ਆਪ੍ਰੇਸ਼ਨ ਸਿੰਧੂਰ ਅਜਿਹਾ ਪੜਾਅ ਬਣ ਕੇ ਉੱਭਰਿਆ ਸੀ ਜਿੱਥੇ ਮਨਸ਼ਾ, ਸਮਰੱਥਾ ਤੇ ਰਣਨੀਤਕ ਪਹਿਲੂ ਸਪਸ਼ਟਤਾ ਨਾਲ ਇਕ-ਦੂਜੇ ਨਾਲ ਤਾਲ ਮਿਲਾਉਂਦੇ ਦਿਸੇ ਸਨ।

ਭਾਰਤ ਦੀ ਪਾਕਿਸਤਾਨ ਨੀਤੀ ਵਿਚ ਆਪ੍ਰੇਸ਼ਨ ਸਿੰਧੂਰ ਇਕ ਫ਼ੈਸਲਾਕੁੰਨ ਪੜਾਅ ਦੇ ਤੌਰ ’ਤੇ ਆਇਆ ਸੀ। ਇਕ ਸੀਮਤ ਅਰਸੇ ਵਿਚ ਚੱਲੀ ਇਸ ਫ਼ੌਜੀ ਮੁਹਿੰਮ ਦੇ ਨਤੀਜੇ ਬਹੁਤ ਵਿਆਪਕ ਮਕਸਦਾਂ ਵਾਲੇ ਰਹੇ। ਪਹਿਲਗਾਮ ਵਿਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਜਵਾਬ ਵਿਚ ਇਸ ਮੁਹਿੰਮ ਦੌਰਾਨ ਪਾਕਿਸਤਾਨ ਦੇ ਦੂਰ-ਦੁਰਾਡੇ ਸਥਿਤ ਸਥਾਨਾਂ ’ਤੇ ਸੰਚਾਲਿਤ ਅੱਤਵਾਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਤਬਾਹ ਕਰਨ ਦਾ ਕੰਮ ਕੀਤਾ ਗਿਆ। ਅੱਤਵਾਦੀ ਢਾਂਚੇ ’ਤੇ ਨਵੀਂ ਦਿੱਲੀ ਦਾ ਇਹ ਪ੍ਰਤੀਕਰਮ ਨਾ ਤਾਂ ਮਹਿਜ਼ ਭਾਵਨਾਤਮਕ ਰਿਹਾ ਅਤੇ ਨਾ ਹੀ ਖ਼ਾਲਸ ਪ੍ਰਤੀਕਾਤਮਕ।
ਇਹ ਇਕ ਨਪੀ-ਤੁਲੀ ਸੋਚੀ-ਸਮਝੀ ਫ਼ੌਜੀ ਕਾਰਵਾਈ ਸੀ ਜਿਸ ਨੇ ਬਦਲੇ ਦੇ ਨਵੇਂ ਪੈਮਾਨੇ ਨੂੰ ਪਰਿਭਾਸ਼ਤ ਕਰਨ ਦਾ ਕੰਮ ਕੀਤਾ। ਭਾਰਤ ਵੱਲੋਂ ਅਜਿਹਾ ਕਰਾਰਾ ਜਵਾਬ ਦਿੱਤਾ ਗਿਆ ਅਤੇ ਅਜਿਹੇ-ਅਜਿਹੇ ਪਾਕਿਸਤਾਨੀ ਫ਼ੌਜੀ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਬਾਰੇ ਪਾਕਿਸਤਾਨ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ। ਪਾਕਿਸਤਾਨ ਦੀ ਫਰਿਆਦ ਤੋਂ ਬਾਅਦ ਭਾਰਤ ਨੇ ਚਾਰ ਦਿਨਾਂ ਬਾਅਦ ਭਾਵੇਂ ਹੀ ਜੰਗਬੰਦੀ ’ਤੇ ਸਹਿਮਤੀ ਜ਼ਾਹਰ ਕੀਤੀ ਹੋਵੇ ਪਰ ਇਹ ਵੀ ਸਪਸ਼ਟ ਕਰ ਦਿੱਤਾ ਕਿ ਮੁਹਿੰਮ ਸਿਰਫ਼ ਰੁਕੀ ਹੈ, ਖ਼ਤਮ ਨਹੀਂ ਹੋਈ। ਆਪ੍ਰੇਸ਼ਨ ਸਿੰਧੂਰ ਤਹਿਤ ਭਾਰਤ ਨੇ ਨਾ ਸਿਰਫ਼ ਆਪਣੀਆਂ ਮਾਰੂ ਸਮਰੱਥਾਵਾਂ ਦਾ ਮੁਜ਼ਾਹਰਾ ਕੀਤਾ ਬਲਕਿ ਉਹ ਦ੍ਰਿੜਤਾ ਵੀ ਦਿਖਾਈ ਕਿ ਉਸ ’ਤੇ ਹੋਏ ਹਮਲਿਆਂ ਦਾ ਕਿਸੇ ਵੀ ਕੀਮਤ ’ਤੇ ਅਜਿਹਾ ਜਵਾਬ ਦਿੱਤਾ ਜਾਵੇਗਾ ਜਿਸ ਨੂੰ ਦੁਸ਼ਮਣ ਲੰਬੇ ਅਰਸੇ ਤੱਕ ਯਾਦ ਰੱਖੇ।
ਸਿਆਸੀ ਅਗਵਾਈ ਦੀ ਸਪਸ਼ਟਤਾ ਦੇ ਨਾਲ ਫ਼ੌਜੀ ਬਲਾਂ ਨੇ ਆਪਣੀ ਬਹਾਦਰੀ ਦਾ ਭਰਪੂਰ ਸਬੂਤ ਦਿੱਤਾ। ਹਰ ਸਫਲਤਾ ਆਪਣੇ ਨਾਲ ਕੁਝ ਸਬਕ ਲੈ ਕੇ ਆਉਂਦੀਹੈ ਤੇ ਇਸ ਪੈਮਾਨੇ ’ਤੇ ਆਪ੍ਰੇਸ਼ਨ ਸਿੰਧੂਰ ਵੀ ਅਪਵਾਦ ਨਹੀਂ ਰਿਹਾ। ਇਸ ਵਿਚ ਪਾਕਿਸਤਾਨ ਦੀ ਪਰਮਾਣੂ ਧੌਂਸ ਦੀ ਹਵਾ ਪੂਰੀ ਤਰ੍ਹਾਂ ਨਿਕਲ ਗਈ। ਹਾਲਾਂਕਿ ਤਣਾਅ ਭੜਕਣ ਨਾਲ ਜੁੜੇ ਪਹਿਲੂ ਹਾਲੇ ਵੀ ਕਾਇਮ ਹਨ ਪਰ ਭਾਰਤ ਦੇ ਸਪਸ਼ਟਤਾ ਭਰੇ ਰੁਖ਼ ਨੇ ਇਕ ਰੇਖਾ ਜ਼ਰੂ ਖਿੱਚ ਦਿੱਤੀ ਹੈ। ਆਪ੍ਰੇਸ਼ਨ ਸਿੰਧੂਰ ਤਿੰਨਾਂ ਫ਼ੌਜਾਂ ਵਿਚਾਲੇ ਅਦਭੁਤ ਤਾਲਮੇਲ ਦਾ ਗਵਾਹ ਵੀ ਬਣਿਆ। ਖ਼ਾਸ ਤੌਰ ’ਤੇ ਅਰਬ ਸਾਗਰ ਵਿਚ ਸਮੁੰਦਰੀ ਫ਼ੌਜ ਦੀ ਤਤਪਰਤਾ ਨਾਲ ਤੈਨਾਤੀ ਨਾਲ ਜੁੜਿਆ ਪਹਿਲੂ ਬਹੁਤ ਸ਼ਲਾਘਾਯੋਗ ਰਿਹਾ।
ਇਸ ਦੇ ਬਾਵਜੂਦ ਇਹ ਵੀ ਸਵੀਕਾਰ ਕਰਨਾ ਹੋਵੇਗਾ ਕਿ ਤਿੰਨਾਂ ਫ਼ੌਜਾਂ ਵਿਚਾਲੇ ਤਾਲਮੇਲ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਹਾਲੇ ਹੋਰ ਉਪਰਾਲੇ ਕਰਨੇ ਹੋਣਗੇ। ਖ਼ਾਸ ਤੌਰ ’ਤੇ ਰੀਅਲ ਟਾਈਮ ਵਿਚ ਏਕੀਕ੍ਰਿਤ ਸੰਚਾਲਨ ਨੂੰ ਲੈ ਕੇ। ਆਪ੍ਰੇਸ਼ਨ ਸਿੰਧੂਰ ਨੇ ਟੀਚੇ ਦੀ ਨਿਸ਼ਾਨਦੇਹੀ ਕਰ ਕੇ ਸਟੀਕ ਵਾਰ ਕਰਨ ਦੀਆਂ ਸਮਰੱਥਾਵਾਂ ਦੇ ਨਾਲ ਦੂਰ ਤੋਂ ਹੀ ਦੁਸ਼ਮਣ ਨੂੰ ਸਬਕ ਸਿਖਾਉਣ ਵਿਚ ਸੁਰੱਖਿਆ ਬਲਾਂ ਦੀ ਭੂਮਿਕਾ ਨੂੰ ਹੋਰ ਪੁਖਤਾ ਕੀਤਾ। ਮਿਜ਼ਾਈਲ, ਡ੍ਰੋਨ ਅਤੇ ਬਿਓਂਡ ਵਿਜ਼ੂਅਲ ਰੇਂਜ ਵਾਲੇ ਸੰਘਰਸ਼ ਨੇ ਭਾਰਤ ਦੇ ਜੋਖ਼ਮ ਘਟਾਉਂਦੇ ਹੋਏ ਹਮਲਿਆਂ ਦੇ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵ ਨੂੰ ਯਕੀਨੀ ਬਣਾਇਆ। ਹਾਲਾਂਕਿ ਇਸ ਦੌਰਾਨ ਹਵਾਈ ਰੱਖਿਆ ਟਾਕਰਾ, ਡ੍ਰੋਨ ਰੋਕੂ ਸਮਰੱਥਾਵਾਂ, ਖ਼ੁਫ਼ੀਆ ਜਾਣਕਾਰੀ, ਨਿਗਰਾਨੀ ਤੇ ਟੋਹੀ ਕਾਬਲੀਅਤਾਂ ਤੋਂ ਇਲਾਵਾ ਸੰਚਾਰ ਸਬੰਧੀ ਲਚਕੀਲੇਪਣ ਦੇ ਪੱਧਰ ’ਤੇ ਮੌਜੂਦ ਕੁਝ ਕਮਜ਼ੋਰੀਆਂ ਵੀ ਉਜਾਗਰ ਹੋਈਆਂ।
ਨੀਤੀ ਘਾੜਿਆਂ ਲਈ ਇਸ ਦਾ ਸਪਸ਼ਟ ਸੰਦੇਸ਼ ਹੈ ਕਿ ਪ੍ਰਣਾਲੀਗਤ ਪੂਰਨ ਏਕੀਕਰਨ ਦੀ ਘਾਟ ਵਿਚ ਸਿਰਫ਼ ਆਪਣੀ ਸੁਵਿਧਾ ਦੇ ਨਾਲ ਖ਼ਾਸ ਤਕਨੀਕਾਂ ਨੂੰ ਅਪਣਾਉਣ ਦੀਆਂ ਆਪਣੀਆਂ ਸੀਮਾਵਾਂ ਵੀ ਹੁੰਦੀਆਂ ਹਨ। ਵੈਸੇ ਤਾਂ ਇਸ ਫ਼ੌਜੀ ਸੰਘਰਸ਼ ਵਿਚ ਭਾਰਤ ਨੇ ਫ਼ੈਸਲਾਕੁੰਨ ਚੜ੍ਹਤ ਦੇ ਨਾਲ ਕਾਮਯਾਬੀ ਹਾਸਲ ਕੀਤੀ ਪਰ ਸ਼ੁਰੂਆਤੀ ਪੱਧਰ ’ਤੇ ਲੱਗੇ ਕੁਝ ਝਟਕਿਆਂ ਨੇ ਫ਼ੌਜੀ ਸਮਰੱਥਾਵਾਂ ਵਿਚ ਮੌਜੂਦ ਕੁਝ ਅਸੰਤੁਲਨ ਵੱਲ ਵੀ ਸੰਕੇਤ ਦਿੱਤੇ। ਜ਼ਰੂਰੀ ਸਕਵਾਰਡਨ ਕਾਬਲੀਅਤਾਂ ਦੀ ਘਾਟ, ਲੰਬੀ ਦੂਰੀ ਤੱਕ ਵਾਰ ਕਰਨ ਵਾਲੀਆਂ ਪ੍ਰਣਾਲੀਆਂ ਦੀਆਂ ਸੀਮਾਵਾਂ ਅਤੇ ਇਲੈਕਟ੍ਰਾਨਿਕ ਜੰਗ ਦੇ ਮੁਹਾਜ਼ ’ਤੇ ਜੋ ਕਮਜ਼ੋਰੀਆਂ ਦਿਖਾਈ ਦਿੱਤੀਆਂ ਸਨ, ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਦੂਰ ਕਰ ਕੇ ਖ਼ੁਦ ਨੂੰ ਮਜ਼ਬੂਤ ਕਰਨਾ ਹੋਵੇਗਾ।
ਆਪ੍ਰੇਸ਼ਨ ਸਿੰਧੂਰ ਦੇ ਨਾਲ ਹੀ ਭਾਰਤ ਨੇ ਅੱਤਵਾਦ ਨਾਲ ਸਿੱਝਣ ਨੂੰ ਲੈ ਕੇ ਆਪਣਾ ਦ੍ਰਿਸ਼ਟੀਕੋਣ ਹੋਰ ਸਪਸ਼ਟ ਕੀਤਾ। ਭਾਰਤ ਨੇ ਸਪਸ਼ਟ ਕਰ ਦਿੱਤਾ ਸੀ ਕਿ ਅੱਤਵਾਦੀ ਅਨਸਰਾਂ ਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਮੁਲਕਾਂ ਵਿਚਾਲੇ ਕੋਈ ਫ਼ਰਕ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਵੀ ਅਦਾ ਕਰਨੀ ਪਵੇਗੀ। ਇਸ ਮੁਹਿੰਮ ਨਾਲ ਸਬੰਧਤ ਤਕਨੀਕੀ ਦਿਸਹੱਦੇ ਵੀ ਓਨੇ ਹੀ ਮਹੱਤਵਪੂਰਨ ਹਨ।
ਇਸ ਲੜੀ ਵਿਚ ਡ੍ਰੋਨ, ਲਾਈਟਰਿੰਗ ਮਿਊਨੀਸ਼ੰਸ ਯਾਨੀ ਘਾਤਕ ਡ੍ਰੋਨ ਅਤੇ ਅਤਿ-ਆਧੁਨਿਕ ਹਵਾਈ ਰੱਖਿਆ ਢਾਲ ਦਾ ਵਿਆਪਕ ਇਸਤੇਮਾਲ ਨਾ ਕੇਵਲ ਭਾਰਤ ਦੇ ਆਪਣੇ ਤਜਰਬਿਆਂ ’ਤੇ ਆਧਾਰਤ ਰਿਹਾ, ਸਗੋਂ ਉਸ ਨੇ ਸਮਕਾਲੀ ਆਲਮੀ ਸੰਘਰਸ਼ਾਂ ਦੇ ਰੁਝਾਨਾਂ ਤੋਂ ਲਏ ਗਏ ਸਬਕ ਦਾ ਵੀ ਲਾਹਾ ਚੁੱਕਿਆ। ਇਸ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਰੱਖਿਆ ਸਾਜ਼ੋ-ਸਾਮਾਨ ਵਿਚ ਆਤਮ-ਨਿਰਭਰਤਾ ਦੇ ਯਤਨਾਂ ਨੂੰ ਤੇਜ਼ ਕਰ ਦਿੱਤਾ ਹੈ।
ਆਪ੍ਰੇਸ਼ਨ ਸਿੰਧੂਰ ਵਿਚ ਪਾਕਿਸਤਾਨ ਨੂੰ ਮਿਲੀ ਚੀਨੀ ਖ਼ੁਫ਼ੀਆ ਤੇ ਫ਼ੌਜੀ ਸਮੱਗਰੀ ਸਹਿਯੋਗ-ਸਮਰਥਨ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਸ ਜਟਿਲਤਾ ਨੇ ਦੋ ਮੁਹਾਜ਼ਾਂ ’ਤੇ ਸੰਭਾਵੀ ਸੰਘਰਸ਼ ਨੂੰ ਲੈ ਕੇ ਭਾਰਤ ਦੀ ਤਿਆਰੀ ਨੂੰ ਹੋਰ ਪੁਖਤਾ ਬਣਾਉਣ ਦੀ ਜ਼ਰੂਰਤ ਨੂੰ ਕਿਤੇ ਜ਼ਿਆਦਾ ਡੂੰਘਾਈ ਨਾਲ ਰੇਖਾਂਕਿਤ ਕੀਤਾ ਹੈ।
ਸਾਨੂੰ ਆਪਣੀ ਮਨਸ਼ਾ ਤੇ ਸਮਰੱਥਾਵਾਂ, ਦੋਵਾਂ ਨੂੰ ਹੋਰ ਧਾਰਦਾਰ ਬਣਾਉਣਾ ਹੋਵੇਗਾ ਤੇ ਇਹ ਗੱਲ ਸਿਰਫ਼ ਐਲਾਨਾਂ ਤੱਕ ਸਿਮਟ ਕੇ ਨਾ ਰਹਿ ਜਾਵੇ, ਸਗੋਂ ਜ਼ਰੂਰਤ ’ਤੇ ਤਤਪਰਤਾ ਨਾਲ ਇਸਤੇਮਾਲ ਕਰਨ ਦੇ ਯੋਗ ਵੀ ਬਣੇ। ਚੀਫ ਆਫ ਡਿਫੈਂਸ ਸਟਾਫ ਯਾਨੀ ਸੀਡੀਐੱਸ ਵਰਗੀ ਪਹਿਲ ਬਹੁਤ ਚੰਗੀ ਰਹੀ ਹੈ ਪਰ ਇਸ ਢਾਂਚੇ ਤਹਿਤ ਹਥਿਆਰਬੰਦ ਬਲਾਂ ਵਿਚਾਲੇ ਤਾਲਮੇਲ ਨੂੰ ਹੋਰ ਬਿਹਤਰ ਬਣਾਉਣਾ ਹੋਵੇਗਾ।
ਇਹ ਸਹੀ ਹੈ ਕਿ ਤਾਲਮੇਲ ਵਿਚ ਕੁਝ ਸੁਧਾਰ ਹੋਇਆ ਹੈ ਪਰ ਨਿਯੋਜਨ, ਕਮਾਨ ਢਾਂਚੇ ਤੇ ਸੋਮਿਆਂ ਦੀ ਅਲਾਟਮੈਂਟ ਵਿਚ ਏਕੀਕਰਨ ਦੀ ਘਾਟ ਤੇ ਅਸੰਤੁਲਨ ਦੀ ਕੁਝ ਸਥਿਤੀ ਬਣੀ ਹੋਈ ਹੈ। ਇਸ ਵਿਚ ਸਭ ਤੋਂ ਵੱਡੀ ਚੁਣੌਤੀ ਮਨਸਾ ਨੂੰ ਮੂਰਤ ਰੂਪ ਦੇਣ ਦੀ ਹੋਵੇਗੀ। ਜਿਵੇਂ ਕਿ ਫ਼ੌਜੀ ਬਲਾਂ ਦੀਆਂ ਸੰਸਥਾਗਤ ਸੰਸਕ੍ਰਿਤੀਆਂ ਵਿਚ ਤਾਲਮੇਲ ਬਿਠਾਉਣਾ, ਫ਼ੌਜ ਦੇ ਵੱਖ-ਵੱਖ ਅੰਗਾਂ ਵਿਚ ਲਚਕੀਲਾਪਣ ਵਧਾਉਣਾ ਤੇ ਰੱਖਿਆ ਤਿਆਰੀਆਂ ਦੀ ਦਿਸ਼ਾ ਵਿਚ ਏਕੀਕ੍ਰਿਤ ਢਾਂਚਾ ਤਿਆਰ ਕਰਨਾ। ਜੇਕਰ ਰਣਨੀਤਕ ਬਦਲਾਅ ਨੂੰ ਸਥਾਈ ਬਣਾਉਣਾ ਹੈ ਤਾਂ ਇਸ ਕ੍ਰਮ ਵਿਚ ਤਕਨੀਕ ਦੇ ਆਧੁਨਿਕੀਕਰਨ ਦੇ ਨਾਲ-ਨਾਲ ਇਨ੍ਹਾਂ ਸੰਗਠਨਾਤਮਕ ਸੁਧਾਰਾਂ ’ਤੇ ਵੀ ਧਿਆਨ ਦੇਣਾ ਹੀ ਹੋਵੇਗਾ।
ਭਾਰਤ ਦੇ ਰੱਖਿਆ ਢਾਂਚੇ ਵਿਚ ਆਪ੍ਰੇਸ਼ਨ ਸਿੰਧੂਰ ਇਕ ਅਜਿਹਾ ਪੜਾਅ ਬਣ ਕੇ ਉੱਭਰਿਆ, ਜਿੱਥੇ ਮਨਸ਼ਾ, ਸਮਰੱਥਾ ਅਤੇ ਰਣਨੀਤਕ ਪਹਿਲੂ ਪੂਰੀ ਸਪਸ਼ਟਤਾ ਨਾਲ ਇਕ-ਦੂਜੇ ਨਾਲ ਤਾਲ ਨਾਲ ਤਾਲ ਮਿਲਾਉਂਦੇ ਦਿਖਾਈ ਦਿੱਤੇ। ਇਸ ਨੇ ਦਰਸਾਇਆ ਕਿ ਇਹ ਦਬਾਅ ਵਿਚ ਆਉਣ ਵਾਲਾ ਪੁਰਾਣਾ ਭਾਰਤ ਨਹੀਂ ਸਗੋਂ ਦੁਸ਼ਮਣ ’ਤੇ ਦਬਾਅ ਪਾਉਣ ਵਾਲਾ ਭਾਰਤ ਹੈ, ਜਿੱਥੇ ਤਕਨੀਕੀ ਸ੍ਰੇਸ਼ਠਤਾ ਦਾ ਲਾਭ ਚੁੱਕ ਕੇ ਸੰਘਰਸ਼ ਦਾ ਦਾਇਰਾ ਵਧਾਏ ਬਿਨਾਂ ਹੀ ਆਪਣੇ ਬਦਲਾਂ ਵਿਚ ਵਾਧਾ ਕਰਨ ਵਿਚ ਵੱਡੀ ਕਾਮਯਾਬੀ ਮਿਲੀ। ਉਸ ਸੰਘਰਸ਼ ਵਿਚ ਮਿਲੀ ਸਫਲਤਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੋਵੇਗਾ ਕਿ ਅਜਿਹਾ ਰਾਜਨੀਤਕ ਸੰਕਲਪ ਲਿਆ ਜਾਵੇ ਜੋ ਦਿਖਾਵੇ ਵਾਲੇ ਸੁਧਾਰਾਂ ਦੇ ਬਜਾਅ ਸੰਸਥਾਗਤ ਸੁਧਾਰਾਂ ਨੂੰ ਤਰਜੀਹ ਦੇਵੇ। ਜੇ ਅਜਿਹਾ ਨਾ ਹੋਇਆ ਤਾਂ ਆਪ੍ਰੇਸ਼ਨ ਸਿੰਧੂਰ ਤੋਂ ਉਪਜੀਆਂ ਸੰਭਾਵਨਾਵਾਂ ਇਕ ਗੁਆਏ ਹੋਏ ਮੌਕੇ ਦੀਆਂ ਪ੍ਰਤੀਕ ਬਣ ਕੇ ਹੀ ਰਹਿ ਜਾਣਗੀਆਂ।
-ਹਰਸ਼. ਵੀ. ਪੰਤ
-(ਲੇਖਕ ਰੱਖਿਆ ਵਿਸ਼ਲੇਸ਼ਕ ਹੈ)।