ਨਹੀਂ ਭੁੱਲਦਾ ਖਰੜ ਦਾ ਬੱਸ ਅੱਡਾ
ਭਾਪਾ ਜੀ ਨੂੰ ਇਸ ਦਾ ਬਹੁਤ ਅਫ਼ਸੋਸ ਹੋਇਆ ਕਿਉਂਕਿ ਉਸ ਦੌਰੀ ਨੂੰ ਉਹ ਖ਼ਾਸ ਤੌਰ ’ਤੇ ਆਪਣੇ ਇਕ ਦੋਸਤ ਲਈ ਲੈ ਕੇ ਆਏ ਸਨ। ਕਾਲਕਾ ਵਿਚ ਪੱਥਰ ਦੀ ਕਟਾਈ ਕਰ ਕੇ ਖ਼ਾਸ ਤੌਰ ’ਤੇ ਦੌਰੀਆਂ ਬਣਦੀਆਂ ਸਨ। ਭਾਪਾ ਜੀ ਨੇ ਆਪਣੇ ਦੋਸਤ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਉਹ ਉਸ ਲਈ ਦੌਰੀ ਲੈ ਕੇ ਆਉਣਗੇ।
Publish Date: Fri, 23 Apr 2021 11:09 PM (IST)
Updated Date: Sat, 24 Apr 2021 07:00 AM (IST)
ਮੈਂ ਬੈਂਕ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਲੁਧਿਆਣੇ ਰਹਿ ਰਿਹਾ ਹਾਂ। ਜਦੋਂ ਦੀ ਮੈਂ ਗੱਲ ਕਰ ਰਿਹਾ ਹਾਂ, ਉਸ ਵੇਲੇ ਖਰੜ ਵੀਰਾਨ ਜਿਹਾ ਹੁੰਦਾ ਸੀ। ਹੁਣ ਤਾਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਉੱਥੇ ਫਲੈਟ ਬਣਾਏ ਹੋਏ ਹਨ। ਵਧੀਆ ਕੋਠੀਆਂ ਅਤੇ ਸ਼ਾਪਿੰਗ ਮਾਲ ਵੀ ਹਨ। ਖਰੜ ਤਾਂ ਹੁਣ ਚੰਡੀਗੜ੍ਹ ਦੇ ਨਾਲ ਹੀ ਮਿਲ ਗਿਆ ਹੈ।
ਜਦੋਂ ਸਾਡੇ ਬੇਟੇ ਨੇ ਖਰੜ ਵਿਖੇ ਫਲੈਟ ਲਿਆ ਤਾਂ ਮੈਂ ਰਜਿਸਟਰੀ ਕਰਾਉਣ ਵੇਲੇ ਉੱਥੇ ਗਿਆ ਸਾਂ। ਮੇਰਾ ਭਾਣਜਾ ਉਸੇ ਸੁਸਾਇਟੀ ਵਿਚ ਰਹਿੰਦਾ ਹੈ ਜਿੱਥੇ ਅਸੀਂ ਫਲੈਟ ਲਿਆ ਹੈ। ਜਦੋਂ ਮੈਂ ਉਸ ਨੂੰ ਕਿਹਾ ਕਿ ਖਰੜ ਦਾ ਬੱਸ ਅੱਡਾ ਮੈਨੂੰ ਨਹੀਂ ਭੁੱਲਦਾ ਤਾਂ ਉਸ ਨੇ ਕਿਹਾ ਕਿ ਖਰੜ ਵਿਚ ਤਾਂ ਕੋਈ ਬੱਸ ਅੱਡਾ ਹੀ ਨਹੀਂ ਹੈ। ਇੱਥੇ ਤਾਂ ਬੱਸਾਂ ਸੜਕ ਦੇ ਕਿਨਾਰੇ ਹੀ ਖਲੋਂਦੀਆਂ ਹਨ। ਮੈਂ ਉਸ ਨਾਲ ਸੰਨ 1967 ਵਾਲੀ ਘਟਨਾ ਸਾਂਝੀ ਕਰਨ ਲੱਗਾ।
ਸੰਨ 1966 ਦੇ ਅੱਧ ’ਚ ਅਸੀਂ ਪਟਿਆਲੇ ਤੋਂ ਕਾਲਕਾ ਚਲੇ ਗਏ ਜਿੱਥੇ ਭਾਪਾ ਜੀ ਨੇ ਇਕ ਦੁਕਾਨ ਕਿਰਾਏ ’ਤੇ ਲੈ ਕੇ ਕਰਿਆਨੇ ਦਾ ਕੰਮ ਸ਼ੁਰੂ ਕੀਤਾ ਸੀ।
ਦੁਕਾਨ ਮੇਨ ਬਾਜ਼ਾਰ ਵਿਚ ਸੀ ਤੇ ਘਰ ਪਿਛਲੇ ਪਾਸੇ ਇਕ ਮੁਹੱਲੇ ਵਿਚ ਲਿਆ ਸੀ। ਮੈਂ ਤੀਜੀ ਜਮਾਤ ਵਿਚ ਪੜ੍ਹਦਾ ਸੀ। ਸਾਡੇ ਗੁਆਂਢ ਵਿਚ ਇਕ ਭਾਈ ਰਹਿੰਦਾ ਸੀ ਜਿਹੜਾ ਬਾਜ਼ਾਰ ਵਿਚ ਟਿੱਕੀਆਂ ਦੀ ਰੇਹੜੀ ਲਾਉਂਦਾ ਸੀ। ਜਿਹੜਾ ਵੀ ਬੱਚਾ ਦੁਪਹਿਰ ਤੋਂ ਬਾਅਦ ਉਸ ਦੇ ਘਰੋਂ ਟਿੱਕੀ ਬਣਾਉਣ ਲਈ ਘਰੋਂ ਤਿਆਰ ਕੀਤਾ ਸਾਮਾਨ ਲੈ ਕੇ ਰੇਹੜੀ ’ਤੇ ਦੇਣ ਜਾਂਦਾ ਤਾਂ ਉਹ ਉਸ ਨੂੰ ਇਕ ਟਿੱਕੀ ਜ਼ਰੂਰ ਖਾਣ ਲਈ ਦਿੰਦਾ ਸੀ।
ਇਸੇ ਕਾਰਨ ਬੱਚਿਆਂ ਵਿਚ ਉਸ ਨੂੰ ਉਹ ਸਾਮਾਨ ਦੇਣ ਜਾਣ ਦੀ ਹੋੜ ਜਿਹੀ ਲੱਗੀ ਰਹਿੰਦੀ ਸੀ। ਮੈਂ ਵੀ ਬੜੀ ਵਾਰ ਉਹ ਸਾਮਾਨ ਰੇਹੜੀ ’ਤੇ ਦੇਣ ਗਿਆ ਅਤੇ ਟਿੱਕੀ ਖਾਧੀ ਸੀ। ਟਿੱਕੀ ਬਹੁਤ ਸਵਾਦ ਹੁੰਦੀ ਸੀ ਪਰ ਕੋਲੋਂ ਪੈਸੇ ਖ਼ਰਚ ਕੇ ਨਹੀਂ ਸੀ ਖਾਧੀ ਜਾ ਸਕਦੀ। ਸਾਡੇ ਘਰ ਦੇ ਪਿਛਲੇ ਪਾਸਿਓਂ ਹੀ ਕਾਲਕਾ ਤੋਂ ਸ਼ਿਮਲਾ ਨੂੰ ਜਾਣ ਵਾਲੀ ਰੇਲ ਦੀ ਛੋਟੀ ਲਾਈਨ ਲੰਘਦੀ ਸੀ। ਅਸੀਂ ਕੋਠੇ ’ਤੇ ਚੜ੍ਹ ਕੇ ਲੰਘ ਰਹੀ ਗੱਡੀ ਦੇ ਡਰਾਈਵਰ ਅਤੇ ਸਵਾਰੀਆਂ ਨੂੰ ਹੱਥ ਹਿਲਾ ਕੇ ਬਾਏ-ਬਾਏ ਕਰਦੇ ਸਾਂ। ਕਾਲਕਾ ਦਾ ਸਟੇਸ਼ਨ ਬਹੁਤ ਸਾਫ਼, ਵਧੀਆ ਤੇ ਦੇਸ਼ ਦੇ ਮੰਨੇ ਹੋਏ ਰੇਲਵੇ ਸਟੇਸ਼ਨਾਂ ’ਚੋਂ ਇਕ ਸੀ।
ਵੱਡੀ ਲਾਈਨ ਉੱਥੇ ਜਾ ਕੇ ਖ਼ਤਮ ਹੋ ਜਾਂਦੀ ਸੀ ਅਤੇ ਉੱਥੋਂ ਛੋਟੀ ਲਾਈਨ ਵਾਲੀ ਗੱਡੀ ਸ਼ਿਮਲੇ ਨੂੰ ਜਾਂਦੀ ਸੀ। ਅੰਗਰੇਜ਼ਾਂ ਨੇ ਆਪਣੇ ਐਸ਼ੋ-ਆਰਾਮ ਲਈ ਇਸ ਲਾਈਨ ਨੂੰ ਵਿਛਾਇਆ ਸੀ। ਅਸੀਂ ਸ਼ਾਮ ਨੂੰ ਰੇਲਵੇ ਸਟੇਸ਼ਨ ’ਤੇ ਵੀ ਚਲੇ ਜਾਂਦੇ ਸਾਂ। ਕਾਲਕਾ ਵਿਚ ਪਾਣੀ ਦੀ ਬੜੀ ਕਿੱਲਤ ਸੀ। ਮੇਰੇ ਵੱਡੇ ਵੀਰ ਜੀ ਨੇ ਇਕ ਵਹਿੰਗੀ ਬਣਾਈ ਹੋਈ ਸੀ ਅਤੇ ਉਹ ਦੂਰੋਂ ਬਉਲੀ ਤੋਂ ਜਾ ਕੇ ਪਾਣੀ ਲਿਆਉਂਦੇ ਹੁੰਦੇ ਸਨ। ਫਿਰ ਅਸੀ ਇਕ ਡਰੰਮ ਲੈ ਕੇ ਉਹਨੂੰ ਪੇਂਟ ਕਰਵਾ ਲਿਆ ਅਤੇ ਉਸ ਵਿਚ ਮੀਂਹ ਦਾ ਪਾਣੀ ਇਕੱਠਾ ਕਰ ਲੈਂਦੇ ਅਤੇ ਫਟਕੜੀ ਪਾ ਕੇ ਉਸ ਨੂੰ ਸਾਫ਼ ਕਰ ਲੈਂਦੇ ਸਾਂ। ਕਾਲਕਾ ਤੋਂ ਸ਼ਿਮਲਾ ਨੂੰ ਜਾਂਦੇ ਹੋਏ ਬਾਹਰਵਾਰ ਇਕ ਮੇਲਾ ਲੱਗਦਾ ਹੁੰਦਾ ਸੀ। ਭਾਵੇਂ ਮੈਂ ਬਹੁਤ ਛੋਟਾ ਸੀ ਪਰ ਮੈਨੂੰ ਅਜੇ ਵੀ ਯਾਦ ਹੈ ਕਿ ਮੈਂ ਉੱਥੇ ਟੌਫੀਆਂ ਤੇ ਗੋਲ਼ੀਆਂ ਦੀ ਇਕ ਫੜ੍ਹੀ ਲਾਈ ਸੀ ਅਤੇ ਉਸ ਤੋਂ ਹੋਇਆ ਮੁਨਾਫ਼ਾ ਘਰਦਿਆਂ ਨੇ ਮੈਨੂੰ ਹੀ ਦੇ ਦਿੱਤਾ ਸੀ।
ਮੈਂ ਉਹ ਮੁਨਾਫ਼ੇ ਵਾਲੇ ਪੈਸੇ ਲੈ ਕੇ ਬਹੁਤ ਖ਼ੁਸ਼ ਹੋਇਆ ਸਾਂ। ਉਸੇ ਸਾਲ ਵੋਟਾਂ ਪੈਣੀਆਂ ਸਨ। ਇਕ ਉਮੀਦਵਾਰ ਅਜਿਹਾ ਸੀ ਜਿਸ ਨੇ ਪਹਾੜਾਂ ਵਿਚ ਲੱਕੜ ਦੇ ਜੰਗਲ ਦੇ ਠੇਕੇ ਲਏ ਹੋਏ ਸਨ। ਉਸ ਨੇ ਉਹ ਜੰਗਲ ਆਮ ਜਨਤਾ ਲਈ ਖੋਲ੍ਹ ਦਿੱਤੇ ਸਨ। ਲੋਕ ਉੱਥੋਂ ਬਾਲਣ ਲੈ ਕੇ ਆਉਂਦੇ ਸਨ।
ਅਸੀਂ ਬੱਚੇ ਵੀ ਆਪਣੀ ਸਮਰੱਥਾ ਅਨੁਸਾਰ ਉੱਥੋਂ ਬਾਲਣ ਲਿਆਉਂਦੇ ਹੁੰਦੇ ਸਾਂ। ਉਸ ਨੇ ਆਪਣੀ ਹਵੇਲੀ ’ਚ ਸ਼ਰਾਬ ਦੇ ਡਰੰਮ ਰੱਖੇ ਹੋਏ ਸਨ ਜਿਨ੍ਹਾਂ ਨੂੰ ਟੂਟੀ ਲੱਗੀ ਹੋਈ ਸੀ ਅਤੇ ਪਿਆਕੜ ਉੱਥੇ ਆ ਕੇ ਸ਼ਰਾਬ ਪੀਂਦੇ ਸਨ। ਸ਼ਾਮ ਵੇਲੇ ਤਾਂ ਉੱਥੇ ਮੇਲਾ ਲੱਗਿਆ ਰਹਿੰਦਾ ਸੀ। ਇੰਨਾ ਸਭ ਕੁਝ ਕਰਨ ਦੇ ਬਾਵਜੂਦ ਉਹ ਜਿੱਤ ਨਾ ਸਕਿਆ ਤੇ ਬਾਜ਼ੀ ਮਾਰ ਗਿਆ ਇਕ ਆਜ਼ਾਦ ਉਮੀਦਵਾਰ ਜਿਸ ਦਾ ਚੋਣ ਨਿਸ਼ਾਨ ਘੋੜਾ ਸੀ। ਉਸ ਦੇ ਚੋਣ ਪ੍ਰਚਾਰ ਦੌਰਾਨ ਸਪੀਕਰ ’ਤੇ ਗੀਤ ਲੱਗਾ ਹੁੰਦਾ ਸੀ “ਨੀਲ ਗਗਨ ਪਰ ਉੜਨੇ ਵਾਲੇ ਘੋੜੇ।’’ ਉਸ ਵੇਲੇ ਚੋਣਾਂ ਇਸੇ ਤਰ੍ਹਾਂ ਹੀ ਲੜੀਆਂ ਤੇ ਜਿੱਤੀਆਂ ਜਾਂਦੀਆਂ ਸਨ। ਪਾਠਕ ਸੋਚ ਰਹੇ ਹੋਣਗੇ ਕਿ ਖਰੜ ਵਾਲੇ ਬੱਸ ਅੱਡੇ ਦੀ ਗੱਲ ਤਾਂ ਅਜੇ ਆਈ ਹੀ ਨਹੀਂ। ਖਰੜ ਵਾਲੇ ਬੱਸ ਅੱਡੇ ਬਾਰੇ ਦਾਸਤਾਨ ਇੰਜ ਹੈ। ਕਾਦੀਆਂ ਵਿਚ ਸਾਡਾ ਜੱਦੀ ਘਰ ਹੁੰਦਾ ਸੀ ਜੋ ਅਸੀਂ ਉਸ ਵੇਲੇ ਦੁਕਾਨ ਸ਼ੁਰੂ ਕਰਨ ਲਈ ਤਿੰਨ ਹਜ਼ਾਰ ਰੁਪਏ ਦਾ ਵੇਚ ਦਿੱਤਾ ਸੀ। ਕਾਲਕਾ ਵਿਚ ਕਿਉਂਕਿ ਕੰਮ ਨਹੀਂ ਸੀ ਚੱਲਿਆ ਤੇ ਤਕਰੀਬਨ ਦਸ ਮਹੀਨੇ ਵਿਚ ਅਸੀਂ ਉਹ ਤਿੰਨ ਹਜ਼ਾਰ ਰੁਪਿਆ ਖ਼ਤਮ ਕਰ ਕੇ ਉੱਥੋਂ ਖੰਨੇ ਜਾਣ ਦਾ ਫ਼ੈਸਲਾ ਕਰ ਲਿਆ ਸੀ। ਅਸੀਂ ਘਰ ਦਾ ਸਾਰਾ ਸਾਮਾਨ ਗੱਠੜੀਆਂ ਵਿਚ ਬੰਨ੍ਹ ਲਿਆ ਸੀ। ਮੰਜੀਆਂ ਉਸ ਵੇਲੇ ਵਾਣ ਦੀਆਂ ਹੁੰਦੀਆਂ ਸਨ। ਉਨ੍ਹਾਂ ਦੇ ਪਾਵੇ ਖੋਲ੍ਹ ਲਏ ਅਤੇ ਛੋਟੀਆਂ ਬਾਹੀਆਂ ਵੀ ਖੋਲ੍ਹ ਕੇ ਵੱਡੀਆਂ ਦੇ ਦੁਆਲੇ ਲਪੇਟ ਕੇ ਰੱਸੀ ਨਾਲ ਬੰਨ੍ਹ ਲਈਆਂ।
ਇਸ ਤਰ੍ਹਾਂ ਉਹ ਇੱਕ ਨਗ ਬਣ ਗਿਆ ਸੀ। ਕੁਝ ਸਾਮਾਨ ਟਰੰਕਾਂ ਵਿਚ ਸੀ। ਕੁੱਲ ਬੱਤੀ ਨਗ ਬਣ ਗਏ ਸਨ। ਕਾਲਕਾ ਤੋਂ ਬੱਸ ’ਤੇ ਸਾਰੇ ਨਗ ਰੱਖ ਕੇ ਅਸੀਂ ਚੱਲ ਪਏ ਅਤੇ ਖਰੜ ਪਹੁੰਚ ਗਏ। ਖਰੜ ਤੋਂ ਖੰਨੇ ਲਈ ਬੱਸ ਬਦਲਣੀ ਪੈਂਦੀ ਸੀ। ਸਾਰੇ ਨਗ ਬੱਸ ਤੋਂ ਆਪ ਹੀ ਲਾਹੇ ਪਰ ਖੰਨੇ ਵਾਲੀ ਬੱਸ ਦੂਸਰੀ ਸੜਕ ਤੋਂ ਜਾਂਦੀ ਸੀ। ਦੋਹਾਂ ਅੱਡਿਆਂ ਦੇ ਵਿਚ ਪੈਟਰੋਲ ਪੰਪ ਦੀ ਕੰਧ ਸੀ ਅਤੇ ਦੂਜੇ ਪਾਸੇ ਜਾਣ ਲਈ ਰਸਤਾ ਬੜੀ ਦੂਰੋਂ ਸੀ। ਕੁਲੀ ਕਰਨ ਜੋਗੇ ਪੈਸੇ ਨਹੀਂ ਸਨ। ਪਰਿਵਾਰ ਦੇ ਅੱਧੇ ਮੈਂਬਰ ਇਕ ਪਾਸਿਓਂ ਨਗ ਚੁੱਕ ਕੇ ਕੰਧ ਤੋਂ ਦੂਜੇ ਪਾਸੇ ਦੂਸਰਿਆਂ ਨੂੰ ਫੜਾ ਰਹੇ ਸਨ। ਇਸ ਤਰ੍ਹਾਂ ਉਹ ਸਾਰੇ ਨਗ ਪਾਰ ਲੰਘਾਏ ਸਨ। ਇਸੇ ਦੌਰਾਨ ਇਕ ਟਰੰਕ ਜਿਸ ਵਿਚ ਪੱਥਰ ਦੀ ਦੌਰੀ ਸੀ, ਕਿਨਾਰੇ ਤੋਂ ਟੁੱਟ ਗਿਆ ਤੇ ਦੌਰੀ ਜ਼ਮੀਨ ’ਤੇ ਡਿੱਗ ਕੇ ਟੁੱਟ ਗਈ।
ਭਾਪਾ ਜੀ ਨੂੰ ਇਸ ਦਾ ਬਹੁਤ ਅਫ਼ਸੋਸ ਹੋਇਆ ਕਿਉਂਕਿ ਉਸ ਦੌਰੀ ਨੂੰ ਉਹ ਖ਼ਾਸ ਤੌਰ ’ਤੇ ਆਪਣੇ ਇਕ ਦੋਸਤ ਲਈ ਲੈ ਕੇ ਆਏ ਸਨ। ਕਾਲਕਾ ਵਿਚ ਪੱਥਰ ਦੀ ਕਟਾਈ ਕਰ ਕੇ ਖ਼ਾਸ ਤੌਰ ’ਤੇ ਦੌਰੀਆਂ ਬਣਦੀਆਂ ਸਨ। ਭਾਪਾ ਜੀ ਨੇ ਆਪਣੇ ਦੋਸਤ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਉਹ ਉਸ ਲਈ ਦੌਰੀ ਲੈ ਕੇ ਆਉਣਗੇ। ਦੌਰੀ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਆਪਣੇ ਦੋਸਤ ਕੋਲ ਛਿੱਥਾ ਪੈਣ ਦੀ ਨੌਬਤ ਆ ਜਾਣੀ ਸੀ। ਖ਼ੈਰ! ਫਿਰ ਉਹ ਸਾਰੇ ਨਗ ਅਸੀਂ ਇਕ-ਇਕ ਕਰ ਕੇ ਖੰਨੇ ਵਾਲੀ ਬੱਸ ’ਤੇ ਚੜ੍ਹਾਏ ਤੇ ਬੜੀਆਂ ਘਾਲਣਾਵਾਂ ਨਾਲ ਕਾਲਕਾ ਤੋਂ ਖੰਨੇ ਤਕ ਦਾ ਸਫ਼ਰ ਕੀਤਾ। ਖਰੜ ਦੇ ਬੱਸ ਅੱਡੇ ’ਤੇ ਬਿਤਾਇਆ ਹੋਇਆ ਉਹ ਸਮਾਂ ਮੈਨੂੰ ਅਜੇ ਵੀ ਨਹੀਂ ਭੁੱਲਦਾ।
-ਮੋਬਾਈਲ ਨੰ. : 99884-91002