ਇਸ ਦੇ ਨਾਲ ਹੀ, ਘੰਟਿਆਂਬੱਧੀ ਇੱਕੋ ਜਗ੍ਹਾ ਬੈਠ ਕੇ ਮੋਬਾਈਲ ਦੇਖਣ ਨਾਲ ਬੱਚਿਆਂ ਦੀ ਸਰੀਰਕ ਹਿਲਜੁਲ ਬਿਲਕੁਲ ਖ਼ਤਮ ਹੋ ਜਾਂਦੀ ਹੈ ਜੋ ਮੋਟਾਪੇ ਅਤੇ ਕਈ ਹੋਰ ਸਰੀਰਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਖਾਣ-ਪੀਣ ਦੀਆਂ ਆਦਤਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਮੋਬਾਈਲ ਦੇਖਦੇ ਹੋਏ ਰੋਟੀ ਖਾਣ ਨਾਲ ਬੱਚੇ ਦਾ ਧਿਆਨ ਖਾਣੇ ਦੇ ਸਵਾਦ, ਉਸ ਦੀ ਮਿਕਦਾਰ ਅਤੇ ਗੁਣਵੱਤਾ ਵੱਲ ਬਿਲਕੁਲ ਨਹੀਂ ਹੁੰਦਾ।

ਮੋਬਾਈਲ ਫੋਨ ਅੱਜ ਦੇ ਮਨੁੱਖੀ ਜੀਵਨ ਦਾ ਇਕ ਬੇਹੱਦ ਅਹਿਮ ਹਿੱਸਾ ਬਣ ਚੁੱਕਿਆ ਹੈ। ਇਸ ਨੇ ਸਾਡੇ ਰੋਜ਼ਾਨਾ ਦੇ ਕੰਮਾਂ-ਕਾਰਾਂ ਨੂੰ ਬਹੁਤ ਆਸਾਨ ਅਤੇ ਤੇਜ਼ ਬਣਾ ਦਿੱਤਾ ਹੈ ਪਰ ਇਸ ਸੁਵਿਧਾ ਦੇ ਨਾਲ-ਨਾਲ ਸਮਾਜ ਵਿਚ ਕੁਝ ਅਜਿਹੇ ਗੰਭੀਰ ਰੁਝਾਨ ਵੀ ਪੈਦਾ ਹੋ ਰਹੇ ਹਨ ਜੋ ਨਵੀਂ ਪੀੜ੍ਹੀ ਲਈ ਇਕ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਚਿੰਤਾਜਨਕ ਮਸਲਾ ਬੱਚਿਆਂ ਦੀ ਮੋਬਾਈਲ ਫੋਨ ’ਤੇ ਵਧਦੀ ਨਿਰਭਰਤਾ ਹੈ, ਖ਼ਾਸ ਕਰਕੇ ਭੋਜਨ ਖਾਣ ਵੇਲੇ।
ਅੱਜ-ਕੱਲ੍ਹ ਲਗਪਗ ਹਰ ਦੂਜੇ ਘਰ ਵਿਚ ਇਹ ਦੇਖਣ ਨੂੰ ਮਿਲਦਾ ਹੈ ਕਿ ਮਾਪੇ ਆਪਣੇ ਰੋਜ਼ਾਨਾ ਦੇ ਕੰਮਾਂ ਵਿਚ ਰੁੱਝੇ ਹੋਣ ਕਰਕੇ ਜਾਂ ਬੱਚੇ ਨੂੰ ਚੁੱਪ ਕਰਾਉਣ ਲਈ ਉਸ ਦੇ ਹੱਥ ਵਿਚ ਮੋਬਾਈਲ ਫੜਾ ਦਿੰਦੇ ਹਨ। ਇਹ ਤਰੀਕਾ ਸ਼ੁਰੂਆਤ ਵਿਚ ਬਹੁਤ ਆਸਾਨ ਅਤੇ ਸੁਵਿਧਾਜਨਕ ਲੱਗਦਾ ਹੈ ਕਿਉਂਕਿ ਬੱਚਾ ਸਕਰੀਨ ’ਤੇ ਚੱਲ ਰਹੀਆਂ ਵੀਡੀਓ’ਜ਼ ਜਾਂ ਗੇਮਾਂ ਵਿਚ ਮਸਤ ਹੋ ਜਾਂਦਾ ਹੈ ਅਤੇ ਮਾਪੇ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਕੰਮ ਨਿਬੇੜ ਲੈਂਦੇ ਹਨ।
ਹੌਲੀ-ਹੌਲੀ ਇਹ ਇਕ ਅਜਿਹੀ ਅੜੀ ਅਤੇ ਆਦਤ ਦਾ ਰੂਪ ਧਾਰਨ ਕਰ ਲੈਂਦਾ ਹੈ ਕਿ ਬੱਚੇ ਮੋਬਾਈਲ ਫੋਨ ਤੋਂ ਬਿਨਾਂ ਰੋਟੀ ਖਾਣ ਤੋਂ ਸਾਫ਼ ਇਨਕਾਰ ਕਰ ਦਿੰਦੇ ਹਨ। ਮਾਪੇ ਵੀ ਬੱਚੇ ਨੂੰ ਭੁੱਖਾ ਰੱਖਣ ਦੇ ਡਰੋਂ ਉਸ ਦੀ ਇਸ ਮੰਗ ਅੱਗੇ ਝੁਕ ਜਾਂਦੇ ਹਨ ਜਿਸ ਨਾਲ ਬੱਚੇ ਦੇ ਮਨ ਵਿਚ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਰੋਟੀ ਖਾਣ ਲਈ ਮੋਬਾਈਲ ਦਾ ਚੱਲਣਾ ਬੇਹੱਦ ਜ਼ਰੂਰੀ ਹੈ। ਇਸ ਬੁਰੇ ਰੁਝਾਨ ਦੇ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ’ਤੇ ਬਹੁਤ ਗੰਭੀਰ ਅਤੇ ਨਕਾਰਾਤਮਕ ਪ੍ਰਭਾਵ ਪੈ ਰਹੇ ਹਨ। ਲਗਾਤਾਰ ਸਕਰੀਨ ਵੱਲ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ’ਤੇ ਬਹੁਤ ਜ਼ਿਆਦਾ ਜ਼ੋਰ ਪੈਂਦਾ ਹੈ ਜਿਸ ਨਾਲ ਛੋਟੀ ਉਮਰ ਵਿਚ ਹੀ ਨਜ਼ਰ ਕਮਜ਼ੋਰ ਹੋਣ ਦੀਆਂ ਸ਼ਿਕਾਇਤਾਂ ਆਮ ਹੋ ਗਈਆਂ ਹਨ।
ਇਸ ਦੇ ਨਾਲ ਹੀ, ਘੰਟਿਆਂਬੱਧੀ ਇੱਕੋ ਜਗ੍ਹਾ ਬੈਠ ਕੇ ਮੋਬਾਈਲ ਦੇਖਣ ਨਾਲ ਬੱਚਿਆਂ ਦੀ ਸਰੀਰਕ ਹਿਲਜੁਲ ਬਿਲਕੁਲ ਖ਼ਤਮ ਹੋ ਜਾਂਦੀ ਹੈ ਜੋ ਮੋਟਾਪੇ ਅਤੇ ਕਈ ਹੋਰ ਸਰੀਰਕ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ਖਾਣ-ਪੀਣ ਦੀਆਂ ਆਦਤਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਮੋਬਾਈਲ ਦੇਖਦੇ ਹੋਏ ਰੋਟੀ ਖਾਣ ਨਾਲ ਬੱਚੇ ਦਾ ਧਿਆਨ ਖਾਣੇ ਦੇ ਸਵਾਦ, ਉਸ ਦੀ ਮਿਕਦਾਰ ਅਤੇ ਗੁਣਵੱਤਾ ਵੱਲ ਬਿਲਕੁਲ ਨਹੀਂ ਹੁੰਦਾ।
ਉਹ ਸਿਰਫ਼ ਬੇਧਿਆਨੀ ਵਿਚ ਭੋਜਨ ਨਿਗਲਦਾ ਜਾਂਦਾ ਹੈ ਜਿਸ ਨਾਲ ਪਾਚਨ ਪ੍ਰਣਾਲੀ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਬੱਚਾ ਸੰਤੁਲਿਤ ਖੁਰਾਕ ਦੇ ਲਾਭਾਂ ਤੋਂ ਵਾਂਝਾ ਰਹਿ ਜਾਂਦਾ ਹੈ। ਮਾਨਸਿਕ ਤੌਰ ’ਤੇ ਇਹ ਆਦਤ ਬੱਚੇ ਨੂੰ ਆਪਣੇ ਆਲੇ-ਦੁਆਲੇ ਅਤੇ ਪਰਿਵਾਰ ਤੋਂ ਪੂਰੀ ਤਰ੍ਹਾਂ ਕੱਟ ਦਿੰਦੀ ਹੈ। ਖਾਣੇ ਦਾ ਸਮਾਂ ਅਸਲ ਵਿਚ ਪਰਿਵਾਰਕ ਸਾਂਝ ਅਤੇ ਆਪਸੀ ਗੱਲਬਾਤ ਲਈ ਹੁੰਦਾ ਹੈ ਜੋ ਬੱਚੇ ਦੇ ਭਾਸ਼ਾਈ ਅਤੇ ਸਮਾਜਿਕ ਵਿਕਾਸ ਵਿਚ ਮਦਦ ਕਰਦਾ ਹੈ ਪਰ ਮੋਬਾਈਲ ਕਾਰਨ ਇਹ ਕੀਮਤੀ ਸਮਾਂ ਬਰਬਾਦ ਹੋ ਜਾਂਦਾ ਹੈ। ਹੌਲੀ-ਹੌਲੀ ਇਹ ਆਦਤ ਇਕ ਨਸ਼ੇ ਵਰਗੀ ਬਣ ਜਾਂਦੀ ਹੈ ਜਿਸ ਕਾਰਨ ਫੋਨ ਨਾ ਮਿਲਣ ’ਤੇ ਬੱਚੇ ਚਿੜਚਿੜੇ, ਗੁੱਸੇਖ਼ੋਰ ਅਤੇ ਬੇਚੈਨ ਹੋਣ ਲੱਗਦੇ ਹਨ।
ਇਸ ਗੰਭੀਰ ਸਮੱਸਿਆ ਤੋਂ ਛੁਟਕਾਰੇ ਲਈ ਮਾਪਿਆਂ ਨੂੰ ਖ਼ੁਦ ਅੱਗੇ ਆਉਣਾ ਪਵੇਗਾ ਤੇ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਸਭ ਤੋਂ ਪਹਿਲਾਂ ਪਰਿਵਾਰ ਵਿਚ ਇਹ ਨਿਯਮ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਕਿ ਭੋਜਨ ਖਾਣ ਵੇਲੇ ਕੋਈ ਵੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰੇਗਾ। ਬੱਚਿਆਂ ਨੂੰ ਮੋਬਾਈਲ ਦੇ ਡਿਜੀਟਲ ਸੰਸਾਰ ’ਚੋਂ ਕੱਢ ਕੇ ਬਾਹਰਲੀਆਂ ਖੇਡਾਂ, ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ, ਚਿੱਤਰਕਾਰੀ ਕਰਨ ਅਤੇ ਹੋਰ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਭੋਜਨ ਦੇ ਸਮੇਂ ਨੂੰ ਇਕ ਪਰਿਵਾਰਕ ਉਤਸਵ ਵਾਂਗ ਬਣਾਇਆ ਜਾਵੇ, ਜਿੱਥੇ ਸਾਰੇ ਜੀਅ ਆਪਸ ਵਿਚ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਨ ਤਾਂ ਜੋ ਬੱਚੇ ਨੂੰ ਸਕਰੀਨ ਦੀ ਲੋੜ ਹੀ ਮਹਿਸੂਸ ਨਾ ਹੋਵੇ। ਇਸ ਸਭ ਦੇ ਨਾਲ-ਨਾਲ ਮਾਪਿਆਂ ਨੂੰ ਖ਼ੁਦ ਵੀ ਬੱਚਿਆਂ ਦੇ ਸਾਹਮਣੇ ਇਕ ਚੰਗੀ ਮਿਸਾਲ ਪੇਸ਼ ਕਰਨੀ ਪਵੇਗੀ ਕਿਉਂਕਿ ਬੱਚੇ ਓਨਾ ਉਪਦੇਸ਼ਾਂ ਤੋਂ ਨਹੀਂ ਸਿੱਖਦੇ ਜਿੰਨਾ ਆਪਣੇ ਵੱਡਿਆਂ ਦੇ ਵਿਹਾਰ ਨੂੰ ਦੇਖ ਕੇ ਸਿੱਖਦੇ ਹਨ। ਜੇਕਰ ਮਾਪੇ ਖ਼ੁਦ ਫੋਨ ਦੀ ਸੀਮਤ ਵਰਤੋਂ ਕਰਨਗੇ ਤਾਂ ਬੱਚੇ ਵੀ ਸਹਿਜੇ ਹੀ ਇਸ ਆਦਤ ਨੂੰ ਅਪਣਾ ਲੈਣਗੇ।
ਮੋਬਾਈਲ ਫੋਨ ਇਕ ਬਿਹਤਰ ਸਾਧਨ ਜ਼ਰੂਰ ਹੈ ਪਰ ਇਸ ਨੂੰ ਸਾਡੇ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਿਹਤ ’ਤੇ ਭਾਰੂ ਹੋਣ ਦੀ ਆਗਿਆ ਬਿਲਕੁਲ ਨਹੀਂ ਦਿੱਤੀ ਜਾ ਸਕਦੀ। ਸਾਨੂੰ ਅੱਜ ਹੀ ਸੁਚੇਤ ਹੋ ਕੇ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਕ ਤੰਦਰੁਸਤ, ਸੰਤੁਲਿਤ ਅਤੇ ਖ਼ੁਸ਼ਹਾਲ ਜੀਵਨ ਮਾਣ ਸਕੇ।
-ਚਾਨਣਦੀਪ ਸਿੰਘ ਔਲਖ,
ਪਿੰਡ : ਗੁਰਨੇ ਖ਼ੁਰਦ (ਮਾਨਸਾ)। -ਸੰਪਰਕ : 98768-88177