ਉਸ ਦੀਆਂ ਗ਼ਜ਼ਲਾਂ ਸਭ ਤੋਂ ਪਹਿਲਾਂ ਦੁਸ਼ਿਅੰਤ ਕੁਮਾਰ ਦੇ ਬਰਾਬਰ ਕਮਲੇਸ਼ਵਰ ਜੀ ‘ਸਾਰਿਕਾ’ ਮੈਗਜ਼ੀਨ ਵਿਚ ਛਾਪਦੇ। ਅਸੀਂ ਇਹ ਮੈਗਜ਼ੀਨ ਲਿਆ ਕੇ ਗ਼ਜ਼ਲਾਂ ਦਾ ਲਿਪੀਅੰਤਰਣ ਕਰ ਕੇ ਵੱਖ-ਵੱਖ ਮੈਗਜ਼ੀਨਾਂ ਵਿਚ ਛਾਪਦੇ। ਅਜਬ ਸਰੂਰ ਸੀ ਉਸ ਦੀ ਸ਼ਾਇਰੀ ਵਿਚ।
ਡਾ. ਬਸ਼ੀਰ ਬਦਰ ਦੇ ਇਸ ਸ਼ਿਅਰ ਨੇ ਬਹੁਤਿਆਂ ਨੂੰ ਉਸ ਨਾਲ ਮਿਲਵਾਇਆ।‘ਉਜਾਲੇ ਅਪਨੀ ਯਾਦੋਂ ਕੇ, ਹਮਾਰੇ ਪਾਸ ਰਹਿਨੇ ਦੋ, ਨਾ ਜਾਨੇਂ ਜ਼ਿੰਦਗੀ ਕੀ ਕਿਸ ਗਲੀ ਮੇਂ ਸ਼ਾਮ ਹੋ ਜਾਏ।’
ਉਸ ਦੀਆਂ ਗ਼ਜ਼ਲਾਂ ਸਭ ਤੋਂ ਪਹਿਲਾਂ ਦੁਸ਼ਿਅੰਤ ਕੁਮਾਰ ਦੇ ਬਰਾਬਰ ਕਮਲੇਸ਼ਵਰ ਜੀ ‘ਸਾਰਿਕਾ’ ਮੈਗਜ਼ੀਨ ਵਿਚ ਛਾਪਦੇ। ਅਸੀਂ ਇਹ ਮੈਗਜ਼ੀਨ ਲਿਆ ਕੇ ਗ਼ਜ਼ਲਾਂ ਦਾ ਲਿਪੀਅੰਤਰਣ ਕਰ ਕੇ ਵੱਖ-ਵੱਖ ਮੈਗਜ਼ੀਨਾਂ ਵਿਚ ਛਾਪਦੇ। ਅਜਬ ਸਰੂਰ ਸੀ ਉਸ ਦੀ ਸ਼ਾਇਰੀ ਵਿਚ। ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਲੁਧਿਆਣਾ ਦੇ ਗੌਰਮਿੰਟ ਮਹਿਲਾ ਕਾਲਜ ਵਿਚ ਹੋਈ 1987 ਵਿਚ। ਇਸ ਕਾਲਜ ਦੀ ਹਿੰਦੀ ਦੀ ਪ੍ਰੋਫੈਸਰ ਸ਼ਕੁੰਤਲਾ ਸ੍ਰੀਵਾਸਤਵਾ ਹਰ ਸਾਲ ਉਰਦੂ ਤੇ ਹਿੰਦੀ ਦੇ ਕਵੀ ਬੁਲਾਉਂਦੀ ਸੀ। ਬਸ਼ੀਰ ਬਦਰ ਕੋਲੋਂ ਸੁਣੇ ਇਹ ਦੋ ਸ਼ਿਅਰ ਰੂਹ ਵਿਚ ਉਤਰ ਗਏ ਸਨ। ‘ਤਮਾਮ ਉਮਰ ਮੇਰਾ ਇਸ ਧੂੰਏਂ ਮੇਂ ਦਮ ਘੁਟਾ, ਵੋਹ ਏਕ ਚਿਰਾਗ ਥਾ ਮੈਨੇ ਉਸੇ ਬੁਝਾਇਆ ਹੈ। ਦੂਸਰਾ ਸ਼ਿਅਰ ਵੀ ਬਾਕਮਾਲ ਸੀ।
‘ਦੁਸ਼ਮਨੀ ਜਮ ਕਰ ਕਰੋ, ਲੇਕਿਨ ਯੇਹ ਗੁੰਜਾਇਸ਼ ਰਹੇ, ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨਾ ਹੋਂ।’
ਇਕ ਹੋਰ ਗ਼ਜ਼ਲ ਦੇ ਸ਼ਿਅਰ ਵੀ ਚੇਤੇ ਆ ਗਏ।
‘ਗੁਫ਼ਤਗੂ ਉਨ ਸੇ ਰੋਜ਼ ਹੋਤੀ ਹੈ, ਮੁੱਦਤੋਂ ਸਾਮਨਾ ਨਹੀਂ ਹੋਤਾ।
ਰਾਤ ਕਾ ਇੰਤਜ਼ਾਰ ਕੌਨ ਕਰੇ, ਆਜ ਕਲ ਦਿਨ ਮੇਂ ਕਿਆ ਨਹੀਂ ਹੋਤਾ।
ਦਿਲ ਤੋ ਬਹੁਤ ਚਾਹਤਾ ਹੈ ਸੱਚ ਬੋਲੇਂ, ਕਿਆ ਕਰੇਂ ਹੌਸਲਾ ਨਹੀਂ ਹੋਤਾ।’
ਮੈਨੂੰ ਯਾਦ ਹੈ ਕਿ ਉਸੇ ਰਾਤ ਲੁਧਿਆਣਾ ਦੇ ਧਰਮਪੁਰਾ ਸਥਿਤ ਸ਼ਿੰਗਾਰ ਸਿਨਮੇ ਵਿਚ ਗ਼ਜ਼ਲ ਗਾਇਕ ਜਗਜੀਤ ਨਾਈਟ ਸੀ। ਡਾ. ਬਦਰ ਨੇ ਇੱਛਾ ਜ਼ਾਹਰ ਕੀਤੀ ਕਿ ਜਗਜੀਤ ਨੂੰ ਸਾਹਮਣੇ ਬਹਿ ਕੇ ਸੁਣਿਆ ਜਾਵੇ।
ਕਵੀ ਦਰਬਾਰ ਤੋਂ ਬਾਅਦ ਅਸੀਂ ਗੌਰਮਿੰਟ ਮਹਿਲਾ ਕਾਲਜ ਤੋਂ ਪੈਦਲ ਹੀ ਤੁਰ ਪਏ ਕਿਉਂਕਿ ਹਾਲਾਤ ਖ਼ਰਾਬ ਹੋਣ ਕਾਰਨ ਰਾਤ ਵੇਲੇ ਰਿਕਸ਼ੇ ਨਹੀਂ ਸਨ ਮਿਲਦੇ। ਸਾਨੂੰ ਭਰਮ ਸੀ ਕਿ ਗ਼ਜ਼ਲ ਨਾਈਟ ਸੰਗੀਤ ਸਿਨਮੇ ਵਿਚ ਹੈ। ਥੱਕ-ਹਾਰ ਕੇ ਓਥੇ ਪਹੁੰਚੇ ਤਾਂ ਅੱਗੋਂ ਸਿਨਮਾ ਬੰਦ। ਸਾਹੋ-ਸਾਹ ਹੋਇਆਂ ਨੇ ਕਿਸੇ ਤੋਂ ਪੁੱਛਿਆ ਕਿ ਸੰਗੀਤ ਨਾਈਟ ਮੁੱਕ ਗਈ ਭਲਾ। ਉਸ ਨੇ ਕਿਹਾ, ‘‘ਪਹਿਲਾਂ ਵੀ ਦਸ-ਬਾਰਾਂ ਬੰਦੇ ਪਰਤੇ ਨੇ, ਗ਼ਜ਼ਲ ਨਾਈਟ ਸ਼ਿੰਗਾਰ ਸਿਨਮਾ ਵਿਚ ਹੋਊ।’’ ਕੀ ਕਰਦੇ? ਥੱਕੇ-ਹਾਰੇ ਓਧਰ ਨੂੰ ਤੁਰ ਪਏ। ਅੱਗੇ ਅਥਾਹ ਭੀੜ ਸੀ। ਅੰਦਰ ਜਾਣਾ ਮੁਹਾਲ ਸੀ। ਅਚਨਚੇਤ ਪ੍ਰਬੰਧਕਾਂ ਵਿੱਚੋਂ ਕਿਸੇ ਨੇ ਮੈਨੂੰ ਪਛਾਣ ਲਿਆ ਮੋਹਨ ਸਿੰਘ ਮੇਲੇ ਦੇ ਚੌਧਰੀ ਹੋਣ ਕਰ ਕੇ। ਅੰਦਰ ਦੋ ਕੁਰਸੀਆਂ ਤਾਂ ਮਿਲ ਗਈਆਂ ਪਰ ਹਾਲ ਤਾਂ ਭੀੜ ਵਿਚ ਚੱਕੀ ਰਾਹੇ ਵਰਗਾ ਸੀ ਸਾਡਾ। ਮੰਚ ਸੰਚਾਲਕ ਨੂੰ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਅਵਾਜ਼ਾਰ ਕਰ ਰਿਹਾ ਸੀ। ਉਹ ਚਾਹੁੰਦਾ ਸੀ ਕਿ ਜਗਜੀਤ ਸਿੰਘ ਮੇਰੀ ਲਿਖੀ ਗ਼ਜ਼ਲ ਗਾਉਣ ਤੋਂ ਪਹਿਲਾਂ ਇਹ ਦੱਸੇ ਕਿ ‘ਜਬ ਭੀ ਆਤੀ ਹੈ ਤੇਰੀ ਯਾਦ ਕਭੀ ਸ਼ਾਮ ਕੇ ਬਾਅਦ। ਔਰ ਭੀ ਬੜ ਜਾਤੀ ਹੇ ਅਫਸੁਰਦਾ ਦਿਲੀ ਸ਼ਾਮ ਕੇ ਬਾਅਦ।’
ਅਦੀਬ ਸਾਹਿਬ ਸਦਾ ਵਾਂਗ ਸ਼ਾਮ ਨੂੰ ਗੁਲਾਬੀ ਹੋਏ ਝੂਮ ਰਹੇ ਸਨ। ਪੰਜਾਬ ਖੇਤੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿਚ ਅਸੀਂ ਇਕੱਠੇ ਸੇਵਾ ਕਰ ਰਹੇ ਸਾਂ ਉਦੋਂ। ਉਨ੍ਹਾਂ ਮੈਨੂੰ ਪਛਾਣ ਕੇ ਆਵਾਜ਼ਾਂ ਦੇਣੀਆਂ ਤੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ। ਮੇਰੇ ਨਾਲ ਬੈਠੇ ਬਸ਼ੀਰ ਬਦਰ ਜੀ ਨੇ ਸਿਰ ਉਤਾਂਹ ਕੀਤਾ ਤਾਂ ਅਦੀਬ ਸਾਹਿਬ ਜ਼ੋਰਦਾਰ ਆਵਾਜ਼ ਵਿਚ ਬੋਲੇ, “ਜਗਜੀਤ ਕਮਾਲ ਹੋ ਗਿਆ, ਡਾ. ਬਸ਼ੀਰ ਬਦਰ ਤੇਰੇ ਕੋ ਨੀਚੇ ਬੈਠ ਕੇ ਸੁਨ ਰਹਾ ਹੈ, ਕਿਆ ਮੁਅਜ਼ਜ਼ਾ ਹੈ।’’ ਜਗਜੀਤ ਜੀ ਨੇ ਹਰਮੋਨੀਅਮ ਰੋਕ ਕੇ ਬੜੇ ਇਹਤਰਾਮ ਨਾਲ ਡਾ. ਬਸ਼ੀਰ ਬਦਰ ਨੂੰ ਮੰਚ ’ਤੇ ਬੁਲਾ ਕੇ ਸਰੋਤਿਆਂ ਨਾਲ ਮਿਲਵਾਇਆ। ਰਾਤ ਦੀ ਰੋਟੀ ਉਸ ਨਾਲ ਖਾਣ ਲਈ ਵੀ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ। ਇਸੇ ਸਿਨਮੇ ਦੇ ਉੱਪਰ ਹੀ ਰਾਤ ਦੀ ਰੋਟੀ ਦਾ ਪ੍ਰਬੰਧ ਸੀ। ਗੌਰਮਿੰਟ ਕਾਲਜ ਵਿਚ ਭੂਗੋਲ ਵਿਭਾਗ ਦੇ ਮੁਖੀ ਤੇ ਉਰਦੂ ਸ਼ਾਇਰ ਪ੍ਰੋ. ਬਲਜੀਤ ਸਿੰਘ ਗਰੇਵਾਲ ‘ਸੱਜਾਦ’ ਵੀ ਮਿਲ ਗਏ ਓਥੇ। ਕਾਲਜ ’ਚ ਪੜ੍ਹਦਿਆਂ ਮੇਰੇ ਮਿਹਰਬਾਨ ਅਧਿਆਪਕ ਹੋਣ ਕਾਰਨ ਮੈਂ ਚਰਨ ਵੰਦਨਾ ਕੀਤੀ। ਜਗਜੀਤ ਭਾਅ ਜੀ ਬਹੁਤ ਤਪਾਕ ਨਾਲ ਮਿਲੇ। ਬਹੁਤ ਚੰਗਾ ਲੱਗਾ। ਉਨ੍ਹਾਂ ਫੋਟੋ ਖਿੱਚਣ ਲਈ ਪੀਏਯੂ ਦੇ ਫੋਟੋਗ੍ਰਾਫਰ ਸ.ਕ. ਮੋਹਲਾਜੀ ਨੂੰ ਆਵਾਜ਼ ਮਾਰੀ। ਸਾਡੀ ਇਹ ਫੋਟੋ ਉਨ੍ਹਾਂ ਨੇ ਖਿੱਚੀ ਜਿਸ ਵਿਚ ਪ੍ਰੋ. ਬਲਜੀਤ ਸਿੰਘ ਗਰੇਵਾਲ, ਕ੍ਰਿਸ਼ਨ ਅਦੀਬ, ਗ਼ਜ਼ਲ ਗਾਇਕ ਜਗਜੀਤ ਸਿੰਘ, ਡਾ. ਬਸ਼ੀਰ ਬਦਰ ਤੇ ਮੈਂ ਖੜ੍ਹੇ ਹਾਂ। ਕਈ ਸਾਲ ਡਾ. ਬਦਰ ਨਾਲ ਟੈਲੀਫੋਨ ’ਤੇ ਸੰਪਰਕ ਰਿਹਾ ਪਰ ਕਈ ਸਾਲਾਂ ਤੋ ਉਨ੍ਹਾਂ ਦੇ ਸਿਹਤਯਾਬ ਨਾ ਰਹਿਣ ਕਾਰਨ ਸੰਪਰਕ ਨਾ ਰਹਿ ਸਕਿਆ।
ਕਈ ਸਾਲ ਪਹਿਲਾਂ ਉਨ੍ਹਾਂ ਦੀ ਸਮੁੱਚੀ ਗ਼ਜ਼ਲ ‘ਕਲਚਰ ਯਕਸਾਂ’ ਛਪੀ ਤਾਂ ਮੈਂ ਉਸ ਵਿੱਚੋਂ ਕੁਝ ਗ਼ਜ਼ਲਾਂ ਪੰਜਾਬੀ ਅੱਖਰਾਂ ਵਿਚ ਛਾਪਣ ਦਾ ਮਨ ਬਣਾਇਆ। ਲਗਪਗ 200 ਗ਼ਜ਼ਲਾਂ ਗੁਰਮੁਖੀ ਵਿਚ ਕਰ ਵੀ ਲਈਆਂ। ਪ੍ਰਵਾਨਗੀ ਮੰਗੀ ਤਾਂ ਬੋਲੇ ‘‘ਅਰੇ ਭਾਈ! ਨੇਕੀ ਔਰ ਪੂਛ-ਪੂਛ”। ਉਹ ਕਾਰਜ ਸੰਪੂਰਨ ਨਾ ਹੋ ਸਕਿਆ। ਦੋ ਸੌ ਪੰਨੇ ਹੁਣ ਮੈਨੂੰ ਪੁੱਛਣਗੇ ਕਿ ਹੁਣ ਜੇ ਛਪਵਾਵੇਂਗਾ ਵੀ ਤਾਂ ਕਿਸ ਨੂੰ ਵਿਖਾਏਂਗਾ।
ਹੁਣ ਕੁਝ ਦੁਨਿਆਵੀ ਗੱਲਾਂ ਡਾ. ਬਸ਼ੀਰ ਬਦਰ ਦੀ ਜ਼ਿੰਦਗੀ ਤੇ ਅਦਬੀ ਸਫ਼ਰ ਬਾਰੇ। ਉਨ੍ਹਾਂ ਦਾ ਜਨਮ 15 ਫਰਵਰੀ 1935 ਨੂੰ ਅਯੁੱਧਿਆ(ਯੂਪੀ) ਵਿਚ ਹੋਇਆ ਸੀ। ਭੋਪਾਲ(ਮੱਧ ਪ੍ਰਦੇਸ਼ ਵਿਚ ਉਨ੍ਹਾਂ ਈਦ-ਉਲ-ਜ਼ੁਹਾ ਵਾਲੇ ਦਿਨ ਆਖ਼ਰੀ ਸਾਹ ਲਏ। ਸੰਨ 1949 ਵਿਚ ਇਸਲਾਮੀਆ ਕਾਲਜ, ਇਟਾਵਾ ਤੋਂ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰ ਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਬੀਏ, ਐੱਮਏ ਤੇ ਪੀਐੱਚਡੀ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਹੀ ਉਰਦੂ ਵਿਭਾਗ ਵਿਚ ਲੈਕਚਰਾਰ ਦੇ ਤੌਰ ’ਤੇ ਕੰਮ ਕਰਦੇ ਰਹੇ। ਲਗਪਗ 17 ਸਾਲਾਂ ਤੱਕ ਮੇਰਠ ਕਾਲਜ ਮੇਰਠ ਵਿਚ ਉਰਦੂ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ। ਆਪਣੇ ਪਿੱਛੇ ਉਹ ਦੋ ਪੁੱਤਰਾਂ ਤੇ ਇਕ ਧੀ ਦਾ ਪਰਿਵਾਰ ਛੱਡ ਗਏ ਹਨ।
ਬਸ਼ੀਰ ਬਦਰ ਨੇ ਬਹੁਤੀ ਸਾਹਿਤ ਸਿਰਜਣਾ ਉਰਦੂ ਵਿਚ ਗਜ਼ਲਾਂ ਲਿਖ ਕੇ ਹੀ ਕੀਤੀ। ਆਪ ਨੇ ਉਰਦੂ ਅਕਾਦਮੀ ਦੇ ਪ੍ਰਧਾਨ ਦੇ ਤੌਰ ’ਤੇ ਵੀ ਕੁਝ ਸਮਾਂ ਕੰਮ ਕੀਤਾ ਹੈ। ਉਨ੍ਹਾਂ ਦੀਆਂ ਮੁੱਖ ਰਚਨਾਵਾਂ ਵਿਚ ਗਜ਼ਲ ਸੰਗ੍ਰਹਿ ‘ਉਜਾਲੇ ਅਪਨੀ ਯਾਦੋਂ ਕੇ’, ‘ਉਜਾਲੋਂ ਕੀ ਪਰੀਆਂ’, ‘ਆਸ’, ‘ਰੋਸ਼ਨੀ ਕੇ ਘਰੌਂਦੇ’, ‘ਫੂਲੋਂ ਕੀ ਛਤਰੀਆਂ’, ‘ਮੁਹੱਬਤ ਖ਼ੁਸ਼ਬੂ’ ਤੇ ਸਮੁੱਚੀ ਗ਼ਜ਼ਲ ਰਚਨਾ ‘ਕਲਚਰ ਯਕਸਾਂ’ ਮੀਲ ਪੱਥਰ ਵਰਗੀ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਅਸੀਂ ਇਸ ਸ਼ਾਇਰ ਵੀਰ ਦੇ ਵਿਛੋੜੇ ’ਤੇ ਉਦਾਸ ਤੇ ਗ਼ਮਜ਼ਦਾ ਹਾਂ। ਉਸ ਦੀ ਇਸ ਗ਼ਜ਼ਲ ਨਾਲ ਵਿਦਾ ਮੰਗਦਾ ਹਾਂ।
‘ਯਾਦ ਕਿਸੀ ਕੀ ਚਾਂਦਨੀ ਬਨ ਕਰ ਕੋਠੇ-ਕੋਠੇ ਉਤਰੀ ਹੈ।
ਯਾਦ ਕਿਸੀ ਕੀ ਧੂਪ ਹੂਈ ਹੈ ਜ਼ੀਨਾ-ਜ਼ੀਨਾ ਉਤਰੀ ਹੈ।
ਰਾਤ ਕੀ ਰਾਨੀ ਸੈਹਨ-ਏ-ਚਮਨ ਮੇਂ ਗੇਸੂ ਖੋਲ੍ਹੇ ਸੋਤੀ ਹੈ,
ਰਾਤ-ਬੇਰਾਤ ਉਧਰ ਮਤ ਜਾਨਾ ਏਕ ਨਾਗਿਨ ਭੀ ਰਹਤੀ ਹੈ।
ਤੁਮ ਕੋ ਕਯਾ ਤੁਮ ਗ਼ਜ਼ਲੇਂ ਕਹਿ ਕਰ ਅਪਨੀ ਆਗ ਬੁਝਾ ਲੋਗੇ,
ਉਸ ਕੇ ਜੀਅ ਸੇ ਪੂਛੋ ਜੋ ਪੱਥਰ ਕੀ ਤਰਹ ਚੁਪ ਰਹਤੀ ਹੈ।
ਪੱਥਰ ਲੇਕਰ ਗਲੀਓਂ-ਗਲੀਓਂ ਲੜ ਕੇ ਪੂਛਾ ਕਰਤੇ ਹੈਂ,
ਹਰ ਬਸਤੀ ਮੇਂ ਮੁਝ ਸੇ ਆਗੇ ਸ਼ੌਹਰਤ ਮੇਰੀ ਰਹਤੀ ਹੈ।
ਮੁੱਦਤ ਸੇ ਇਕ ਲੜਕੀ ਕੇ ਰੁਖ਼ਸਾਰ ਕੀ ਧੂਪ ਨਹੀਂ ਆਈ,
ਇਸੀ ਲੀਏ ਮੇਰੇ ਕਮਰੇ ਮੇਂ ਇਤਨੀ ਠੰਡਕ ਰਹਿਤੀ ਹੈ।
-ਗੁਰਭਜਨ ਗਿੱਲ