ਜੈਤੋ ਦਾ ਮੋਰਚਾ ਹੋਵੇ, ਭਾਵੇਂ ਨਨਕਾਣਾ ਸਾਹਿਬ ਦਾ ਸਾਕਾ, ਗ਼ਦਰੀਆਂ ਦੀਆਂ ਕੁਰਬਾਨੀਆਂ ਹੋਣ ਤੇ ਫਿਰ ਚਾਹੇ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਹੋਵੇ...ਉਸ ਦੌਰ ਦੀਆਂ ਇਨ੍ਹਾਂ ਲਹਿਰਾਂ ਨੇ ਭਗਤ ਸਿੰਘ ’ਤੇ ਆਪਣੀ ਡੂੰਘੀ ਛਾਪ ਛੱਡੀ। ਇਨ੍ਹਾਂ ਵਿਚ ਪਰਿਵਾਰ ਤੇ ਭਗਤ ਸਿੰਘ ਦੀ ਸ਼ਮੂਲੀਅਲ ਨੇ ‘ਭਗਤ ਸਿੰਘ’ ਨੂੰ ਕੁਰਬਾਨੀ ਤੇ ਦੇਸ਼ ਭਗਤੀ ਦਾ ਮੁਜੱਸਮਾ ‘ਭਗਤ ਸਿੰਘ’ ਬਣਾ ਦਿੱਤਾ।

ਜੈਤੋ ਦਾ ਮੋਰਚਾ ਹੋਵੇ, ਭਾਵੇਂ ਨਨਕਾਣਾ ਸਾਹਿਬ ਦਾ ਸਾਕਾ, ਗ਼ਦਰੀਆਂ ਦੀਆਂ ਕੁਰਬਾਨੀਆਂ ਹੋਣ ਤੇ ਫਿਰ ਚਾਹੇ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਹੋਵੇ...ਉਸ ਦੌਰ ਦੀਆਂ ਇਨ੍ਹਾਂ ਲਹਿਰਾਂ ਨੇ ਭਗਤ ਸਿੰਘ ’ਤੇ ਆਪਣੀ ਡੂੰਘੀ ਛਾਪ ਛੱਡੀ। ਇਨ੍ਹਾਂ ਵਿਚ ਪਰਿਵਾਰ ਤੇ ਭਗਤ ਸਿੰਘ ਦੀ ਸ਼ਮੂਲੀਅਲ ਨੇ ‘ਭਗਤ ਸਿੰਘ’ ਨੂੰ ਕੁਰਬਾਨੀ ਤੇ ਦੇਸ਼ ਭਗਤੀ ਦਾ ਮੁਜੱਸਮਾ ‘ਭਗਤ ਸਿੰਘ’ ਬਣਾ ਦਿੱਤਾ। ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਇਕ ਦਿਨ ਅਚਾਨਕ ਫੁਰਨਾ ਫੁਰਿਆ ਤੇ ਉਹ ਦੇਸ਼ ਦੀ ਆਜ਼ਾਦੀ ਲਈ ਨਿਕਲ ਤੁਰੇ। ਮੌਜੂਦਾ ਹਾਲਾਤ ਨੇ ਉਨ੍ਹਾਂ ਅੰਦਰ ਉਹ ਜਜ਼ਬਾ ਭਰਿਆ, ਜਿਸ ਨਾਲ ਉਹ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਦਾ’ ਬੀੜਾ ਚੁੱਕਦੇ ਹਨ। ਉਹ ਪੜ੍ਹੇ, ਵਿਚਾਰਸ਼ੀਲ ਬਣੇ, ਚਿੰਤਕ ਬਣੇ। ਡਰ ਖ਼ਤਮ ਕੀਤੇ ਤੇ ਫਿਰ ਇਸ ਡਰ (ਭਉ) ਤੋਂ ਪਾਰ ਹੋ ਗਏ ਅਤੇ ਨਾ ਸਿਰਫ਼ ਭਾਰਤੀ ਆਜ਼ਾਦੀ ਸਗੋਂ ਮਨੁੱਖਤਾ ਦੀ ਸਮੁੱਚੀ ਆਜ਼ਾਦੀ ਦੇ ਅਸਲੀ ਨਾਇਕ ਬਣ ਕੇ ਉੱਭਰੇ। ਬੇਸ਼ੱਕ ਸਰਕਾਰਾਂ ਤੇ ਫਿਰਕੂ ਵਿਚਾਰਾਂ ਦੇ ਧਾਰਨੀਆਂ ਨੇ ਉਨ੍ਹਾਂ ਨੂੰ ਆਪਣਾ ‘ਨਾਇਕ’ ਕਹਿ ਕੇ ਵਰਤਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਭਗਤ ਸਿੰਘ ਆਪਣੀ ਛੋਟੀ ਜਿਹੀ ਉਮਰ ਵਿਚ ਹੀ ਏਨਾ ਕੁਝ ਲਿਖ ਗਏ ਕਿ ਉਨ੍ਹਾਂ ਨੂੰ ਸਮਝਣਾ ਔਖਾ ਨਹੀਂ ਹੈ। ਇਸ ਕਰਕੇ ਉਨ੍ਹਾਂ ਦਾ ਪਸੰਦੀਦਾ ਸ਼ਿਅਰ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ:-
ਹਵਾ ਮੇਂ ਰਹੇਂਗੀ ਮੇਰੀ ਖ਼ਿਆਲ ਕੀ ਬਿਜਲੀ
ਯੇ ਮੁਸ਼ਤ-ਏ-ਖ਼ਾਕ ਹੈ ਫ਼ਾਨੀ, ਰਹੇ ਯਾ ਨਾ ਰਹੇ।
.jpg)
ਘਰ ਦਾ ਮਾਹੌਲ
1907 ਵਿਚ ਜਦੋਂ ਭਗਤ ਸਿੰਘ ਪੈਦਾ ਹੁੰਦਾ ਹੈ ਤਾਂ ਦੇਸ਼ ’ਚ ਵੱਖ-ਵੱਖ ਲਹਿਰਾਂ ਚੱਲ ਰਹੀਆਂ ਹੁੰਦੀਆਂ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਹੀ ਇਨ੍ਹਾਂ ਲਹਿਰਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹੁੰਦਾ ਹੈ। ਉਨ੍ਹਾਂ ਦੇ ਦਾਦਾ ਅਰਜਨ ਸਿੰਘ ਤੇ ਦਾਦੇ ਦਾ ਭਰਾ ਸੁਰਜਨ ਸਿੰਘ ਨਾਮਧਾਰੀ ਅੰਦੋਲਨ ਦਾ ਹਿੱਸਾ ਬਣਦੇ ਹਨ। ਉਨ੍ਹਾਂ ਦੇ ਚਾਚਾ ਅਜੀਤ ਸਿੰਘ ‘ਪਗੜੀ ਸੰਭਾਲ ਲਹਿਰ’ ਦੇ ਬਾਨੀ ਹੁੰਦੇ ਹਨ ਤੇ ਜੇਲ੍ਹਾਂ ਕੱਟਦੇ ਹਨ। ਪਿਤਾ ਕਿਸ਼ਨ ਸਿੰਘ ਗ਼ਦਰ ਲਹਿਰ ਸਣੇ ਕਈ ਲਹਿਰਾਂ ਦੇ ਸਮਰਥਕ ਬਣਦੇ ਹਨ। ਚਾਚਾ ਸਵਰਣ ਸਿੰਘ ਵੀ ਆਜ਼ਾਦੀ ਦੀ ਲੜਾਈ ਵਿਚ ਜੇਲ੍ਹਾਂ ਕੱਟਦੇ ਹਨ। ਭਗਤ ਸਿੰਘ ਦੀ ਕਰਤਾਰ ਸਿੰਘ ਸਰਾਭਾ ਪ੍ਰਤੀ ਖਿੱਚ ਉਦੋਂ ਪੈਦਾ ਹੁੰਦੀ ਹੈ ਜਦੋਂ ਕਰਤਾਰ ਸਿੰਘ ਚਾਚਾ ਅਜੀਤ ਸਿੰਘ ਕੋਲੋਂ ਗ਼ਦਰ ਅੰਦੋਲਨ ਲਈ ਫੰਡ ਲੈਣ ਲਈ ਘਰ ਆਉਂਦੇ ਹਨ। ਅਜੀਤ ਸਿੰਘ ਸਰਾਭਾ ਨੂੰ ਉਸ ਵੇਲੇ 1,000 ਰੁਪਏ ਦਿੰਦੇ ਹਨ ਅਤੇ ਭਗਤ ਸਿੰਘ ਉਸ ਨੌਜਵਾਨ ਦੇ ਉਦੋਂ ਰੂਬਰੂ ਹੁੰਦੇ ਹਨ। ਉਹ ਜਾਣਨਾ ਚਾਹੁੰਦਾ ਸੀ ਕਿ ਇਹ ਮੁੰਡਾ ਕੌਣ ਹੈ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਭਗਤ ਵੀ ਗ਼ਦਰ ਪਾਰਟੀ ਵਿਚ ਦਿਲਚਸਪੀ ਲੈਣ ਲੱਗਦੇ ਹਨ।
ਜਲ੍ਹਿਆਂਵਾਲਾ ਬਾਗ਼ ਦਾ ਸਾਕਾ
ਭਗਤ ਸਿੰਘ ਨੂੰ ਸਭ ਤੋਂ ਵੱਧ 13 ਅਪ੍ਰੈਲ 1919 ’ਚ ਵਾਪਰੇ ਸਾਕਾ ਜਲ੍ਹਿਆਂਵਾਲਾ ਨੇ ਝੰਜੋੜਿਆ। ਇਹ ਸਾਕਾ ਭਾਰਤੀ ਆਜ਼ਾਦੀ ਅੰਦੋਲਨ ਵਿਚ ਇਕ ਇਤਿਹਾਸਕ ਬਦਲ ਹੈ, ਉਸ ਤੋਂ ਪਹਿਲਾਂ ਲੋਕਾਂ ’ਚ ਏਕਤਾ ਹੋ ਰਹੀ ਸੀ। ਅੰਗਰੇਜ਼ਾਂ ਨੂੰ ਇਹੀ ਸਭ ਤੋਂ ਵੱਧ ਖ਼ਤਰਨਾਕ ਲੱਗ ਰਹੀ ਸੀ। 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਲਈ ਮੁੱਖ ਖ਼ਤਰਾ ਹੀ ਲੋਕ ਏਕਤਾ ਸੀ ਕਿਉਂਕਿ ਲੋਕ ਧਰਮਾਂ-ਜਾਤਾਂ ਤੋਂ ਉਪਰ ਉੱਠ ਕੇ ਇਕੱਠੇ ਹੋ ਰਹੇ ਸਨ। ਅੰਗਰੇਜ਼ਾਂ ਨੂੰ ਲੱਗ ਰਿਹਾ ਸੀ ਕਿ ਇਹ ਸਾਡੇ ਰਾਜ ਵਾਸਤੇ ਖ਼ਤਰਨਾਕ ਹੈ, ਇਹੀ ਬ੍ਰਿਟਿਸ਼ਰਜ਼ ਦਾ ਅੰਤ ਹੈ। ਇਹੀ ਗੱਲ ਰੌਲਟ ਰਿਪੋਰਟ ਵਿਚ ਲਿਖੀ ਗਈ ਕਿ ਏਕਤਾ ਵੱਡਾ ਖ਼ਤਰਾ ਹੈ। ਇਹ ਏਕਤਾ ਉਦੋਂ ਜ਼ਾਹਿਰ ਹੁੰਦੀ ਹੈ ਜਦੋਂ ਅੰਮ੍ਰਿਤਸਰ ਵਿਚ 9 ਅਪ੍ਰੈਲ ਦੀ ਰਾਮਨੌਵੀਂ ਮਨਾਈ ਗਈ। ਇਸ ਬਾਰੇ ਗੋਕਲ ਚੰਦ ਨਾਰੰਗ ਲਿਖਦੇ ਹਨ ਕਿ ਪਹਿਲਾਂ ਜਦੋਂ ਧਾਰਮਿਕ ਜਲੂਸ ਕੱਢੇ ਜਾਂਦੇ ਸਨ, ਉਨ੍ਹਾਂ ਦੀ ਅਗਵਾਈ ਅੰਗਰੇਜ਼ਾਂ ਦੇ ਪਿੱਠੂ ਕਰਦੇ ਸਨ। ਇਹ ਪਹਿਲੀ ਵਾਰ ਸੀ, ਜਦੋਂ ਲੋਕਾਂ ਨੇ ਪਿੱਠੂਆਂ ਨੂੰ ਭਜਾ ਦਿੱਤਾ। ਇਸ ਜਲੂਸ ਦੀ ਅਗਵਾਈ ਡਾ. ਬਸ਼ੀਦ ਕਰ ਰਹੇ ਸਨ। ਡਰੇ ਅੰਗਰੇਜ਼ਾਂ ਨੇ ਪਹਿਲਾਂ 10 ਅਪ੍ਰੈਲ ਨੂੰ ਗੋਲ਼ੀ ਚਲਾਈ, ਜਿਸ ਦੇ ਵਿਰੋਧ ਵਿਚ ਲਾਹੌਰ ਦੀ ਸ਼ਾਹੀ ਮਸਜਿਦ ’ਚ ਹਿੰਦੂਆਂ ਤੇ ਮੁਸਲਮਾਨਾਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜਦੋਂ ਸਾਰੇ ਬਾਹਰ ਨਿਕਲ ਰਹੇ ਸਨ ਤਾਂ ਉਨ੍ਹਾਂ ’ਤੇ ਵੀ ਗੋਲ਼ੀ ਚਲਾਈ ਗਈ। ਭਗਤ ਸਿੰਘ ਦੇ ਪਿਤਾ ਇਕ ਯਤੀਮਖ਼ਾਨਾ ਚਲਾਉਂਦੇ ਸਨ, ਉੱਥੇ ਵੱਡੇ ਹੋਏ ਮੁੰਡੇ ਖ਼ੁਸ਼ੀ ਰਾਮ ਦੀ ਛਾਤੀ ਵਿਚ ਨੌਂ ਗੋਲ਼ੀਆਂ ਲੱਗਦੀਆਂ ਹਨ। ਹਾਲਾਂਕਿ ਕਈ ਇਤਿਹਾਸਕਾਰਾਂ ਦਾ ਮਤ ਹੈ ਕਿ 15 ਤੋਂ ਰੇਲਗੱਡੀਆਂ ਵਗੈਰਾ ਸਭ ਕੁਝ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਭਗਤ ਸਿੰਘ ਉੱਥੇ ਨਹੀਂ ਗਏ ਹੋਏ ਸਕਦੇ ਪਰ ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਲਾਹੌਰ ਦੀ ਘਟਨਾ ਵਿਚ ਖ਼ੁਸ਼ੀ ਰਾਮ ਦੀ ਮੌਤ ਤੋਂ ਬਾਅਦ ਜਦੋਂ ਜਲ੍ਹਿਆਂਵਾਲਾ ਸਾਕਾ ਹੁੰਦਾ ਹੈ ਤਾਂ ਭਗਤ ਸਿੰਘ ਨੂੰ ਸੁਨੇਹਾ ਮਿਲਦਾ ਹੈ ਤਾਂ ਉਹ 14 ਅਪ੍ਰੈਲ ਨੂੰ ਹੀ ਉੱਥੇ ਜਾਂਦੇ ਹਨ। ਭਗਤ ਸਿੰਘ ਨੂੰ ਲੱਗਿਆ ਕਿ ਜੇ ਲਾਹੌਰ ਵਿਚ ਸ਼ਾਂਤੀ ਨਾਲ ਬੈਠੇ ਹੋਏ ਲੋਕਾਂ ਉੱਤੇ ਗੋਲ਼ੀ ਚਲਾਈ ਗਈ ਹੈ ਤਾਂ ਉੱਥੇ ਕੀ ਹੋਇਆ ਹੋਵੇਗਾ।
ਭਗਤ ਸਿੰਘ ਦਾ ‘ਭਗਤ ਸਿੰਘ’ ਬਣਨਾ
ਪਿੰਡ ਦੇ ਸਕੂਲ ’ਚ ਪੜ੍ਹਨ ਤੋਂ ਬਾਅਦ ਉਹ ਡੀਏਵੀ ਸਕੂਲ ਆਏ। ਉਨ੍ਹਾਂ 1921 ’ਚ ਪੰਜਾਬੀ ਵਿਚ ਪਹਿਲੀ ਚਿੱਠੀ ਆਪਣੀ ਚਾਚੀ ਨੂੰ ਲਿਖੀ, ਜੋ ਟੁੱਟੇ ਜਿਹੇ ਲਫ਼ਜ਼ਾਂ ’ਚ ਸੀ। ਇਹ ਉਨ੍ਹਾਂ ਵਿਚ ਸਿੱਖਣ ਦੀ ਜਗਿਆਸਾ ਹੀ ਸੀ ਕਿ ਉਨ੍ਹਾਂ ਬਾਅਦ ’ਚ ਬੀਕੇ ਦੱਤ ਤੋਂ ਬੰਗਾਲੀ ਸਿੱਖੀ, ਤਾਂ ਜੋ ਬੰਗਾਲੀ ਵਿਚ ਜੋ ‘ਰੈਵੀਨਿਊਸ਼ਰ’ ਛਪਦੇ ਹਨ, ਉਹ ਪੜ੍ਹ ਸਕਣ। ਚਾਰ ਭਾਸ਼ਾਵਾਂ ’ਚ ਭਗਤ ਸਿੰਘ ਨੇ ਪੱਤਰਕਾਰੀ ਕੀਤੀ। ‘ਕਿਰਤੀ’ ਰਸਾਲਾ ਪੰਜਾਬੀ ’ਚ ਸੀ। ਹਿੰਦੀ, ਉਰਦੂ ਤੇ ਅੰਗਰੇਜ਼ੀ ਭਾਸ਼ਾ ਵੀ ਉਨ੍ਹਾਂ ਨੂੰ ਆਉਂਦੀ ਸੀ। ਸੰਸਕ੍ਰਿਤ ਉਨ੍ਹਾਂ ਨੇ ਸਿਰਫ਼ ਸਕੂਲ ’ਚ ਹੀ ਸਿੱਖੀ ਸੀ। 1927 ਵਿਚ ਉਨ੍ਹਾਂ ਦੀ ਪਹਿਲੀ ਗ੍ਰਿਫ਼ਤਾਰੀ ਹੁੰਦੀ ਹੈ। ਉਨ੍ਹਾਂ ਦੀ ਮੰਜੇ ’ਤੇ ਬੈਠਿਆਂ ਦੀ ਜਿਹੜੀ ਫੋਟੋ ਦੇਖਦੇ ਹਾਂ, ਉਹ ਉਸ ਸਮੇਂ ਦੀ ਹੀ ਹੈ। ਉਸ ਸਮੇਂ ਦੀ ਵੱਡੀ ਰਕਮ 60,000 ਰੁਪਏ ਦੀ ਜ਼ਮਾਨਤ ’ਤੇ ਉਹ ਬਾਹਰ ਆਏ ਸਨ। ਉਦੋਂ ਪਿਤਾ ਕਿਸ਼ਨ ਸਿੰਘ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੈਨੂੰ ਘਰੋਂ ਦੌੜਨ ਦੀ ਬਹੁਤ ਆਦਤ ਹੈ, ਹੁਣ ਮੇਰੇ ਦੋਸਤਾਂ ਨੂੰ ਨਾ ਫਸਾਵੀਂ। ਇਸ ਦੌਰਾਨ ਉਨ੍ਹਾਂ ਨੇ ਲਿਓ ਟਾਲਸਟਾਏ ਪੜ੍ਹਿਆ ਸੀ ਕਿ ਜਗੀਰਦਾਰਾਂ ਕੋਲੋਂ ਕੰਮ ਕਰਨ ਵਾਲੇ ਲੋਕਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਫਿਰ ਪਿਤਾ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਕਾਕਾ ਹੁਣ ਤੂੰ ਘਰ ਰਹਿ, ਆਪਣੇ ਕੰਮ ਦਾ ਹਿਸਾਬ-ਕਿਤਾਬ ਕਰੀਂ। ਉਨ੍ਹਾਂ ਨੇ ਆਪਣੇ ਇੱਥੇ ਕੰਮ ਕਰਨ ਵਾਲੇ ਮੁਜਾਰਿਆਂ ਨੂੰ ਕਿਹਾ ਕਿ ਤੁਸੀਂ ਪੈਸਾ ਕਿਸ ਗੱਲ ਲਈ ਲਿਆ ਹੈ। ਸਾਰਾ ਦਿਨ ਸਾਡੇ ਖੇਤਾਂ ’ਚ ਕੰਮ ਕਰਦੇ ਹੋ। ਕਿਸੇ ਨੇ ਕਿਹਾ ਕਿ ਮੇਰੀ ਪਤਨੀ ਬਿਮਾਰ ਸੀ, ਉਸ ’ਤੇ ਲੱਗ ਗਏ ਪੈਸੇ। ਕਿਸੇ ਨੇ ਕੁਝ ਤੇ ਕਿਸੇ ਨੇ ਕੁਝ। ਉਦੋਂ ਭਗਤ ਸਿੰਘ ਨੇ ਕਿਹਾ ਕਿ ਜੇ ਤੁਸੀਂ ਸਾਰਾ ਦਿਨ ਸਾਡੇ ਕੋਲ ਕੰਮ ਕਰਦੇ ਹੋ ਤਾਂ ਤੁਹਾਡੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਵੀ ਸਾਡਾ ਫ਼ਰਜ਼ ਹੈ। ਉਦੋਂ ਫਿਰ ਉਨ੍ਹਾਂ ਆਪਣੀ ਬੇਬੇ ਨੂੰ ਕਿਹਾ ਸੀ ਕਿ ਘਰ ਵੰਡ’ਦੇ ਗ਼ਰੀਬਾਂ ਨੂੰ, ਇਹ ਕਿਸੇ ਕੰਮ ਨਹੀਂ ਆਉਣਾ। ਫਿਰ ਉਨ੍ਹਾਂ ਨੇ ਪਿਤਾ ਨੂੰ ਦਲੀਲ ਦਿੱਤੀ ਕਿ ਜੇ ਉਹ ਸਾਰਾ ਦਿਨ ਸਾਡੇ ਲਈ ਕੰਮ ਕਰਦੇ ਹਨ ਤਾਂ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਤਾਂ ਸਾਨੂੰ ਹੀ ਪੂਰੀਆਂ ਕਰਨੀਆਂ ਪੈਣਗੀਆਂ। ਇਸ ਕਰਕੇ ਉਨ੍ਹਾਂ ਨੂੰ ਦਿੱਤਾ ਗਿਆ ਪੈਸਾ ਕਰਜ਼ਾ ਨਹੀਂ ਹੈ। ਫਿਰ ਪਿਤਾ ਜੀ ਉਨ੍ਹਾਂ ਦੇ ਅਜਿਹੇ ਤਰਕਾਂ ਨਾਲ ਸਹਿਮਤ ਹੋ ਗਏ। ਉਨ੍ਹਾਂ ਜੋ ਪੜ੍ਹਿਆ, ਸਿੱਖਿਆ ਫਿਰ ਉਸ ਨੂੰ ਅਜਿਹੇ ਟੈਸਟਾਂ ਨਾਲ ਅਮਲ ’ਚ ਵੀ ਲਿਆਂਦਾ। ਤੱਤਕਾਲੀਨ ਹਾਲਾਤ, ਲਹਿਰਾਂ, ਪਰਿਵਾਰਕ ਮਾਹੌਲ ਤੇ ਭਗਤ ਸਿੰਘ ਦੀ ਜਗਿਆਸਾ ਉਨ੍ਹਾਂ ਨੂੰ ‘ਭਗਤ ਸਿੰਘ’ ਬਣਨ ਲਈ ਪ੍ਰੇਰਿਤ ਕਰਦੀ ਹੈ। ਇਸ ਤੋਂ ਬਾਅਦ ਉਹ ਨੌਜਵਾਨਾਂ ਨੂੰ ਜਥੇਬੰਦ ਕਰਨ ਦਾ ਕੰਮ ਕਰਦੇ ਹਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਲਿਖਦੇ ਹਨ ਕਿ ‘ਭਗਤ ਸਿੰਘ ਉਹ ਨੌਜਵਾਨ ਹੈ, ਜਿਸ ਨੇ ਨੌਜਵਾਨਾਂ ਦੀ ਲਹਿਰ ਖੜ੍ਹੀ ਕੀਤੀ।’
ਬਾਅਦ ਦੇ ਘਟਨਾਕ੍ਰਮਾਂ ਦਾ ਅਸਰ
ਜਗਮੋਹਣ ਸਿੰਘ ਕਹਿੰਦੇ ਹਨ ਕਿ ਜਲ੍ਹਿਆਂਵਾਲਾ ਕਾਂਡ ਤੋਂ ਬਾਅਦ ਜਨਰਲ ਡਾਇਰ ਨੂੰ ਅਰੂੜ ਸਿੰਘ ਵੱਲੋਂ ਸਿਰੋਪਾਓ ਦਿੱਤਾ ਗਿਆ। ਜਨਰਲ ਡਾਇਰ ਨੇ ਸਿਰਫ਼ ਸਿਰੋਪਾਓ ਹੀ ਨਹੀਂ ਲਿਆ, ਉਸ ਤੋਂ ਬਾਅਦ ਆਪਣਾ ਪੂਰਾ ਫ਼ੌਜੀ ਕਾਫ਼ਲਾ ਲੈ ਕੇ ਗੁਰਦਾਸਪੁਰ ਦੇ ਪਿੰਡਾਂ ਵਿਚ ਡਰ ਪੈਦਾ ਕਰਨ ਲਈ ਘੁੰਮਿਆ। ਇਸ ਤੋਂ ਬਾਅਦ 1921 ਨੂੰ ਨਨਕਾਣਾ ਸਾਹਿਬ ਵਿਚ ਵੱਡੀ ਕਾਨਫ਼ਰੰਸ ਹੁੰਦੀ ਹੈ, ਉੱਥੇ ਵੀ ਭਗਤ ਸਿੰਘ ਗਏ। ਉੱਥੋਂ ਉਹ ਇਕ ਕੈਲੰਡਰ ਲੈ ਕੇ ਆਉਂਦੇ ਹਨ। ਉਦੋਂ ਵੀ ਭਗਤ ਸਿੰਘ ਇਹੀ ਜਾਣਨਾ ਚਾਹੁੰਦੇ ਸੀ ਕਿ ਗਿਆਨ ਲੋਕਾਂ ਤੱਕ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਸੰਨ 1924 ਵਿਚ ਜੈਤੋ ਦੇ ਮੋਰਚੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਜਥਿਆਂ ਨੂੰ ਰੋਟੀ ਖਵਾਉਣ ਦੀ ਜ਼ਿੰਮੇਵਾਰੀ ਪਿੰਡ ਵਾਲੇ ਚੁੱਕਦੇ ਹਨ ਤਾਂ ਇਸ ਵਿਚ ਭਗਤ ਸਿੰਘ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਹਾਲਾਂਕਿ ਅੰਗਰੇਜ਼ਾਂ ਨੇ ਇਨ੍ਹਾਂ ਜਥਿਆਂ ਦੀ ਮਦਦ ’ਤੇ ਪੂਰੀ ਤਰ੍ਹਾਂ ਰੋਕ ਲਾਈ ਹੁੰਦੀ ਹੈ ਪਰ ਭਗਤ ਸਿੰਘ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਸਭ ਹਾਲਾਤ ਨੇ ਭਗਤ ਸਿੰਘ ’ਤੇ ਡੂੰਘਾ ਅਸਰ ਛੱਡਿਆ।
ਮਹਾਤਮਾ ਗਾਂਧੀ ਨਾਲ ਮਤਭੇਦ ਦੀ ਧਾਰਨਾ
ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਕੁਦਰਤ ਦਾ ਕਾਨੂੰਨ ਟਕਰਾਅ ਦਾ ਨਹੀਂ ਹੈ। ਹਰ ਚੀਜ਼ ਇਕ-ਦੂਜੇ ਦੀ ਮਦਦ ਕਰਦੀ ਹੈ। ਮਹਾਤਮਾ ਗਾਂਧੀ ਜਿੱਥੇ ਆ ਕੇ ਰੁਕ ਗਏ, ਉਸ ਤੋਂ ਅੱਗੇ ਭਗਤ ਸਿੰਘ ਤੁਰ ਪਏ। ਉਨ੍ਹਾਂ ਦਾ ਟਕਰਾਅ ਤਾਂ ਸਿਰਫ਼ ਅੰਗਰੇਜ਼ਾਂ ਨਾਲ ਸੀ। ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿਚ ਉਨ੍ਹਾਂ ਨੇ ਇਹ ਗੱਲ ਸਾਫ਼ ਲਿਖੀ ਹੈ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿੱਖਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਇਤਿਹਾਸਕ ਹਨ ‘ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ।’ ਉਹ 11 ਸਾਲ ਦੇ ਗੋਬਿੰਦ ਸਿੰਘ ਜੀ ਨੂੰ ਇਕ ਸੁਨੇਹਾ ਹੈ। ਜਦੋਂ ਤੁਸੀਂ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਨੂੰ ਪੜ੍ਹੋਗੇ, ਉਸ ਵਿਚ ਲਿਖਿਆ ਗਿਆ ਹੈ ਕਿ ਸਾਡੀ ਲੜਾਈ ਦੁਵੱਲੀ ਹੈ। ਇਕ ਆਪਣੀਆਂ ਕਮਜ਼ੋਰੀਆਂ ਦੇ ਖ਼ਿਲਾਫ਼ ਅਤੇ ਇਕ ਅੰਗਰੇਜ਼ ਤੁਹਾਡੇ ਦੁਸ਼ਮਣ ਹਨ। ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਇਹੀ ਹੈ ਕਿ ਜੋ ਵੀ ਉਨ੍ਹਾਂ ਨੇ ਪੜ੍ਹਿਆ ਹੈ, ਉਸ ਨੂੰ ਟੈਸਟ ਕੀਤਾ ਅਤੇ ਅਮਲ ਵਿਚ ਲਿਆਂਦਾ। ਉਨ੍ਹਾਂ ਦਾ ਮੰਨਣਾ ਸੀ ਕਿ ਗਾਂਧੀ ਅੰਗਰੇਜ਼ਾਂ ਖ਼ਿਲਾਫ਼ ਤਾਂ ਲੜਦੇ ਹਨ ਪਰ ਉਸ ਤੋਂ ਅੱਗੇ ਮਨੁੱਖ ਦੀ ਲੁੱਟ ਬਾਰੇ ਉਨ੍ਹਾਂ ਕੋਲ ਕੋਈ ਰਾਹ ਨਹੀਂ ਹੈ। ਇਸ ਲਈ ਭਗਤ ਸਿੰਘ ਇਸ ਲੜਾਈ ਨੂੰ ਵਿਆਪਕ ਮੰਨਦੇ ਸਨ। ਗਾਂਧੀ ਨੂੰ ਸਾਨੂੰ ਇਨਕਲਾਬੀਆਂ ਨੂੰ ਸਲੂਟ ਕਰਨਾ ਚਾਹੀਦਾ ਹੈ ਕਿ ਉਹ ਆਮ ਆਦਮੀ ਨੂੰ ਆਜ਼ਾਦੀ ਦੀ ਲੜਾਈ ਵਿਚ ਲੈ ਕੇ ਆਏ।
ਬਾਬਾ ਅਰਜਨ ਸਿੰਘ ਦਾ ਪ੍ਰਭਾਵ
ਭਗਤ ਸਿੰਘ ਦੇ ਬਾਬਾ ਅਰਜਨ ਸਿੰਘ ਜੀ ਛੂਆਛਾਤ ਦੇ ਖ਼ਿਲਾਫ਼ ਸਨ ਅਤੇ ਕੁੜੀਆਂ ਨੂੰ ਜ਼ਿੰਦਗੀ ਜਿਊਣ ਦੇ ਹੱਕ ਵਿਚ ਸਨ। ਭਗਤ ਸਿੰਘ ਦੀ ਭੈਣ ਅਮਰ ਕੌਰ ਦਾ ਜਨਮ 1910 ਵਿਚ ਹੁੰਦਾ ਹੈ ਅਤੇ 1910 ਵਿਚ ਹੀ ਚਾਚਾ ਸਵਰਣ ਸਿੰਘ ਸ਼ਹੀਦ ਹੁੰਦੇ ਹਨ। ਉਨ੍ਹਾਂ ਦੇ ਜਨਮ ਅਤੇ ਚਾਚਾ ਜੀ ਦੀ ਮੌਤ ਵਿਚ ਸਿਰਫ਼ 20 ਦਿਨ ਦਾ ਫ਼ਰਕ ਹੈ। ਕੁੜੀ ਦਾ ਨਾਂ ਅਮਰ ਰੱਖਣਾ ਬਾਬਾ ਜੀ ਦੀ ਫ਼ਿਲਾਸਫ਼ੀ ਹੀ ਹੈ ਕਿ ਉਹ ਜ਼ਿੰਦਗੀ ਵਿਚ ਅਮਰ ਰਹੇ। ਬਾਬਾ ਜੀ ਸਵੈ-ਪਾਠਕ ਸਨ ਅਤੇ ਭਗਤ ਸਿੰਘ ਵੀ ਸਵੈ-ਪਾਠਕ ਸਨ। ਇਸ ਲਈ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਭਗਤ ਸਿੰਘ ਆਪਣੇ ਬਾਬਾ ਜੀ ਤੋਂ ਵਧੇਰੇ ਪ੍ਰੇਰਿਤ ਸਨ।
ਬੰਦੂਕਾਂ ਬੀਜਣ ਵਾਲੀ ਗੱਲ ਸਿਰਫ਼ ਮਿੱਥ
ਬੰਦੂਕਾਂ ਬੀਜਣ ਵਾਲੀ ਗੱਲ ਸਿਰਫ਼ ਮਿੱਥ ਹੈ, ਜੋ ਮਹਿਤਾ ਆਨੰਦ ਕਿਸ਼ੋਰ ਵੱਲੋਂ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਘੜੀ ਗਈ ਸੀ। ਇਹ ਮੌਖਿਕ ਤੋਂ ਲਿਖਤੀ ਅਤੇ ਫਿਰ ਪ੍ਰਚੱਲਿਤ ਹੋ ਗਈ ਧਾਰਨਾ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਅੱਜ ਜਦੋਂ ਭਗਤ ਸਿੰਘ ਨੂੰ ਸਿਰਫ਼ ਬੰਬ-ਪਿਸਤੌਲਾਂ ਵਾਲਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਭਗਤ ਸਿੰਘ ਦੇ ਵਿਚਾਰਕ ਪੱਖ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਜਾਂਦੀ ਹੈ। ਅਸਲੀ ਭਗਤ ਸਿੰਘ ਤਾਂ ਵਿਚਾਰਸ਼ੀਲ ਸੀ। ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਨਾਇਕ ਨੂੰ ਲੋਕਾਂ ਦਾ ਨਾਇਕ ਬਣਾਉਣ ਲਈ ਜਦੋਂ ਮਿੱਥਾਂ ਘੜੀਆਂ ਜਾਂਦੀਆਂ ਹਨ, ਉਦੋਂ ਅਸਲ ਸੱਚ ਲੁਕ ਜਾਂਦਾ ਹੈ। ਇਸ ਲਈ ਅਜਿਹਾ ਨਹੀਂ ਹੋਣਾ ਚਾਹੀਦਾ।
ਸਾਂਭੀਆਂ ਯਾਦਾਂ
ਖਟਕੜ ਕਲਾਂ ਵਿਖੇ ਪਿਤਾ ਕਿਸ਼ਨ ਸਿੰਘ ਨੇ 2 ਕਿੱਲੇ ਜ਼ਮੀਨ ਭਗਤ ਸਿੰਘ ਦੇ ਨਾਂ ’ਤੇ ਲਗਵਾ ਦਿੱਤੀ ਸੀ, ਜੋ ਅੱਜ ਵੀ ਰੈਵੀਨਿਊ ਰਿਕਾਰਡ ਵਿਚ ਉਨ੍ਹਾਂ ਦੇ ਨਾਂ ’ਤੇ ਹੀ ਬੋਲਦੀ ਹੈ। ਜਦੋਂ ਖਟਕੜ ਕਲਾਂ ਵਿਚ ਪਹਿਲਾ ਮਿਊਜ਼ੀਅਮ ਬਣਾਇਆ ਗਿਆ ਸੀ ਤਾਂ ਉੱਥੇ ਇਕ ਹਾਲ ਬਣਾਇਆ ਗਿਆ ਸੀ ਅਤੇ ਉਸ ਵਿਚ ਇਕ ਕਹਾਣੀ ਅਨੁਸਾਰ ਸਾਰੀਆਂ ਨਿਸ਼ਾਨੀਆਂ ਤੇ ਤਸਵੀਰਾਂ ਲਗਾਈਆਂ ਗਈਆਂ ਸਨ। ਸਭ ਤੋਂ ਪਹਿਲਾਂ 1970 ਦੇ ਆਸ-ਪਾਸ ਉੱਥੇ ਬੇਬੇ ਜੀ ਦਾ ਇਕ ਸੰਦੂਕ ਰੱਖਿਆ ਗਿਆ ਸੀ, ਜਿਸ ਵਿਚ ਤਿੰਨਾਂ ਦੀਆਂ ਨਿਸ਼ਾਨੀਆਂ ਸਨ। ਸ਼ਹੀਦ ਸੁਖਦੇਵ ਦਾ ਕੁੱਲ੍ਹਾ ਸੀ, ਸ਼ਹੀਦ ਰਾਜਗੁਰੂ ਦੇ ਮੌਜੇ ਸਨ ਅਤੇ ਭਗਤ ਸਿੰਘ ਦੀ ਦਾੜ੍ਹੀ ਕਰਨ ਵਾਲਾ ਕੰਘਾ ਅਤੇ ਖੇਡਣ ਵਾਲੀ ਤਾਸ਼ ਅਤੇ ਇਕ ਹੱਡੀ, ਜੋ ਬੀਬੀ ਜੀ 24 ਮਾਰਚ ਨੂੰ ਲੈ ਕੇ ਆਏ ਸਨ। ਉਹ ਹੁਣ ਵੀ ਉੱਥੇ ਰੱਖੀ ਹੋਈ ਹੈ। ਰਾਜਗੁਰੂ ਦੇ ਮੌਜੇ ਸਟਾਫ ਦੀ ਲਾਪਰਵਾਹੀ ਨਾਲ ਚੋਰੀ ਹੋ ਗਏ ਸਨ। ਉਦੋਂ ਹੀ ਫਿਰ ਪਤਾ ਲੱਗਿਆ ਕਿ ਫਿਲੌਰ ਕਿਲ੍ਹੇ ਵਿਚ ਉਹ ਕਲਮ ਵੀ ਪਈ ਹੋਈ ਹੈ, ਜਿਸ ਨਾਲ ਤਿੰਨਾਂ ਨੂੰ ਫ਼ਾਂਸੀ ਦਿੱਤੀ ਗਈ ਸੀ। ਇਸੇ ਤਰ੍ਹਾਂ ਦੀ ਕਹਾਣੀ ਉਨ੍ਹਾਂ ਦੇ ਪਿਸਤੌਲ ਦੀ ਹੈ, ਜਿਸ ਬਾਰੇ ਜੁਪਿੰਦਰਜੀਤ ਨੇ ਕਾਫ਼ੀ ਖੋਜ ਕੀਤੀ। ਅਸੈਂਬਲੀ ਵਿਚ ਬੰਬ ਸੁੱਟਣ ਵਾਲੇ ਭਗਤ ਸਿੰਘ ਵੱਲੋਂ ਪਾਈ ਕਮੀਜ਼ ਅੱਜ ਵੀ ਉਨ੍ਹਾਂ ਕੋਲ ਸੰਭਾਲੀ ਪਈ ਹੈ। ਉਨ੍ਹਾਂ ਦੀ ਮਾਤਾ ਜੀ ਵੱਲੋਂ ਭਗਤ ਸਿੰਘ ਹੋਰਾਂ ਲਈ ਕੱਢਿਆ ਰੁਮਾਲ ਵੀ ਹੈ। ਇਸੇ ਤਰ੍ਹਾਂ ਇਕ ਰੁਮਾਲ ’ਤੇ ਕੀਤੇ ਗਏ ਭਗਤ ਸਿੰਘ ਵੱਲੋਂ ਹਸਤਾਖ਼ਰ ਵੀ ਉਨ੍ਹਾਂ ਨੇ ਸੰਭਾਲੇ ਹੋਏ ਹਨ।
ਖ਼ਤਮ ਕੀਤਾ ਲੋਕਾਂ ਦਾ ਡਰ
ਮਾਰਸ਼ਲ ਲਾਅ ਦੇ ਦੋ ਆਰਡਰ ਸਨ ਕਿ ਇਕ ਤਾਂ ਲੰਗਰ ਬੰਦ ਕਰੋ ਤੇ ਦੂਜਾ ਲਾਠੀ। ਸਾਕਾ ਜਲ੍ਹਿਆਂਵਾਲਾ ਬਾਗ਼ ਤੋਂ ਬਾਅਦ ਇਕ ਅੰਗਰੇਜ਼ ਅਫ਼ਸਰ ਨੇ ਪਿਸਤੌਲ ਕੱਢਿਆ ਅਤੇ ਉਸ ਨੂੰ ਲਾਠੀ ਨਾਲ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਲਾਠੀ ਨੂੰ ਬੈਨ ਕਰ ਦਿੱਤਾ ਗਿਆ। ਇਸ ਕਰਕੇ ਉਸ ਅੰਗਰੇਜ਼ ਅਫ਼ਸਰ ਦੀ ਮੌਤ ਤੋਂ ਬਾਅਦ ਲਾਠੀ ਬਹੁਤ ਵੱਡਾ ਹਥਿਆਰ ਬਣ ਗਈ। ਲੰਗਰ ਨੇ ਹੀ ਏਕਤਾ ਖੜ੍ਹੀ ਕੀਤੀ। ਬ੍ਰਿਟਿਸ਼ਰਾਂ ਲਈ ਇਹ ਖ਼ਤਰਨਾਕ ਸੀ। ਫਿਰ ਉਨ੍ਹਾਂ ਏਕਤਾ ਨੂੰ ਤੋੜਨ ਲਈ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਿਹੜਾ ਡਰ ਲਾਲਾ ਲਾਜਪਤ ਰਾਏ ਦੀ ਮੌਤ ਨਾਲ ਲੋਕਾਂ ਵਿਚ ਡਰ ਬਣਿਆ ਸੀ, ਉਸ ਨੂੰ ਭਗਤ ਸਿੰਘ ਤੇ ਸਾਥੀਆਂ ਨੇ ਖ਼ਤਮ ਕੀਤਾ।
ਸ਼ਹੀਦ-ਏ-ਆਜ਼ਮ ਦੀਆਂ ਲਿਖਤਾਂ ਤੇ ਵਿਚਾਰ
ਭਗਤ ਸਿੰਘ ਦੀਆਂ ਲਿਖਤਾਂ ਉਸ ਦੀ ਬੌਧਿਕਤਾ, ਇਨਕਲਾਬੀ ਵਿਚਾਰਧਾਰਾ ਤੇ ਡੂੰਘੀ ਸਮਾਜੀ ਸਮਝ ਦਾ ਸਭ ਤੋਂ ਵੱਡਾ ਸਬੂਤ ਹਨ। ਉਹ ਮੌਤ ਦੇ ਸਾਹਮਣੇ ਵੀ ਇਕ ਵਿਚਾਰਕ ਸੀ, ਜਿਸ ਨੇ ਮਾਰਕਸਵਾਦ, ਸੋਸ਼ਲਿਜ਼ਮ, ਨਾਸਤਿਕਤਾ, ਐਂਟੀ-ਇੰਪੀਰੀਅਲਿਜ਼ਮ ਤੇ ਮਾਨਵਤਾਵਾਦ ਬਾਰੇ ਲਿਖਿਆ। ਉਨ੍ਹਾਂ ਨੇ ਆਪਣੀ ਛੋਟੀ ਜ਼ਿੰਦਗੀ ਵਿਚ ਕਈ ਲੇਖ, ਪੱਤਰ, ਬਿਆਨ ਤੇ ਜੇਲ੍ਹ ਵਿਚ ਨੋਟਸ ਲਿਖੇ। ਉਨ੍ਹਾਂ ਦੀਆਂ ਮੁੱਖ ਲਿਖਤਾਂ ਹਿੰਦੀ, ਅੰਗਰੇਜ਼ੀ ਤੇ ਉਰਦੂ ਵਿਚ ਹਨ (ਪੰਜਾਬੀ ਵਿਚ ਵੀ ਅਨੁਵਾਦ ਉਪਲੱਬਧ ਹਨ)। ਉਨ੍ਹਾਂ ਨੇ ਜੇਲ੍ਹ ਵਿਚ 4 ਪੂਰੀਆਂ ਕਿਤਾਬਾਂ ਲਿਖੀਆਂ ਸਨ ਪਰ ਕਹਿੰਦੇ ਹਨ ਇਹ ਗੁਆਚ ਗਈਆਂ ਹਨ। ਸਿਰਫ਼ ਜੇਲ੍ਹ ਨੋਟਬੁੱਕ ਬਚੀ ਹੈ। ਮੈਂ ਨਾਸਤਿਕ ਕਿਉਂ ਹਾਂ, ਉਨ੍ਹਾਂ ਦਾ ਸਭ ਤੋਂ ਮਸ਼ਹੂਰ ਲੇਖ ਹੈ, ਜੋ ਉਨ੍ਹਾਂ ਨੇ ਜੇਲ੍ਹ ਵਿਚ ਲਿਖਿਆ, ਭਾਈ ਰਣਧੀਰ ਸਿੰਘ ਨੂੰ ਜਵਾਬ ਵਜੋਂ। ਉਸ ਨੇ ਨਾਸਤਿਕਤਾ ਦੇ ਕਾਰਨ, ਵਿਆਖਿਆ, ਬੌਧਿਕ ਵਿਕਾਸ, ਵਿਗਿਆਨ ਤੇ ਅਨੁਭਵ ਦੇ ਆਧਾਰ ’ਤੇ ਲਿਖਿਆ। ਇਹ ਲੇਖ ਉਨ੍ਹਾਂ ਦੀ ਬੌਧਿਕ ਡੂੰਘਾਈ ਦਿਖਾਉਂਦਾ ਹੈ। ਲਾਹੌਰ ਜੇਲ੍ਹ ਵਿਚ ਲਿਖੀ ਨੋਟਬੁੱਕ (404 ਪੰਨੇ), ਇਹ ਉਨ੍ਹਾਂ ਦੀ ਪੜ੍ਹਾਈ ਦੇ ਨੋਟਸ ਹਨ, ਮਾਰਕਸ, ਲੈਨਿਨ, ਏਂਗਲਸ, ਬਕੂਨਿਨ, ਰੂਸੋ, ਬਰਨਾਰਡ ਸ਼ਾਅ ਆਦਿ ਦੇ ਕੋਟਸ ਤੇ ਵਿਚਾਰ। ਇਹ ਉਨ੍ਹਾਂ ਦੇ ਵਿਚਾਰਾਂ ਦਾ ਸੰਗ੍ਰਹਿ ਹੈ, ਨਾ ਕਿ ਡਾਇਰੀ ਵਰਗੀ ਕਹਾਣੀ। ਪੰਜਾਬੀ ਵਿਚ ‘ਭਗਤ ਸਿੰਘ ਦੀ ਜੇਲ੍ਹ ਨੋਟਬੁੱਕ’ ਵਜੋਂ ਉਪਲੱਬਧ। ਭਗਤ ਸਿੰਘ ਦੀਆਂ ਲਿਖੀਆਂ ਮੁੱਖ ਲਿਖਤਾਂ...
• ਦਿ ਪ੍ਰੌਬਲਮ ਆਫ ਪੰਜਾਬ’ਸ ਲੈਂਗੂਏਜ ਐਂਡ ਸਕ੍ਰਿਪਟ। (1923)
• ਜੇਲ੍ਹ ਵਿਚ ਲਿਖਤਾਂ ਤੇ ਬਿਆਨ
• ਜੇਲ੍ਹ ਨੋਟ ਬੁੱਕ (1929-1931)
• ਵਿਦਿਆਰਥੀਆਂ ਨੂੰ ਸੰਦੇਸ਼।
• ਅਸੈਂਬਲੀ ਬੰਬ ਕੇਸ ਦੀ ਸਟੇਟਮੈਂਟ (ਅਪ੍ਰੈਲ 1929) ‘ਇਨਕਲਾਬ ਜ਼ਿੰਦਾਬਾਦ - ਸਾਮਰਾਜਵਾਦ ਮੁਰਦਾਬਾਦ’ ਨਾਲ ਮਸ਼ਹੂਰ।
• ਸਿਆਸੀ ਕੈਦੀਆਂ ਦੀਆਂ ਮੰਗਾਂ।
• ਫ਼ਾਂਸੀ ਤੋਂ ਪਹਿਲਾਂ ਪਿਤਾ ਨੂੰ ਪੱਤਰ।
• ਨੌਜਵਾਨ ਇਨਕਲਾਬੀ ਦੇ ਨਾਂ
(ਜੇਲ੍ਹ ਵਿਚ ਲਿਖਿਆ, 1931 ਵਿਚ ਪ੍ਰਕਾਸ਼ਿਤ)
• ਅੰਗਰੇਜ਼ੀ ਹਕੂਮਤ ਨੂੰ ਚੇਤਾਵਨੀ। (18 ਦਸੰਬਰ 1928)
• ਮੈਂ ਨਾਸਤਿਕ ਕਿਉਂ ਹਾਂ? (5-6 ਅਕਤੂਬਰ 1930)
• ਡ੍ਰੀਮਲੈਂਡ ਦੀ ਭੂਮਿਕਾ (ਸੋਸ਼ਲਿਜ਼ਮ ਤੇ ਇਨਕਲਾਬ ਬਾਰੇ)।
• ਬੱਬਰ ਅਕਾਲੀਆਂ ਦੀਆਂ ਕੁਰਬਾਨੀਆਂ ’ਤੇ ਲੇਖ। ਧਾਰਮਿਕ ਅੱਤਵਾਦ ਤੇ ਬ੍ਰਿਟਿਸ਼ ਜ਼ੁਲਮ ਦੇ ਵਿਰੁੱਧ। (15 ਮਾਰਚ 1925)
• ਬੰਬ ਦਾ ਫਲਸਫਾ (ਐੱਚਐੱਸਆਰਏ ਵੱਲੋਂ ਭਗਤ ਸਿੰਘ ਨੇ ਲਿਖਿਆ ਜਾਂ ਸਹਿਯੋਗ ਕੀਤਾ)
• ਸ਼ਹੀਦ ਸੁਖਦੇਵ ਨੂੰ ਚਿੱਠੀ - ਆਤਮਹੱਤਿਆ ਵਿਰੋਧ ਤੇ ਜ਼ਿੰਦਗੀ ਬਾਰੇ।
• ਭਗਤ ਸਿੰਘ ਦੀਆਂ ਲਿਖਤਾਂ ਵਿਚ ਮੁੱਖ ਵਿਚਾਰ :
• ਸੋਸ਼ਲਿਜ਼ਮ ਤੇ ਮਾਰਕਸਵਾਦ ਰਾਹੀਂ ਸਮਾਜ ਬਦਲੋ।
• ਧਰਮ ਅੰਧਵਿਸ਼ਵਾਸ ਹੈ, ਵਿਗਿਆਨ ਤੇ ਤਰਕ ਨਾਲ ਜੀਓ।
• ਇਨਕਲਾਬ ਸਿਰਫ਼ ਅੰਗਰੇਜ਼ਾਂ ਨੂੰ ਭਜਾਉਣਾ ਨਹੀਂ, ਨਵਾਂ ਸਮਾਜ ਬਣਾਉਣਾ ਹੈ।
• ਨੌਜਵਾਨਾਂ ਨੂੰ ਜਥੇਬੰਦ ਹੋ ਕੇ ਲੜਨਾ ਚਾਹੀਦਾ ਹੈ।
• ਜੰਗ ਜਾਰੀ ਰਹੇਗੀ, ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹੇਗੀ।
ਹਰ ਜਗ੍ਹਾ ਮਿਲਦੇ ਨਿਸ਼ਾਨ
ਪ੍ਰੋਫੈਸਰ ਜਗਮੋਹਣ ਸਿੰਘ ਦੱਸਦੇ ਹਨ ਕਿ ਹਰ ਜਗ੍ਹਾ ਉਨ੍ਹਾਂ ਦੇ ਫੁੱਟਪ੍ਰਿੰਟ ਮਿਲਦੇ ਹਨ। ਉਹ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਉਨ੍ਹਾਂ ਦੀਆਂ ਨਿਸ਼ਾਨੀਆਂ ਮਿਲਦੀਆਂ ਹਨ। ਚਾਹੇ ਨਾਰਥ-ਈਸਟ ਹੋਵੇ ਜਾਂ ਫਿਰ ਦੱਖਣ ਭਾਰਤ, ਹਰ ਜਗ੍ਹਾ ਲੋਕਾਂ ਨੇ ਉਨ੍ਹਾਂ ਨੂੰ ਸੱਜਦਾ ਕਰਨ ਲਈ ਕੋਈ ਨਾ ਕੋਈ ਹੀਲੇ-ਵਸੀਲੇ ਕੀਤੇ ਹੋਏ ਹਨ। ਬੜੌਦਾ ਵਿਚ ਦੋ ਚੌਕ ਹਨ ਆਹਮੋ-ਸਾਹਮਣੇ ਹਨ, ਜਿੱਥੇ ਇਕ ਪਾਸੇ ਭਗਤ ਸਿੰਘ ਦਾ ਬੁੱਤ ਲੱਗਿਆ ਹੋਇਆ ਹੈ ਅਤੇ ਦੂਸਰੇ ਪਾਸੇ ਮਹਾਤਮਾ ਗਾਂਧੀ ਦਾ। ਵਿਨੀਪੈੱਗ ਵਿਚ 50 ਏਕੜ ਜਗ੍ਹਾ ਭਗਤ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ। ਦੁਨੀਆ ਭਰ ਦੇ ਮੁਲਕਾਂ ਵਿਚ ਭਗਤ ਸਿੰਘ ਨੂੰ ਲੈ ਕੇ ਕੁਝ ਨਾ ਕੁਝ ਦੇਖਣ ਨੂੰ ਮਿਲ ਜਾਂਦਾ ਹੈ। ਕਈ ਕੋਈ ਨਗਰ ਹੈ, ਕਿਤੇ ਕੋਈ ਚੌਕ ਹੈ, ਕਿਤੇ ਕੋਈ ਸੜਕ ਹੈ। ਕਿਤੇ ਸਟੱਡੀ ਸੈਂਟਰ ਹਨ, ਕਿਤੇ ਉਨ੍ਹਾਂ ਦੇ ਵਿਚਾਰਾਂ ਦੇ ਫੈਲਾਅ ਲਈ ਸੰਸਥਾਵਾਂ ਹਨ। ਵੱਖ-ਵੱਖ ਸਰਕਾਰਾਂ ਤੇ ਸੰਸਥਾਵਾਂ ਵੱਲੋਂ ਦਿੱਤੇ ਗਏ ਇਨਾਮ-ਸਨਮਾਨਾਂ ਤੇ ਯਾਦਾਂ ਵੀ ਬੇਅੰਤ ਹਨ।
ਕੌਣ ਹਨ ਪ੍ਰੋਫੈਸਰ ਜਗਮੋਹਣ ਸਿੰਘ
ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੀ ਛੋਟੀ ਭੈਣ ਅਮਰ ਕੌਰ ਦੇ ਪੁੱਤਰ ਤੇ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਉਹ
ਸ਼ਖ਼ਸੀਅਤ ਹਨ, ਜਿਨ੍ਹਾਂ ਭਗਤ ਸਿੰਘ ’ਤੇ ਖੋਜ ਕਾਰਜਾਂ ਵਿਚ ਆਪਣੀ ਪੂਰੀ ਉਮਰ ਲਗਾ ਦਿੱਤੀ। ਉਨ੍ਹਾਂ ਨੇ ਭਗਤ ਸਿੰਘ ਦੇ ਜੀਵਨ ਅਤੇ ਫਲਸਫੇ ’ਤੇ ਡੂੰਘੀ ਖੋਜ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਭਗਤ ਸਿੰਘ ਬਾਰੇ ਮੌਖਿਕ ਇਤਿਹਾਸ ਨੂੰ ਪੁਸ਼ਟ ਕੀਤਾ ਬਲਕਿ ਉਨ੍ਹਾਂ ਦੀ ਸਮੁੱਚੀਆਂ ਲਿਖਤਾਂ ਨੂੰ ਲੋਕਾਂ ਸਾਹਮਣੇ ਲਿਆਂਦਾ। ਭਗਤ ਸਿੰਘ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਰਹੇ ਹਰ ਸ਼ਖ਼ਸ ਅਤੇ ਹਰ ਥਾਂ ਤੱਕ ਉਨ੍ਹਾਂ ਪਹੁੰਚ ਕੀਤੀ। ਉਨ੍ਹਾਂ ਕਈ ਕਿਤਾਬਾਂ ਲਿਖੀਆਂ ਤੇ ਕਈਆਂ ਦਾ ਸੰਪਾਦਨ ਕੀਤਾ। ਸ਼ਹੀਦ-ਏ-ਆਜ਼ਮ ਦੇ ਵਿਚਾਰਾਂ ਤੇ ਜੀਵਨ ਬਾਰੇ ਜਿੰਨਾ ਗਿਆਨ ਉਨ੍ਹਾਂ ਕੋਲ ਹੈ, ਸ਼ਾਇਦ ਹੀ ਕਿਸੇ ਹੋਰ ਕੋਲ ਹੋਵੇ। ਇਸ ਕਰਕੇ ਹੀ ਉਹ ਉਨ੍ਹਾਂ ਦੇ ਵਿਚਾਰਾਂ ਨੂੰ ਜਨ-ਜਨ ਤੱਕ ਲੈ ਕੇ ਜਾਣ ਦੇ ਉਪਰਾਲੇ ਆਪਣੇ ਜਵਾਨੀ ਦੇ ਦਿਨਾਂ ਤੋਂ ਕਰ ਕਰਦੇ ਆ ਰਹੇ ਹਨ। ਪੇਸ਼ੇ ਵਜੋਂ ਇੰਜੀਨੀਅਰਿੰਗ ਦੇ ਪ੍ਰੋਫੈਸਰ ਰਹੇ ਪ੍ਰੋਫੈਸਰ ਜਗਮੋਹਣ ਸਿੰਘ ਖ਼ੁਦ ਵੀ ਜਮਹੂਰੀ ਕਾਰਕੁੰਨ ਹਨ। ਉਹ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਲੰਬੇ ਅਰਸੇ ਤੋਂ ਪ੍ਰਧਾਨ ਚੱਲੇ ਆ ਰਹੇ ਹਨ। ਇਸ ਲੇਖ ਦੀ ਸਮੁੱਚੀ ਜਾਣਕਾਰੀ ਪ੍ਰੋਫੈਸਰ ਜਗਮੋਹਣ ਸਿੰਘ ਹੋਰਾਂ ਦੇ ਹਵਾਲੇ ਤੋਂ ਹੀ ਹੈ।
- ਅਰੁਣਦੀਪ/ਹਨੀ ਸੋਢੀ