ਆਪ ਜੀ ਨੇ ਬਰਮਾ ਵਿਖੇ ਪਹਿਲੀ ਸੰਸਾਰ ਜੰਗ ਵਿਚ ਭਾਗ ਲਿਆ। ਉਨ੍ਹਾਂ ਨੇ ਇਹ ਅਨੁਭਵ ਕੀਤਾ ਕਿ ਅਸੀਂ ਅੰਗਰੇਜ਼ੀ ਫ਼ੌਜ ਵਿਚ ਕੰਮ ਕਰ ਕੇ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਹੋਰ ਡੂੰਘੀਆਂ ਕਰ ਰਹੇ ਹਾਂ। ਆਪ 1916 ਵਿਚ ਫ਼ੌਜ ’ਚੋਂ ਭਗੌੜੇ ਹੋ ਗਏ।
ਭਗਵਾਨ ਸਿੰਘ ਲੌਂਗੋਵਾਲੀਆ ਨੇ ਆਪਣੇ ਜੀਵਨ ਦੇ ਸੁਨਹਿਰੀ 30 ਵਰ੍ਹੇ ਰਜਵਾੜਾਸ਼ਾਹੀ ਤੇ ਬਰਤਾਨਵੀ ਸਾਮਰਾਜ ਵਿਰੁੱਧ ਲੜਦਿਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ, ਜਲਾਵਤਨੀਆਂ ਅਤੇ ਰੂਪੋਸ਼ੀਆਂ ਵਿਚ ਬਿਤਾਏ। ਇਸ ਤੋਂ ਇਲਾਵਾ ਜੁਰਮਾਨਿਆਂ ਦੇ ਇਵਜ਼ ਵਜੋਂ ਸਾਰੀ ਜ਼ਮੀਨ-ਜਾਇਦਾਦ ਕੁਰਕ ਕਰਵਾਈ।
ਆਪ ਦਾ ਜਨਮ ਰਿਆਸਤ ਪਟਿਆਲਾ, ਵਰਤਮਾਨ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਇਤਿਹਾਸਕ ਪਿੰਡ ਲੌਂਗੋਵਾਲ ਵਿਖੇ 1896 ਵਿਚ ਪਿਤਾ ਰੂੜ ਸਿੰਘ ਅਤੇ ਮਾਤਾ ਬੋਸੇ ਦੇ ਘਰ ਹੋਇਆ ਸੀ। ਆਪ ਦਾ ਬਚਪਨ ਦਾ ਨਾਂ ਇੰਦਰ ਸਿੰਘ ਸੀ। ਅਠਾਰਾਂ ਸਾਲ ਦੀ ਉਮਰ ਵਿਚ ਉਹ ਆਪਣੇ ਪਿਤਾ ਵਾਂਗ ਫ਼ੌਜ ਵਿਚ ਭਰਤੀ ਹੋ ਗਏ। ਆਪ ਜੀ ਨੇ ਬਰਮਾ ਵਿਖੇ ਪਹਿਲੀ ਸੰਸਾਰ ਜੰਗ ਵਿਚ ਭਾਗ ਲਿਆ। ਉਨ੍ਹਾਂ ਨੇ ਇਹ ਅਨੁਭਵ ਕੀਤਾ ਕਿ ਅਸੀਂ ਅੰਗਰੇਜ਼ੀ ਫ਼ੌਜ ਵਿਚ ਕੰਮ ਕਰ ਕੇ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਹੋਰ ਡੂੰਘੀਆਂ ਕਰ ਰਹੇ ਹਾਂ। ਆਪ 1916 ਵਿਚ ਫ਼ੌਜ ’ਚੋਂ ਭਗੌੜੇ ਹੋ ਗਏ।
ਰਸਾਲੇ ਵਿੱਚੋਂ ਬਾਗ਼ੀ ਹੋ ਜਾਣ ਕਾਰਨ ਆਪ ਦੇ ਵਾਰੰਟ ਜਾਰੀ ਹੋ ਗਏ। ਉਨ੍ਹਾਂ ਨੇ ਆਪਣਾ ਨਾਂ ਇੰਦਰ ਸਿੰਘ ਤੋਂ ਬਦਲ ਕੇ ਭਗਵਾਨ ਸਿੰਘ ਰੱਖ ਲਿਆ ਤੇ ਸਾਧ ਦਾ ਭੇਸ ਵਟਾ ਕੇ ਨੇਪਾਲ ਦੇ ਰਸਤੇ ਭਾਰਤ ਪੁੱਜੇ। ਸਾਧ ਦੇ ਭੇਸ ਵਿਚ ਹੀ ਪ੍ਰਯਾਗਰਾਜ (ਇਲਾਹਾਬਾਦ) ਆ ਕੇ ਰਹਿਣ ਲੱਗ ਪਏ। ਆਪ ਨੇ ਇੱਥੇ ਇਕ ਅੰਗਰੇਜ਼ ਅਫ਼ਸਰ ਨੂੰ ਕੁੱਟ ਧਰਿਆ। ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕੇਸ ਦੀ ਪੈਰਵੀ ਪੰਡਿਤ ਮੋਤੀ ਲਾਲ ਨਹਿਰੂ ਨੇ ਕੀਤੀ।
ਇਸ ਕੇਸ ਵਿਚ ਆਪ ਨੂੰ 9 ਮਹੀਨੇ ਕੈਦ ਹੋਈ ਜੋ ਨੈਣੀ ਜੇਲ੍ਹ ਵਿਚ ਕੱਟੀ। ਜਦੋਂ ਉਹ ਕੈਦ ਕੱਟ ਕੇ ਬਾਹਰ ਆਏ ਤਾਂ ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ (1921-1925) ਪੂਰੇ ਜ਼ੋਰਾਂ ’ਤੇ ਸੀ। ਆਪ ਇਸ ਲਹਿਰ ਵਿਚ ਕੁੱਦ ਪਏ ਤੇ 24 ਮਈ 1922 ਨੂੰ ਸ਼ੇਰਪੁਰ (ਪਟਿਆਲਾ ਰਿਆਸਤ) ਵਿਖੇ ਇਕ ਜੋਸ਼ੀਲੀ ਤਕਰੀਰ ਕਰਨ ਬਦਲੇ ਆਪ ਨੂੰ ਦੋ ਸਾਲ ਦੀ ਕੈਦ ਅਤੇ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਅਜੇ ਉਹ ਰੂਪੋਸ਼ ਹੀ ਸਨ ਕਿ ਆਪ ਨੂੰ ਉਸੇ ਅਦਾਲਤ ਵੱਲੋਂ 27 ਜੂਨ 1922 ਨੂੰ ਦਫਾ 342 ਅਧੀਨ ਇਕ ਹੋਰ ਮੁਕੱਦਮੇ ਵਿਚ 9 ਮਹੀਨੇ ਦੀ ਕੈਦ ਅਤੇ 100 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਆਪ ਤੇ ਆਪ ਦੇ ਹੋਰ ਸਾਥੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ 17 ਜੁਲਾਈ 1928 ਨੂੰ ਮਾਨਸਾ ਵਿਖੇ ਰਿਆਸਤੀ ਪਰਜਾ ਮੰਡਲ ਦੀ ਸਥਾਪਨਾ ਕੀਤੀ ਗਈ। ਇਸ ਇਕੱਠ ਵਿਚ ਸ਼ਾਮਲ ਹਜ਼ਾਰਾਂ ਦੇਸ਼ ਭਗਤ ਕਾਰਕੁਨਾਂ ਨੇ ਆਪ ਜੀ ਨੂੰ ਇਸ ਦਾ ਜਨਰਲ ਸਕੱਤਰ ਅਤੇ ਸੇਵਾ ਸਿੰਘ ਠੀਕਰੀਵਾਲਾ, ਜੋ ਉਸ ਸਮੇਂ ਜੇਲ੍ਹ ਵਿਚ ਸਨ, ਨੂੰ ਪ੍ਰਧਾਨ ਬਣਾਇਆ।
ਸਤਾਰਾਂ ਦਸੰਬਰ 1929 ਨੂੰ ਪਰਜਾ ਮੰਡਲ ਦਾ ਪਹਿਲਾ ਸੈਸ਼ਨ ਬਰੈਡਲੇ ਹਾਲ ਲਾਹੌਰ ਵਿਖੇ ਹੋਇਆ ਜਿਸ ਵਿਚ ਆਪ ਨੂੰ ਦੁਬਾਰਾ ਜਨਰਲ ਸਕੱਤਰ ਚੁਣਿਆ ਗਿਆ। ਅੰਮ੍ਰਿਤਸਰ ਵਿਖੇ ਊਧਮ ਸਿੰਘ ਆਪ ਦੇ ਕਾਫ਼ੀ ਸੰਪਰਕ ਵਿਚ ਰਹੇ। ਆਪ ਦੀ ਅਗਵਾਈ ਹੇਠ ਪਰਜਾ ਮੰਡਲ ਨੇ ਅਖ਼ਬਾਰ ਕੱਢਣੇ ਸ਼ੁਰੂ ਕੀਤੇ। ਉਰਦੂ ਵਿਚ ‘ਰਿਆਸਤੀ ਦੁਨੀਆ’ ਜਿਸ ਦੇ ਸੰਪਾਦਕ ਤਾਲਿਬ ਹੁਸੈਨ ਸਨ ਅਤੇ ਪੰਜਾਬੀ ਵਿੱਚ ‘ਦੇਸ਼ ਦਰਦੀ’ ਜਿਸ ਦੇ ਸੰਪਾਦਕ ਸਰਦਾਰਾ ਸਿੰਘ ਯੂਥਪ ਸਨ।
ਪੱਚੀ ਮਾਰਚ 1933 ਨੂੰ ਆਪ ਦੀ ਅਗਵਾਈ ਹੇਠ ਇਕ ਜੱਥੇ ਨੇ ਦਿੱਲੀ ਦੇ ਬਾਜ਼ਾਰਾਂ ਵਿਚ ਜ਼ਬਰਦਸਤ ਮੁਜ਼ਾਹਰਾ ਕੀਤਾ। ਇਸ ਉਪਰੰਤ ਪਰਜਾ ਮੰਡਲ ਦਾ ਇਜਲਾਸ ਹੋਇਆ ਜਿਸ ਦੀ ਪ੍ਰਧਾਨਗੀ ਏ.ਵੀ. ਪਟਵਰਧਨ ਪੂਨਾ ਨੇ ਕੀਤੀ। ਸੰਨ 1933 ਦੇ ਅੰਤ ਵਿਚ ਲੌਂਗੋਵਾਲੀਆ ਨੂੰ ਰਿਆਸਤੀ ਇਲਾਕੇ ਵਿਚ ਲਿਆ ਕੇ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਖ਼ਿਲਾਫ਼ ਪਹਿਲਾਂ ਹੀ ਕਈ ਕੇਸ ਦਰਜ ਸਨ। ਆਪ ’ਤੇ ਸੱਤ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਗਾ ਕੇ ਮੁਕੱਦਮਾ ਚਲਾਇਆ ਗਿਆ ਤੇ ਆਪ ਨੂੰ 22 ਸਾਲ ਦੀ ਕੈਦ ਤੇ 900 ਰੁਪਏ ਜੁਰਮਾਨਾ ਕੀਤਾ ਗਿਆ।
ਫ਼ੈਸਲਾ ਸੁਣਾ ਕੇ ਆਪ ਨੂੰ 14 ਨਵੰਬਰ 1934 ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਆਪ 11 ਦਿਨ ਭੁੱਖ ਹੜਤਾਲ ’ਤੇ ਵੀ ਰਹੇ। ਠੀਕਰੀਵਾਲਾ ਦੀ ਮੌਤ ਤੋਂ ਬਾਅਦ ਮਹਾਰਾਜਾ ਪਟਿਆਲਾ ਨੇ ਮਾਸਟਰ ਤਾਰਾ ਸਿੰਘ ਤੇ ਹਰਚੰਦ ਸਿੰਘ ਜੇਜੀ ਨਾਲ ਸਮਝੌਤਾ ਕਰ ਲਿਆ। ਇਸ ਸਮਝੌਤੇ ਤਹਿਤ ਆਪ ਨੂੰ ਬਾਕੀ ਪਰਜਾ ਮੰਡਲੀਆਂ ਨਾਲ 1 ਜਨਵਰੀ 1936 ਨੂੰ ਰਿਹਾਅ ਕਰ ਦਿੱਤਾ ਗਿਆ। ਆਪ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ।
ਤਿੰਨ ਨਵੰਬਰ 1942 ਨੂੰ ਆਪ ਨੇ ਲੌਂਗੋਵਾਲ ਵਿਖੇ ਬਹੁਤ ਵੱਡੀ ਕਾਨਫਰੰਸ ਕੀਤੀ ਜਿਸ ਕਾਰਨ ਆਪ ਨੂੰ 2 ਸਾਲ ਲਈ ਪਿੰਡ ’ਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ‘ਆਪ’ ਨੂੰ ਟੀਬੀ ਦੀ ਬਿਮਾਰੀ ਹੋ ਗਈ, ਨਜ਼ਰਬੰਦੀ ਦੌਰਾਨ ਹੀ ਪੁਲਿਸ ਨੂੰ ਚਕਮਾ ਦੇ ਕੇ ਆਪ ਪੈਦਲ ਤੁਰ ਕੇ 13 ਅਪ੍ਰੈਲ 1944 ਨੂੰ ਤਲਵੰਡੀ ਸਾਬੋ ਪਹੁੰਚੇ ਜਿੱਥੇ ਆਪ ਨੇ ਪਰਜਾ ਮੰਡਲ ਦੀ ਸਟੇਜ ਲਾ ਕੇ ਲੋਕਾਂ ਨੂੰ ਜਾਗਰਿਤ ਕੀਤਾ। ਅੰਤ ਇਹ ਨਿਡਰ, ਜੋਸ਼ੀਲਾ ਤੇ ਸੱਚਾ-ਸੁੱਚਾ ਦੇਸ਼ ਭਗਤ 18 ਸਤੰਬਰ 1944 ਨੂੰ ਟੀਬੀ ਕਾਰਨ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਸ਼ਹੀਦ ਹੋ ਗਿਆ।
-ਬਲਬੀਰ ਲੌਂਗੋਵਾਲ।
-ਮੋਬਾਈਲ : 98153-17028