕਾਰ ਤੇ ਪਿਆਰ, ਤੂੰ ਰੁਕੀਂ ਨਾ, ਤੂੰ ਚੱਲਦਾ ਰਹੀਂ, ਤੂੰ ਹੱਸਦਾ ਰਹੀਂ, ਤੂੰ ਵਸਦਾ ਰਹੀਂ।
-ਗੋਪਾਲ ਸਿੰਘ ਸਿੱਧੂ
-(ਸੀਨੀਅਰ ਨਾਮਾਨਿਗਾਰ, ਖੇਤਰੀ ਸਮਾਚਾਰ ਇਕਾਈ, ਦੂਰਦਰਸ਼ਨ ਕੇਂਦਰ, ਜਲੰਧਰ)।
-ਸੰਪਰਕ : 99148-11835