ਉੱਥੇ ਰੱਖੇ ਵਾਟਰ ਕੂਲਰ ਦੀ ਟੂਟੀ ਖੋਲ੍ਹ ਕੇ ਫਰਸ਼ ’ਤੇ ਪਾਣੀ ਡੋਲ੍ਹਣ ਲੱਗਦਾ। ਮੈਂ ਸੋਚ ਰਿਹਾ ਸੀ ਕਿ ਜੇ ਇੰਨੀ ਛੋਟੀ ਉਮਰ ਵਿਚ ਹੀ ਇਹ ਬੱਚਾ ਬੇਕਾਬੂ ਹੈ ਤਾਂ ਵੱਡਾ ਹੋ ਕੇ ਤਾਂ ਇਹ ਹੋਰਾਂ ਦਾ ਜਿਉਣਾ ਮੁਹਾਲ ਕਰ ਦੇਵੇਗਾ। ਇਸ ਨੂੰ ਘਰ ਵਿਚ ਕਿਵੇਂ ਸਾਂਭਦੇ ਹੋਣਗੇ? ਹੋਰ ਬੱਚਿਆਂ ਨਾਲ ਇਸ ਦਾ ਵਤੀਰਾ ਕਿਹੋ ਜਿਹਾ ਹੋਵੇਗਾ?

ਮੈਂ ਆਪਣੀ ਬਿਮਾਰ ਛੋਟੀ ਦੋਹਤਰੀ ਨੂੰ ਬੱਚਿਆਂ ਦੇ ਡਾਕਟਰ ਕੋਲ ਲੈ ਕੇ ਗਿਆ। ਮੇਰੇ ਵਾਂਗ ਹੀ ਇਕ ਬਜ਼ੁਰਗ ਔਰਤ ਆਪਣੇ ਚਾਰ ਕੁ ਸਾਲਾ ਪੋਤਰੇ ਨੂੰ ਦਿਖਾਉਣ ਆਈ ਹੋਈ ਸੀ। ਉਹ ਬੱਚਾ ਬੜੀਆਂ ਅਜੀਬੋ-ਗ਼ਰੀਬ ਹਰਕਤਾਂ ਕਰ ਰਿਹਾ ਸੀ। ਉਹ ਕਦੇ ਕਿਸੇ ਹੋਰ ਮਰੀਜ਼ ਹੱਥੋਂ ਉਸ ਦਾ ਮੋਬਾਈਲ ਜਾਂ ਪਰਸ ਖੋਹਣ ਲੱਗਦਾ, ਨੇੜੇ-ਤੇੜੇ ਪਈਆਂ ਵਸਤਾਂ ਨੂੰ ਉਲਟਣ-ਪਲਟਣ ਲੱਗਦਾ ਤੇ ਕਦੇ ਬਾਹਰ ਵੱਲ ਨੂੰ ਦੌੜਦਾ।
ਉੱਥੇ ਰੱਖੇ ਵਾਟਰ ਕੂਲਰ ਦੀ ਟੂਟੀ ਖੋਲ੍ਹ ਕੇ ਫਰਸ਼ ’ਤੇ ਪਾਣੀ ਡੋਲ੍ਹਣ ਲੱਗਦਾ। ਮੈਂ ਸੋਚ ਰਿਹਾ ਸੀ ਕਿ ਜੇ ਇੰਨੀ ਛੋਟੀ ਉਮਰ ਵਿਚ ਹੀ ਇਹ ਬੱਚਾ ਬੇਕਾਬੂ ਹੈ ਤਾਂ ਵੱਡਾ ਹੋ ਕੇ ਤਾਂ ਇਹ ਹੋਰਾਂ ਦਾ ਜਿਉਣਾ ਮੁਹਾਲ ਕਰ ਦੇਵੇਗਾ। ਇਸ ਨੂੰ ਘਰ ਵਿਚ ਕਿਵੇਂ ਸਾਂਭਦੇ ਹੋਣਗੇ? ਹੋਰ ਬੱਚਿਆਂ ਨਾਲ ਇਸ ਦਾ ਵਤੀਰਾ ਕਿਹੋ ਜਿਹਾ ਹੋਵੇਗਾ? ਉੱਥੇ ਬੈਠੇ ਸਾਰੇ ਮਰੀਜ਼ ਉਸ ਬੱਚੇ ਦੀਆਂ ਹਰਕਤਾਂ ਕਾਰਨ ਤੰਗ-ਪਰੇਸ਼ਾਨ ਨਜ਼ਰ ਆ ਰਹੇ ਸਨ।
ਇੰਨਾ ਸ਼ਰਾਰਤੀ ਬੱਚਾ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖ ਰਿਹਾ ਸਾਂ। ਇੰਜ ਲੱਗਦਾ ਸੀ ਕਿ ਉਸ ਬੱਚੇ ਨੂੰ ਬੇਲੋੜੇ ਲਾਡ-ਪਿਆਰ ਨੇ ਵਿਗਾੜ ਦਿੱਤਾ ਹੈ। ਅਚਾਨਕ ਜਦੋਂ ਉਸ ਬੱਚੇ ਨੇ ਮੇਰੀ ਬਿਮਾਰ ਦੋਹਤਰੀ ਦੀ ਬਾਂਹ ਫੜ ਕੇ ਖਿੱਚਣ ਅਤੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਥੋਂ ਬਰਦਾਸ਼ਤ ਨਾ ਹੋਇਆ ਤੇ ਮੈਨੂੰ ਸੁਭਾਵਕ ਤੌਰ ’ਤੇ ਗੁੱਸਾ ਆ ਗਿਆ। ਇਸ ਤੋਂ ਪਹਿਲਾਂ ਕਿ ਮੈਂ ਭਰਿਆ ਪੀਤਾ ਬਿਰਧ ਮਾਤਾ ਨੂੰ ਕੁਝ ਕਹਿੰਦਾ, ਮੇਰਾ ਨੰਬਰ ਆ ਗਿਆ ਅਤੇ ਮੈਂ ਦੋਹਤਰੀ ਨੂੰ ਨਾਲ ਲੈ ਕੇ ਡਾਕਟਰ ਦੇ ਕਮਰੇ ਵੱਲ ਵਧ ਗਿਆ।
ਮੈਂ ਅਜੇ ਡਾਕਟਰ ਦੇ ਮੇਜ਼ ਦੇ ਸਾਹਮਣੇ ਵਾਲੀ ਕੁਰਸੀ ’ਤੇ ਬੈਠਾ ਹੀ ਸਾਂ ਕਿ ਉਹੀ ਬੱਚਾ ਆਪਣੀ ਦਾਦੀ ਦੀ ਬਾਂਹ ਫੜ ਕੇ ਉਸ ਨੂੰ ਘੜੀਸਦਾ ਹੋਇਆ ਡਾਕਟਰ ਵਾਲੇ ਕਮਰੇ ਅੰਦਰ ਆ ਵੜਿਆ। ਉਸ ਨੂੰ ਵੇਖ ਕੇ ਮੈਂ ਆਪਣੇ ਗੁੱਸੇ ’ਤੇ ਮਸਾਂ ਕਾਬੂ ਕਰਦਿਆਂ ਨਿਮਰਤਾ ਨਾਲ ਕਿਹਾ, “ਡਾਕਟਰ ਸਾਹਿਬ, ਪਹਿਲਾਂ ਇਸ ਬੱਚੇ ਨੂੰ ਹੀ ਚੈੱਕ ਕਰ ਲਵੋ, ਮਾਤਾ ਜੀ ਇਸ ਕਾਰਨ ਡਾਹਢੇ ਪਰੇਸ਼ਾਨ ਹਨ।” ਡਾਕਟਰ ਨੇ ਮੇਰੀ ਗੱਲ ਨਾਲ ਸਹਿਮਤ ਹੁੰਦਿਆਂ ਬੱਚੇ ਨੂੰ ਆਪਣੇ ਨੇੜੇ ਰੱਖੇ ਗੋਲ ਜਿਹੇ ਸਟੀਲ ਦੇ ਸਟੂਲ ’ਤੇ ਬੈਠਣ ਲਈ ਕਿਹਾ ਪਰ ਬੱਚੇ ਨੇ ਤਾਂ ਬੈਠਣ ਦੀ ਥਾਂ ਡਾਕਟਰ ਦੇ ਗਲ ਵਿਚ ਲਮਕਦੇ ਸਟੈਥਸਕੋਪ ਨੂੰ ਹੀ ਹੱਥ ਪਾ ਲਿਆ। ਡਾਕਟਰ ਬੜਾ ਸਹਿਣਸ਼ੀਲ ਸੀ। ਉਸ ਨੇ ਵੀ ਝੱਟ ਆਪਣਾ ਸਟੈਥਸਕੋਪ ਲਾਹ ਕੇ ਬੱਚੇ ਦੇ ਗਲ ਵਿਚ ਪਾ ਦਿੱਤਾ ਤੇ ਉਸ ਨੂੰ ਪੁਚਕਾਰਦਿਆਂ ਨੇੜੇ ਬੈਠੀ ਬਿਰਧ ਮਾਤਾ ਤੋਂ ਬੱਚੇ ਦੀ ਬਿਮਾਰੀ ਬਾਬਤ ਪੁੱਛਿਆ।
ਰੋਣਹਾਕੀ ਹੋਈ ਬਿਰਧ ਮਾਤਾ ਮੱਧਮ ਸੁਰ ਵਿਚ ਬੋਲ ਰਹੀ ਸੀ, “ਡਾਕਟਰ ਜੀ, ਇਹ ਬੱਚਾ ਨਾ ਢੰਗ ਨਾਲ ਕੁਝ ਖਾਂਦਾ-ਪੀਂਦਾ ਹੈ, ਨਾ ਆਪ ਪੂਰੀ ਨੀਂਦ ਸੌਂਦਾ ਹੈ ਤੇ ਨਾ ਹੀ ਸਾਡੀ ਅੱਖ ਲੱਗਣ ਦਿੰਦਾ ਹੈ। ਬਹੁਤ ਹੀ ਚਿੜਚਿੜਾ ਤੇ ਆਪ-ਮੁਹਾਰਾ ਹੋ ਗਿਆ ਹੈ। ਪਹਿਲਾਂ ਹੱਥ ਵਿਚ ਮੋਬਾਈਲ ਲੈ ਕੇ ਕੁਝ ਦੇਰ ਸ਼ਾਂਤ ਹੋ ਜਾਂਦਾ ਸੀ, ਹੁਣ ਉਸ ਵੱਲ ਵੀ ਧਿਆਨ ਨਹੀਂ ਦਿੰਦਾ। ਦੁੱਖੀ ਕਰ ਰੱਖਿਆ ਹੈ ਇਸ ਨੇ ਮੈਨੂੰ ਇਸ ਉਮਰ ਵਿਚ।”
ਇਹ ਕਹਿੰਦਿਆਂ ਬਿਰਧ ਮਾਤਾ ਜਿਵੇਂ ਫਿਸ ਪਈ ਸੀ।“ਤੁਸੀਂ ਇਸ ਬੱਚੇ ਦੇ ਕੀ ਲੱਗਦੇ ਹੋ?” ਡਾਕਟਰ ਨੇ ਪੁੱਛਿਆ। ਮਾਤਾ ਬੋਲੀ, “ਦਾਦੀ ਲੱਗਦੀ ਹਾਂ ਜੀ, ਪੋਤਰਾ ਹੈ ਇਹ ਮੇਰਾ।” ਡਾਕਟਰ ਨੇ ਫਿਰ ਪੁੱਛਿਆ, ‘‘ਇਸ ਬੱਚੇ ਦੇ ਮਾਤਾ-ਪਿਤਾ ਕਿੱਥੇ ਨੇ?” ਮਾਤਾ ਨੇ ਦੱਸਿਆ ਕਿ ਉਹ ਤਾਂ ਵਿਦੇਸ਼ ਵਿਚ ਨੇ। ਡਾਕਟਰ ਨੇ ਹੈਰਾਨ ਹੁੰਦਿਆਂ ਕਿਹਾ,“ਬੱਚੇ ਨੂੰ ਛੱਡ ਕੇ ਉੱਥੇ ਕਿਉਂ?” ਮਾਤਾ ਨੇ ਕਿਹਾ, “ਆਪਣੇ ਕੰਮਕਾਜ ਕਰਕੇ, ਤੁਹਾਨੂੰ ਪਤਾ ਹੈ ਕਿ ਇੱਥੇ ਪੜ੍ਹ-ਲਿਖ ਕੇ ਵੀ ਚੱਜ ਦੀਆਂ ਨੌਕਰੀਆਂ ਕਿੱਥੇ ਨੇ? ਉੱਥੇ ਪੱਕੇ ਹੋਣ ’ਤੇ ਇਸ ਨੂੰ ਨਾਲ ਲੈ ਜਾਣਗੇ।” ਡਾਕਟਰ ਨੇ ਬੱਚੇ ਦੀ ਉਮਰ ਪੁੱਛੀ ਤਾਂ ਜਵਾਬ ਮਿਲਿਆ, ‘‘ਚਾਰ ਸਾਲਾਂ ਦਾ ਹੋ ਗਿਆ ਹੈ।” ਡਾਕਟਰ ਫਿਰ ਸਵਾਲ ਕੀਤਾ, ‘‘ਕਦੋਂ ਦੇ ਗਏ ਨੇ ਇਸ ਬੱਚੇ ਦੇ ਮਾਂ-ਬਾਪ ਇਸ ਨੂੰ ਤੁਹਾਡੇ ਹਵਾਲੇ ਕਰ ਕੇ?”
“ਡਾਕਟਰ ਸਾਬ੍ਹ, ਉਦੋਂ ਇਹ ਮਸਾਂ ਸਾਲ ਕੁ ਦਾ ਹੋਵੇਗਾ। ਸਾਨੂੰ ਹੀ ਮੰਮੀ-ਪਾਪਾ ਕਹਿੰਦਾ ਹੈ। ਮਾਂ-ਪਿਉ ਨੂੰ ਢੰਗ ਨਾਲ ਸਿਆਣਦਾ ਵੀ ਨਹੀਂ। ਹਾਂ ਮਾਂ ਨੂੰ ਜ਼ਰੂਰ ਥੋੜ੍ਹਾ-ਥੋੜ੍ਹਾ ਪਛਾਣ ਲੈਂਦਾ ਹੈ। ਮਾਂ ਆਖ਼ਰ ਮਾਂ ਹੀ ਹੁੰਦੀ ਹੈ, ਉਸ ਨੂੰ ਮਾਂ ਕਹਿ ਕੇ ਨਾ ਵੀ ਪੁਕਾਰੇ ਪਰ ਇਕ ਕੁਦਰਤੀ ਖਿੱਚ ਤਾਂ ਹੁੰਦੀ ਹੀ ਹੈ ਨਾ। ਬੇਸ਼ੱਕ ਇਹ ਸਾਡੇ ਹੱਥਾਂ ਵਿਚ ਹੀ ਪਲ ਰਿਹਾ ਹੈ। ਅਸੀਂ ਲੱਖ ਲਾਡ-ਪਿਆਰ ਲਡਾਈਏ, ਪਰ ਮਾਂ ਵਾਲਾ ਪਿਆਰ ਤੇ ਸੁੱਖ ਨਹੀਂ ਦੇ ਸਕਦੇ।”
ਬਿਰਧ ਔਰਤ ਜਿਵੇਂ ਆਪਣੀ ਲਾਚਾਰੀ ਪ੍ਰਗਟ ਕਰ ਰਹੀ ਸੀ। “ਸਕੂਲ ਜਾਂਦਾ ਹੈ ਇਹ ਬੱਚਾ?” ਡਾਕਟਰ ਨੇ ਬਿਰਧ ਮਾਤਾ ਨੂੰ ਵਿਚਾਲੇ ਹੀ ਟੋਕਦਿਆਂ ਅਗਲਾ ਸਵਾਲ ਕੀਤਾ। “ਇਸ ਦੇ ਦਾਦੂ ਪਲੇਵੇਅ ਸਕੂਲ ਵਿਚ ਛੱਡ ਆਉਂਦੇ ਨੇ ਪਰ ਉੱਥੋਂ ਵੀ ਇਸ ਦੀਆਂ ਬਹੁਤ ਸ਼ਿਕਾਇਤਾਂ ਆਉਂਦੀਆਂ ਨੇ?” ਡਾਕਟਰ ਪੁੱਛਣ ਲੱਗਾ, ‘‘ਕਿਹੋ ਜਿਹੀਆਂ ਸ਼ਿਕਾਇਤਾਂ ?” ਬਿਰਧ ਮਾਤਾ ਨੇ ਦੱਸਿਆ ਕਿ ਇਸ ਦੀ ਟੀਚਰ ਕਹਿੰਦੀ ਹੈ ਕਿ ਕਲਾਸਰੂਮ ਵਿਚ ਇਹ ਬਹੁਤ ਪ੍ਰੋਬਲਮ ਖੜ੍ਹੀ ਕਰਦਾ ਹੈ। ਉਸ ਦਾ ਕਹਿਣਾ ਨਹੀਂ ਮੰਨਦਾ, ਨਿੱਕੀ-ਨਿੱਕੀ ਗੱਲ ’ਤੇ ਗੁੱਸਾ ਹੋ ਜਾਂਦਾ ਹੈ। ਚੀਕਾਂ ਮਾਰਦਾ ਹੈ। ਨਾਲ ਦੇ ਬੱਚਿਆਂ ਨਾਲ ਝਗੜਦਾ ਹੈ। ਉਨ੍ਹਾਂ ਨਾਲ ਮਾਰ-ਕੁਟਾਈ ਕਰਦਾ ਹੈ। ਸਕੂਲ ਦੇ ਖਿਡੌਣਿਆਂ ਨਾਲ ਖੇਡਣ ਦੀ ਥਾਂ ਉਨ੍ਹਾਂ ਦੀ ਭੰਨ-ਤੋੜ ਕਰਦਾ ਹੈ। ਫਿਰ ਘਰ ਆ ਕੇ ਸਾਡਾ ਜਿਉਣਾ ਹਰਾਮ ਕਰ ਛੱਡਦਾ ਹੈ। ਅਸੀਂ ਡਾਹਢੇ ਪਰੇਸ਼ਾਨ ਹਾਂ ਇਸ ਬੱਚੇ ਤੋਂ।
ਮੈਂ ਸੁੱਖ ਨਾਲ ਦੋ ਲੜਕੇ ਤੇ ਦੋ ਲੜਕੀਆਂ ਪਾਲੀਆਂ, ਉਨ੍ਹਾਂ ਤੋਂ ਕਦੇ ਇਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ।” ਬਿਰਧ ਔਰਤ ਦੁਖੀ ਤੇ ਪਰੇਸ਼ਾਨੀ ਵਾਲੀ ਸੁਰ ਵਿਚ ਬੋਲ ਰਹੀ ਸੀ। ਬੜੇ ਧਿਆਨ ਨਾਲ ਬੱਚੇ ਦੀਆਂ ਹਰਕਤਾਂ ਵੱਲ ਦੇਖਦੇ ਅਤੇ ਮਾਤਾ ਦੀਆਂ ਗੱਲਾਂ ਤੋਂ ਉਸ ਦਾ ਦੁੱਖ ਮਹਿਸੂਸ ਕਰਦਿਆਂ ਡਾਕਟਰ ਨੇ ਕਿਹਾ, “ ਮਾਤਾ ਜ਼ਰਾ ਇਸ ਦੀ ਮੰਮੀ ਨਾਲ ਵੀਡੀਓ ਕਾਲ ਤਾਂ ਮਿਲਾਓ।” ਫੋਨ ਮਿਲਦਿਆਂ ਹੀ ਮੋਬਾਈਲ ਦੀ ਸਕਰੀਨ ’ਤੇ ਬੱਚੇ ਦੀ ਮਾਂ ਦਿਸੀ। ਡਾਕਟਰ ਨੇ ਮੋਬਾਈਲ ਬੱਚੇ ਵੱਲ ਵਧਾਉਂਦਿਆ ਕਿਹਾ, “ਲਓ ਬੇਟਾ, ਆਪਣੀ ਮੰਮਾ ਨਾਲ ਗੱਲ ਕਰੋ।” ਬੱਚਾ ਆਪਣੇ ਛੋਟੇ-ਛੋਟੇ ਹੱਥਾਂ ਵਿਚ ਮੋਬਾਈਲ ਫੜ ਕੇ ਕੁਝ ਦੇਰ ਸਕਰੀਨ ’ਤੇ ਦਿਸਦੇ ਚਿਹਰੇ ਵੱਲ ਘੂਰਦਾ ਰਿਹਾ। “ ਹੈਲੋ ਬੇਟਾ, ਕੈਸੇ ਹੋ?
ਸਕੂਲ ਜਾਂਦੇ ਹੋ? ਦਾਦੀ-ਦਾਦੂ ਨੂੰ ਤੰਗ ਤਾਂ ਨਹੀਂ ਕਰਦੇ ਨਾ? ਮੈਂ ਜਲਦੀ ਹੀ ਆਵਾਂਗੀ ਤੇ ਆਪਣੇ ਬੱਚੇ ਨੂੰ ਨਾਲ ਲੈ ਆਵਾਂਗੀ ਆਪਣੇ ਕੋਲ।” ਸਕਰੀਨ ਵਾਲੀ ਔਰਤ ਬੋਲ ਰਹੀ ਸੀ। ਬੱਚਾ ਕੁਝ ਦੇਰ ਹੌਲੀ ਦੇਣੀ ਸਕਰੀਨ ’ਤੇ ਆਪਣਾ ਨਾਜ਼ੁਕ ਹੱਥ ਫੇਰਦਾ ਰਿਹਾ ਜਿਵੇਂ ਉਹ ਆਪਣੀ ਮਾਂ ਦੇ ਚਿਹਰੇ ਨੂੰ ਸਪਰਸ਼ ਕਰਨਾ ਚਾਹੁੰਦਾ ਹੋਵੇ। ਫਿਰ ਅਚਾਨਕ ਉਸ ਨੇ ਗੁੱਸੇ ਵਿਚ ਆ ਕੇ ਮੋਬਾਈਲ ਫਰਸ਼ ’ਤੇ ਵਗਾਹ ਮਾਰਿਆ।
ਇਹ ਵੇਖ ਕੇ ਡਾਕਟਰ ਨੇ ਕਿਹਾ, ‘‘ਤੁਹਾਡਾ ਬੱਚਾ ਡੀਪੀਐੱਸ (ਡਿਜੀਟਲ ਪੇਰੈਂਟਿੰਗ ਸਿੰਡਰੋਮ) ਦਾ ਸ਼ਿਕਾਰ ਹੋ ਗਿਆ ਹੈ। ਸੌਰੀ, ਮੇਰੇ ਕੋਲ ਇਸ ਦਾ ਕੋਈ ਇਲਾਜ ਨਹੀਂ ਹੈ।” ਇਹ ਗੱਲ ਸੁਣ ਕੇ ਬੱਚੇ ਦੀ ਦਾਦੀ ਕਹਿਣ ਲੱਗੀ, ‘‘ਹੁਣ ਇਸ ਨੂੰ ਕਿੱਥੇ ਦਿਖਾਈਏ ਡਾਕਟਰ ਸਾਬ੍ਹ?” ਡਾਕਟਰ ਨੇ ਕਿਹਾ,“ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ, ਜਿੰਨੀ ਛੇਤੀ ਹੋ ਸਕੇ ਇਸ ਬੱਚੇ ਨੂੰ ਇਸ ਦੇ ਮਾਂ-ਬਾਪ ਕੋਲ ਪਹੁੰਚਾ ਦਿਉ, ਮੈਨੂੰ ਤਾਂ ਇਹੋ ਇੱਕੋ-ਇੱਕ ਹੱਲ ਜਾਪਦਾ ਹੈ।” ਹੁਣ ਮੈਨੂੰ ਉਸ ਬੱਚੇ ’ਤੇ ਬਹੁਤ ਤਰਸ ਆ ਰਿਹਾ ਸੀ।
-ਡਾ. ਧਰਮਪਾਲ ਸਾਹਿਲ
-ਮੋਬਾਈਲ : 98761-56964