ਇੰਜ ਹੀ ਇਕ ਹੋਰ ਉਦਯੋਗਪਤੀ ਨੇ ਅੰਮ੍ਰਿਤਸਰ ਵੱਲ ਧਾਗਾ ਮਿੱਲ ਲਗਾ ਲਈ ਅਤੇ ਦਫ਼ਤਰ ਦੇ ਕਰਮਚਾਰੀ ਨੇ ਬੇਟੇ ਨੂੰ ਉਸ ਮਿੱਲ ਵਿਚ ਕੰਮ ’ਤੇ ਲਗਾ ਦਿੱਤਾ। ਮਿੱਲ ਵਾਲਿਆਂ ਨੇ ਇਕ ਵਿਦੇਸ਼ੀ ਮਸ਼ੀਨ ਮਿੱਲ ਵਿਚ ਲਗਾਈ ਹੋਈ ਸੀ ਅਤੇ ਸਾਰੇ ਕਾਰੀਗਰਾਂ ਨੂੰ ਇਹ ਹਦਾਇਤ ਸੀ ਕਿ ਸਬੰਧਤ ਕਾਰੀਗਰ ਤੋਂ ਬਿਨਾਂ ਹੋਰ ਕੋਈ ਇਸ ਮਸ਼ੀਨ ਨੂੰ ਹੱਥ ਵੀ ਨਹੀਂ ਲਗਾਏਗਾ।

ਹਰ ਮਾਤਾ-ਪਿਤਾ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਜਾਣ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣ। ਇਸ ਮੰਤਵ ਲਈ ਮਾਤਾ-ਪਿਤਾ ਆਪਣੇ ਸਾਰੇ ਸੁੱਖ ਤਿਆਗ ਕੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਕਰਦੇ ਹਨ। ਪੁਰਾਣੇ ਸਮਿਆਂ ਵਿਚ ਸਰਵਣ ਪੁੱਤਰ ਆਮ ਮਿਲ ਜਾਇਆ ਕਰਦੇ ਸਨ ਪਰ ਅੱਜ-ਕੱਲ੍ਹ ਨਹੀਂ ਮਿਲਦੇ।
ਸਭ ਕੁਝ ਕੀਤਾ ਹੋਵੇ ਤਾਂ ਵੀ ਬੱਚੇ ਕਹਿ ਦਿੰਦੇ ਹਨ ਕਿ ਮਾਪਿਆਂ ਨੇ ਉਨ੍ਹਾਂ ਲਈ ਕੀ ਕੀਤਾ? ਜਦਕਿ ਚੰਗੀ ਜ਼ਿੰਦਗੀ ਮਾਣਨ ਲਈ ਬੱਚਿਆਂ ਨੂੰ ਆਪ ਵੀ ਮਿਹਨਤ ਦੀ ਲੋੜ ਹੁੰਦੀ ਹੈ। ਭਵਿੱਖ ਚੰਗਾ ਨਾ ਬਣਨ ਦਾ ਦੋਸ਼ ਮਾਤਾ-ਪਿਤਾ ’ਤੇ ਹੀ ਨਹੀਂ ਲਗਾਇਆ ਜਾ ਸਕਦਾ। ਇਸ ਵਿਚ ਬੱਚੇ ਦੇ ਆਪਣੇ ਯੋਗਦਾਨ ਦੀ ਕਮੀ ਵੀ ਕਿਤੇ ਨਾ ਕਿਤੇ ਰਹਿੰਦੀ ਹੈ। ਮੇਰੇ ਦਫ਼ਤਰ ਦੇ ਇਕ ਕਰਮਚਾਰੀ ਨੇ ਆਪਣੇ ਇਕ ਬੱਚੇ ਨੂੰ ਟੈਕਸਟਾਈਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਵਾਇਆ।
ਉਦੋਂ ਪੰਜਾਬ ਵਿਚ ਟੈਕਸਟਾਈਲ ਦਾ ਕੰਮ ਘੱਟ ਹੋਣ ਕਰਕੇ ਉਸ ਨੇ ਆਪਣੇ ਬੱਚੇ ਨੂੰ ਪਾਨੀਪਤ ਦੀ ਇਕ ਟੈਕਸਟਾਈਲ ਮਿੱਲ ਵਿਚ ਭੇਜਣ ਦਾ ਮਨ ਬਣਾਇਆ ਅਤੇ ਇਸ ਲਈ ਉਸ ਨੇ ਇਕ ਸਿਫ਼ਾਰਸ਼ ਵੀ ਲੱਭ ਲਈ ਪਰ ਉਸ ਦੇ ਬੇਟੇ ਨੇ ਘਰੋਂ ਦੂਰ ਜਾਣ ਤੋਂ ਇਨਕਾਰ ਕਰ ਦਿੱਤਾ।
ਖ਼ੁਸ਼ਕਿਸਮਤੀ ਵਾਲੀ ਗੱਲ ਇਹ ਸੀ ਕਿ ਬਟਾਲਾ ਦੇ ਇਕ ਉਦਯੋਗਪਤੀ ਨੇ ਬਟਾਲੇ ਵਿਚ ਹੀ ਇਕ ਧਾਗਾ ਮਿੱਲ ਫੋਕਲ ਪੁਅਇੰਟ ਵਿਖੇ ਲਗਾ ਲਈ ਅਤੇ ਦਫ਼ਤਰ ਦੇ ਕਰਮਚਾਰੀ ਨੇ ਆਪਣੇ ਬੇਟੇ ਨੂੰ ਉਸ ਮਿੱਲ ਵਿਚ ਕੰਮ ’ਤੇ ਲਗਵਾ ਲਿਆ ਪਰ ਬੇਟੇ ਨੂੰ ਉਹ ਮਿੱਲ ਰਾਸ ਨਾ ਆਈ। ਉੱਥੇ ਉਸ ਨੇ ਇਕ ਕਰਮਚਾਰੀ ਯੂਨੀਅਨ ਬਣਾ ਲਈ ਅਤੇ ਆਪਣੀਆ ਮੰਗਾਂ ਲਈ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਮਿੱਲ ਮਾਲਕ ਨੇ ਦਫ਼ਤਰ ਦੇ ਕਰਮਚਾਰੀ ਨੂੰ ਉਲਾਂਭਾ ਦਿੱਤਾ। ਜਦ ਬੇਟੇ ਨੇ ਆਪਣੀ ਮਨੋਬਿਰਤੀ ਵਿਚ ਸੁਧਾਰ ਨਾ ਕੀਤਾ ਤਾਂ ਮਿੱਲ ਮਾਲਕ ਨੇ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ।
ਇੰਜ ਹੀ ਇਕ ਹੋਰ ਉਦਯੋਗਪਤੀ ਨੇ ਅੰਮ੍ਰਿਤਸਰ ਵੱਲ ਧਾਗਾ ਮਿੱਲ ਲਗਾ ਲਈ ਅਤੇ ਦਫ਼ਤਰ ਦੇ ਕਰਮਚਾਰੀ ਨੇ ਬੇਟੇ ਨੂੰ ਉਸ ਮਿੱਲ ਵਿਚ ਕੰਮ ’ਤੇ ਲਗਾ ਦਿੱਤਾ। ਮਿੱਲ ਵਾਲਿਆਂ ਨੇ ਇਕ ਵਿਦੇਸ਼ੀ ਮਸ਼ੀਨ ਮਿੱਲ ਵਿਚ ਲਗਾਈ ਹੋਈ ਸੀ ਅਤੇ ਸਾਰੇ ਕਾਰੀਗਰਾਂ ਨੂੰ ਇਹ ਹਦਾਇਤ ਸੀ ਕਿ ਸਬੰਧਤ ਕਾਰੀਗਰ ਤੋਂ ਬਿਨਾਂ ਹੋਰ ਕੋਈ ਇਸ ਮਸ਼ੀਨ ਨੂੰ ਹੱਥ ਵੀ ਨਹੀਂ ਲਗਾਏਗਾ। ਪਤਾ ਨਹੀਂ ਕਿਵੇਂ ਇਕ ਦਿਨ ਉਹ ਲੜਕਾ ਕਿਸੇ ਤਰ੍ਹਾਂ ਉਸ ਪਾਸੇ ਚਲਾ ਗਿਆ ਜਿੱਥੇ ਕਿ ਉਹ ਮਸ਼ੀਨ ਲੱਗੀ ਹੋਈ ਸੀ।
ਪਤਾ ਨਹੀਂ ਉਸ ਨੇ ਕੀ ਕੀਤਾ, ਮਸ਼ੀਨ ਚੱਲਦੀ-ਚੱਲਦੀ ਰੁਕ ਗਈ। ਭਾਵੇਂ ਉਹ ਚਲਾਕੀ ਨਾਲ ਓਥੋਂ ਨਿਕਲ ਗਿਆ ਪਰ ਮਿੱਲ ਮਾਲਕਾਂ ਨੂੰ ਪਤਾ ਲੱਗ ਗਿਆ ਕਿ ਇਹ ਕਿਸ ਦੀ ਸ਼ਰਾਰਤ ਹੈ। ਉਹ ਮਸ਼ੀਨ ਅਜਿਹੀ ਸੀ ਕਿ ਉਸ ਦੀ ਮੁਰੰਮਤ ਲਈ ਕਾਰੀਗਰ ਬਾਹਰਲੇ ਸੂਬੇ ਤੋਂ ਸੱਦਣਾ ਪੈਂਦਾ ਸੀ ਜਿਸ ’ਤੇ ਬਹੁਤ ਖ਼ਰਚਾ ਆ ਜਾਂਦਾ ਸੀ। ਭਾਵੇਂ ਸਬੰਧਤ ਕਾਰੀਗਰ ਨੇ ਮਸ਼ੀਨ ਮੁੜ ਚਾਲੂ ਕਰ ਲਈ ਪਰ ਉਸ ਸ਼ਰਾਰਤੀ ਨੂੰ ਕੰਮ ਤੋਂ ਜਵਾਬ ਮਿਲ ਗਿਆ।
ਦਫ਼ਤਰ ਦੇ ਕਰਮਚਾਰੀ ਨੇ ਉਸੇ ਮਿੱਲ ਮਾਲਕ ਦੇ ਬਟਾਲਾ ਸਥਿਤ ਦਫ਼ਤਰ ਵਿਚ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਬੇਟੇ ਨੂੰ ਵੀ ਨਾਲ ਲਗਾ ਲਿਆ। ਦਫ਼ਤਰੀ ਵਾਕਫ਼ੀਅਤ ਕਰਕੇ ਮਾਲਕਾਂ ਨੇ ਇਸ ਬਾਰੇ ਕੋਈ ਇਤਰਾਜ਼ ਨਾ ਕੀਤਾ। ਦਫ਼ਤਰ ਦੇ ਕਰਮਚਾਰੀ ਦਾ ਛੋਟਾ ਬੇਟਾ ਉਸ ਤੋਂ ਵੀ ਵੱਧ ਨਿਕਲਿਆ। ਕਹਿਣ ਲੱਗਾ ਕਿ ਉਹ ਨੌਕਰੀ ਕਰੇਗਾ ਤਾਂ ਸਰਕਾਰੀ। ਕਰਮਚਾਰੀ ਨੇ ਕਈ ਥਾਈਂ ਚਾਰਾਜੋਈ ਕੀਤੀ ਪਰ ਕਿਤੇ ਵੀ ਕੰਮ ਨਾ ਬਣਿਆ ਅਤੇ ਇਕ ਦਿਨ ਉਸ ਕਰਮਚਾਰੀ ਦੀ ਪਦਉੱਨਤੀ ਬਤੌਰ ਸੁਪਰਡੈਂਟ ਕਪੂਰਥਲੇ ਹੋ ਗਈ ਜਿੱਥੋਂ ਉਹ ਰਿਟਾਇਰ ਹੋ ਗਿਆ।
ਸੁਪਰਡੈਂਟ ਨੇ ਪੈਨਸ਼ਨ ਦੇ ਨਾਲ-ਨਾਲ ਇਕ ਦੁਕਾਨ ਵੀ ਖੋਲ੍ਹ ਲਈ ਜਿੱਥੇ ਵੱਡਾ ਬੇਟਾ ਤਾਂ ਸਾਥ ਦਿੰਦਾ ਰਿਹਾ ਪਰ ਛੋਟਾ ਬੇਟਾ ਇਹੀ ਕਹੇ ਕਿ ਨੌਕਰੀ ਕਰਨੀ ਹੈ ਤਾਂ ਸਰਕਾਰੀ। ਪਿਉ ਦੀ ਪੈਨਸ਼ਨ ਅਤੇ ਦੁਕਾਨ ਤੋਂ ਹੁੰਦੀ ਆਮਦਨ ਉਸ ਦੀਆਂ ਨਜ਼ਰਾਂ ਵਿਚ ਸੀ। ਸੁਪਰਡੈਂਟ ਨੇ ਨੌਕਰੀ ਦੌਰਾਨ ਹੀ ਆਪਣੀਆਂ ਬੇਟੀਆਂ ਅਤੇ ਵੱਡੇ ਬੇਟੇ ਦੀ ਸ਼ਾਦੀ ਤਾਂ ਕਰ ਦਿੱਤੀ ਪਰ ਛੋਟਾ ਬੇਟਾ ਕੁਆਰਾ ਹੀ ਰਿਹਾ। ਸੁਪਰਡੈਂਟ ਉਂਜ ਟੀਬੀ ਦਾ ਮਰੀਜ਼ ਸੀ ਅਤੇ ਸਿਗਰਟ ਪੀਣ ਦੀ ਆਦਤ ਵੀ ਸੀ। ਨੌਕਰੀ ਦੌਰਾਨ ਉਹ ਠੀਕ-ਠਾਕ ਰਿਹਾ ਪਰ ਰਿਟਾਇਰ ਹੋਣ ਤੋਂ ਬਾਅਦ ਕੁਝ ਸਾਲਾਂ ਉਪਰੰਤ ਅਚਾਨਕ ਉਹ ਰੱਬ ਨੂੰ ਪਿਆਰਾ ਹੋ ਗਿਆ।
ਵੱਡਾ ਬੇਟਾ ਕਬਾੜ ਦਾ ਕੰਮ ਕਰਦਾ ਸੀ ਅਤੇ ਆਪਣਾ ਗੁਜ਼ਾਰਾ ਚਲਾ ਲੈਂਦਾ ਸੀ। ਉਹ ਆਪਣੇ ਬੇਟੇ ਨੂੰ ਬੈਂਕ ਦੀ ਨੌਕਰੀ ਲਈ ਤਿਆਰ ਕਰਨ ਲੱਗਾ। ਸੁਪਰਡੈਂਟ ਦੀ ਮੌਤ ਉਪਰੰਤ ਉਸ ਦੀ ਪਤਨੀ ਨੂੰ ਫੈਮਿਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ ਪਰ ਛੋਟਾ ਲੜਕਾ ਅਜੇ ਵੀ ਕੰਮ ਕਰਨ ਦੇ ਮੂਡ ਵਿਚ ਨਹੀਂ ਸੀ। ਵੱਡਾ ਭਰਾ ਵੱਖ ਹੋ ਗਿਆ ਅਤੇ ਉਹ ਛੋਟਾ ਮਾਂ ਕੋਲ ਰਹਿ ਕੇ ਉਸ ਦੀ ਪੈਨਸ਼ਨ ਦਾ ਸੁੱਖ ਮਾਣਨ ਲੱਗਾ। ਰੱਬ ਦਾ ਭਾਣਾ, ਇਕ ਦਿਨ ਸੁਪਰਡੈਂਟ ਦੀ ਪਤਨੀ ਵੀ ਰੱਬ ਨੂੰ ਪਿਆਰੀ ਹੋ ਗਈ ਅਤੇ ਘਰ ਵਿਚ ਆਮਦਨ ਦੇ ਸਾਰੇ ਸਰੋਤ ਬੰਦ ਹੋ ਗਏ।
ਪਿਤਾ ਵੱਲੋਂ ਬਣਾਈਆਂ ਦੁਕਾਨਾਂ ਵੀ ਬੱਚਿਆਂ ਦੇ ਵਿਆਹਾਂ ਕਾਰਨ ਵੇਚਣੀਆਂ ਪਈਆਂ ਸਨ। ਵੱਡਾ ਬੇਟਾ ਮਿਹਨਤ ਕਰਦਾ ਹੈ ਤੇ ਖ਼ੁਸ਼ ਹੈ ਅਤੇ ਉਸ ਦਾ ਬੇਟਾ ਸਥਾਨਕ ਬੈਂਕ ਵਿਚ ਨੌਕਰੀ ਦਾ ਆਨੰਦ ਮਾਣ ਰਿਹਾ ਹੈ। ਛੋਟਾ ਬੇਟਾ ਜੋ ਸਰਕਾਰੀ ਨੌਕਰੀ ਹੀ ਕਰਨੀ ਲੋਚਦਾ ਸੀ, ਅੱਜ-ਕੱਲ੍ਹ ਆਪਣੇ ਕਿਸੇ ਰਿਸ਼ਤੇਦਾਰ ਦੀ ਦੁਕਾਨ ’ਤੇ ਕੰਮ ਕਰਦਾ ਹੈ।
ਕਈ ਮਾਪੇ ਜਿਉਂਦਿਆਂ ਹੀ ਆਪਣੀ ਜਾਇਦਾਦ ਬੱਚਿਆਂ ਦੇ ਨਾਂ ਲਗਾ ਦਿੰਦੇ ਹਨ ਤਾਂ ਕਿ ਅਚਾਨਕ ਇਸ ਫਾਨੀ ਸੰਸਾਰ ਤੋਂ ਤੁਰ ਜਾਣ ’ਤੇ ਬੱਚਿਆਂ ਵਿਚ ਲੜਾਈ-ਝਗੜਾ ਆਦਿ ਨਾ ਹੋਵੇ ਪਰ ਉਨ੍ਹਾਂ ਨੂੰ ਉਸ ਵੇਲੇ ਬੜਾ ਪਛਤਾਵਾ ਹੁੰਦਾ ਹੈ ਜਦ ਬੱਚੇ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ। ਇਹ ਮੁਸ਼ਕਲ ਉਸ ਪਿਤਾ ਨੂੰ ਵੀ ਆਉਂਦੀ ਹੈ ਜਦ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਪਤਨੀ ਜਿਸ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੀ ਜਾਇਦਾਦ ਦੇ ਮਾਲਕ ਹੋਣ ਦੇ ਬਾਵਜੂਦ ਬੱਚਿਆਂ ਦਾ ਧਿਆਨ ਪਿਤਾ ਜਾਂ ਮਾਤਾ ਦੀ ਪੈਨਸ਼ਨ ਵੱਲ ਹੁੰਦਾ ਹੈ।
ਉਹ ਸੋਚਦੇ ਹਨ ਕਿ ਜਦ ਉਹ ਰੋਟੀ ਉਨ੍ਹਾਂ ਕੋਲੋਂ ਖਾਂਦੇ ਹਨ ਤਾਂ ਫਿਰ ਪੈਨਸ਼ਨ ਦੇ ਪੈਸੇ ਉਨ੍ਹਾਂ ਨੇ ਕੀ ਕਰਨੇ ਹਨ। ਉਹ ਚਾਹੁੰਦੇ ਨੇ ਕਿ ਉਨ੍ਹਾਂ ਦਾ ਪਿਤਾ ਜਾਂ ਮਾਤਾ ਪੈਨਸ਼ਨ ਕਢਵਾ ਕੇ ਉਨ੍ਹਾਂ ਨੂੰ ਦੇ ਦਿਆ ਕਰਨ। ਜਦਕਿ ਪਿਤਾ ਜਾਂ ਵਿਧਵਾ ਮਾਤਾ ਪੈਸੇ ਬੱਚਿਆਂ ਦੇ ਹਵਾਲੇ ਕਰ ਕੇ ਬਾਅਦ ਵਿਚ ਹੱਥ ਅੱਡਣਾ ਨਹੀਂ ਚਾਹੁੰਦੇ। ਉਨ੍ਹਾਂ ਨੇ ਆਪਣੀਆਂ ਧੀਆਂ ਦੇ ਘਰ ਆਉਣ ਤੇ ਤੁਰਨ ਲੱਗਿਆਂ ਉਨ੍ਹਾਂ ਦੇ ਹੱਥ ’ਤੇ ਕੁਝ ਨਾ ਕੁਝ ਧਰਨਾ ਹੁੰਦਾ ਹੈ।
ਇਹ ਨਹੀਂ ਕਿ ਮਾਤਾ-ਪਿਤਾ ਆਪਣੀ ਪੈਨਸ਼ਨ ’ਚੋਂ ਉਸ ਬੱਚੇ ਨੂੰ ਕੁਝ ਨਹੀਂ ਦਿੰਦੇ ਜਿਸ ਕੋਲ ਉਹ ਰਹਿੰਦੇ ਹਨ। ਉਹ ਰਾਸ਼ਨ ਪਾਉਣ ਵਿਚ ਮਦਦ ਕਰਦੇ ਹਨ ਅਤੇ ਆਏ-ਗਏ ਆਪਣੇ ਰਿਸ਼ਤੇਦਾਰਾਂ ਦੀ ਸੇਵਾ ’ਤੇ ਖ਼ਰਚ ਕਰਦੇ ਹਨ। ਰਿਸ਼ਤੇਦਾਰਾਂ ਦੇ ਬੱਚਿਆਂ ਦੇ ਵਿਆਹ-ਸ਼ਾਦੀਆਂ ’ਤੇ ਲੈਣ-ਦੇਣ ’ਤੇ ਸਾਰਾ ਖ਼ਰਚਾ ਕਰਦੇ ਹਨ। ਏਨਾ ਕੁਝ ਹੁੰਦੇ ਹੋਏ ਵੀ ਜੇਕਰ ਬੱਚੇ ਆਪਣੇ ਮਾਪਿਆਂ ਨਾਲ ਨਾਰਾਜ਼ ਰਹਿਣ ਤਾਂ ਇਹ ਠੀਕ ਨਹੀਂ ਹੈ।
ਬੱਚੇ ਇਹ ਕਿਉਂ ਨਹੀਂ ਸਮਝਦੇ ਕਿ ਉਨ੍ਹਾਂ ਨੇ ਵੀ ਇਕ ਦਿਨ ਮਾਤਾ-ਪਿਤਾ ਵਾਂਗ ਬਿਰਧ ਹੋਣਾ ਹੈ ਅਤੇ ਬੱਚੇ ਜੋ ਵੇਖਦੇ ਹਨ, ਵੱਡੇ ਹੋ ਕੇ ਉਹੀ ਕਰਦੇ ਹਨ। ਪੈਨਸ਼ਨਰ ਮਾਤਾ-ਪਿਤਾ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਵਾਂਗ ਹੁੰਦੇ ਹਨ। ਜਦ ਤੱਕ ਉਹ ਜਿਉਂਦੇ ਹਨ ਤਦ ਤੱਕ ਬੱਚੇ ਉਨ੍ਹਾਂ ਦੀ ਪੈਨਸ਼ਨ ਦਾ ਸੁੱਖ ਮਾਣਦੇ ਹਨ ਪਰ ਜਿਸ ਦਿਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ ਤਾਂ ਉਨ੍ਹਾਂ ਦੀ ਪੈਨਸ਼ਨ ਦਾ ਸੁੱਖ ਮਾਣਨ ਵਾਲੇ ਬੱਚੇ ਹੱਥ ਮਲਦੇ ਰਹਿ ਜਾਂਦੇ ਹਨ।
-ਅਜੀਤ ਕਮਲ
-ਮੋਬਾਈਲ : 94173-76895