ਲੋਕਾਂ ਨੇ ਸਿਰਫ਼ ਪੁਰਾਣੀ ਪ੍ਰਣਾਲੀ ਖ਼ਿਲਾਫ਼ ਨਹੀਂ, ਸਗੋਂ ਸਾਲਾਂ ਤੋਂ ਜਮ੍ਹਾ ਹੋਏ ਗੁੱਸੇ ਨੂੰ ਪ੍ਰਗਟਾਉਂਦੇ ਹੋਏ ਵੋਟ ਪਾਈ -ਭ੍ਰਿਸ਼ਟਾਚਾਰ, ਪਰਿਵਾਰਵਾਦੀ ਰਾਜਨੀਤੀ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਨਾਕਾਮ ਸੰਸਥਾਵਾਂ ਅਤੇ ਇਸ ਅਹਿਸਾਸ ਖ਼ਿਲਾਫ਼ ਕਿ ਪੰਜਾਬ ਆਪਣੀ ਦਿਸ਼ਾ ਗੁਆ ਚੁੱਕਾ ਹੈ।

ਚੰਡੀਗੜ੍ਹ ਆਧਾਰਤ ‘ਜਾਗੋ ਪੰਜਾਬ ਮੰਚ’ ਵੱਲੋਂ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੂੰ ‘ਪੰਜਾਬ ਦੀ ਅਗਵਾਈ ਕਰਨ’ ਲਈ ਕੀਤੀ ਗਈ ਪੂਰੇ ਸਫ਼ੇ ਦੀ ਅਪੀਲ ਭਾਵੇਂ ਉਸ ਦੇ ਨਿਮਰ ਇਨਕਾਰ ਨਾਲ ਖ਼ਤਮ ਹੋ ਗਈ ਹੋਵੇ ਪਰ ਇਸ ਨੇ ਪੰਜਾਬ ਦੀ ਸਿਆਸੀ ਥਕਾਵਟ ਬਾਰੇ ਇਕ ਡੂੰਘੀ ਅਤੇ ਅਣ-ਸੁਖਾਵੀਂ ਚਰਚਾ ਨੂੰ ਮੁੜ ਜਨਮ ਦੇ ਦਿੱਤਾ ਹੈ। ਦਿਲਜੀਤ ਦਾ ਜਵਾਬ ਛੋਟਾ ਤੇ ਸਪਸ਼ਟ ਸੀ ‘ਕਦੇ ਵੀ ਨਹੀਂ…, ਮੇਰਾ ਕੰਮ ਮਨੋਰੰਜਨ ਕਰਨਾ ਹੈ’। ਇਹ ਇਕ ਸਾਫ਼ ਐਲਾਨ ਸੀ ਕਿ ਉਹ ਮਨੋਰੰਜਨ ਦੀ ਦੁਨੀਆ ਵਿਚ ਹੀ ਰਹਿਣਾ ਚਾਹੁੰਦੇ ਹਨ, ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੇ। ਪਰ ਇਸ ਅਪੀਲ ਦੀ ਅਸਲ ਮਹੱਤਤਾ ਦਿਲਜੀਤ ਦੇ ਇਨਕਾਰ ਵਿਚ ਘੱਟ ਅਤੇ ਉਸ ਸੱਦੇ ਦੇ ਪਿੱਛੇ ਲੁਕੀ ਬੇਵੱਸੀ ਵਿਚ ਵੱਧ ਹੈ।
ਇਹ ਗੱਲ ਕਿ ਰਿਟਾਇਰਡ ਅਫ਼ਸਰਾਂ, ਫ਼ੌਜੀ ਅਧਿਕਾਰੀਆਂ ਅਤੇ ਪੇਸ਼ੇਵਰ ਲੋਕਾਂ ਦੇ ਇਕ ਸਮੂਹ ਨੂੰ ਇਕ ਮਸ਼ਹੂਰ ਗਾਇਕ ਨੂੰ ਪੰਜਾਬ ਬਚਾਉਣ ਲਈ ਜਨਤਕ ਤੌਰ ’ਤੇ ਬੇਨਤੀ ਕਰਨੀ ਪਈ, ਇਹ ਰਵਾਇਤੀ ਰਾਜਨੀਤੀ ’ਤੇ ਲੋਕਾਂ ਦੇ ਟੁੱਟਦੇ ਭਰੋਸੇ ਅਤੇ ਸੈਲੀਬ੍ਰਿਟੀ ਸੰਸਕ੍ਰਿਤੀ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਇਹ ਅਪੀਲ ਸਿਰਫ਼ ਇਕ ਵਿਅਕਤੀ ਬਾਰੇ ਨਹੀਂ ਸੀ, ਸਗੋਂ ਇਕ ਅਜਿਹੇ ਰਾਜ ਦਾ ਦਰਪਣ ਸੀ ਜੋ ਦਹਾਕਿਆਂ ਦੀ ਨਿਰਾਸ਼ਾ ਤੋਂ ਬਾਅਦ ਵੀ ਸਿਆਸੀ ਮੁਕਤੀ ਦੀ ਭਾਲ ਕਰ ਰਿਹਾ ਹੈ। ਹਾਲ ਹੀ ਵਿਚ ਤਾਮਿਲਨਾਡੂ ਵਿਚ ਹੋਈਆਂ ਚੋਣਾਂ ਵਿਚ ਵੀ ਇਸੇ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਮਿਲਿਆ ਜਦੋਂ ਦੱਖਣ ਦੇ ਮਸ਼ਹੂਰ ਐਕਟਰ ਜੋਸਫ ਵਿਜੈ ਦੀ ਦੋ ਸਾਲ ਪਹਿਲਾਂ ਬਣੀ ਪਾਰਟੀ ਨੂੰ ਜਨਤਾ ਵੱਲੋਂ 107 ਸੀਟਾਂ ਦੇ ਕੇ ਸਭ ਤੋਂ ਵੱਡੀ ਪਾਰਟੀ ਬਣਾਇਆ ਗਿਆ।
ਜਦੋਂ ਵੀ ਰਵਾਇਤੀ ਸਿਆਸੀ ਪਾਰਟੀਆਂ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੀਆਂ ਨਹੀਂ ਉਤਰੀਆਂ, ਪੰਜਾਬ ਨੇ ਹਮੇਸ਼ਾ ਨਵੇਂ ਵਿਕਲਪ ਅਜਮਾਏ ਹਨ। ਵੋਟਰ ਦਹਾਕਿਆਂ ਤੱਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਝੂਲਦੇ ਰਹੇ, ਹਰ ਵਾਰ ਨਵੀਂ ਉਮੀਦ ਨਾਲ ਅਤੇ ਹਰ ਵਾਰ ਨਿਰਾਸ਼ ਹੋ ਕੇ। ਸੰਨ 2022 ਵਿਚ ਇਹ ਤੜਫ ਬਹੁਤ ਤੇਜ਼ੀ ਨਾਲ ਸਾਹਮਣੇ ਆਈ ਜਦੋਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਤਿਹਾਸਕ ਬਹੁਮਤ ਦਿੱਤਾ ਅਤੇ ਰਵਾਇਤੀ ਪਾਰਟੀਆਂ ਦਾ ਲਗਪਗ ਸਫ਼ਾਇਆ ਕਰ ਦਿੱਤਾ। ਇਹ ਫ਼ੈਸਲਾ ਸਿਰਫ਼ ਚੁਣਾਵੀ ਨਹੀਂ ਸੀ, ਸਗੋਂ ਭਾਵਨਾਤਮਕ ਵੀ ਸੀ।
ਲੋਕਾਂ ਨੇ ਸਿਰਫ਼ ਪੁਰਾਣੀ ਪ੍ਰਣਾਲੀ ਖ਼ਿਲਾਫ਼ ਨਹੀਂ, ਸਗੋਂ ਸਾਲਾਂ ਤੋਂ ਜਮ੍ਹਾ ਹੋਏ ਗੁੱਸੇ ਨੂੰ ਪ੍ਰਗਟਾਉਂਦੇ ਹੋਏ ਵੋਟ ਪਾਈ -ਭ੍ਰਿਸ਼ਟਾਚਾਰ, ਪਰਿਵਾਰਵਾਦੀ ਰਾਜਨੀਤੀ, ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ, ਨਾਕਾਮ ਸੰਸਥਾਵਾਂ ਅਤੇ ਇਸ ਅਹਿਸਾਸ ਖ਼ਿਲਾਫ਼ ਕਿ ਪੰਜਾਬ ਆਪਣੀ ਦਿਸ਼ਾ ਗੁਆ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਜਿੱਤ ਇਸ ਉਮੀਦ ਨਾਲ ਜੁੜੀ ਸੀ ਕਿ ਇਕ ਨਵੀਂ ਸਿਆਸੀ ਤਾਕਤ, ਜੋ ਪੰਜਾਬ ਦੀ ਪੁਰਾਣੀ ਸਿਆਸੀ ਬਣਤਰ ਤੋਂ ਪ੍ਰਭਾਵਿਤ ਨਾ ਹੋਵੇ, ਪ੍ਰਸ਼ਾਸਨਿਕ ਇਮਾਨਦਾਰੀ ਅਤੇ ਸਮਾਜਿਕ ਸੁਧਾਰ ਲਿਆਵੇਗੀ ਪਰ ਚਾਰ ਸਾਲਾਂ ਬਾਅਦ, ਉਹੀ ਬੇਚੈਨੀ ਮੁੜ ਵਾਪਸ ਆ ਗਈ ਹੈ।
ਪੰਜਾਬ ਦੀਆਂ ਪੁਰਾਣੀਆਂ ਸਮੱਸਿਆਵਾਂ ਅਜੇ ਵੀ ਜਿਉਂ ਦੀਆਂ ਤਿਉਂ ਮੌਜੂਦ ਹਨ। ਨਸ਼ੇ ਦੀ ਲਤ ਅਜੇ ਵੀ ਪਰਿਵਾਰਾਂ ਨੂੰ ਖੋਖਲਾ ਕਰ ਰਹੀ ਹੈ, ਭਾਵੇਂ ਸਰਕਾਰ ਨੇ ਕਈ ਮੁਹਿੰਮਾਂ ਚਲਾਈਆਂ ਤੇ ਗ੍ਰਿਫ਼ਤਾਰੀਆਂ ਕੀਤੀਆਂ ਹਨ। ਪਿੰਡਾਂ ਵਿਚ ਅਜੇ ਵੀ ਹੌਲੀ ਆਵਾਜ਼ ਵਿਚ ਉਨ੍ਹਾਂ ਪੁੱਤਰਾਂ ਦੀ ਗੱਲ ਹੁੰਦੀ ਹੈ ਜੋ ਨਸ਼ਿਆਂ ਵਿਚ ਫਸੇ ਹੋਏ ਹਨ ਅਤੇ ਉਨ੍ਹਾਂ ਮਾਪਿਆਂ ਦੀ ਜੋ ਲਾਚਾਰੀ ਵਿਚ ਜ਼ਿੰਦਗੀ ਕੱਟ ਰਹੇ ਹਨ। ਸੂਬੇ ਦਾ ਕਰਜ਼ਾ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਸਰਕਾਰ ਲਈ ਢਾਂਚਾਗਤ ਵਿਕਾਸ, ਸਿੱਖਿਆ, ਸਿਹਤ ਅਤੇ ਉਦਯੋਗ ਖੇਤਰਾਂ ਵਿਚ ਨਿਵੇਸ਼ ਕਰਨਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਅਜੇ ਵੀ ਦੇਸ਼ ਦੇ ਸਭ ਤੋਂ ਵੱਧ ਕਰਜ਼ਦਾਰ ਰਾਜਾਂ ਵਿੱਚੋਂ ਇਕ ਹੈ, ਜਦਕਿ ਇਸ ਦੀ ਅਰਥ-ਵਿਵਸਥਾ ਖੇਤੀਬਾੜੀ ਤੋਂ ਇਲਾਵਾ ਹੋਰ ਖੇਤਰਾਂ ਵਿਚ ਫੈਲਣ ਲਈ ਸੰਘਰਸ਼ ਕਰ ਰਹੀ ਹੈ।
ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਲਾਇਨ ਹੁਣ ਲਗਪਗ ਇਕ ਸਮਾਜਿਕ ਰੁਝਾਨ ਬਣ ਚੁੱਕਾ ਹੈ। ਵਿਦੇਸ਼ ਜਾਣ ਦਾ ਸੁਪਨਾ ਹੁਣ ਚੋਣ ਨਹੀਂ, ਮਜਬੂਰੀ ਬਣ ਗਿਆ ਹੈ। ਕਸਬਿਆਂ ਅਤੇ ਪਿੰਡਾਂ ਵਿਚ ਆਈਲੈਟਸ ਕੋਚਿੰਗ ਸੈਂਟਰ ਹੁਣ ਕਾਲਜਾਂ ਨਾਲੋਂ ਵੱਧ ਆਕਰਸ਼ਕ ਦਿਖਾਈ ਦਿੰਦੇ ਹਨ। ਪਰਿਵਾਰ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਜ਼ਮੀਨ ਵੇਚ ਰਹੇ ਹਨ। ਹਵਾਈ ਅੱਡੇ ਉਹ ਜਜ਼ਬਾਤੀ ਮੰਚ ਬਣ ਗਏ ਹਨ ਜਿੱਥੇ ਹਰ ਰੋਜ਼ ਪੰਜਾਬ ਦਾ ਭਵਿੱਖ ਚੁੱਪਚਾਪ ਕੈਨੇਡਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਯੂਰਪ ਵੱਲ ਰਵਾਨਾ ਹੋ ਜਾਂਦਾ ਹੈ। ਹੁਣ ਸਭ ਤੋਂ ਹੋਣਹਾਰ ਵਿਦਿਆਰਥੀ ਆਪਣਾ ਭਵਿੱਖ ਲੁਧਿਆਣਾ, ਜਲੰਧਰ ਜਾਂ ਅੰਮ੍ਰਿਤਸਰ ਵਿਚ ਨਹੀਂ, ਸਗੋਂ ਬਰੈਂਪਟਨ, ਮੈਲਬਰਨ ਜਾਂ ਬਰਮਿੰਘਮ ਵਿਚ ਵੇਖਦੇ ਹਨ।
ਇਹੀ ਖ਼ਾਲੀਪਣ ਸਮਝਾਉਂਦਾ ਹੈ ਕਿ ਕਿਉਂ ਬੁੱਧੀਜੀਵੀ ਵਰਗ ਦਾ ਇਕ ਹਿੱਸਾ ਰਵਾਇਤੀ ਰਾਜਨੀਤੀ ਤੋਂ ਬਾਹਰ ਹੱਲ ਲੱਭ ਰਿਹਾ ਹੈ। ਦਿਲਜੀਤ ਦੋਸਾਂਝ ਨੂੰ ਕੀਤੀ ਗਈ ਅਪੀਲ ਇਸ ਵਿਸ਼ਵਾਸ ਤੋਂ ਜਨਮ ਲੈਂਦੀ ਹੈ ਕਿ ਸ਼ਾਇਦ ਹੁਣ ਭਰੋਸੇਯੋਗਤਾ ਰਾਜਨੀਤੀ ਤੋਂ ਬਾਹਰ ਹੀ ਮਿਲ ਸਕਦੀ ਹੈ। ਕਈ ਤਰੀਕਿਆਂ ਨਾਲ ਦਿਲਜੀਤ ਰਵਾਇਤੀ ਪੰਜਾਬੀ ਸਿਆਸੀ ਨੇਤਾ ਦੇ ਉਲਟ ਦਿਖਾਈ ਦਿੰਦੇ ਹਨ। ਉਹ ਵਿਸ਼ਵ ਪੱਧਰੀ ਪਛਾਣ ਰੱਖਦੇ ਹਨ ਪਰ ਨਿਰਾਸ਼ਾਵਾਦੀ ਨਹੀਂ ਲੱਗਦੇ। ਉਹ ਪੰਜਾਬ ਬਾਰੇ ਸੱਚੀ ਭਾਵਨਾ ਨਾਲ ਗੱਲ ਕਰਦੇ ਹਨ। ਵਿਦੇਸ਼ੀ ਪੰਜਾਬੀ ਭਾਈਚਾਰੇ ਵਿਚ ਉਨ੍ਹਾਂ ਲਈ ਬੇਹੱਦ ਸਤਿਕਾਰ ਹੈ। ਪੰਜਾਬ ਦੇ ਇਕ ਛੋਟੇ ਪਿੰਡ ਤੋਂ ਦੁਨੀਆ ਦੇ ਵੱਡੇ ਮੰਚਾਂ ਤੱਕ ਪਹੁੰਚਣ ਵਾਲੀ ਉਨ੍ਹਾਂ ਦੀ ਯਾਤਰਾ ਨੇ ਕਈ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਰਾਜ ਖ਼ੁਦ ਨਿਰਾਸ਼ਾ ਦੇ ਬੋਝ ਹੇਠ ਦੱਬਿਆ ਹੋਇਆ ਲੱਗਦਾ ਹੈ।
ਪਰ ਸਿਰਫ਼ ਸੈਲੀਬ੍ਰਿਟੀ ਲੋਕਪ੍ਰਿਅਤਾ ਨਾਲ ਸੂਬਾ ਨਹੀਂ ਚੱਲਦਾ। ਪੰਜਾਬ ਦਾ ਸੰਕਟ ਇੰਨਾ ਗਹਿਰਾ ਅਤੇ ਢਾਂਚਾਗਤ ਹੈ ਕਿ ਇਸ ਨੂੰ ਕੇਵਲ ਪ੍ਰਤੀਕਾਤਮਕ ਚਿਹਰਿਆਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਰਾਜ ਨੂੰ ਵਿੱਤੀ ਅਨੁਸ਼ਾਸਨ, ਉਦਯੋਗਿਕ ਵਿਕਾਸ, ਸਿੱਖਿਆ ਸੁਧਾਰ, ਨਸ਼ਾ ਮੁਕਤੀ ਢਾਂਚਾ, ਖੇਤੀਬਾੜੀ ਵਿਚ ਵੱਖਰਾਪਣ ਅਤੇ ਸਮਾਜਿਕ ਸਾਂਝ ਦੀ ਲੋੜ ਹੈ। ਇਸ ਨੂੰ ਪ੍ਰਸ਼ਾਸਨਿਕ ਸਥਿਰਤਾ ਅਤੇ ਧੀਰਜਵਾਨ ਰਾਜਨੀਤੀ ਦੀ ਲੋੜ ਹੈ-ਅਜਿਹੇ ਗੁਣ ਜੋ ਭਾਵਨਾਵਾਂ ’ਤੇ ਚੱਲਣ ਵਾਲੀਆਂ ਲਹਿਰਾਂ ਵਿਚ ਕਾਇਮ ਰੱਖਣੇ ਔਖੇ ਹੁੰਦੇ ਹਨ।
ਸ਼ਾਇਦ ਦਿਲਜੀਤ ਇਸ ਹਕੀਕਤ ਨੂੰ ਆਪਣੇ ਕਈ ਪ੍ਰਸ਼ੰਸਕਾਂ ਨਾਲੋਂ ਵੱਧ ਸਮਝਦੇ ਹਨ। ਉਨ੍ਹਾਂ ਦਾ ਇਨਕਾਰ ਤੌਹੀਨ ਭਰਿਆ ਨਹੀਂ, ਸਗੋਂ ਸਾਵਧਾਨੀ ਭਰਿਆ ਸੀ। ਇਹ ਕਹਿ ਕੇ ਕਿ ਉਹ ਮਨੋਰੰਜਨ ਨਾਲ ਸਬੰਧਤ ਹਨ, ਉਨ੍ਹਾਂ ਨੇ ਉਸ ਮੈਦਾਨ ਵਿਚ ਕਦਮ ਰੱਖਣ ਤੋਂ ਬਚਾਅ ਕੀਤਾ ਜਿੱਥੇ ਲੋਕਾਂ ਦੀ ਤਾਰੀਫ਼ ਬਹੁਤ ਜਲਦੀ ਗੁੱਸੇ ਵਿਚ ਬਦਲ ਸਕਦੀ ਹੈ। ਇਕ ਵੰਡੇ ਹੋਏ ਮਾਹੌਲ ਵਿਚ ਸੈਲੀਬ੍ਰਿਟੀ ਚਿਹਰਾ ਉਮੀਦ ਵੀ ਵਧਾ ਸਕਦਾ ਹੈ ਅਤੇ ਨਿਰਾਸ਼ਾ ਵੀ।
ਫਿਰ ਵੀ, ਇਹ ਘਟਨਾ ਪੰਜਾਬ ਦੇ ਸਿਆਸੀ ਵਰਗ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ। ਜਦੋਂ ਰਿਟਾਇਰਡ ਅਧਿਕਾਰੀ ਰਾਜਨੀਤੀ ਤੋਂ ਬਾਹਰ ਲੀਡਰਸ਼ਿਪ ਲੱਭਣ ਲੱਗ ਪੈਣ, ਤਾਂ ਇਹ ਸੰਸਥਾਵਾਂ ’ਤੇ ਭਰੋਸੇ ਦੇ ਖ਼ਤਰਨਾਕ ਢੰਗ ਨਾਲ ਟੁੱਟਣ ਦਾ ਸੰਕੇਤ ਹੁੰਦਾ ਹੈ। ਲੋਕਤੰਤਰ ਸਿਰਫ਼ ਚੋਣਾਂ ਨਾਲ ਨਹੀਂ, ਸਗੋਂ ਇਸ ਵਿਸ਼ਵਾਸ ਨਾਲ ਜ਼ਿੰਦਾ ਰਹਿੰਦਾ ਹੈ ਕਿ ਸਿਆਸੀ ਪ੍ਰਣਾਲੀ ਆਪਣੇ-ਆਪ ਨੂੰ ਸੁਧਾਰ ਸਕਦੀ ਹੈ। ਪੰਜਾਬ ਵਿਚ ਵਾਰ-ਵਾਰ ‘ਮਸੀਹਾ’ ਲੱਭਣ ਦੀ ਪ੍ਰਵਿਰਤੀ, ਚਾਹੇ ਉਹ ਧਾਰਮਿਕ ਆਗੂ ਹੋਣ, ਅੰਦੋਲਨ, ਨਵੀਆਂ ਪਾਰਟੀਆਂ ਜਾਂ ਸੈਲੀਬ੍ਰਿਟੀ, ਇਹ ਦਰਸਾਉਂਦੀ ਹੈ ਕਿ ਸਮਾਜ ਨੂੰ ਮੌਜੂਦਾ ਪ੍ਰਣਾਲੀ ’ਤੇ ਭਰੋਸਾ ਨਹੀਂ ਰਿਹਾ।
ਪੰਜਾਬ ਵਿਚ ਬਦਲਾਅ ਦੀ ਲਾਲਸਾ ਹਾਲੇ ਵੀ ਬਹੁਤ ਗਹਿਰੀ ਹੈ ਕਿਉਂਕਿ ਦਰਦ ਹੁਣ ਵੀ ਮੌਜੂਦ ਹੈ। ਜੋ ਸੂਬਾ ਕਦੇ ਦੇਸ਼ ਨੂੰ ਖੁਰਾਕ ਦਿੰਦਾ ਸੀ, ਉਹ ਅੱਜ ਆਪਣੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਦੇ ਨੌਜਵਾਨ ਵਿਦੇਸ਼ ਜਾ ਰਹੇ ਹਨ, ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਵਿੱਤੀ ਹਾਲਤ ਖ਼ਰਾਬ ਹੋ ਰਹੀ ਹੈ ਅਤੇ ਰਾਜਨੀਤੀ ਅਜੇ ਵੀ ਲੰਬੇ ਸਮੇਂ ਦੇ ਨਿਰਮਾਣ ਦੀ ਬਜਾਏ ਛੋਟੇ ਸਮੇਂ ਦੀ ਲੋਕਪ੍ਰਿਅਤਾ ’ਤੇ ਕੇਂਦਰਿਤ ਹੈ।
ਦਿਲਜੀਤ ਦੋਸਾਂਝ ਨੂੰ ਕੀਤੀ ਗਈ ਇਹ ਅਪੀਲ ਸ਼ਾਇਦ ਕੁਝ ਦਿਨਾਂ ਵਿਚ ਖ਼ਬਰਾਂ ਤੋਂ ਗਾਇਬ ਹੋ ਜਾਵੇ ਪਰ ਇਸ ਦੇ ਪਿੱਛੇ ਦੀ ਭਾਵਨਾ ਇੰਨੀ ਆਸਾਨੀ ਨਾਲ ਖ਼ਤਮ ਨਹੀਂ ਹੋਵੇਗੀ। ਇਹ ਇਕ ਅਜਿਹੇ ਸੂਬੇ ਦੀ ਪੁਕਾਰ ਹੈ ਜੋ ਅਜੇ ਵੀ ਅਜਿਹੀ ਲੀਡਰਸ਼ਿਪ ਦੀ ਤਲਾਸ਼ ਵਿਚ ਹੈ ਜਿਸ ’ਤੇ ਉਹ ਭਰੋਸਾ ਕਰ ਸਕੇ।
ਇੰਦਰਪ੍ਰੀਤ ਸਿੰਘ
ਸੰਪਾਦਕ