ਜਦੋਂ 1970ਵਿਆਂ ’ਚ ਮੈਂ ਸੁਰਤ ਸੰਭਾਲੀ, ਉਦੋਂ ਵੀਹ-ਵੀਹ ਕੋਹ ਤੱਕ ਕੋਈ ਹਸਪਤਾਲ ਨਹੀਂ ਸੀ ਹੁੰਦਾ। ਨਾ ਪ੍ਰਾਈਵੇਟ, ਨਾ ਸਰਕਾਰੀ। ਐੱਮਬੀਬੀਐੱਸ ਡਾਕਟਰ ਵੀ ਸ਼ਹਿਰਾਂ ਵਿਚ ਹੀ ਹੁੰਦੇ ਹੋਣਗੇ। ਕੋਈ ਜ਼ਖ਼ਮ ਹੋ ਜਾਣਾ ਤਾਂ ਨਿੰਮ ਦੇ ਪੱਤੇ ਉਬਾਲ ਕੇ ਬੰਨ੍ਹ ਲੈਣੇ। ਬਰਸਾਤਾਂ ਨੂੰ ਨਿੰਮ ਦੀਆਂ ਗੋਲ਼ੀਆਂ ਨਾਲ ਜੇਬਾਂ ਭਰੀ ਰੱਖਣੀਆਂ।
ਜਦੋਂ 1970ਵਿਆਂ ’ਚ ਮੈਂ ਸੁਰਤ ਸੰਭਾਲੀ, ਉਦੋਂ ਵੀਹ-ਵੀਹ ਕੋਹ ਤੱਕ ਕੋਈ ਹਸਪਤਾਲ ਨਹੀਂ ਸੀ ਹੁੰਦਾ। ਨਾ ਪ੍ਰਾਈਵੇਟ, ਨਾ ਸਰਕਾਰੀ। ਐੱਮਬੀਬੀਐੱਸ ਡਾਕਟਰ ਵੀ ਸ਼ਹਿਰਾਂ ਵਿਚ ਹੀ ਹੁੰਦੇ ਹੋਣਗੇ। ਕੋਈ ਜ਼ਖ਼ਮ ਹੋ ਜਾਣਾ ਤਾਂ ਨਿੰਮ ਦੇ ਪੱਤੇ ਉਬਾਲ ਕੇ ਬੰਨ੍ਹ ਲੈਣੇ। ਬਰਸਾਤਾਂ ਨੂੰ ਨਿੰਮ ਦੀਆਂ ਗੋਲ਼ੀਆਂ ਨਾਲ ਜੇਬਾਂ ਭਰੀ ਰੱਖਣੀਆਂ। ਸਵੇਰ ਵੇਲੇ ਦਾਤਣ ਨਿੰਮ ਜਾ ਫਲਾਹੀ ਦੀ ਟਾਹਣੀ ਨਾਲ ਕਰਨੀ। ਕਹੀ, ਖੁਰਪੇ ਜਾਂ ਦਾਤੀ ਨਾਲ ਹੱਥ-ਪੈਰ ’ਤੇ ਕੱਟ ਲੱਗ ਜਾਣਾ ਤਾਂ ਆਪਣਾ ਪਿਸ਼ਾਬ ਸਭ ਤੋਂ ਵਧੀਆ ਦਵਾਈ ਮੰਨੀ ਜਾਂਦੀ ਸੀ। ਬੁਖ਼ਾਰ ਵੇਲੇ ਮਰੀਜ਼ ਨੂੰ ਬਾਣ ਵਾਲੇ ਮੰਜੇ ’ਤੇ ਲਿਟਾਈ ਰੱਖਣਾ।
ਸਾਡੇ ਪਿੰਡ ਤੋਂ ਤਿੰਨ-ਚਾਰ ਕਿੱਲੋਮੀਟਰ ਦੂਰ ਬਖਲੌਰ ਪਿੰਡ ਦੇ ਇਕ ਵੈਦ ਦੀ ਬੜੀ ਸ਼ੋਭਾ ਹੁੰਦੀ ਸੀ। ਸਾਰੇ ਉਸ ਨੂੰ ਮਾਸਟਰ ਜੀ ਕਹਿੰਦੇ। ਉਹ ਮਰੀਜ਼ ਦਾ ਕਰੂਰਾ/ ਪਿਸ਼ਾਬ ਜਾਂ ਨਬਜ਼ ਦੇਖ ਕੇ ਦਵਾਈ ਦੇ ਦਿੰਦਾ ਸੀ। ਬਿਮਾਰੀ ਫੜੀ ਵੀ ਜਾਂਦੀ ਅਤੇ ਇਲਾਜ ਵੀ ਹੋ ਜਾਂਦਾ। ਸਾਡੇ ਪਿੰਡ ਉੜਾਪੜ ’ਚ 1980 ਦੇ ਨੇੜੇ-ਤੇੜੇ ਪਹਿਲੀ ਵਾਰ ਸ਼ੇਖੂਪੁਰੀਏ ਬਲਦੇਵ ਰਾਜ ਆਰਐੱਮਪੀ ਨੇ ਕਲੀਨਿਕ ਖੋਲ੍ਹੀ ਸੀ। ਉਹ ਕੋਲੋਂ ਗੋਲ਼ੀਆਂ ਦੀਆਂ ਪੁੜੀਆਂ ਬਣਾ ਕੇ ਦਵਾਈ ਦੇ ਦਿੰਦਾ ਸੀ।
ਮਰਜ਼ ਪੁੱਛਣ ਦਾ ਉਦੋਂ ਰਿਵਾਜ ਨਹੀਂ ਸੀ। ਜੇ ਕਿਤੇ ਕੋਈ ਗੰਭੀਰ ਸੱਟ ਲੱਗ ਜਾਣੀ ਤਾਂ ਮਰੀਜ਼ ਨੂੰ ਗੱਡੇ ਉੱਤੇ ਪਾ ਕੇ ਸ਼ਹਿਰ ਲੈ ਜਾਂਦੇ। ਜ਼਼ਖ਼ਮ ਵਿੱਚੋਂ ਖ਼ੂਨ ਰੋਕਣ ਲਈ ਘੁੱਟ ਕੇ ਕੱਪੜੇ ਨਾਲ ਬੰਨ੍ਹ ਦੇਣਾ। ਮੈਨੂੰ ਯਾਦ ਹੈ ਕਿ ਜਦੋਂ ਇਕ ਵਾਰ ਮੇਰੇ ਭਾਈਆ ਜੀ ਦੀ ਲੱਤ ਟਰੈਕਟਰ ਦੀਆਂ ਤਵੀਆਂ ਨਾਲ ਕਾਫ਼ੀ ਡੂੰਘੀ ਕੱਟੀ ਗਈ ਸੀ ਤਦ ਜ਼ਖ਼ਮ ਦੇ ਆਲੇ-ਦੁਆਲੇ ਪੱਗ ਲਪੇਟ ਦਿੱਤੀ ਗਈ। ਹਸਪਤਾਲ ਜਾ ਕੇ ਦੇਖਿਆ ਤਾਂ ਪੱਗ ਦਾ ਕੱਪੜਾ ਹੀ ਜ਼ਖ਼ਮ ਵਿਚ ਧਸ ਚੁੱਕਾ ਸੀ। ਇਹ ਕਹਾਣੀ ਕੇਵਲ ਪਿੰਡਾਂ ਦੀ ਹੀ ਨਹੀਂ ਸੀ। ਸ਼ਹਿਰਾਂ ਵਿਚ ਵੀ ਟਾਵੇਂ-ਟਾਵੇਂ ਐੱਮਬੀਬੀਐੱਸ ਡਾਕਟਰ ਹੋਇਆ ਕਰਦੇ ਸਨ।
ਮਾਹਿਰ ਡਾਕਟਰਾਂ ਕੋਲ ਜਾਣ ਦਾ ਰੁਝਾਨ ਤਾਂ ਪਿਛਲੀ ਸਦੀ ਦੇ ਅੰਤ ਵਿਚ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਬਿਮਾਰੀਆਂ ਵੀ ਛੋਟੀਆਂ-ਮੋਟੀਆਂ ਹੋਇਆ ਕਰਦੀਆਂ ਸਨ। ਲੋਕਾਂ ਕੋਲ ਇਲਾਜ ਕਰਾਉਣ ਲਈ ਨਕਦ ਪੈਸੇ ਨਹੀਂ ਸਨ ਹੁੰਦੇ। ਜ਼ਿਆਦਾਤਰ ਲੋਕ ਡਾਕਟਰਾਂ ਨਾਲ ਵੀ ਹਾੜੀ-ਸਾਉਣੀ ਹਿਸਾਬ ਕਰਿਆ ਕਰਦੇ ਸਨ। ਮੈਨੂੰ ਯਾਦ ਹੈ ਕਿ ਸਾਡੀ ਬੇਬੇ ਦਾਣਿਆਂ ਵੱਟੇ ਸਬਜ਼ੀ ਲੈਂਦੀ ਹੁੰਦੀ ਸੀ। ਕਰਿਆਨੇ ਵਾਲੇ ਤੋਂ ਵੀ ਕਈ ਚਿਰ ਤੱਕ ਦਾਣਿਆਂ ਵੱਟੇ ਸੌਦਾ ਲੈ ਲੈਣਾ। ਹੱਟੀਆਂ ’ਤੇ ਹਿਸਾਬ-ਕਿਤਾਬ ਵੀ ਫ਼ਸਲ ਆਉਣ ’ਤੇ ਹੋਇਆ ਕਰਦਾ ਸੀ। ਗਹਿਣਾ, ਗੱਟਾ, ਕੱਪੜੇ ਤਾਂ ਸਾਲ ਵਿਚ ਦੋ ਵਾਰ ਫ਼ਸਲ ਘਰ ਆਉਣ ’ਤੇ ਲਏ ਜਾਂਦੇ ਸਨ। ਮੈਨੂੰ ਯਾਦ ਹੈ ਕਿ ਡਾਕਟਰ ਬਲਦੇਵ ਦੇ ਘਰ ਅਸੀਂ ਦੁੱਧ ਪਾਇਆ ਕਰਦੇ ਸਾਂ। ਦਵਾਈ ਬੂਟੀ ਦਾ ਹਿਸਾਬ ਵੀ ਮਹੀਨੇ ਦੇ ਅੰਤ ਵਿਚ ਦੁੱਧ ਦੇ ਪੈਸਿਆਂ ਨਾਲ ਕਰ ਦੇਣਾ। ਨੌਕਰੀ ਤਾਂ ਕੋਈ ਵਿਰਲਾ-ਟਾਵਾਂ ਕਰਦਾ ਹੋਣਾ। ਇਕ ਸਮਾਂ ਆਇਆ ਤਾਂ ਪਿੰਡਾਂ ਦੇ ਜ਼ਿਆਦਾਤਰ ਨੌਜਵਾਨ ਫ਼ੌਜ ਵਿਚ ਭਰਤੀ ਹੋਣ ਨੂੰ ਪਹਿਲ ਦੇਣ ਲੱਗੇ। ਲਾਲਚ ਵੀ ਸੀ ਕਿ ਸਾਰੇ ਪਰਿਵਾਰ ਦਾ ਇਲਾਜ ਮੁਫ਼ਤ ਹੋ ਜਾਇਆ ਕਰੂ।
ਪਹਿਲੀ ਵਾਰ ਜਦੋਂ ਸਾਡੇ ਪਿੰਡ ਦੇ ਸਰਪੰਚ ਦੇ ਮੁੰਡੇ ਨਰਿੰਦਰ ਨੂੰ ਸੈਕਿੰਡ ਲੈਫਟੀਨੈਂਟ ਦਾ ਕਮਿਸ਼ਨ ਮਿਲਿਆ ਤਾਂ 12 ਕੋਹ ਤੱਕ ਧੁੰਮਾਂ ਪੈ ਗਈਆਂ ਸਨ। ਪੰਜ ਸਾਲਾਂ ਦੀ ਨੌਕਰੀ ਦੌਰਾਨ ਉਹ ਕੈਪਟਨ ਦੇ ਰੈਂਕ ਤੱਕ ਪੁੱਜ ਗਿਆ ਹੋਣੈ। ਇਕ ਵਾਰ ਉਹ ਮੱਧ ਪ੍ਰਦੇਸ਼ ਦੇ ਸ਼ਹਿਰ ਮਊ ਵਿਚ ਟਰੇਨਿੰਗ ਲਈ ਗਿਆ ਹੋਇਆ ਸੀ ਕਿ ਉਸ ਦੇ ਰਾਤ ਨੂੰ ਅਪੈਂਡੈਕਸ ਦਾ ਦਰਦ ਉੱਠ ਖੜ੍ਹਾ ਹੋਇਆ। ਦਵਾ-ਦਾਰੂ ਕੀਤਾ। ਦਰਦ ਦੱਬ ਗਿਆ।
ਉਹ ਕਈ ਦਿਨ ਪੇਨ ਕਿੱਲਰ ਲੈਂਦਾ ਰਿਹਾ। ਇਕ ਦਿਨ ਉਸ ਦੇ ਅਜਿਹੀ ਪੇਨ ਉੱਠੀ ਕਿ ਉਹਦਾ ਤਰਾਹ ਨਿਕਲ ਗਿਆ। ਮਊ ਦੇ ਟਰੇਨਿੰਗ ਸੈਂਟਰ ਵਿਚ ਕੋਈ ਡਾਕਟਰ ਨਹੀਂ ਸੀ ਅਤੇ ਨਾ ਹੀ ਆਲੇ-ਦੁਆਲੇ ਦੇ ਕਈ ਪਿੰਡਾਂ ਤੱਕ। ਇਸ ਵਾਰ ਦਰਦ ਦਵਾਈਆਂ ਨਾਲ ਨਾ ਦੱਬਿਆ ਤਾਂ ਰਾਤ ਵੇਲੇ ਐਮਰਜੈਂਸੀ ਵਿਚ 25 ਕੋਹ ਦੂਰ ਪੈਂਦੇ ਮੈਡੀਕਲ ਕਾਲਜ ਵਿਚ ਦਾਖ਼ਲ ਕਰਾਉਣਾ ਪਿਆ। ਰਾਤ ਮਰੀਜ਼ ਦੇ ਗਲੂਕੋਜ਼ ਲਾ ਕੇ ਲੰਘਾਈ। ਸਵੇਰ ਚੜ੍ਹਦਿਆਂ ਹੀ ਐਮਰਜੈਂਸੀ ਆਪ੍ਰੇਸ਼ਨ ਕਰ ਦਿੱਤਾ ਗਿਆ। ਆਪ੍ਰੇਸ਼ਨ ਥੀਏਟਰ ਵਿਚ ਕਦੋਂ ਗਿਆ, ਆਪ੍ਰੇਸ਼ਨ ਨੂੰ ਕਿੰਨਾ ਸਮਾਂ ਲੱਗਾ, ਉਸ ਨੂੰ ਕੁਝ ਪਤਾ ਨਹੀਂ ਸੀ। ਉਸ ਨੂੰ ਇੰਨਾ ਹੀ ਪਤਾ ਹੈ ਕਿ ਆਪ੍ਰੇਸ਼ਨ ਤੋਂ ਪਹਿਲਾਂ ਉਸ ਤੋਂ ਸਹਿਮਤੀ ਦੇ ਕੋਈ ਦਸਤਖ਼ਤ ਨਹੀਂ ਸਨ ਕਰਵਾਏ ਗਏ।
ਮਿਲਟਰੀ ਵਿਚ ਪੈਰ ਧਰਦਿਆਂ ਹੀ ਤੁਹਾਡਾ ਸਰੀਰ ਮੁਲਕ ਦੇ ਨਾਂ ਲੱਗ ਜਾਂਦਾ ਹੈ। ਅਗਲੇ ਦਿਨ ਸਵੇਰੇ ਜਦੋਂ ਡਾਕਟਰ ਉਸ ਨੂੰ ਦੇਖਣ ਲਈ ਆਇਆ ਤਾਂ ਉਸ ਦੇ ਆਪਣੇ ਖੱਬੇ ਹੱਥ ਉੱਤੇ ਪਲਸਤਰ ਲੱਗਾ ਹੋਇਆ ਸੀ। ਉਹ ਦੇਖ ਕੇ ਹੱਕਾ-ਬੱਕਾ ਰਹਿ ਗਿਆ। ਜੂਨੀਅਰ ਨੇ ਉਸ ਨੂੰ ਦੱਸਿਆ ਕਿ ਡਾਕਟਰ ਸਾਹਿਬ ਨੇ ਐਮਰਜੈਂਸੀ ਦੇਖਦਿਆਂ ਟੁੱਟੇ ਹੱਥ ਨਾਲ ਹੀ ਆਪ੍ਰੇਸ਼ਨ ਕਰ ਦਿੱਤਾ ਸੀ। ਰਾਤ ਵੇਲੇ ਹਸਪਤਾਲ ਵਿਚ ਬੇਹੋਸ਼ ਕਰਨ ਵਾਲਾ ਡਾਕਟਰ ਅਤੇ ਇਕ ਨਰਸ ਹੀ ਮੌਜੂਦ ਸਨ। ਆਪ੍ਰੇਸ਼ਨ ਥੀਏਟਰ ਤਕਨੀਸ਼ੀਅਨ ਤੇ ਹੋਰ ਸਟਾਫ ਦੀ ਗ਼ੈਰ-ਹਾਜ਼ਰੀ ਵਿਚ ਡਾਕਟਰ ਸਾਹਿਬ ਨੇ ਟਾਂਕੇ ਵੀ ਆਪ ਲਾਏ ਸਨ।
ਉਹਦੇ ਡਾਕਟਰ ਮੂਹਰੇ ਆਪਣੇ-ਆਪ ਹੱਥ ਜੁੜ ਗਏ ਅਤੇ ਨਾਲ ਹੀ ਸਲੂਟ ਵੱਜ ਗਿਆ। ਡਾਕਟਰ ਕਹਿ ਰਿਹਾ ਸੀ, ‘‘ਮੇਰੇ ਹੱਥ ਉੱਤੇ ਪਲਸਤਰ ਦੁਬਾਰਾ ਵੀ ਲੱਗ ਜਾਊ ਪਰ ਅਪੈਂਡੈਕਸ ਫਟ ਜਾਂਦਾ ਤਾਂ ਮਰੀਜ਼ ਦੀ ਜਾਨ ਨਹੀਂ ਸੀ ਬਚਣੀ। ਹੁਣ ਪਿੱਛੇ ਜਿਹੇ ਜਦੋਂ ਮੇਰਾ ਆਪਣਾ ਅਪੈਂਡੈਕਸ ਦਾ ਆਪ੍ਰੇਸ਼ਨ ਹੋਇਆ ਹੈ ਤਾਂ ਉਹ ਗੱਲ ਸੁਣਾ ਰਿਹਾ ਸੀ। ਮੇਰੇ ਜ਼ਿਹਨ ਵਿਚ ਅੱਜ ਦੇ ਕਈ ਸਾਰੇ ਉਹ ਡਾਕਟਰ ਘੁੰਮ ਗਏ ਜਿਹੜੇ ਮਰੀਜ਼ ਦੇ ਆਪ੍ਰੇਸ਼ਨ ਵੇਲੇ ਧੋਖੇ ਨਾਲ ਅੰਗ ਕੱਢ ਲੈਂਦੇ ਹਨ। ਮਰੀਜ਼ ਕੋਲੋਂ ਮਹਿੰਗੇ ਸਟੈਂਟ ਮੰਗਵਾ ਕੇ ਸਸਤੇ ਪਾ ਦਿੰਦੇ ਹਨ। ਇੱਥੋਂ ਤੱਕ ਕਿ ਬ੍ਰੇਨ ਡੈੱਡ ਮਰੀਜ਼ ਨੂੰ ਆਈਸੀਯੂ ਵਿਚ ਦਾਖ਼ਲ ਕਰ ਕੇ ਲੱਖਾਂ ਦੇ ਬਿੱਲ ਬਣਾ ਦਿੰਦੇ ਹਨ।
ਫਿਰ ਮੇਰਾ ਭਤੀਜਾ ਹਰਸ਼ ਮੂਹਰੇ ਆ ਖੜ੍ਹਦਾ ਹੈ ਜਿਹੜਾ ਹੱਡੀਆਂ ਦਾ ਸਰਜਨ ਹੈ। ਇਕ ਦਿਨ ਉਹ ਦੱਸ ਰਿਹਾ ਸੀ ਕਿ ਆਰਥੋ ਸਰਜਨ ਚਾਹੇ ਤਾਂ ਲੋਹੇ (ਮਰੀਜ਼ ਦੇ ਸਰੀਰ ਵਿਚ ਪੈਣ ਵਾਲੇ ਨਕਲੀ ਗੋਡੇ ਜਾਂ ਹੋਰ ਅੰਗਾਂ) ਦੇ ਕਮਿਸ਼ਨ ਨਾਲ ਹੀ ਕੋਠੀਆਂ ਖੜ੍ਹੀਆਂ ਕਰ ਸਕਦਾ ਹੈ। ਮੈਂ ਸਰਜਨ ਅਤੁਲ ਜੋਸ਼ੀ ਨੂੰ ਯਾਦ ਕਰ ਕੇ ਮੁੜ ਥਾਂ ਸਿਰ ਪਰਤਿਆ ਜਿਹੜਾ ਮੈਨੂੰ ਮੇਰੇ ਆਪ੍ਰੇਸ਼ਨ ਵੇਲੇ ਰੱਬ ਦਾ ਦੂਜਾ ਰੂਪ ਬਣ ਕੇ ਟੱਕਰਿਆ ਸੀ। ਇਸ ਤੋਂ ਅੱਗੇ ਹੋਰ ਸੋਚਣ ਦੀ ਮੇਰੀ ਹਿੰਮਤ ਨਹੀਂ ਸੀ ਅਤੇ ਮੈਂ ਚੁੱਪ-ਚਾਪ ਅੱਖਾਂ ਮੁੰਦ ਕੇ ਸੌਣਾ ਚਾਹਿਆ।
-ਕਮਲਜੀਤ ਸਿੰਘ ਬਨਵੈਤ
-ਮੋਬਾਈਲ : 98147-34035