- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਖੱਬੇ-ਪੱਖੀ ਸੋਚ ਦੇ ਸਮਰੱਥਕ ਹੋਣ ਕਰਕੇ ਸੱਚਾਈ ਦਾ ਸਾਥ ਦਿੰਦੇ ਸਨ। ਉਹ ਲੋਕਾਂ ਨਾਲ ਹੋ ਰਹੀ ਹਰ ਜ਼ਿਆਦਤੀ ਵਿਰੁੱਧ ਆਵਾਜ਼ ਉਠਾਉਂਦੇ ਸਨ। ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਪਿੰਡਾਂ ਵਿਚ ਜਾ ਕੇ ਨਾਟਕ ਖੇਡਦੇ ਰਹੇ। ਭੰਗੂ ਦਾ ਦਿਲ ਸਮਾਜ ਲਈ ਧੜਕਦਾ ਰਹਿੰਦਾ। ਭੰਗੂ, ਜਿਨ੍ਹਾਂ ਨੇ ਸਮਾਜ ਦੇ ਗ਼ਰੀਬ, ਦੱਬੇ ਕੁਚਲੇ, ਪੱਛੜੇ, ਅਨੁਸੂਚਿਤ ਜਾਤੀਆਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦੀ ਪੀੜ ਨੂੰ ਪਛਾਣਿਆ ਅਤੇ ਉਨ੍ਹਾਂ ਦੇ ਹੰਝੂ ਪੂੰਝੇ ਹੀ ਨਹੀਂ, ਸਗੋਂ ਉਨ੍ਹਾਂ ਦੇ ਚਿਹਰਿਆਂ ’ਤੇ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਣ ਵਿਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ।

-ਉਜਾਗਰ ਸਿੰਘ
ਪੰਜਾਬੀ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਿੱਖਿਆ ਅਤੇ ਸਮਾਜਿਕ ਬਰਾਬਰੀ ਦੇ ਪੈਰੋਕਾਰ ਸਵਰਨ ਸਿੰਘ ਭੰਗੂ ਪ੍ਰਸ਼ਾਸਨਿਕ ਪ੍ਰਣਾਲੀ ਦੀ ਅਣਗਹਿਲੀ ਦਾ ਸ਼ਿਕਾਰ ਹੋ ਕੇ ਅਚਨਚੇਤ ਸਵਰਗ ਸਿਧਾਰ ਗਏ ਹਨ। ਉਹ ਸਮਾਜ ਵਿਚ ਫੈਲੀਆਂ ਜਿਹੜੀਆਂ ਊਣਤਾਈਆਂ ਨੂੰ ਖ਼ਤਮ ਕਰਨ ਲਈ ਸਾਰੀ ਉਮਰ ਜਦੋਜਹਿਦ ਕਰਦੇ ਰਹੇ, ਅਖ਼ੀਰ ਉਨ੍ਹਾਂ ਊਣਤਾਈਆਂ ਨੇ ਹੀ ਉਨ੍ਹਾਂ ਦੀ ਜਾਨ ਲੈ ਲਈ। ਇਹ ਮੌਤ ਇਕੱਲੇ ਭੰਗੂ ਦੀ ਨਹੀਂ, ਸਗੋਂ ਇਹ ਇਕ ਲਹਿਰ ਦੀ ਮੌਤ ਹੈ ਜਿਹੜੀ ਉਨ੍ਹਾਂ ਨੇ ਸਮਾਜਿਕ ਨਾਬਰਾਬਰੀ ਅਤੇ ਬੇਇਨਸਾਫ਼ੀ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਬੇਵਕਤੀ ਇਸ ਸੰਸਾਰ ਨੂੰ ਅਲਵਿਦਾ ਕਹਿਣ ਕਰਕੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਗ੍ਰਹਿਣ ਲੱਗ ਗਿਆ ਹੈ ਜਿਹੜੇ ਉਨ੍ਹਾਂ ਦੀ ਰਹਿਨੁਮਾਈ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਸਨ। ਭੰਗੂ ਰੋਸ਼ਨ ਦਿਮਾਗ, ਚੇਤੰਨ ਤੇ ਬਿਹਤਰੀਨ ਮਨੁੱਖ ਸਨ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਇਕ ਲਹਿਰ ਪੈਦਾ ਕੀਤੀ ਹੋਈ ਸੀ। ਪੰਜਾਬ ਦੇ ਕਾਲੇ ਦਿਨਾਂ ਵਿਚ ਉਹ ਸਰਕਾਰੀਤੰਤਰ ਅਤੇ ਸਮਾਜ ਵਿਰੋਧੀ ਅਨਸਰਾਂ ਭਾਵ ਦੋਵੇਂ ਧਿਰਾਂ ਨੂੰ ਮਾਨਵਤਾ ਦੇ ਹਿੱਤਾਂ ਦੇ ਵਿਰੁੱਧ ਚੱਲਣ ਕਰਕੇ ਤਾੜਦੇ ਰਹਿੰਦੇ ਸਨ। ਉਹ ਖੱਬੇ-ਪੱਖੀ ਸੋਚ ਦੇ ਸਮਰੱਥਕ ਹੋਣ ਕਰਕੇ ਸੱਚਾਈ ਦਾ ਸਾਥ ਦਿੰਦੇ ਸਨ। ਉਹ ਲੋਕਾਂ ਨਾਲ ਹੋ ਰਹੀ ਹਰ ਜ਼ਿਆਦਤੀ ਵਿਰੁੱਧ ਆਵਾਜ਼ ਉਠਾਉਂਦੇ ਸਨ। ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਪਿੰਡਾਂ ਵਿਚ ਜਾ ਕੇ ਨਾਟਕ ਖੇਡਦੇ ਰਹੇ। ਭੰਗੂ ਦਾ ਦਿਲ ਸਮਾਜ ਲਈ ਧੜਕਦਾ ਰਹਿੰਦਾ। ਭੰਗੂ, ਜਿਨ੍ਹਾਂ ਨੇ ਸਮਾਜ ਦੇ ਗ਼ਰੀਬ, ਦੱਬੇ ਕੁਚਲੇ, ਪੱਛੜੇ, ਅਨੁਸੂਚਿਤ ਜਾਤੀਆਂ ਅਤੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦੀ ਪੀੜ ਨੂੰ ਪਛਾਣਿਆ ਅਤੇ ਉਨ੍ਹਾਂ ਦੇ ਹੰਝੂ ਪੂੰਝੇ ਹੀ ਨਹੀਂ, ਸਗੋਂ ਉਨ੍ਹਾਂ ਦੇ ਚਿਹਰਿਆਂ ’ਤੇ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਣ ਵਿਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਸਨ। ਉਹ ਖ਼ਰੇ ਸੋਨੇ ਵਰਗੇ ਸਨ ਤੇ ਗ਼ਰੀਬਾਂ ਦੀਆਂ ਬਸਤੀਆਂ ਵਿਚ ਵਿੱਦਿਆ ਦੀ ਰੋਸ਼ਨੀ ਵੰਡਦੇ ਰਹਿੰਦੇ ਸਨ। ਉਨ੍ਹਾਂ ਦਾ ਨਾਂ ਹੀ ਸਹੀ ਅਰਥਾਂ ਵਿਚ ਪਵਿੱਤਰਤਾ, ਦਿਆਨਤਦਾਰੀ, ਇਮਾਨਦਾਰੀ ਅਤੇ ਆਪਣੇ ਫ਼ਰਜ਼ਾਂ ਦੀ ਪ੍ਰਤੀਬੱਧਤਾ ਦਾ ਪ੍ਰਤੀਕ ਸੀ। ਉਹ ਬਹੁ-ਪੱਖੀ, ਬਹੁ-ਦਿਸ਼ਾਵੀ ਅਤੇ ਉੱਚੀ ਤੇ ਸੁੱਚੀ-ਸੋਚ ਵਾਲੇ ਮਨੁੱਖ ਦੇ ਰੂਪ ਵਿਚ ਦੇਵਤਾ ਸਨ। ਉਨ੍ਹਾਂ ਦੀ ਨਿਰਪੱਖਤਾ ਦੀ ਪ੍ਰਵਿਰਤੀ ਵੀ ਬੇਮਿਸਾਲ ਸੀ। ਮਸਤ ਹਾਥੀ ਦੀ ਤਰ੍ਹਾਂ ਲੋਕ ਭਲਾਈ ਦੇ ਕਾਰਜਾਂ ਵਿਚ ਰੁੱਝੇ ਰਹਿੰਦੇ ਸਨ। ਉਹ ਬਹੁਤ ਹੀ ਸਾਧਾਰਨ ਜੀਵਨ ਬਤੀਤ ਕਰਦੇ ਸਨ। ਸਾਈਕਲ ਦੀ ਸਵਾਰੀ ਨੂੰ ਤਰਜੀਹ ਦਿੰਦੇ ਸਨ ਤੇ ਸਾਈਕਲ ਹੀ ਉਨ੍ਹਾ ਦੀ ਦੀ ਮੌਤ ਦਾ ਕਾਰਨ ਬਣਿਆ। ਨਿਮਰਤਾ, ਸਮਾਜਿਕ ਜਾਗਰੂਕਤਾ, ਮਾਨਵਤਾ ਦੀ ਸੇਵਾ ਤੇ ਨੇਕ-ਨੀਅਤ ਉਨ੍ਹਾਂ ਦੇ ਗਹਿਣੇ ਸਨ। ਉਹ ਸਮਾਜਿਕ ਕਦਰਾ- ਕੀਮਤਾਂ ਦੀ ਪਹਿਰੇਦਾਰੀ ਕਰਦੇ ਸਨ। ਸਮਾਜਿਕ ਤਾਣਾ-ਬਾਣਾ ਹੀ ਉਨ੍ਹਾਂ ਦਾ ਪਰਿਵਾਰ ਸੀ। ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਸੀ। ਲੋਕ ਹਿੱਤਾਂ ਲਈ ਸਰਕਾਰ-ਦਰਬਾਰ ਨਾਲ ਵੀ ਆਢਾ ਲਾ ਲੈਂਦੇ ਸਨ। ਭੰਗੂ ਜੀ ਡਰ-ਭੈਅ ਤੋਂ ਕੋਹਾਂ ਦੂਰ ਸਨ।
ਉਹ ਸਮਾਜ ਸੇਵੀ, ਸਿੱਖਿਆ ਸ਼ਾਸਤਰੀ, ਇਨਕਲਾਬੀ, ਆਦਰਸ਼ਵਾਦੀ, ਤਰਕਸ਼ੀਲਵਾਦੀ, ਚਿੰਤਕ, ਦਾਰਸ਼ਨਿਕ, ਨਿਆਸਰਿਆਂ ਦੇ ਆਸਰਾ, ਉੱਘੇ ਪੱਤਰਕਾਰ, ਕਾਲਮ-ਨਵੀਸ ਅਤੇ ਜਮਹੂਰੀ ਹੱਕਾਂ ਦੇ ਰਖਵਾਲੇ ਸਨ। ਮੁੱਖ ਤੌਰ ’ਤੇ ਉਹ ਸਮਾਜਿਕ ਸਰੋਕਾਰਾਂ ਨਾਲ ਗੜੁੱਚ ਸਨ। ਉਹ ਸਿਰਫ਼ ਇਕ ਵਿਅਕਤੀ ਹੀ ਨਹੀਂ, ਸਗੋਂ ਇਕ ਸੰਸਥਾ ਤੋਂ ਵੀ ਵਧ ਕੇ ਕੰਮ ਕਰਦੇ ਸਨ। ਉਹ ਹਮੇਸ਼ਾ ਸਮਾਜ ਨੂੰ ਸਿਹਤਮੰਦ ਤੇ ਉਸਾਰੂ ਰਾਹਾਂ ’ਤੇ ਤੋਰਨ ਦੀ ਕੋਸ਼ਿਸ਼ ਵਿਚ ਰਹਿੰਦੇ ਸਨ। ਉਹ ਅਜਿਹੇ ਸਮਾਜਿਕ ਕਾਰਕੁਨ ਸਨ ਜਿਹੜੇ ਪੰਜਾਬੀ ਸੱਭਿਆਚਾਰ, ਦਿਹਾਤੀ ਰਹਿਤਲ, ਸਿੱਖਿਆ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਸਮਰਪਣ ਭਾਵਨਾ ਰੱਖਦੇ ਸਨ। ਭੰਗੂ ਜੀ ਆਪਣੇ ਲੇਖਾਂ, ਕਾਲਮਾਂ ਨਾਟਕਾਂ, ਸੈਮੀਨਾਰਾਂ ਅਤੇ ਭਾਸ਼ਣਾਂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ। ਚਮਕੌਰ ਸਾਹਿਬ ਨੇੜੇ ਉਹ ਬੱਸੀ ਗੁਜਰਾਂ ਵਿਖੇ ਇਕ ਐਜੂਕੇਸ਼ਨ ਸੁਸਾਇਟੀ ਅਤੇ ਇਕ ਵਿੱਦਿਅਕ ਸੰਸਥਾ ਚਲਾਉਂਦੇ ਸਨ। ਉੱਥੇ ਗ਼ਰੀਬ ਬੱਚਿਆਂ ਨੂੰ ਨਾਮਾਤਰ ਫੀਸ ’ਤੇ ਮਿਆਰੀ ਪੜ੍ਹਾਈ ਕਰਵਾਈ ਜਾਂਦੀ ਸੀ। ਇਸ ਸੰਸਥਾ ਦਾ ਦਿਹਾਤੀ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਹੈ। ਮੰਨੇ-ਪ੍ਰਮੰਨੇ ਸਿੱਖਿਆ ਸ਼ਾਸਤਰੀ ਦਿਹਾਤੀ ਖੇਤਰ ਦੀ ਇਸ ਸੰਸਥਾ ਨੂੰ ਸਵਰਨ ਸਿੰਘ ਭੰਗੂ ਮਾਡਲ ਦਾ ਨਾਂ ਦਿੰਦੇ ਸਨ। ਉਨ੍ਹਾਂ ਨੂੰ ਜਿਉਂਦੀ-ਜਾਗਦੀ ਵਿੱਦਿਅਕ ਸੰਸਥਾ ਕਿਹਾ ਜਾਂਦਾ ਸੀ। ਉਨ੍ਹਾਂ ਦੀ ਸੰਸਥਾ ਵਿੱਚੋਂ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਉੱਚ ਅਹੁਦਿਆਂ ’ਤੇ ਲੱਗੇ ਹੋਏ ਹਨ ਤੇ ਕਈ ਵਿਦੇਸ਼ਾਂ ਵਿਚ ਬਿਹਤਰੀਨ ਜ਼ਿੰਦਗੀ ਬਸਰ ਕਰ ਰਹੇ ਹਨ। ਉਹ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਨਿਸ਼ਚਿਤ ਕਰਵਾਉਂਦੇ ਤੇ ਫਿਰ ਉਸ ਦੀ ਪ੍ਰਾਪਤੀ ਲਈ ਪੜ੍ਹਾਈ ਸਮਾਂਬੱਧ ਕਰਨ ’ਤੇ ਜ਼ੋਰ ਦਿੰਦੇ ਸਨ। ਸਕੂਲ ਦੇ ਸਾਰੇ ਵਿਦਿਆਰਥੀ ਸਵਰਨ ਸਿੰਘ ਭੰਗੂ ਦੀ ਸਿੱਖਿਆ ਪ੍ਰਤੀ ਵਚਨਵੱਧਤਾ ਕਰ ਕੇ ਉਨ੍ਹਾਂ ਦੇ ਕਦਰਦਾਨ ਸਨ। ਉਹ ਵਿਦਿਆਰਥੀਆਂ ਨੂੰ ਵੀ ਆਪਣੇ ਪਰਿਵਾਰਕ ਜੀਅ ਹੀ ਸਮਝਦੇ ਸਨ। ਉਹ ਮੋਹਵੰਤੀ ਮਨੁੱਖ ਸਨ ਜਿਹੜੇ ਮਾਨਵਤਾ ਨਾਲ ਮੋਹ ਕਰਦੇ ਸਨ।
ਸਵਰਨ ਸਿੰਘ ਭੰਗੂ ਦਾ ਅਚਾਨਕ 4 ਜੂਨ 2026 ਨੂੰ ਇਸ ਸੰਸਾਰ ਤੋਂ ਚਲੇ ਜਾਣ ਦਾ ਦੁੱਖ ਤੇ ਦਰਦ ਦੇਸ਼-ਵਿਦੇਸ਼ ਦੇ ਹਜ਼ਾਰਾਂ ਨਹੀਂ, ਲੱਖਾਂ ਲੋਕਾਂ ਨੇ ਮਹਿਸੂਸ ਕੀਤਾ ਹੈ। ਅਸਮਾਨ ਰੂਪੀ ਧਰਤੀ ’ਤੇ ਚਮਕਦੇ ਧਰੂ ਤਾਰੇ ਦੀ ਰੋਸ਼ਨੀ ਤੋਂ ਮਾਨਵਤਾ ਵਾਂਝੀ ਹੋ ਗਈ ਹੈ। ਭੰਗੂ 68 ਸਾਲ ਦੀ ਉਮਰ ਵਿਚ ਸਵਰਗ ਸਿਧਾਰੇ ਹਨ। ਉਨ੍ਹਾਂ ਦਾ ਅਜੇ ਪਹਿਲੀ ਜੂਨ ਨੂੰ ਹੀ ਜਨਮ ਦਿਨ ਸੀ। ਉਹ ਸਾਰੀ ਉਮਰ ਜਿਸ ਮਾੜੀ ਪ੍ਰਸ਼ਾਸਨਿਕ ਪ੍ਰਣਾਲੀ ਵਿਰੁੱਧ ਲੜਦੇ ਰਹੇ, ਉਸ ਦੀ ਅਣਗਹਿਲੀ ਦੀ ਭੇਟ ਚੜ੍ਹ ਗਏ। ਸਵਰਨ ਸਿੰਘ ਭੰਗੂ ਨੇ ਵਸੀਅਤ ਕੀਤੀ ਹੋਈ ਸੀ ਕਿ ਉਨ੍ਹਾਂ ਦਾ ਸਰੀਰ ਪੀਜੀਆਈ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦਾ ਸਰੀਰ ਵੀ ਮਾਨਵਤਾ ਦੇ ਲੇਖੇ ਲੱਗ ਸਕੇ। ਉਨ੍ਹਾਂ ਦੀ ਉਸਾਰੂ ਸੋਚ ਨੂੰ ਸਲਾਮ ਕਰਨਾ ਬਣਦਾ ਹੈ। ਉਨ੍ਹਾਂ ਦੇ ਲੜਕੇ ਦੇ ਆਸਟ੍ਰੇਲੀਆ ਤੋਂ ਆਉਣ ਤੋਂ ਬਾਅਦ ਪੀਜੀਆਈ ਨੂੰ ਸਰੀਰ ਦਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਭੰਗੂ ਪਹਿਲਾਂ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਭਾਅ ਜੀ ਨਾਲ ਨਾਟਕਾਂ ਵਿਚ ਅਦਾਕਾਰੀ ਕਰਦੇ ਸਨ ਤੇ ਅਧਿਆਪਕਾ ਸਨ ਪ੍ਰੰਤੂ ਫਿਰ ਉਹ ਪੰਜਾਬੀ ਫਿਲਮਾਂ ਦੀ ਅਦਾਕਾਰੀ ਕਰਨ ਲੱਗ ਪਏ। ਸਵਰਨ ਸਿੰਘ ਭੰਗੂ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਭੰਗੂ ਨੂੰ ਫਿਲਮਾਂ ਵਿਚ ਕੰਮ ਕਰਨ ਲਈ ਪੂਰੀ ਖੁੱਲ੍ਹਦਿਲੀ ਵਿਖਾਈ ਅਤੇ ਹਮੇਸ਼ਾ ਉਸ ਦੀ ਅਦਾਕਾਰੀ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਦਾ ਲੜਕਾ ਗਾਇਕ ਬਾਗੀ ਭੰਗੂ ਵੀ ਆਪਣੀ ਪਰਿਵਾਰਕ ਸੱਭਿਆਚਾਰਕ ਵਿਰਾਸਤ ਦਾ ਪਹਿਰੇਦਾਰ ਬਣ ਰਿਹਾ ਹੈ। ਉਹ ਆਸਟ੍ਰੇਲੀਆ ਵਿਚ ਰਹਿੰਦਾ ਹੈ। ਸਮੁੱਚਾ ਪੰਜਾਬੀ ਭਾਈਚਾਰਾ ਸਵਰਨ ਸਿੰਘ ਭੰਗੂ ਦੀ ਮੌਤ ਕਾਰਨ ਗਮਜ਼ਦਾ ਹੈ।
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)।
-ਮੋਬਾਈਲ : 94178-13072