ਅਜਿਹੀ ਸਥਿਤੀ ਵਿਚ ਭਾਰਤ ਦੇ ਹੋਟਲ ਵਪਾਰ ਤੋਂ ਇਲਾਵਾ ਧਾਰਮਿਕ ਸੰਸਥਾਵਾਂ ’ਤੇ ਵੀ ਇਸ ਦਾ ਅਸਰ ਦਿਸਿਆ ਹੈ। ਕਈ ਧਾਮਾਂ ’ਚ ਲੰਗਰ ਤਿਆਰ ਕਰਨ ਦੀ ਵੀ ਦਿੱਕਤ ਆ ਰਹੀ ਹੈ। ਹਿਮਾਚਲ ਦੇ ਕੁਝ ਪ੍ਰਸਿੱਧ ਮੰਦਰਾਂ ’ਤੇ ਪਰਸ਼ਾਦਿਆਂ ਦੀ ਬਜਾਏ ਦਾਲ-ਚਾਵਲ ਹੀ ਬਣ ਰਹੇ ਹਨ।

ਈਰਾਨ ਨੇ ਜਿਸ ਤਰ੍ਹਾਂ ਇਹ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਦੋ ਸੌ ਡਾਲਰ ਪ੍ਰਤੀ ਬੈਰਲ ਕੱਚਾ ਤੇਲ ਖ਼ਰੀਦਣ ਲਈ ਤਿਆਰ ਰਹੇ, ਉਸ ਤੋਂ ਇਹੀ ਸਪਸ਼ਟ ਹੋ ਰਿਹਾ ਹੈ ਕਿ ਉਹ ਆਪਣੇ ਪ੍ਰਭਾਵ ਖੇਤਰ ਵਾਲੇ ਸਮੁੰਦਰੀ ਮਾਰਗ ਹੋਰਮੁਜ਼ ਤੋਂ ਤੇਲ ਟੈਂਕਰਾਂ ਨੂੰ ਨਿਕਲਣ ਦੀ ਇਜਾਜ਼ਤ ਦੇਣ ਵਾਲਾ ਨਹੀਂ ਹੈ। ਉਸ ਨੇ ਇਸ ਦਾ ਸੰਕੇਤ ਹੋਰਮੁਜ਼ ਜਲ ਮਾਰਗ ਵਿਚ ਕੁਝ ਤੇਲ ਟੈਂਕਰਾਂ ’ਤੇ ਹਮਲਾ ਕਰ ਕੇ ਵੀ ਦਿੱਤਾ ਹੈ। ਉਹ ਅਜਿਹਾ ਕਰ ਕੇ ਖਾੜੀ ਦੇ ਦੇਸ਼ਾਂ ਤੋਂ ਤੇਲ ਤੇ ਗੈਸ ਦੀ ਸਪਲਾਈ ਵਿਚ ਅੜਿੱਕੇ ਪਾਉਣ ਦੇ ਇਰਾਦੇ ਹੀ ਪ੍ਰਗਟ ਕਰ ਰਿਹਾ ਹੈ। ਉਹ ਤੇਲ ਟੈਂਕਰਾਂ ’ਤੇ ਹਮਲਾ ਕਰਨ ਦੇ ਨਾਲ ਹੀ ਖਾੜੀ ਦੇ ਦੇਸ਼ਾਂ ਦੇ ਤੇਲ ਤੇ ਗੈਸ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਇਸ ਕਾਰਨ ਕੁਝ ਥਾਵਾਂ ’ਤੇ ਤੇਲ ਤੇ ਗੈਸ ਦਾ ਉਤਪਾਦਨ ਰੋਕਣਾ ਪਿਆ ਹੈ।
ਅਜਿਹੀ ਸਥਿਤੀ ਵਿਚ ਭਾਰਤ ਦੇ ਹੋਟਲ ਵਪਾਰ ਤੋਂ ਇਲਾਵਾ ਧਾਰਮਿਕ ਸੰਸਥਾਵਾਂ ’ਤੇ ਵੀ ਇਸ ਦਾ ਅਸਰ ਦਿਸਿਆ ਹੈ। ਕਈ ਧਾਮਾਂ ’ਚ ਲੰਗਰ ਤਿਆਰ ਕਰਨ ਦੀ ਵੀ ਦਿੱਕਤ ਆ ਰਹੀ ਹੈ। ਹਿਮਾਚਲ ਦੇ ਕੁਝ ਪ੍ਰਸਿੱਧ ਮੰਦਰਾਂ ’ਤੇ ਪਰਸ਼ਾਦਿਆਂ ਦੀ ਬਜਾਏ ਦਾਲ-ਚਾਵਲ ਹੀ ਬਣ ਰਹੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਈਰਾਨ ਤੇਲ ਤੇ ਗੈਸ ਸਪਲਾਈ ਦੇ ਸੰਕਟ ਨੂੰ ਹੋਰ ਡੂੰਘਾ ਕਰਨਾ ਚਾਹੁੰਦਾ ਹੈ ਤਾਂ ਕਿ ਦੁਨੀਆ ਵਿਚ ਹਾਹਾਕਾਰ ਮਚੇ ਅਤੇ ਇਸ ਦੇ ਨਤੀਜੇ ਵਿਚ ਖਾੜੀ ਦੇ ਦੇਸ਼ਾਂ ਦੇ ਨਾਲ ਹੀ ਹੋਰ ਦੇਸ਼ ਅਮਰੀਕਾ ਤੇ ਇਜ਼ਰਾਈਲ ’ਤੇ ਇਸ ਦੇ ਲਈ ਦਬਾਅ ਬਣਾਉਣ ਕਿ ਉਹ ਈਰਾਨ ’ਤੇ ਹਮਲੇ ਬੰਦ ਕਰਨ। ਇਸ ਵਿਚ ਸ਼ੱਕ ਹੈ ਕਿ ਈਰਾਨ ’ਤੇ ਇਸ ਦਾ ਕੋਈ ਅਸਰ ਪਵੇਗਾ ਕਿ 135 ਦੇਸ਼ ਉਸ ਵੱਲੋਂ ਖਾੜੀ ਦੇਸ਼ਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਸੰਯੁਕਤ ਰਾਸ਼ਟਰ ਵਿਚ ਉਸ ਖ਼ਿਲਾਫ਼ ਨਿੰਦਾ ਮਤਾ ਲੈ ਆਏ। ਕਿਉਂਕਿ ਈਰਾਨ ਇਹ ਵੀ ਦਿਖਾ ਰਿਹਾ ਹੈ ਕਿ ਉਹ ਪੱਛਮੀ ਏਸ਼ੀਆ ਤੋਂ ਤੇਲ ਤੇ ਗੈਸ ਦੀ ਸਪਲਾਈ ਵਿਚ ਅੜਿੱਕੇ ਪਾਉਣ ਦੇ ਨਾਲ ਹੀ ਫ਼ੌਜੀ ਸੰਘਰਸ਼ ਲੰਬਾ ਖਿੱਚਣਾ ਚਾਹੁੰਦਾ ਹੈ, ਇਸ ਲਈ ਅਮਰੀਕਾ ਨੂੰ ਦੁਨੀਆ ਸਾਹਮਣੇ ਡੂੰਘੇ ਹੁੰਦੇ ਊਰਜਾ ਸੰਕਟ ਨੂੰ ਖ਼ਤਮ ਕਰਨ ਲਈ ਸਰਗਰਮੀ ਦਿਖਾਉਣੀ ਹੋਵੇਗੀ। ਉਸ ਨੇ ਇਜ਼ਰਾਈਲ ਦੇ ਨਾਲ ਈਰਾਨ ’ਤੇ ਹਮਲਾ ਕਰ ਕੇ ਨਾ ਸਿਰਫ਼ ਪੱਛਮੀ ਏਸ਼ੀਆ ਨੂੰ ਅਸਥਿਰ ਅਤੇ ਅਸ਼ਾਂਤ ਕੀਤਾ ਹੈ ਬਲਕਿ ਪੂਰੀ ਦੁਨੀਆ ਦੇ ਸਾਹਮਣੇ ਊਰਜਾ ਸਪਲਾਈ ਦਾ ਸੰਕਟ ਖੜ੍ਹਾ ਕਰਨ ਦਾ ਕੰਮ ਕੀਤਾ ਹੈ। ਉਸ ਨੂੰ ਇਹ ਪਹਿਲੇ ਦਿਨ ਤੋਂ ਪਤਾ ਹੋਣਾ ਚਾਹੀਦਾ ਸੀ ਕਿ ਈਰਾਨ ’ਤੇ ਹਮਲਾ ਕਰਨ ਅਤੇ ਜੰਗ ਲੰਬੀ ਖਿੱਚੇ ਜਾਣ ਦੀ ਸਥਿਤੀ ਵਿਚ ਤੇਲ ਅਤੇ ਗੈਸ ਦੀ ਕਿੱਲਤ ਪੈਦਾ ਹੋਵੇਗੀ ਅਤੇ ਇਸ ਦੇ ਮਾੜੇ ਨਤੀਜੇ ਉਸ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਭੋਗਣੇ ਪੈਣਗੇ। ਫ਼ਿਲਹਾਲ ਅਜਿਹੀ ਹੀ ਸਥਿਤੀ ਬਣ ਰਹੀ ਹੈ। ਭਾਰਤ ਸਣੇ ਅਨੇਕ ਦੇਸ਼ਾਂ ਨੂੰ ਹੋਰ ਸਰੋਤਾਂ ਤੋਂ ਤੇਲ ਤੇ ਗੈਸ ਹਾਸਲ ਕਰਨੀ ਮੁਸ਼ਕਲ ਹੋ ਰਹੀ ਹੈ। ਇਹੀ ਨਹੀਂ, ਉਨ੍ਹਾਂ ਦੇ ਭਾਅ ਵੀ ਵਧ ਰਹੇ ਹਨ। ਗੈਸ ਦੀ ਕਿੱਲਤ ਕਾਰਨ ਜਨਤਾ ਵੀ ਘਬਰਾਈ ਹੋਈ ਹੈ। ਇਹ ਨਿਰਾਸ਼ਾਜਨਕ ਅਤੇ ਚਿੰਤਾਜਨਕ ਵੀ ਹੈ ਕਿ ਅਮਰੀਕਾ ਨੇ ਈਰਾਨ ਨੂੰ ਨਿਸ਼ਾਨਾ ਬਣਾ ਕੇ ਜਿਹੜਾ ਸੰਕਟ ਖੜ੍ਹਾ ਕੀਤਾ, ਉਸ ਦੇ ਹੱਲ ਲਈ ਉਹ ਬਹੁਤਾ ਕਾਹਲਾ ਨਹੀਂ ਦਿਸਦਾ। ਅਮਰੀਕੀ ਰਾਸ਼ਟਰਪਤੀ ਈਰਾਨ ਦੀ ਫ਼ੌਜੀ ਸ਼ਕਤੀ ਖੁੰਢੀ ਕਰਨ ਦੇ ਵੱਡੇ-ਵੱਡੇ ਦਾਅਵੇ ਤਾਂ ਕਰ ਰਹੇ ਹਨ ਪਰ ਉਹ ਇਜ਼ਰਾਈਲ ਤੇ ਖਾੜੀ ਦੇਸ਼ਾਂ ਵਿਚ ਉਸ ਦੇ ਜਵਾਬੀ ਹਮਲੇ ਰੋਕ ਨਹੀਂ ਪਾ ਰਹੇ ਹਨ। ਉਨ੍ਹਾਂ ਦਾ ਇਹ ਦਾਅਵਾ ਵੀ ਥੋਥਾ ਦਿਸ ਰਿਹਾ ਹੈ ਕਿ ਅਮਰੀਕਾ ਹੋਰਮੁਜ਼ ਜਲ ਮਾਰਗ ਤੋਂ ਤੇਲ ਅਤੇ ਗੈਸ ਟੈਂਕਰਾਂ ਦਾ ਸੁਰੱਖਿਅਤ ਲੰਘਣਾ ਯਕੀਨੀ ਬਣਾਏਗਾ। ਪਹਿਲਾਂ ਆਪਣੀ ਮਨਮਰਜ਼ੀ ਦੀ ਟੈਰਿਫ ਨੀਤੀ ਨਾਲ ਸਾਰਿਆਂ ਨੂੰ ਤੰਗ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਆਪਣੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਕਾਰਨ ਦੁਨੀਆ ਲਈ ਹੋਰ ਵੱਡੀ ਮੁਸੀਬਤ ਬਣ ਗਏ ਹਨ। ਦੁਨੀਆ ਦੇ ਨਾਲ ਹੀ ਅਮਰੀਕਾ ਨੂੰ ਵੀ ਇਸ ਦੀ ਕੀਮਤ ਚੁਕਾਉਣੀ ਹੋਵੇਗੀ।