ਹਾਲਾਂਕਿ ਇਸ ਸਾਰੇ ਘਟਨਾਕ੍ਰਮ ਨੂੰ ਨਵੀਨ ਚਤੁਰਵੇਦੀ ਦੀ ਗ੍ਰਿਫ਼ਤਾਰੀ ਦੇ ਮਾਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਅਤੇ ਇਸ ਦੇ ਸਿਆਸੀ ਮਾਅਨੇ ਵੀ ਤਲਾਸ਼ੇ ਜਾ ਰਹੇ ਹਨ ਪਰ ‘ਆਪ’ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਦੇ ਵਧਦੇ ਮਾਮਲਿਆਂ ਦੀ ਨਵੀਂ ਕੜੀ ਹੈ।
ਪੁਲਿਸ ਨੂੰ ਕਿਸੇ ਵੀ ਸੂਬੇ ਦੀ ਸੁਰੱਖਿਆ ਤੇ ਨਿਆਂ ਵਿਵਸਥਾ ਦਾ ਥੰਮ੍ਹ ਮੰਨਿਆ ਜਾਂਦਾ ਹੈ ਪਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਕਾਰਨ ਇਹ ਬਦਨਾਮ ਹੈ। ਪੰਜਾਬ ਪੁਲਿਸ ਵੀ ਅਪਵਾਦ ਨਹੀਂ ਹੈ। ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਇਸ ਘਟਨਾ ਨਾਲ ਪੰਜਾਬ ਪੁਲਿਸ ਵਿਚ ਹਲਚਲ ਮਚ ਗਈ ਹੈ। ਭੁੱਲਰ 2007 ਬੈਚ ਦੇ ਆਈਪੀਐੱਸ ਅਫ਼ਸਰ ਹਨ ਤੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ। ਉਹ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਵੀ ਕੰਮ ਕਰ ਚੁੱਕੇ ਹਨ। ਨਵੰਬਰ 2024 ’ਚ ਉਹ ਰੋਪੜ ਰੇਂਜ ’ਚ ਤਾਇਨਾਤ ਹੋਏ ਸਨ ਜਿੱਥੇ ਉਨ੍ਹਾਂ ਨੇ ਨਸ਼ਾ ਮਾਫ਼ੀਆ ਤੇ ਸੰਗਠਤ ਅਪਰਾਧ ਵਿਰੁੱਧ ਕਈ ਕਾਰਵਾਈਆਂ ਕੀਤੀਆਂ ਸਨ ਪਰ ਇਸ ਗ੍ਰਿਫ਼ਤਾਰੀ ਨਾਲ ਉਨ੍ਹਾਂ ਦੇ ਚੰਗੇ ਅਕਸ ਨੂੰ ਢਾਹ ਲੱਗੀ ਹੈ।
ਹਾਲਾਂਕਿ ਇਸ ਸਾਰੇ ਘਟਨਾਕ੍ਰਮ ਨੂੰ ਨਵੀਨ ਚਤੁਰਵੇਦੀ ਦੀ ਗ੍ਰਿਫ਼ਤਾਰੀ ਦੇ ਮਾਮਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਅਤੇ ਇਸ ਦੇ ਸਿਆਸੀ ਮਾਅਨੇ ਵੀ ਤਲਾਸ਼ੇ ਜਾ ਰਹੇ ਹਨ ਪਰ ‘ਆਪ’ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਇਹ ਗ੍ਰਿਫ਼ਤਾਰੀ ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਦੇ ਵਧਦੇ ਮਾਮਲਿਆਂ ਦੀ ਨਵੀਂ ਕੜੀ ਹੈ। ਸੰਨ 2025 ਵਿਚ ਹੀ ਪੰਜਾਬ ਪੁਲਿਸ ਨੇ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ।
ਫਰਵਰੀ ’ਚ ਡੀਜੀਪੀ ਗੌਰਵ ਯਾਦਵ ਨੇ ਇਕ ਹਫ਼ਤੇ ਵਿਚ 52 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਜਿਨ੍ਹਾਂ ’ਚ ਇਕ ਇੰਸਪੈਕਟਰ, ਪੰਜ ਏਐੱਸਆਈ, ਚਾਰ ਹੈੱਡ ਕਾਂਸਟੇਬਲ ਤੇ 42 ਕਾਂਸਟੇਬਲ ਸ਼ਾਮਲ ਸਨ। ਇਹ ਕਾਰਵਾਈ ‘ਆਪ’ਸਰਕਾਰ ਦੇ 13 ਫਰਵਰੀ ਦੇ ਹੁਕਮਾਂ ਅਧੀਨ ਹੋਈ ਜਿਸ ’ਚ ਭ੍ਰਿਸ਼ਟਾਚਾਰ, ਗ਼ਲਤ ਐੱਫਆਈਆਰਾਜ਼ ਤੇ ਨੌਕਰੀ ਤੋਂ ਗ਼ੈਰ-ਹਾਜ਼ਰੀ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮਗਰੋਂ ਬਹੁਤ ਸਾਰੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਪੁਲਿਸ ’ਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਡੂੰਘੀਆਂ ਹਨ।
ਪੁਲਿਸ ਵਿਚ ਭ੍ਰਿਸ਼ਟਾਚਾਰ ਦੇ ਮੁੱਖ ਕਾਰਨਾਂ ਵਿਚ ਘੱਟ ਤਨਖ਼ਾਹ ਤੇ ਕੰਮ ਦਾ ਵੱਧ ਬੋਝ ਹੋਣਾ ਵੀ ਹੈ। ਨਸ਼ੇ ਤੇ ਅਪਰਾਧ ਨਾਲ ਜੁੜੇ ਕੇਸਾਂ ਵਿਚ ਰਿਸ਼ਵਤਖੋਰੀ ਆਮ ਹੈ। ਸੰਨ 2020 ਦੀ ਇਕ ਰਿਪੋਰਟ ’ਚ ਸੂਬੇ ਵਿਚ 822 ਭ੍ਰਿਸ਼ਟ ਅਧਿਕਾਰੀਆਂ ਦਾ ਜ਼ਿਕਰ ਹੈ ਜਿਨ੍ਹਾਂ ’ਚੋਂ 17 ਫ਼ੀਸਦੀ ਮਾਮਲੇ ਰਿਸ਼ਵਤ ਨਾਲ ਜੁੜੇ ਹਨ। ਮੌਜੂਦਾ ‘ਆਪ’ ਸਰਕਾਰ ਨੇ ‘ਜ਼ੀਰੋ ਟਾਲਰੈਂਸ’ ਨੀਤੀ ਅਪਣਾਈ ਹੈ ਅਤੇ ਈ-ਐੱਫਆਈਆਰ ਵਰਗੇ ਸੁਧਾਰ ਲਿਆਂਦੇ ਹਨ ਪਰ ਚੁਣੌਤੀਆਂ ਹਾਲੇ ਵੀ ਹਨ। ਇਸ ਭ੍ਰਿਸ਼ਟਾਚਾਰ ਨੇ ਲੋਕਾਂ ’ਚ ਪੁਲਿਸ ’ਤੇ ਵਿਸ਼ਵਾਸ ਨਹੀਂ ਬਣਨ ਦਿੱਤਾ।
ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਵਿਚ ਅਪਰਾਧ ਦਰ ਵਧ ਰਹੀ ਹੈ ਅਤੇ ਨਸ਼ੇ ਦਾ ਮੁੱਦਾ ਗੰਭੀਰ ਹੈ ਪਰ ਜਦੋਂ ਅਧਿਕਾਰੀ ਖ਼ੁਦ ਭ੍ਰਿਸ਼ਟ ਹੋਣ ਤਾਂ ਨਿਆਂ ਕਿਵੇਂ ਮਿਲੇਗਾ? ਬੇਸ਼ੱਕ ਅਫ਼ਸਰਾਂ ਦੀ ਗ੍ਰਿਫ਼ਤਾਰੀ ਨੇ ਵਿਭਾਗ ’ਚ ਅੰਦਰੂਨੀ ਡਰ ਪੈਦਾ ਕੀਤਾ ਹੈ ਪਰ ਇਹ ਵੀ ਸੱਚ ਹੈ ਕਿ ਅਜਿਹੇ ਮਾਮਲੇ ਅਕਸਰ ਉੱਪਰ ਤੱਕ ਨਹੀਂ ਪਹੁੰਚਦੇ। ਸੋਸ਼ਲ ਮੀਡੀਆ ’ਤੇ ਲੋਕ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਕਿ ਚੋਣਾਂ ਵਿਚ ਭ੍ਰਿਸ਼ਟਾਚਾਰ ਵਿਰੋਧੀ ਨਾਅਰੇ ਲਗਾਉਣ ਵਾਲੀ ਪਾਰਟੀ ਅੱਜ ਵੀ ਆਪਣੇ ਵਿਭਾਗ ਨੂੰ ਸਾਫ਼ ਨਹੀਂ ਕਰ ਸਕੀ। ਪੰਜਾਬ ਪੁਲਿਸ ਨੂੰ ਸੁਧਾਰਨ ਲਈ ਵੱਡੇ ਕਦਮਾਂ ਦੀ ਲੋੜ ਹੈ।
ਪਹਿਲਾਂ ਤਾਂ ਅਧਿਕਾਰੀਆਂ ਨੂੰ ਰੈਗੂਲਰ ਸਿੇਖਲਾਈ ਤੇ ਨਿਗਰਾਨੀ ਵਧਾਉਣੀ ਚਾਹੀਦੀ ਹੈ। ਦੂਜਾ, ਡਿਜੀਟਲ ਸਿਸਟਮ ਨੂੰ ਹੋਰ ਮਜ਼ੂਬਤ ਕੀਤਾ ਜਾਵੇ। ਅਜਿਹੀਆਂ ਗ੍ਰਿਫ਼ਤਾਰੀਆਂ ਇਕ ਚੇਤਾਵਨੀ ਹਨ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤੀ ਬਰਕਰਾਰ ਰੱਖਣੀ ਪਵੇਗੀ।