ਅਠਾਰਾਂ ਸਤੰਬਰ 1992 ਨੂੰ ਇਕ ਬੰਬ ਚਲਾ ਕੇ ਨੌਂ ਹੜਤਾਲੀ ਕਰਮਚਾਰੀ ਉੱਤਰ-ਪੱਛਮ ਖੇਤਰ ਵਿਚ ਮਾਰ ਦਿੱਤੇ ਗਏ। ਪੰਜ ਅਪ੍ਰੈਲ 1996 ਨੂੰ ਮਾਰਕ ਚਾਹਲ ਨੇ ਆਪਣੀ ਸਾਲੀ ਦੀ ਸ਼ਾਦੀ ’ਤੇ ਵਰਨਨ, ਬ੍ਰਿਟਿਸ਼ ਕੋਲੰਬੀਆ ਵਿਖੇ ਨੌ ਰਿਸ਼ਤੇਦਾਰਾਂ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿਚ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ ਸੀ। ਪੰਜ ਅਪ੍ਰੈਲ 2014 ਨੂੰ ਮਾਨਸਿਕ ਰੋਗੀ ਮੈਥੀਓ ਡੀ ਗੁਰੂਡ ਨੇ ਘਰੇਲੂ ਸਮਾਰੋਹ ਵਿਚ ਪੰਜ ਵਿਅਕਤੀ ਛੁਰਾ ਮਾਰ ਕੇ ਜ਼ਖ਼ਮੀ ਕਰ ਦਿੱਤੇ ਸਨ।

ਇਸ ਮਹੀਨੇ ਦੀ 10 ਤਰੀਕ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਸ਼ਹਿਰ ਤੋਂ 670 ਕਿੱਲੋਮੀਟਰ ਉੱਤਰ-ਪੂਰਬ ਵਿਚ ਲਗਪਗ 2400 ਵਿਅਕਤੀਆਂ ਦੀ ਆਬਾਦੀ ਵਾਲੇ ਖ਼ੂਬਸੂਰਤ ਕਸਬੇ ਟੰਬਲਰ ਰਿਜ ਦੇ ਸੈਕੰਡਰੀ ਸਕੂਲ ਵਿਚ ਗੋਲ਼ੀਬਾਰੀ ਹੋਈ। ਅਠਾਰਾਂ ਸਾਲਾਂ ਦੀ ਕਿਸ਼ੋਰ ਲੜਕੀ ਜੈਸੀ ਵਾਨ ਰੂਟਸਲਾਰ ਇਕ ਬੰਦੂਕ ਤੇ ਇਕ ਸਵੈ-ਚਾਲਕ ਪਿਸਟਲ ਨਾਲ ਦੁਪਹਿਰ 1 ਵਜੇ ਤੋਂ ਬਾਅਦ ਸਕੂਲ ਪੁੱਜਦੀ ਹੈ ਤੇ ਗੋਲ਼ੀਬਾਰੀ ਸ਼ੁਰੂ ਕਰ ਦਿੰਦੀ ਹੈ। ਇਸ ਘਟਨਾ ’ਚ ਅੱਠ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਤ ਹੋ ਜਾਂਦੀ ਹੈ ਅਤੇ 25 ਜ਼ਖ਼ਮੀ ਹੋ ਜਾਂਦੇ ਹਨ। ਇਸ ਤੋਂ ਬਾਅਦ ਉਹ ਆਪਣੇ-ਆਪ ਨੂੰ ਗੋਲ਼ੀ ਮਾਰ ਕੇ ਹਲਾਕ ਕਰ ਲੈਂਦੀ ਹੈ। ਇਸ ਘਿਨਾਉਣੇ ਕਾਰਨਾਮੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰੋਂ ਚੱਲਣ ਵੇਲੇ ਉਹ ਆਪਣੇ 11 ਸਾਲਾ ਸੌਤੇਲੇ ਭਰਾ ਅਤੇ 39 ਸਾਲਾ ਮਾਂ ਦਾ ਕਤਲ ਕਰ ਦਿੰਦੀ ਹੈ। ਪੁਲਿਸ ਨੂੰ 1:20 ਵਜੇ ਇਤਲਾਹ ਦਿੱਤੀ ਜਾਂਦੀ ਹੈ ਅਤੇ ਦੋ ਮਿੰਟ ਵਿਚ ਹੀ ਪੁਲਿਸ ਘਟਨਾ ਸਥਾਨ ’ਤੇ ਪੁੱਜ ਜਾਂਦੀ ਹੈ। ਜੇਕਰ ਪੁਲਿਸ ਜ਼ਰਾ ਵੀ ਦੇਰੀ ਕਰ ਦਿੰਦੀ ਤਾਂ ਸ਼ਾਇਦ ਇਹ ਮਾਨਸਿਕ ਤੌਰ ’ਤੇ ਬਿਮਾਰ ਲੜਕੀ ਪਤਾ ਨਹੀਂ ਕਿੰਨੇ ਹੋਰ ਲੋਕਾਂ ਨੂੰ ਮਾਰ ਦਿੰਦੀ?
ਕਿਹਾ ਜਾ ਰਿਹਾ ਹੈ ਕਿ ਜੈਸੀ ਜਨਮ ਵੇਲੇ ਇਕ ਲੜਕਾ ਸੀ ਜੋ ਬਾਅਦ ਵਿਚ ਸੈਕਸ ਤਬਦੀਲੀ ਰਾਹੀਂ ਲੜਕੀ ਬਣ ਗਿਆ। ਉਸ ਦਾ ਕੱਦ ਆਮ ਬੱਚਿਆਂ ਨਾਲੋਂ ਬਹੁਤ ਲੰਬਾ ਸੀ। ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲੱਗੀ। ਉਸ ਦੇ ਘਰ ਵਿਚ ਪੰਜ ਬੰਦੂਕਾਂ ਤੇ ਕਾਫ਼ੀ ਗੋਲੀ-ਸਿੱਕਾ ਸੀ। ਉਹ ਅਕਸਰ ਇਨ੍ਹਾਂ ਨੂੰ ਫੜ ਕੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾਈ ਜਾਂਦੀ। ਉਸ ਦੀਆਂ ਮਾਨਸਿਕ ਬਿਮਾਰੀ ਵਾਲੀਆਂ ਹਰਕਤਾਂ ਕਰਕੇ 14 ਸਾਲ ਦੀ ਉਮਰ ਵਿਚ ਉਸ ਦਾ ਸਕੂਲ ਵਿਚ ਦਾਖ਼ਲਾ ਬੰਦ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਉਸ ਨੂੰ ਕੁਝ ਸਮੇਂ ਲਈ ਹਸਪਤਾਲ ਵਿਚ ਦਾਖ਼ਲ ਵੀ ਕਰਾਇਆ ਗਿਆ ਸੀ। ਉਸ ਕੋਲ ਬੰਦੂਕ ਦਾ ਇਕ ਲਾਇਸੈਂਸ ਵੀ ਸੀ ਜਿਸ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਸਕੂਲ ਵਿਚ ਕਤਲੇਆਮ ਦੀ ਘਟਨਾ ਵੇਲੇ ਉਸ ਨੇ ਹਥਿਆਰ ਕਿੱਥੋਂ ਪ੍ਰਾਪਤ ਕੀਤੇ, ਇਸ ਦੀ ਜਾਣਕਾਰੀ ਅਜੇ ਮਿਲਣੀ ਬਾਕੀ ਹੈ।
ਇਸ ਕਤਲੇਆਮ ਉਪਰੰਤ ਪੂਰਾ ਕੈਨੇਡਾ ਆਪਣੇ ਪੀੜਤ ਪਰਿਵਾਰਾਂ ਅਤੇ ਟੰਬਲਰ ਰਿਜ ਕਸਬੇ ਨਾਲ ਖੜ੍ਹਾ ਦਿਖਾਈ ਦਿੱਤਾ। ਕੈਨੇਡਾ ਦੀ ਸਿਆਸੀ ਲੀਡਰਸ਼ਿਪ ਆਪਣੇ ਲੋਕਾਂ ਦੇ ਦੁੱਖ ਅਤੇ ਦਰਦ ਪ੍ਰਤੀ ਕਿੰਨੀ ਸੰਵੇਦਨਸ਼ੀਲ ਹੈ, ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਇਸ ਦੁੱਖ ਦੀ ਘੜੀ ਵਿਚ ਪਾਰਲੀਮੈਂਟਰੀ ਕਮੇਟੀਆਂ ਨੇ ਆਪਣਾ ਕੰਮ ਠੱਪ ਕਰ ਦਿੱਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜਰਮਨੀ ਵਿਖੇ ਹੋ ਰਹੀ ਇਕ ਪ੍ਰਮੁੱਖ ਸੁਰੱਖਿਆ ਕਾਨਫਰੰਸ ’ਚ ਜਾਣਾ ਮੁਲਤਵੀ ਕਰ ਦਿੱਤਾ। ਹਾਊਸ ਆਫ ਕਾਮਨਜ਼ ਦੀ ਕਾਰਵਾਈ ਰੋਕ ਦਿੱਤੀ ਗਈ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾ ਵਿਚ ਮਾਰੇ ਗਏ ਅਤੇ ਜ਼ਖ਼ਮੀ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇਸ ਔਖੀ ਘੜੀ ਵਿਚ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ ਤੇ ਮਾਰੇ ਗਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਕਾਰਨੀ ਨੇ ਪੀੜਤ ਪਰਿਵਾਰਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਟੰਬਲਰ ਰਿਜ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਨਾਲ ਸਾਰਾ ਕੈਨੇਡਾ ਖੜ੍ਹਾ ਹੈ। ਵਿਰੋਧੀ ਧਿਰ ਦੇ ਆਗੂ ਪੈਰੇ ਪੁਲੀਵਰ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਸ਼ਬਦ ਨਹੀਂ ਹਨ ਜੋ ਪੀੜਤ ਪਰਿਵਾਰਾਂ ਨੂੰ ਦਿਲਾਸਾ ਦੇ ਸਕਣ। ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਨੇ ਸਦਨ ਚਲਾਉਣ ਦੇ ਨਿਯਮਾਂ ਵਿਚ ਤਬਦੀਲੀ ਕਰਦਿਆਂ 12 ਫਰਵਰੀ ਨੂੰ ਸ਼ੁਰੂ ਸੈਸ਼ਨ ਵਿਚ ਉਪ ਰਾਜਪਾਲ ਵੈਂਡੀ ਕੋਸ਼ੀਆ ਦੁਆਰਾ ਦਿੱਤਾ ਜਾਣ ਵਾਲਾ ਭਾਸ਼ਣ ਰੋਕ ਦਿੱਤਾ ਤੇ ਇਸ ਦੀ ਥਾਂ ਉਪ-ਰਾਜਪਾਲ ਨੇ ਟੰਬਲਰ ਰਿਜ ਕਸਬੇ ਦੇ ਪੀੜਤ ਲੋਕਾਂ ਨੂੰ ਸੰਵੇਦਨਸ਼ੀਲ ਸ਼ਬਦਾਂ ਵਿਚ ਸ਼ਰਧਾਂਜਲੀ ਦਿੱਤੀ।
ਅਜਿਹੀਆਂ ਭਿਅੰਕਰ ਅਤੇ ਦੁਖਦਾਈ ਘਟਨਾਵਾਂ ਕਈ ਵਾਰ ਬੱਚਿਆਂ ਦੇ ਮਨਾਂ ’ਤੇ ਕਿੰਨਾ ਬੁਰਾ ਅਸਰ ਪਾਉਂਦੀਆਂ ਹਨ, ਇਸ ਦੀ ਮਿਸਾਲ ਸੰਨ 1975 ਵਿਚ ਕੈਨੇਡਾ ਦੇ ਓਂਟਾਰੀਓ ਸੂਬੇ ਅੰਦਰ ਬਰੈਂਪਟਨ ਵਿਖੇ ਇਕ ਸਕੂਲ ਵਿਚ ਵਾਪਰੀ ਬਹੁਤ ਹੀ ਕਰੂਰ ਘਟਨਾ ਤੋਂ ਮਿਲਦੀ ਹੈ। ਇਸ ਸਕੂਲ ਦਾ ਇਕ ਲੜਕਾ ਟਾਇਲਟ ਵਿਚ ਦੋ ਬੰਦੂਕਾਂ ਲੋਡ ਕਰਦਾ ਹੈ ਅਤੇ ਦੋ ਲੋਕਾਂ ਨੂੰ ਮਾਰ ਦਿੰਦਾ ਹੈ ਅਤੇ 13 ਹੋਰਾਂ ਨੂੰ ਜ਼ਖ਼ਮੀ ਕਰ ਦਿੰਦਾ ਹੈ। ਇਕ ਲੜਕੀ ਪਾਮ ਹੈਂਡ ਜਦੋਂ ਉਸ ਲੜਕੇ ਨੂੰ ਇਕ ਰਾਈਫਲ ਆਪਣੇ ਸਿਰ ’ਤੇ ਤਾਣਦੇ ਅਤੇ ਉਸ ਦਾ ਘੋੜਾ ਦਬਾਉਂਦੇ ਦੇਖਦੀ ਹੈ ਤਾਂ ਇਹ ਦ੍ਰਿਸ਼ ਉਸ ਦੇ ਦਿਲੋ-ਦਿਮਾਗ ’ਤੇ ਇੰਨਾ ਬੁਰਾ ਅਸਰ ਪਾਉਂਦਾ ਹੈ ਕਿ ਉਹ ਇਸ ਬਾਰੇ 40 ਸਾਲਾਂ ਤੱਕ ਗੱਲ ਨਹੀਂ ਕਰ ਸਕੀ। ਆਖ਼ਰ 2015 ਵਿਚ ਉਸ ਨੇ ਇਸ ਘਟਨਾ ਨੂੰ ਅਤੀ ਪੀੜਾਜਨਕ ਸਥਿਤੀ ਵਿਚ ਬਿਆਨ ਕੀਤਾ। ਕਿਸ ਮਨੋਵਿਗਿਆਨਕ ਪੀੜਾ ਵਿਚ ਉਸ ਨੇ ਇਸ ਹਕੀਕਤ ਨੂੰ ਦਬਾ ਕੇ ਰੱਖਿਆ, ਇਹ ਤਾਂ ਉਹ ਜਾਂ ਕੋਈ ਮਨੋਵਿਗਿਆਨੀ ਹੀ ਦੱਸ ਸਕਦਾ ਹੈ?
ਕਾਕੇਸ਼ੀਅਨ ਨਸਲ ਦੇ ਲੋਕ ਜੋ ਬਰਤਾਨੀਆ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿਚ ਰਹਿੰਦੇ ਹਨ, ਅਕਸਰ ਸਮੂਹਿਕ ਕਤਲੇਆਮ ਕਰਦੇ ਵੇਖੇ ਜਾਂਦੇ ਹਨ। ਅਮਰੀਕਾ ਵਿਚ 78.5, ਕੈਨੇਡਾ ਵਿਚ 38 ,ਆਸਟ੍ਰੇਲੀਆ ਵਿਚ 12 ਅਤੇ ਇੰਗਲੈਂਡ ਅਤੇ ਵੇਲਜ਼ ਵਿਚ 6.5 ਪ੍ਰਤੀਸ਼ਤ ਗੋਲ਼ੀਬਾਰੀ ਰਾਹੀਂ ਮੌਤਾਂ ਦੀ ਦਰ ਹੈ। ਅਮਰੀਕਾ ਕਰਕੇ ਹੀ ਕੈਨੇਡਾ ਵੀ ਅਜਿਹੇ ਕਤਲੇਆਮਾਂ ਦਾ ਸ਼ਿਕਾਰ ਬਣਿਆ ਪਿਆ ਹੈ। ਕੈਨੇਡਾ ਅੰਦਰ ਬੰਦੂਕ ਰੱਖਣ ’ਤੇ ਪਾਬੰਦੀ ਟਰੂਡੋ ਸਰਕਾਰ ਨੇ ਲਗਾਈ ਸੀ। ਨੋਵਾ ਸਕੋਸ਼ੀਆ ਵਿਖੇ ਭਿਆਨਕ ਕਤਲੇਆਮ ਦੀ ਘਟਨਾ ਤੋਂ ਬਾਅਦ 1500 ਕਿਸਮ ਦੀਆਂ ਬੰਦੂਕਾਂ ’ਤੇ ਪਾਬੰਦੀ ਲਗਾਈ ਗਈ ਸੀ। ਆਰਸੀਐੱਮਪੀ ਪੁਲਿਸ ਫੋਰਸ ਅਨੁਸਾਰ 2023 ’ਚ ਸਿਰਫ਼ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 355678 ਭਾਵ ਇਕ ਲੱਖ ਲੋਕਾਂ ਪਿੱਛੇ 6240 ਲਾਇਸੈਂਸ ਸਨ। ਬਹੁਤ ਸਾਰੇ ਲੋਕ ਗ਼ੈਰ-ਕਾਨੂੰਨੀ ਬੰਦੂਕਾਂ ਰੱਖਦੇ ਹਨ। ਇਕ ਸਤੰਬਰ 1972 ਨੂੰ ਅਗਨੀ ਹਮਲੇ ਨਾਲ ਮਾਂਟਰੀਅਲ ਨਾਈਟ ਕਲੱਬ ਵਿਚ 37 ਲੋਕ ਮਾਰੇ ਗਏ ਅਤੇ 64 ਜ਼ਖ਼ਮੀ ਹੋਏ ਸਨ। ਤਿੰਨ ਸ਼ਰਾਬੀਆਂ ਨੂੰ ਜਦੋਂ ਇਸ ਕਲੱਬ ਵਿਚ ਵੜਨ ਨਾ ਦਿੱਤਾ ਤਾਂ ਉਨ੍ਹਾਂ ਨੇ ਪੌੜੀਆਂ ਵਿਚ ਗੈਸੋਲੀਨ ਡੋਲ੍ਹ ਕੇ ਅੱਗ ਲਾ ਦਿੱਤੀ। ਛੇ ਦਸੰਬਰ 1989 ਨੂੰ ਮਾਰਕ ਲਿਪਾਈਨ ਜੋ ਔਰਤਾਂ ਨੂੰ ਨਫ਼ਰਤ ਕਰਦਾ ਸੀ, ਨੇ ਮਾਂਟਰੀਅਲ ਯੂਨੀਵਰਸਿਟੀ ਨਾਲ ਸਬੰਧਤ ਈਕੋਲ ਪੋਲੀਟੈਕਨਿਕ ਵਿਚ ਗੋਲ਼ੀਬਾਰੀ ਕਰ ਕੇ 14 ਔਰਤਾਂ ਨੂੰ ਮਾਰ ਦਿੱਤਾ ਸੀ ਅਤੇ ਦਸ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਅਠਾਰਾਂ ਸਤੰਬਰ 1992 ਨੂੰ ਇਕ ਬੰਬ ਚਲਾ ਕੇ ਨੌਂ ਹੜਤਾਲੀ ਕਰਮਚਾਰੀ ਉੱਤਰ-ਪੱਛਮ ਖੇਤਰ ਵਿਚ ਮਾਰ ਦਿੱਤੇ ਗਏ। ਪੰਜ ਅਪ੍ਰੈਲ 1996 ਨੂੰ ਮਾਰਕ ਚਾਹਲ ਨੇ ਆਪਣੀ ਸਾਲੀ ਦੀ ਸ਼ਾਦੀ ’ਤੇ ਵਰਨਨ, ਬ੍ਰਿਟਿਸ਼ ਕੋਲੰਬੀਆ ਵਿਖੇ ਨੌ ਰਿਸ਼ਤੇਦਾਰਾਂ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿਚ ਖ਼ੁਦ ਨੂੰ ਗੋਲ਼ੀ ਮਾਰ ਕੇ ਜਾਨ ਦੇ ਦਿੱਤੀ ਸੀ। ਪੰਜ ਅਪ੍ਰੈਲ 2014 ਨੂੰ ਮਾਨਸਿਕ ਰੋਗੀ ਮੈਥੀਓ ਡੀ ਗੁਰੂਡ ਨੇ ਘਰੇਲੂ ਸਮਾਰੋਹ ਵਿਚ ਪੰਜ ਵਿਅਕਤੀ ਛੁਰਾ ਮਾਰ ਕੇ ਜ਼ਖ਼ਮੀ ਕਰ ਦਿੱਤੇ ਸਨ। ਚਾਰ ਜੂਨ 2014 ਨੂੰ ਜਸਟਿਨ ਵਰਕ ਨਾਮੀ ਵਿਅਕਤੀ ਨੇ ਸਵੈਚਾਲਕ ਬੰਦੂਕ ਨਾਲ ਨਿਊ ਬਰੋਂਸਵਿਕ (ਐੱਨਬੀ) ਵਿਖੇ ਮਕਟਨ ਵਿਚ ਤਿੰਨ ਪੁਲਿਸ ਅਫ਼ਸਰ ਜਾਨੋਂ ਮਾਰ ਦਿੱਤੇ ਤੇ ਦੋ ਜ਼ਖ਼ਮੀ ਕਰ ਦਿੱਤੇ ਸਨ। ਜਨਵਰੀ 2017 ਵਿਚ ਕਿਊਬਿਕ ਦੀ ਮਸਜਿਦ ’ਚ ਅਲੈਗਜ਼ੈਡਰ ਬਿਸਨੋਟੇ ਨੇ ਛੇ ਲੋਕਾਂ ਦੀ ਜਾਨ ਲੈ ਲਈ ਸੀ ਤੇ ਅੱਠ ਜ਼ਖ਼ਮੀ ਕਰ ਦਿੱਤੇ ਸਨ। ਤੇਈ ਅਪ੍ਰੈਲ 2018 ਨੂੰ ਅਲੈਕ ਮੀਨਾਸ਼ੀਅਨ ਨੇ ਭੀੜਭਾੜ ਵਾਲੀ ਟੋਰਾਂਟੋ ਸਾਈਡ ਵਾਕ ’ਤੇ ਵਾਹਨ ਨਾਲ ਦਰੜ ਕੇ 10 ਲੋਕ ਮਾਰ ਦਿੱਤੇ ਤੇ 16 ਜ਼ਖ਼ਮੀ ਕਰ ਦਿੱਤੇ ਸਨ। ਦਸ ਅਗਸਤ 2018 ਨੂੰ ਮੈਥਿਊ ਰੇਮੰਡ ਨੇ ਐੱਨਬੀ, ਫਰੈਡਰਿਕਨ ਵਿਚ ਦੋ ਮਿਊਂਸੀਪਲ ਪੁਲਸੀਏ ਤੇ ਦੋ ਸ਼ਹਿਰੀ ਮਾਰ ਦਿੱਤੇ ਸਨ। ਅਠਾਰਾਂ ਤੇ 19 ਅਪ੍ਰੈਲ 2020 ਨੂੰ ਕੈਨੇਡਾ ਦੇ ਨੋਵਾ ਸਕੋਸ਼ੀਆ ਪ੍ਰਾਂਤ ਵਿਚ 51 ਸਾਲਾ ਗੈਬਰੀਲ ਵੋਟਮੈਨ (ਡੈਂਟਲ ਤਕਨੀਸ਼ੀਅਨ) ਨੇ 40 ਮਿੰਟਾਂ ਵਿਚ ਪੋਰਟਪੀਕਉ ਵਿਖੇ 13 ਲੋਕ ਅਤੇ ਅਗਲੇ ਦਿਨ ਇਕ ਗਰਭਵਤੀ ਅਤੇ ਪੁਲਿਸ ਅਫ਼ਸਰ ਸਮੇਤ ਨੌਂ ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਆਰਸੀਐੱਮਪੀ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਕੁਝ ਦਿਲ ਦਹਿਲਾ ਦੇਣ ਵਾਲੀਆਂ ਕਤਲੇਆਮ ਦੀਆਂ ਘਟਨਾਵਾਂ ਹਨ ਜੋ 1867 ਵਿਚ ਕੈਨੇਡਾ ਦੇ ਇਕ ਰਾਸ਼ਟਰ ਵਜੋਂ ਹੋਂਦ ਵਿਚ ਆਉਣ ਤੋਂ ਬਾਅਦ ਵਾਪਰੀਆਂ।
ਸਨਕੀ ਲੋਕਾਂ ਵੱਲੋਂ ਅੰਜਾਮ ਦਿੱਤੇ ਗਏ ਅਜਿਹੇ ਕਾਰਨਾਮਿਆਂ ਰਾਹੀਂ ਅਨੇਕ ਬੇਗੁਨਾਹ ਕੈਨੇਡੀਅਨਾਂ ਦਾ ਖ਼ੂਨ ਵਹਿ ਚੁੱਕਾ ਹੈ ਤੇ ਕਈ ਘਰ ਬਰਬਾਦ ਹੋ ਚੁੱਕੇ ਹਨ। ਸਰਕਾਰ ਇਸ ਵਰਤਾਰੇ ਤੋਂ ਬਹੁਤ ਚਿੰਤਤ ਹੈ ਅਤੇ ਇਸ ਦੀ ਰੋਕਥਾਮ ਲਈ ਕਈ ਕਮੇਟੀਆਂ ਤੇ ਕਮਿਸ਼ਨਾਂ ਦਾ ਗਠਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਿਫ਼ਾਰਸ਼ਾਂ ’ਤੇ ਢੁੱਕਵੇਂ ਕਦਮ ਵੀ ਚੁੱਕੇ ਗਏ ਹਨ ਤਾਂ ਕਿ ਭਵਿੱਖ ਵਿਚ ਅਜਿਹੇ ਸਮੂਹਿਕ ਕਤਲੇਆਮ ਰੁਕ ਸਕਣ।
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ: +12898292929
-ਦਰਬਾਰਾ ਸਿੰਘ ਕਾਹਲੋਂ