ਇਸ ਤੋਂ ਇਲਾਵਾ, ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਵੀ ਬੈਂਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਅਜਿਹੀਆਂ ਪਹਿਲਾਂ ਸ਼ੁਰੂ ਕੀਤੀਆਂ ਜਿਨ੍ਹਾਂ ਨਾਲ ਠੱਗੀ ਦਾ ਪੈਸਾ ਤੇਜ਼ੀ ਨਾਲ ਇਕ ਖਾਤੇ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਵਿਚ ਤਬਦੀਲ ਹੋਣ ’ਤੇ ਬੈਂਕਾਂ ਨੂੰ ਇਸ ਦੀ ਭਿਣਕ ਲੱਗ ਸਕੇ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਈਬਰ ਠੱਗ ਧੋਖਾਧੜੀ ਦੇ ਨਵੇਂ-ਨਵੇਂ ਤਰੀਕੇ ਵਰਤਣ ਵਿਚ ਮਾਹਿਰ ਹਨ।

ਕਾਨਪੁਰ ਵਿਚ ਚਾਰ ਬੈਂਕ ਮੈਨੇਜਰਾਂ ਸਮੇਤ ਆਠ ਸਾਈਬਰ ਠੱਗਾਂ ਦੀ ਗ੍ਰਿਫ਼ਤਾਰੀ ਇਸ ਸ਼ੰਕਾ ਦੀ ਪੁਸ਼ਟੀ ਕਰਦੀ ਹੈ ਕਿ ਬੈਂਕ ਕਰਮਚਾਰੀਆਂ ਅਤੇ ਆਨਲਾਈਨ ਠੱਗਾਂ ਵਿਚਕਾਰ ਮਿਲੀਭੁਗਤ ਹੋ ਚੁੱਕੀ ਹੈ। ਆਮ ਤੌਰ ’ਤੇ ਸਾਈਬਰ ਠੱਗ ਠੱਗੀ ਦੀ ਰਕਮ ਨੂੰ ਇੱਧਰ-ਉੱਧਰ ਕਰਨ ਲਈ ਕਿਸੇ ਹੋਰ ਦੇ ਖਾਤਿਆਂ, ਜਿਸ ਨੂੰ ਮਿਊਲ ਖਾਤੇ ਕਿਹਾ ਜਾਂਦਾ ਹੈ, ਦਾ ਸਹਾਰਾ ਲੈਂਦੇ ਹਨ। ਅਜਿਹੇ ਬਹੁਤ ਸਾਰੇ ਖਾਤੇ ਬੈਂਕ ਅਧਿਕਾਰੀਆਂ ਦੀ ਗੰਢ-ਤੁੱਪ ਨਾਲ ਖੁੱਲ੍ਹਦੇ ਹਨ।
ਕਾਨਪੁਰ ਦਾ ਮਾਮਲਾ ਪਹਿਲੀ ਅਜਿਹੀ ਘਟਨਾ ਨਹੀਂ ਹੈ, ਜਿਸ ਵਿਚ ਸਾਈਬਰ ਠੱਗੀ ਦੇ ਕਿਸੇ ਮਾਮਲੇ ਵਿਚ ਬੈਂਕ ਅਧਿਕਾਰੀਆਂ ਦੀ ਭੂਮਿਕਾ ਜ਼ਾਹਰ ਹੋਈ ਹੋਵੇ। ਹਾਲ ਹੀ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਇਹ ਦਰਸਾਉਂਦੇ ਹਨ ਕਿ ਬੈਂਕ ਅਧਿਕਾਰੀ ਸਾਈਬਰ ਠੱਗਾਂ ਨਾਲ ਮਿਲ ਕੇ ਫ਼ਰਜ਼ੀ ਜਾਂ ਮਿਊਲ ਖਾਤੇ ਖੁਲ੍ਹਵਾਉਂਦੇ ਹਨ। ਕੁਝ ਸਮਾਂ ਪਹਿਲਾਂ ਲਖਨਊ ਵਿਚ ਇਕ ਬੈਂਕ ਮੈਨੇਜਰ ਸਮੇਤ ਚਾਰ ਲੋਕਾਂ ਨੂੰ ਸਾਈਬਰ ਧੋਖਾਧੜੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਤਰ੍ਹਾਂ, ਤੇਲੰਗਾਨਾ ਪੁਲਿਸ ਨੇ ਇਕ ਵਿਸ਼ੇਸ਼ ਮੁਹਿੰਮ ਚਲਾ ਕੇ ਸਾਈਬਰ ਠੱਗਾਂ ਨਾਲ ਮਿਲੀਭੁਗਤ ਦੇ ਮਾਮਲੇ ਵਿਚ ਦੋ ਬੈਂਕਾਂ ਦੇ ਮੈਨੇਜਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਬਿਨਾਂ ਤਸਦੀਕ ਦੇ ਖਾਤੇ ਖੁਲ੍ਹਵਾਉਂਦੇ ਸਨ ਅਤੇ ਇਸ ਦੇ ਬਦਲੇ ਸਾਈਬਰ ਠੱਗਾਂ ਤੋਂ ਕਮਿਸ਼ਨ ਲੈਂਦੇ ਸਨ। ਕੁਝ ਬੈਂਕ ਮੈਨੇਜਰ ਡਿਜੀਟਲ ਅਰੈਸਟ ਜ਼ਰੀਏ ਕੀਤੀ ਜਾਣ ਵਾਲੀ ਠੱਗੀ ਦੇ ਮਾਮਲੇ ਵਿਚ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਸਾਈਬਰ ਠੱਗੀ ਦੇ ਮਾਮਲਿਆਂ ਵਿਚ ਬੈਂਕਾਂ ਦੀ ਸ਼ੱਕੀ ਭੂਮਿਕਾ ਦਾ ਸਭ ਤੋਂ ਪਹਿਲਾਂ ਜ਼ਿਕਰ ਸੁਪਰੀਮ ਕੋਰਟ ਨੇ ਕੀਤਾ ਸੀ ਜਦੋਂ ਉਹ ਡਿਜੀਟਲ ਅਰੈਸਟ ਦੇ ਨਾਂ ’ਤੇ ਕੀਤੀ ਜਾਣ ਵਾਲੀ ਠੱਗੀ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਸੀ। ਉਸਦੇ ਹੁਕਮਾਂ ਤੋਂ ਬਾਅਦ ਸਾਈਬਰ ਠੱਗਾਂ ਖ਼ਿਲਾਫ਼ ਸਖ਼ਤੀ ਵਰਤਣੀ ਸ਼ੁਰੂ ਕੀਤੀ ਗਈ ਅਤੇ ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋਈਆਂ।
ਇਸ ਤੋਂ ਇਲਾਵਾ, ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ ਵੀ ਬੈਂਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਅਜਿਹੀਆਂ ਪਹਿਲਾਂ ਸ਼ੁਰੂ ਕੀਤੀਆਂ ਜਿਨ੍ਹਾਂ ਨਾਲ ਠੱਗੀ ਦਾ ਪੈਸਾ ਤੇਜ਼ੀ ਨਾਲ ਇਕ ਖਾਤੇ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਵਿਚ ਤਬਦੀਲ ਹੋਣ ’ਤੇ ਬੈਂਕਾਂ ਨੂੰ ਇਸ ਦੀ ਭਿਣਕ ਲੱਗ ਸਕੇ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਈਬਰ ਠੱਗ ਧੋਖਾਧੜੀ ਦੇ ਨਵੇਂ-ਨਵੇਂ ਤਰੀਕੇ ਵਰਤਣ ਵਿਚ ਮਾਹਿਰ ਹਨ।
ਕਿਉਂਕਿ ਇਹ ਸੰਭਾਵਨਾ ਹੈ ਕਿ ਸਾਈਬਰ ਠੱਗ ਆਨਲਾਈਨ ਧੋਖਾਧੜੀ ’ਤੇ ਲਗਾਮ ਲਗਾਉਣ ਲਈ ਸਰਕਾਰੀ ਏਜੰਸੀਆਂ ਨੂੰ ਮਾਤ ਦੇਣ ਲਈ ਆਪਣੇ ਤਰੀਕੇ ਬਦਲ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਇਸ ਗੱਲ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਸਾਈਬਰ ਠੱਗ ਵੀ ਏਆਈ ਸਮੇਤ ਹੋਰ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਵਿਚ ਸਮਰੱਥ ਹਨ।
ਇਸੇ ਕਾਰਨ ਉਹ ਵਿਦੇਸ਼ ਵਿਚ ਬੈਠ ਕੇ ਵੀ ਸਾਈਬਰ ਠੱਗੀ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਉਨ੍ਹਾਂ ਦੀ ਫੜੋਫੜੀ ਵਿਚ ਤੇਜ਼ੀ ਆਉਣ ਦੇ ਬਾਵਜੂਦ, ਇਹ ਕੋਈ ਚੰਗਾ ਸੰਕੇਤ ਨਹੀਂ ਹੈ ਕਿ ਉਨ੍ਹਾਂ ਦੀ ਹਿਮਾਕਤ ਵਿਚ ਕੋਈ ਕਮੀ ਆਉਂਦੀ ਦਿਖਾਈ ਨਹੀਂ ਦਿੰਦੀ। ਸਾਈਬਰ ਠੱਗੀ ’ਤੇ ਲਗਾਮ ਲਗਾਉਣ ਲਈ ਏਜੰਸੀਆਂ ਦੀ ਆਪਣੀ ਸਰਗਰਮੀ ਦਾ ਪੱਧਰ ਵਧਾਉਣ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਆਮ ਲੋਕਾਂ ਨੂੰ ਘੱਟੋ-ਘੱਟ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਡਿਜੀਟਲ ਅਰੈਸਟ ਵਰਗੀ ਕੋਈ ਪ੍ਰਕਿਰਿਆ ਨਹੀਂ ਹੁੰਦੀ।