ਅੱਜ ‘ਵਿਸ਼ਵ ਲੋਕਤੰਤਰ ਦਿਵਸ’ ਹੈ। ਇਸ ਦਿਵਸ ਨੂੰ ਮਨਾਉਣ ਦਾ ਮੰਤਵ ਦੱਸਦਿਆਂ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ ਨੇ ਕਿਹਾ ਸੀ, ‘‘ਇਹ ਦਿਨ ਦੁਨੀਆ ਭਰ ਦੇ ਲੋਕਾਂ ਅੰਦਰ ਲੋਕਤੰਤਰ ਦੇ ਮਹੱਤਵ ਤੇ ਮਹਾਨਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਦਿਹਾੜਾ ਹੈ।’’ ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਸੰਨ 2007 ਵਿਚ ਪਾਸ ਕੀਤੇ ਗਏ ਇਕ ਮਤੇ ਤੋਂ ਬਾਅਦ ਹੋਈ ਸੀ। ਲੋਕਤੰਤਰ ਬਾਰੇ ਮੰਨਿਆ ਜਾਂਦਾ ਹੈ ਕਿ ਇਹ ‘ਲੋਕਾਂ ਦੁਆਰਾ, ਲੋਕਾਂ ਲਈ ਅਤੇ ਲੋਕਾਂ ਦੀ ਸਰਕਾਰ’ ਹੁੰਦਾ ਹੈ। ਇਸ ਵਿਚ ਲੋਕ ਹੀ ਸਭ ਕੁਝ ਹੁੰਦੇ ਹਨ। ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਤੇ ਉਨ੍ਹਾਂ ਦੇ ਕਰਤਿਆਂ-ਧਰਤਿਆਂ ਦਾ ਕੰਮ ਹੁੰਦਾ ਹੈ ਦੇਸ਼ ਵਿਚ ਕਾਨੂੰਨ-ਵਿਵਸਥਾ ਕਾਇਮ ਰੱਖਣਾ, ਲੋਕ ਹਿੱਤਾਂ ਵਿਚ ਨੀਤੀਆਂ ਘੜਨੀਆਂ, ਫ਼ੈਸਲੇ ਲੈਣੇ ਤੇ ਲੋਕਤੰਤਰ ਦੇ ਮੂਲ ਨੇਮਾਂ ਦੀ ਰਾਖੀ ਕਰਦਿਆਂ ਹੋਇਆਂ ਲੋਕਾਂ ਤੇ ਦੇਸ਼ ਦੇ ਮਾਣ-ਸਨਮਾਨ ਵਿਚ ਵਾਧਾ ਕਰਨਾ। ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਵੀ ਲੋਕਤੰਤਰੀ ਵਿਵਸਥਾ ਦਾ ਮੁੱਖ ਜ਼ਿੰਮਾ ਹੁੰਦਾ ਹੈ। ਡਾ. ਬੀ. ਆਰ. ਅੰਬੇਡਕਰ ਨੇ ਕਿਹਾ ਸੀ-‘‘ਲੋਕਤੰਤਰ ਕਿਸੇ ਸਰਕਾਰ ਦਾ ਨਾਂ ਨਹੀਂ ਹੈ ਸਗੋਂ ਇਹ ਤਾਂ ਇਕ ਤਰ੍ਹਾਂ ਦਾ ਸਮਾਜਿਕ ਸੰਗਠਨ ਹੈ।’’ ਕੌਮਾਂਤਰੀ ਦਸਤਾਵੇਜ਼ ‘ਮਨੁੱਖੀ ਅਧਿਕਾਰਾਂ ਦਾ ਐਲਾਨਨਾਮਾ’ ਇਹ ਆਖ਼ਦਾ ਹੈ-‘‘ਲੋਕਾਂ ਦੀ ਰਾਇ ਹੀ ਸਰਕਾਰ ਦੀ ਵਿਵਸਥਾ ਤੇ ਕਾਰਜਸ਼ੈਲੀ ਦਾ ਆਧਾਰ ਹੋਣੀ ਚਾਹੀਦੀ ਹੈ।’’ ਲੋਕਤੰਤਰ ਵਿਚ ਲੋਕ ਬਿਨਾਂ ਕਿਸੇ ਡਰ, ਲਾਲਚ ਜਾਂ ਦਬਾਅ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਕੇ ਆਪਣੀ ਮਰਜ਼ੀ ਦੀ ਸਰਕਾਰ ਚੁਣਦੇ ਹਨ ਜੋ ਲੋਕ ਭਲਾਈ ਤੇ ਦੇਸ਼ ਦੀ ਤਰੱਕੀ ਲਈ ਨਿਰੰਤਰ ਕੰਮ ਕਰਦੀ ਹੈ। ਵਰਤਮਾਨ ਪਰਿਪੇਖ ਵਿਚ ਅਫ਼ਗਾਨਿਸਤਾਨ ’ਚ ਲੋਕਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਦਾ ਘਾਣ ਦੁਨੀਆ ਦੇ ਸਾਹਮਣੇ ਹੋ ਰਿਹਾ ਹੈ ਤੇ ਅਮਰੀਕਾ ਹੋਵੇ ਜਾਂ ਸੰਯੁਕਤ ਰਾਸ਼ਟਰ, ਸਭ ਇੱਧਰ-ਉੱਧਰ ਝਾਕਣ ਦਾ ਕੰਮ ਕਰ ਰਹੇ ਹਨ। ਉੱਥੇ ਔਰਤਾਂ ਤੇ ਬੱਚਿਆਂ ’ਤੇ ਤਾਲਿਬਾਨ ਦੁਆਰਾ ਕੁਝ ਜ਼ਿਆਦਾ ਹੀ ਕਹਿਰ ਢਾਹਿਆ ਜਾ ਰਿਹਾ ਹੈ। ਔਰਤਾਂ ਦੇ ਤਾਂ ਲਗਪਗ ਸਾਰੇ ਮੂਲ ਹੱਕ ਕੁਚਲੇ ਜਾ ਰਹੇ ਹਨ। ਹਵਾਈ ਜਹਾਜ਼ ਦੇ ਬਾਹਰ ਲਟਕ ਕੇ ਜਾਨਾਂ ਗੁਆ ਦੇਣ ਜਿਹੀਆਂ ਸ਼ਰਮਨਾਕ ਘਟਨਾਵਾਂ ਸਭ ਦੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਹਨ। ਹਜ਼ਾਰਾਂ ਲੋਕਾਂ ਦੇ ਕਤਲ ਲਈ ਜ਼ਿੰਮੇਵਾਰ ਸ਼ਖ਼ਸ ਸਰਕਾਰ ਵਿਚ ਮੰਤਰੀ ਬਣ ਕੇ ਵਿਚਰ ਰਹੇ ਹਨ। ਅੱਜ ‘ਵਿਸ਼ਵ ਲੋਕਤੰਤਰ ਦਿਵਸ’ ਦੇ ਮੌਕੇ ਵੀ ਜੇ ਵਿਸ਼ਵ ਦੇ ਸਿਰਕੱਢ ਮੁਲਕਾਂ ਨੇ ਇਕਜੁੱਟ ਹੋ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਹੋ ਰਹੇ ਲੋਕਤੰਤਰ ਦੇ ਘਾਣ ਖ਼ਿਲਾਫ਼ ਆਵਾਜ਼ ਨਾ ਬੁਲੰਦ ਕੀਤੀ ਤਾਂ ਆਮ ਲੋਕਾਂ ਦਾ ਇਕ ਦਿਨ ਲੋਕਤੰਤਰ ਤੋਂ ਵਿਸ਼ਵਾਸ ਹੀ ਉੱਠ ਜਾਵੇਗਾ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਂਟੋਨੀਓ ਗੁਤਰੇਸ ਨੇ ਸੱਚ ਹੀ ਕਿਹਾ ਹੈ -‘‘ਆਓ ਬਰਾਬਰੀ ਅਤੇ ਸਦਭਾਵਨਾ ਦੇ ਸਿਧਾਂਤਾਂ ਦੀ ਰਾਖੀ ਕਰੀਏ ਤਾਂ ਕਿ ਅਸੀਂ ਭਵਿੱਖ ਦੇ ਸੰਕਟਾਂ ਤੋਂ ਬਚ ਸਕੀਏ।’’

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ, ਬਟਾਲਾ

(97816-46008)

Posted By: Jatinder Singh