ਫੈਸ਼ਨ ਦਾ ਜਾਦੂ ਅੱਜ ਸਾਡੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਰਤੀ ਸਮਾਜ ਵਿਦੇਸ਼ੀ ਪਹਿਰਾਵੇ, ਬੋਲੀ ਤੇ ਵਿਦੇਸ਼ੀ ਖਾਣਿਆਂ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ।

-ਸੰਦੀਪ ਕੰਬੋਜ
ਫੈਸ਼ਨ ਦਾ ਜਾਦੂ ਅੱਜ ਸਾਡੀ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਭਾਰਤੀ ਸਮਾਜ ਵਿਦੇਸ਼ੀ ਪਹਿਰਾਵੇ, ਬੋਲੀ ਤੇ ਵਿਦੇਸ਼ੀ ਖਾਣਿਆਂ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ। ਅੱਜ ਸਮਾਜ ਦੇ ਹਰ ਦੂਜੇ ਪਰਿਵਾਰ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਫੈਸ਼ਨ ਨੇ ਹੀ ਪੱਟ ਲਿਆ ਹੈ। ਅਣਉੱਚਿਤ ਫੈਸ਼ਨ ਨੇ ਸਮਾਜ ਵਿਚ ਰੋਸ ਪੈਦਾ ਕੀਤਾ ਹੈ ਤੇ ਕਈ ਸਮਾਜਿਕ ਜਥੇਬੰਦੀਆਂ ਇਸ ਵਿਰੁੱਧ ਮੈਦਾਨ ਵਿਚ ਡਟੀਆਂ ਹੋਈਆਂ ਹਨ। ਅਣਉੱਚਿਤ ਫੈਸ਼ਨ ਨੇ ਸਾਡੇ ਸੱਭਿਆਚਾਰ ਨੂੰ ਢਾਹ ਲਾਈ ਹੈ ਤੇ ਜੇ ਸਾਡਾ ਸਮਾਜ ਵਿਦੇਸ਼ੀ ਫੈਸ਼ਨ ਨੂੰ ਇਸੇ ਤਰ੍ਹਾਂ ਅਪਣਾਉਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਸਭਿਆਚਾਰ ਦੀ ਹੋਂਦ ਨਾਮਾਤਰ ਹੀ ਰਹਿ ਜਾਵੇਗੀ। 
ਆਖ਼ਰ ਸਾਡੀ ਨੌਜਵਾਨ ਪੀੜ੍ਹੀ ਫੈਸ਼ਨ ਪ੍ਰਤੀ ਪਾਗਲ ਕਿਉਂ ਹੋਈ ਪਈ ਹੈ? ਜੇ ਅਸੀਂ ਘੋਖ ਕਰੀਏ ਤਾਂ ਇਸ ਪਿੱਛੇ ਮਨੋਵਿਗਿਆਨਕ ਕਾਰਨ ਨਜ਼ਰ ਆਉਂਦਾ ਹੈ। ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਫੈਸ਼ਨ ਮਨੁੱਖ ਦੇ ਕੁਦਰਤੀ ਸੁਭਾਅ ਦਾ ਹਿੱਸਾ ਹੈ ਤੇ ਹਰ ਪੀੜ੍ਹੀ ਆਪਣੇ-ਆਪ ਨੂੰ ਸਮੇਂ ਮੁਤਾਬਕ ਢਾਲਦੀ ਹੈ, ਜਿਸ ਨਾਲ ਪੀੜ੍ਹੀ-ਦਰ-ਪੀੜ੍ਹੀ ਮਨੁੱਖ ਦੇ ਸੁਭਾਅ, ਪਹਿਰਾਵੇ, ਰਹਿਣ-ਸਹਿਣ ਤੇ ਵਿਚਾਰਾਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ, ਜਿਸ ਨੂੰ ਫੈਸ਼ਨ ਦਾ ਨਾਂ ਦਿੱਤਾ ਜਾਂਦਾ ਹੈ। ਫੈਸ਼ਨ ਨੇ ਇਨਸਾਨ ਦੇ ਦਿਲੋ- ਦਿਮਾਗ਼ ਉੱਪਰ ਇਕ ਅਜਿਹਾ ਪ੍ਰਭਾਵ ਛੱਡਿਆ ਹੈ ਕਿ ਉਹ ਟੀਵੀ ਚੈਨਲਾਂ, ਇੰਟਰਨੈੱਟ ਤੇ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਫੈਲਾਉਣ ਵਾਲੇ ਫੈਸ਼ਨ ਨੂੰ ਆਮ ਜ਼ਿੰਦਗੀ 'ਚ ਕਰਜ਼ਾਈ ਹੋ ਕੇ ਅਪਣਾਉਣ ਲਈ ਮਜਬੂਰ ਹੁੰਦਾ ਜਾ ਰਿਹਾ ਹੈ। ਅਜੋਕੀ ਪੀੜ੍ਹੀ 'ਚ ਸੰਸਕਾਰਾਂ ਦੀ ਘਾਟ ਹੈ, ਜਿਸ ਦਾ ਕਾਰਨ ਸਾਂਝੇ ਪਰਿਵਾਰਾਂ ਦਾ ਨਾ ਹੋਣਾ ਹੈ। ਫੈਸ਼ਨ ਦੀ ਦੀਵਾਨੀ ਹੋਈ ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਨੂੰ ਕਰਜ਼ੇ ਦੇ ਬੋਝ ਥੱਲੇ ਦਬਾ ਰਹੀ ਹੈ। 
 
ਬੱਚਾ ਆਪਣੀ ਮਾਂ ਦੀ ਮਰਜ਼ੀ ਅਨੁਸਾਰ ਪਹਿਨਦਾ ਤੇ ਕਰਦਾ ਹੈ ਪਰ ਜਦੋਂ ਉਹ ਵੱਡਾ ਹੋ ਜਾਂਦਾ ਹੈ ਤਾਂ ਗੁਆਢੀਆਂ ਦੇ ਮੁੰਡੇ-ਕੁੜੀਆਂ, ਟੀਵੀ ਤੇ ਰੈਪ ਵਾਕ ਕਰਦੇ ਮਾਡਲ ਮੁੰਡੇ-ਕੁੜੀਆਂ ਨੂੰ ਦੇਖ ਕੇ ਉਨ੍ਹਾਂ ਜਿਹਾ ਫੈਸ਼ਨ ਕਰਦਾ ਹੈ, ਭਾਵੇਂ ਅਜਿਹਾ ਫੈਸ਼ਨ ਕਰਨ ਲਈ ਉਸ ਦੇ ਮਾਪਿਆਂ ਕੋਲ ਪੈਸੇ ਹੋਣ ਜਾਂ ਨਾ। ਨੌਜਵਾਨ ਪੀੜ੍ਹੀ ਮਾਪਿਆਂ ਨੂੰ ਤੰਗ ਕਰ ਕੇ ਉਹ ਸਭ ਕੁਝ ਪਹਿਨਣਾ ਚਾਹੁੰਦੀ ਹੈ, ਜੋ ਉਸ ਨੇ ਟੀਵੀ ਸਕਰੀਨਾਂ 'ਤੇ ਦੇਖਿਆ ਹੁੰਦਾ ਹੈ ਪਰ ਉਹ ਇਸ ਗੱਲ ਤੋਂ ਅਣਜਾਣ ਹੁੰਦੀ ਹੈ ਕਿ ਉਹ ਜੋ ਵੀ ਟੀਵੀ 'ਤੇ ਦੇਖ ਰਹੀ ਹੈ, ਉਸ ਨੂੰ ਫੈਸ਼ਨ ਦੇ ਰੂਪ ਵਿਚ ਦਿਖਾਉਣ ਵਾਲੇ ਤੇ ਪੇਸ਼ ਕਰਨ ਵਾਲਿਆਂ ਨੂੰ ਤਾਂ ਕੰਪਨੀਆਂ ਤੋਂ ਮੋਟੇ ਪੈਸੇ ਮਿਲਣੇ ਹੁੰਦੇ ਹਨ ਪਰ ਅਸੀਂ ਦਿਖਾਵੇ ਦੀ ਦੁਨੀਆ 'ਚ ਇਹ ਭੁੱਲ ਜਾਂਦੇ ਹਾਂ। 
 
ਫੈਸ਼ਨ ਦੇ ਫ਼ਤੂਰ 'ਚ ਕਈ ਮਾਪੇ ਕਰਜ਼ਾ ਚੁੱਕ ਕੇ ਆਪਣੀ ਔਲਾਦ ਦਾ ਸੁਪਨਾ ਪੂਰਾ ਕਰ ਰਹੇ ਹਨ। ਇਸ ਕਰਕੇ ਅਸੀਂ ਫੈਸ਼ਨ ਉਹ ਕਰੀਏ , ਜਿਸ ਨਾਲ ਮਾਤਾ-ਪਿਤਾ ,ਵੱਡੇ ਬਜ਼ੁਰਗਾਂ ਦਾ ਸਿਰ ਕਦੇ ਸ਼ਰਮ ਨਾਲ ਨੀਂਵਾਂ ਨਾ ਹੋਵੇ ਤੇ ਨਾ ਹੀ ਉਨ੍ਹਾਂ ਨੂੰ ਕਰਜ਼ਾ ਚੁੱਕ ਕੇ ਆਪਣੀ ਔਲਾਦ ਦੀਆਂ ਜ਼ਰੂਰਤਾਂ ਪੂਰੀਆਂ ਕਰਵਾਉਣ ਲਈ ਆਪਣਾ ਆਪ ਗਹਿਣੇ ਰੱਖਣਾ ਪਵੇ।
 
-ਸੰਪਰਕ ਨੰਬਰ : 97810-00909