ਅਦਾਲਤਾਂ ਸਣੇ ਦੇਸ਼ ਦਾ ਸਮੁੱਚਾ ਨਿਆਂ ਪ੍ਰਬੰਧ ਕਿਹੜੀਆਂ ਦਿੱਕਤਾਂ ਨਾਲ ਜੂਝ ਰਿਹਾ, ਉਸ ਦਾ ਵੀ ਜ਼ਿਕਰ ਐੱਨਸੀਈਆਰਟੀ ਨੇ ਆਪਣੇ ਇਸ ਨਵੇਂ ਪਾਠਕ੍ਰਮ ’ਚ ਕੀਤਾ ਹੈ। ਦੇਸ਼ ਦੀਆਂ ਅਦਾਲਤਾਂ ’ਚ ਵਿਚਾਰ-ਅਧੀਨ ਮਾਮਲਿਆਂ ਦੀ ਕੀ ਸਥਿਤੀ ਹੈ, ਅਦਾਲਤਾਂ ’ਚ ਕਿੰਨੇ ਜੱਜ ਹਨ ਤੇ ਕਿੰਨੀਆਂ ਅਸਾਮੀਆਂ ਖ਼ਾਲੀ ਹਨ, ਇਹ ਸਾਰਾ ਕੁਝ ਦੱਸਿਆ ਗਿਆ ਹੈ।

ਕਾਰਜਪਾਲਿਕਾ, ਵਿਧਾਨਪਾਲਿਕਾ ਤੇ ਨਿਆਪਾਲਿਕਾ ਕਿਵੇਂ ਕੰਮ ਕਰਦੀਆਂ ਹਨ, ਇਸ ਬਾਰੇ ਸਕੂਲੀ ਬੱਚਿਆਂ ਨੂੰ ਕਿਤਾਬਾਂ ’ਚ ਸਿਲੇਬਸ ਸ਼ਾਮਲ ਕਰ ਕੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਲੋਕਤੰਤਰੀ ਸ਼ਾਸਨ ਦੇ ਤਿੰਨ ਮੁੱਖ ਥੰਮ੍ਹ ਕਹੇ ਜਾਂਦੇ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਬਾਰੇ ਵਿਸਥਾਰ ਨਾਲ ਦੱਸਿਆ ਜਾਣਾ ਚਾਹੀਦਾ ਹੈ ਪਰ ਛੋਟੀ ਉਮਰ ’ਚ ਹੀ ਨਿਆਪਾਲਿਕਾ ਦੇ ਭ੍ਰਿਸ਼ਟਾਚਾਰ ਸਣੇ ਹੋਰ ਸਮੱਸਿਆਵਾਂ ਦਾ ਕਿਤਾਬਾਂ ’ਚ ਜ਼ਿਕਰ ਕਰਨਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਵਿਦਿਆਰਥੀ ਸੰਵਿਧਾਨਕ ਢਾਂਚੇ ਨੂੰ ਸਮਝਦੇ ਹੋਏ ਸੇਵਾ ਭਾਵਨਾ ਤੇ ਦੇਸ਼ ਪ੍ਰੇਮ ਦੀ ਸੋਚ ਨੂੰ ਛੋਟੀ ਉਮਰ ਤੋਂ ਹੀ ਵਿਕਸਤ ਕਰਦੇ ਹਨ। ਜਦੋਂ ਉਹ ਇਸ ’ਚ ਫੈਲੀਆਂ ਅਵਿਵਸਥਾਵਾਂ ਅਤੇ ਘੁਣ ਵਾਂਗ ਖਾ ਰਹੇ ਭ੍ਰਿਸ਼ਟਾਚਾਰ ਨਾਲ ਰੂਬਰੂ ਹੁੰਦੇ ਹਨ ਤਾਂ ਉਨ੍ਹਾਂ ਦੀ ਸਮਝ ਨੂੰ ਧੱਕਾ ਲੱਗਦਾ ਹੈ। ਐੱਨਸੀਈਆਰਟੀ ਵੱਲੋਂ ਸਕੂਲੀ ਪਾਠਕ੍ਰਮ ’ਚ ਕੀਤੇ ਗਏ ਮਹੱਤਵਪੂਰਨ ਬਦਲਾਅ ਵਿਰੋਧ ਦਾ ਕਾਰਨ ਬਣ ਰਹੇ ਹਨ। ਅੱਠਵੀਂ ਜਮਾਤ ਦੀ ਨਵੀਂ ਸਮਾਜਿਕ ਸਿੱਖਿਆ ਦੀ ਪੁਸਤਕ ’ਚ ਪਹਿਲੀ ਵਾਰ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ, ਲੰਬਿਤ ਮਾਮਲਿਆਂ ਦੇ ਵੱਡੇ ਬੋਝ ਅਤੇ ਅਦਾਲਤਾਂ ’ਚ ਜੱਜਾਂ ਦੀ ਕਮੀ ’ਤੇ ਚਰਚਾ ਕੀਤੀ ਗਈ ਹੈ। ਇਹ ਵੀ ਪਹਿਲੀ ਵਾਰ ਹੈ ਕਿ ‘ਨਿਆਪਾਲਿਕਾ ’ਚ ਭ੍ਰਿਸ਼ਟਾਚਾਰ’ ਉੱਤੇ ਇਕ ਵੱਖਰਾ ਸੈਕਸ਼ਨ ਜੋੜ ਦਿੱਤਾ ਗਿਆ ਹੈ। ਅਦਾਲਤਾਂ ਸਣੇ ਦੇਸ਼ ਦਾ ਸਮੁੱਚਾ ਨਿਆਂ ਪ੍ਰਬੰਧ ਕਿਹੜੀਆਂ ਦਿੱਕਤਾਂ ਨਾਲ ਜੂਝ ਰਿਹਾ, ਉਸ ਦਾ ਵੀ ਜ਼ਿਕਰ ਐੱਨਸੀਈਆਰਟੀ ਨੇ ਆਪਣੇ ਇਸ ਨਵੇਂ ਪਾਠਕ੍ਰਮ ’ਚ ਕੀਤਾ ਹੈ। ਦੇਸ਼ ਦੀਆਂ ਅਦਾਲਤਾਂ ’ਚ ਵਿਚਾਰ-ਅਧੀਨ ਮਾਮਲਿਆਂ ਦੀ ਕੀ ਸਥਿਤੀ ਹੈ, ਅਦਾਲਤਾਂ ’ਚ ਕਿੰਨੇ ਜੱਜ ਹਨ ਤੇ ਕਿੰਨੀਆਂ ਅਸਾਮੀਆਂ ਖ਼ਾਲੀ ਹਨ, ਇਹ ਸਾਰਾ ਕੁਝ ਦੱਸਿਆ ਗਿਆ ਹੈ। ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ ਸੰਸਦ ਕਿਹੜੇ ਹਾਲਾਤ ’ਚ ਜੱਜਾਂ ਨੂੰ ਮਹਾਦੋਸ਼ ਦਾ ਮਤਾ ਪਾਸ ਕਰ ਕੇ ਅਹੁਦੇ ਤੋਂ ਲਾਂਭੇ ਕਰ ਸਕਦੀ ਹੈ। ਸਵਾਲ ਇਹ ਹੈ ਕਿ ਇਸ ਦੀ ਜ਼ਰੂਰਤ ਹੀ ਕਿਉਂ ਪਈ ਕਿ ਵਿਦਿਆਰਥੀਆਂ ਨੂੰ ਖ਼ਾਸ ਤੌਰ ’ਤੇ ਨਿਆਪਾਲਿਕਾ ’ਚ ਫੈਲੇ ਭ੍ਰਿਸ਼ਟਾਚਾਰ ਤੇ ਹੋਰ ਪਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ ਜਾਵੇ। ਨਿਆਪਾਲਿਕਾ ’ਚੋਂ ਇਹ ਸਾਰੀਆਂ ਸਮੱਸਿਆਵਾਂ ਸਖ਼ਤ ਕਾਨੂੰਨ ਬਣਾ ਕੇ ਦੂਰ ਕਰਨ ’ਤੇ ਜ਼ੋਰ ਦੇਣ ਦੀ ਜ਼ਿਆਦਾ ਲੋੜ ਸੀ, ਨਾ ਕਿ ਬੱਚਿਆਂ ਨੂੰ ਇਸ ਦੇ ਪਾਠ ਪੜ੍ਹਾਏ ਜਾਣ। ਓਧਰ ਸੁਪਰੀਮ ਕੋਰਟ ਦੇ ਮੁੱਖ ਜੱਜ ਸੂਰੀਆਕਾਂਤ ਨੇ ਵਿਵਾਦਤ ਪਾਠ ਵਾਲੀ ਇਸ ਕਿਤਾਬ ਦੀ ਵਿਕਰੀ ’ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਨਿਆਪਾਲਿਕਾ ਨੂੰ ਬਦਨਾਮ ਕਰਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਹੈ ਤੇ ਇਸ ਮਾਮਲੇ ਨੂੰ ਉਹ ਖ਼ੁਦ ਦੇਖਣਗੇ। ਕਾਨੂੰਨ ਦੇ ਮਾਹਿਰਾਂ ਵੱਲੋਂ ਇਸ ’ਤੇ ਸਖ਼ਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਕਿ ਨਿਆਪਾਲਿਕਾ ’ਤੇ ਕਿਤਾਬਾਂ ’ਚ ਚਰਚਾ ਦੇ ਨਾਲ-ਨਾਲ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ’ਚ ਫੈਲੇ ਭ੍ਰਿਸ਼ਟਾਚਾਰ ਬਾਰੇ ਬਰਾਬਰ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਹੈ। ਦਰਅਸਲ, ਭ੍ਰਿਸ਼ਟਾਚਾਰ ਜਾਂ ਹੋਰ ਵਾਧ-ਘਾਟ ਤੋਂ ਇਕੱਲੀ ਨਿਆਪਾਲਿਕਾ ਹੀ ਪੀੜਤ ਨਹੀਂ ਹੈ, ਸੰਵਿਧਾਨਕ ਮਸ਼ੀਨਰੀਆਂ ਦੇ ਹੋਰ ਹਿੱਸੇ ਵੀ ਇਸ ਤੋਂ ਅਛੂਤੇ ਨਹੀਂ ਰਹੇ ਹਨ। ਇਸ ਵੇਲੇ ਸਾਰੀ ਦੁਨੀਆ ਤਕਨੀਕ, ਆਰਥਿਕ, ਸਮਾਜਿਕ ਅਤੇ ਖੋਜਾਂ ਦੇ ਖੇਤਰ ’ਚ ਵੱਡੀਆਂ ਪੁਲਾਂਘਾਂ ਪੁੱਟ ਰਹੀ ਹੈ। ਪੁਲਾੜ ’ਚ ਸਾਰੇ ਮੁਲਕ ਆਪਣਾ ਦਬਦਬਾ ਕਾਇਮ ਕਰਨ ’ਚ ਰੁੱਝੇ ਹੋਏ ਹਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਅਗਾਂਹਵਧੂ ਸੋਚ ਦੇ ਮਾਪਦੰਡ ਪੜ੍ਹਾਏ ਜਾਣ। ਦੇਸ਼ ਕਿਹੜੀਆਂ ਬੁਰਾਈਆਂ ਨਾਲ ਲੜ ਰਿਹਾ ਹੈ, ਬੇਸ਼ੱਕ ਇਸ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਹੋਣੀ ਚਾਹੀਦੀ ਹੈ ਪਰ ਇਹ ਵੀ ਖ਼ਿਆਲ ’ਚ ਰਹਿਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਮਾਨਸਿਕ ਪੱਧਰ ਪ੍ਰਭਾਵਿਤ ਨਾ ਹੋਵੇ। ਬੱਚਿਆਂ ਦੇ ਦਿਮਾਗੀ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਪਾਠ ਹੀ ਪੜ੍ਹਾਏ ਜਾਣੇ ਚਾਹੀਦੇ ਹਨ। ਕਿਤਾਬਾਂ ’ਚ ਤਾਂ ਦੂਰ ਦੀ ਗੱਲ ਹੈ, ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੀ ਮੁਲਕ ’ਚ ਕਿਤੇ ਵੀ ਥਾਂ ਨਹੀਂ ਹੋਣੀ ਚਾਹੀਦੀ ਹੈ।