ਉਨ੍ਹਾਂ ਦਾ ਇਹ ਜਜ਼ਬਾ ਸਾਨੂੰ ਸਿਖਾ ਗਿਆ ਕਿ ਸਿੱਖਣ ਅਤੇ ਸਿਖਾਉਣ ਲਈ ਵੱਡੀਆਂ ਇਮਾਰਤਾਂ ਜਾਂ ਏਅਰ ਕੰਡੀਸ਼ਨਡ ਕਮਰਿਆਂ ਦੀ ਲੋੜ ਨਹੀਂ ਹੁੰਦੀ, ਸਿਰਫ਼ ਇਕ ਸੱਚੀ ਲਗਨ ਅਤੇ ਜਿਗਿਆਸਾ ਚਾਹੀਦੀ ਹੈ। ਅੱਜ ਸਾਲਾਂ ਬਾਅਦ ਵੀ, ਜਦੋਂ ਮੈਂ ਆਪਣੇ ਪੇਸ਼ੇਵਰ ਜੀਵਨ ਵਿਚ ਵਿਚਰਦਾ ਹਾਂ ਤਾਂ ਵਾਸੂ ਜੀ ਦੀ ਉਹ ਨਸੀਹਤ ਅਤੇ ਉਨ੍ਹਾਂ ਦੀ 'ਕੰਟੀਨ ਵਾਲੀ ਕਲਾਸ' ਦੀ ਗੱਲ ਮੇਰੇ ਅੰਦਰਲੇ ਵਿਦਿਆਰਥੀ ਨੂੰ ਹਮੇਸ਼ਾ ਜਾਗਦਾ ਰੱਖਦੀ ਹੈ।

ਯੂਨੀਵਰਸਿਟੀ ਦੇ ਦਿਨ ਮਨੁੱਖੀ ਸ਼ਖ਼ਸੀਅਤ ਦੇ ਘੜੇ ਜਾਣ ਦੇ ਦਿਨ ਹੁੰਦੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਵਿਭਾਗ ਦੀਆਂ ਉਨ੍ਹਾਂ ਪੁਰਾਣੀਆਂ ਕੰਧਾਂ ਨੇ ਨਾ ਜਾਣੇ ਕਿੰਨੇ ਹੀ ਬੁੱਧੀਜੀਵੀ ਅਤੇ ਕਲਮ ਦੇ ਧਨੀ ਪੈਦਾ ਕੀਤੇ ਹਨ। ਇਨ੍ਹਾਂ ਕੰਧਾਂ ਦੇ ਅੰਦਰ ਬਿਤਾਏ ਪਲਾਂ ਵਿੱਚੋਂ ਕੁਝ ਯਾਦਾਂ ਅਜਿਹੀਆਂ ਹਨ ਜੋ ਸਮੇਂ ਦੇ ਨਾਲ ਧੁੰਦਲੀਆਂ ਨਹੀਂ ਹੁੰਦੀਆਂ, ਸਗੋਂ ਹੋਰ ਗੂੜ੍ਹੀਆਂ ਹੋ ਜਾਂਦੀਆਂ ਹਨ।
ਅਜਿਹੀ ਹੀ ਇਕ ਯਾਦ ਰਾਮਿੰਦਰਜੀਤ ਸਿੰਘ 'ਵਾਸੂ' ਜੀ ਨਾਲ ਜੁੜੀ ਹੋਈ ਹੈ, ਜੋ ਸਾਡੀ ਵਿਸ਼ੇਸ਼ ਕਲਾਸ ਲੈਣ ਲਈ ਆਏ। ਉਨ੍ਹਾਂ ਦੀ ਸ਼ਖ਼ਸੀਅਤ ਵਿਚ ਇਕ ਅਜਿਹਾ ਜਲੌਅ ਅਤੇ ਪ੍ਰਭਾਵ ਸੀ ਕਿ ਉਨ੍ਹਾਂ ਦੇ ਕਮਰੇ ਵਿਚ ਦਾਖ਼ਲ ਹੁੰਦਿਆਂ ਹੀ ਚਾਰੇ ਪਾਸੇ ਇਕ ਅਜੀਬ ਜਿਹਾ ਸੰਨਾਟਾ ਪੱਸਰ ਗਿਆ। ਅਸੀਂ ਸਾਰੇ ਚੁੱਪਚਾਪ ਅਤੇ ਸਲੀਕੇ ਨਾਲ ਆਪਣੀਆਂ ਸੀਟਾਂ 'ਤੇ ਬੈਠ ਗਏ, ਜਿਵੇਂ ਕਿ ਅਕਸਰ 'ਚੰਗੇ ਬੱਚਿਆਂ' ਤੋਂ ਉਮੀਦ ਕੀਤੀ ਜਾਂਦੀ ਹੈ। ਪਰ ਵਾਸੂ ਜੀ ਨੇ ਆਉਂਦਿਆਂ ਹੀ ਸਾਡੀ ਇਸ ਸਥਾਪਿਤ ਧਾਰਨਾ ਨੂੰ ਝੰਜੋੜ ਕੇ ਰੱਖ ਦਿੱਤਾ।
ਉਨ੍ਹਾਂ ਨੇ ਬੜੇ ਸਹਿਜ ਪਰ ਦਮਦਾਰ ਲਹਿਜੇ ਵਿਚ ਇਕ ਅਜਿਹੀ ਗੱਲ ਕਹੀ ਜੋ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦੀ ਹੈ, ‘‘ਕਦੇ ਵੀ ਸਿਰਫ਼ 'ਚੰਗੇ ਬੱਚੇ' ਬਣ ਕੇ ਨਾ ਰਹਿ ਜਾਣਾ, ਸਗੋਂ 'ਚੰਗੇ ਵਿਦਿਆਰਥੀ' ਬਣਨ ਦੀ ਕੋਸ਼ਿਸ਼ ਕਰਨਾ।” ਇਹ ਸੁਣ ਕੇ ਅਸੀਂ ਇਕ-ਦੂਜੇ ਦੇ ਚਿਹਰੇ ਵੱਲ ਦੇਖਣ ਲੱਗੇ। ਵਾਸੂ ਜੀ ਨੇ ਜਦੋਂ ਇਸ ਦੀ ਵਿਆਖਿਆ ਕੀਤੀ, ਤਾਂ ਸਾਨੂੰ ਆਪਣੀ ਸੋਚ ਦੀ ਸੀਮਾ ਦਾ ਅਹਿਸਾਸ ਹੋਇਆ। ਉਨ੍ਹਾਂ ਮੁਤਾਬਕ, ਇਕ 'ਚੰਗਾ ਬੱਚਾ' ਉਹ ਹੁੰਦਾ ਹੈ ਜੋ ਬਿਨਾਂ ਸਵਾਲ ਕੀਤੇ ਆਗਿਆ ਦਾ ਪਾਲਣ ਕਰਦਾ ਹੈ ਅਤੇ ਅਨੁਸ਼ਾਸਨ ਦੇ ਨਾਂ 'ਤੇ ਆਪਣੀ ਜਿਗਿਆਸਾ ਨੂੰ ਦਬਾ ਲੈਂਦਾ ਹੈ। ਪਰ ਇਕ 'ਚੰਗਾ ਵਿਦਿਆਰਥੀ' ਚੁੱਪਚਾਪ ਬੈਠਣ ਦੀ ਬਜਾਏ ਆਪਣੇ ਮਨ ਅੰਦਰ ਸਵਾਲਾਂ ਦਾ ਇਕ ਅਥਾਹ ਸਮੁੰਦਰ ਰੱਖਦਾ ਹੈ, ਜਿਸ ਦੀਆਂ ਲਹਿਰਾਂ ਹਮੇਸ਼ਾ ਕਿਨਾਰਿਆਂ (ਗਿਆਨ) ਨੂੰ ਛੂਹਣ ਲਈ ਤਤਪਰ ਰਹਿੰਦੀਆਂ ਹਨ।
ਉਹ ਚੁੱਪਚਾਪ ਬੈਠਣ ਦੀ ਬਜਾਏ 'ਕਿਉਂ' ਅਤੇ 'ਕਿਵੇਂ' ਦੀ ਭਾਲ ਕਰਦਾ ਹੈ। ਪੱਤਰਕਾਰੀ ਵਰਗੇ ਪੇਸ਼ੇ ਵਿਚ ਸਵਾਲ ਪੁੱਛਣਾ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ। ਪਰ ਵਾਸੂ ਜੀ ਦੀ ਸ਼ਖ਼ਸੀਅਤ ਦਾ ਅਸਲ ਰੰਗ ਤਾਂ ਉਦੋਂ ਦੇਖਣ ਨੂੰ ਮਿਲਿਆ ਜਦੋਂ ਸਾਡੀ ਪੜ੍ਹਾਈ ਦਾ ਦੂਜਾ ਸਾਲ ਸ਼ੁਰੂ ਹੋਇਆ। ਉਸ ਸਾਲ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਕਲਾਸ ਲੈਣ ਲਈ ਰਸਮੀ ਤੌਰ 'ਤੇ ਸੱਦਾ ਨਹੀਂ ਦਿੱਤਾ ਗਿਆ ਸੀ। ਵਿਦਿਆਰਥੀ ਉਨ੍ਹਾਂ ਦੀਆਂ ਗੱਲਾਂ ਅਤੇ ਗਿਆਨ ਦੇ ਇੰਨੇ ਕਾਇਲ ਸਨ ਕਿ ਮੈਂ ਤੇ ਮੇਰੇ ਸਾਥੀ ਸਰਤਾਜ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਫੋਨ ਕਰਕੇ ਪੁੱਛਿਆ, "ਸਰ, ਕੀ ਤੁਸੀਂ ਇਸ ਵਾਰ ਸਾਨੂੰ ਪੜ੍ਹਾਉਣ ਨਹੀਂ ਆਓਗੇ?"
ਉਨ੍ਹਾਂ ਦਾ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਿਆ। ਉਨ੍ਹਾਂ ਬੜੀ ਬੇਬਾਕੀ ਅਤੇ ਉਤਸ਼ਾਹ ਨਾਲ ਕਿਹਾ, “ਜੇ ਯੂਨੀਵਰਸਿਟੀ ਨੇ ਨਹੀਂ ਸੱਦਿਆ ਤਾਂ ਕੀ ਹੋਇਆ? ਤੁਸੀਂ ਦੱਸੋ ਕਦੋਂ ਆਉਣਾ ਹੈ, ਆਪਾਂ ਕੰਟੀਨ ਕੋਲ ਬੈਠ ਕੇ ਹੀ ਕਲਾਸ ਲਗਾ ਲਵਾਂਗੇ।” ਮੈਂ ਸੋਚ ਰਿਹਾ ਸੀ ਕਿ ਨਾ ਤਾਂ ਉਹ ਯੂਨੀਵਰਸਿਟੀ ਦੇ ਅਧਿਕਾਰੀ ਸਨ, ਨਾ ਹੀ ਕਰਮਚਾਰੀ ਅਤੇ ਨਾ ਹੀ ਸਾਡੇ ਨਾਲ ਉਨ੍ਹਾਂ ਦਾ ਕੋਈ ਨਿੱਜੀ ਰਿਸ਼ਤਾ ਸੀ। ਪਰ ਉਨ੍ਹਾਂ ਅੰਦਰ ਗਿਆਨ ਵੰਡਣ ਦੀ ਜੋ ਤੜਪ ਸੀ, ਉਹ ਕਿਸੇ ਵੀ ਰਸਮੀ ਰੁਕਾਵਟ ਨੂੰ ਨਹੀਂ ਮੰਨਦੀ ਸੀ। ਉਨ੍ਹਾਂ ਲਈ ਗਿਆਨ ਵੰਡਣਾ ਕੋਈ ਡਿਊਟੀ ਨਹੀਂ, ਸਗੋਂ ਇਕ ਮਿਸ਼ਨ ਸੀ।
ਉਨ੍ਹਾਂ ਦਾ ਇਹ ਜਜ਼ਬਾ ਸਾਨੂੰ ਸਿਖਾ ਗਿਆ ਕਿ ਸਿੱਖਣ ਅਤੇ ਸਿਖਾਉਣ ਲਈ ਵੱਡੀਆਂ ਇਮਾਰਤਾਂ ਜਾਂ ਏਅਰ ਕੰਡੀਸ਼ਨਡ ਕਮਰਿਆਂ ਦੀ ਲੋੜ ਨਹੀਂ ਹੁੰਦੀ, ਸਿਰਫ਼ ਇਕ ਸੱਚੀ ਲਗਨ ਅਤੇ ਜਿਗਿਆਸਾ ਚਾਹੀਦੀ ਹੈ। ਅੱਜ ਸਾਲਾਂ ਬਾਅਦ ਵੀ, ਜਦੋਂ ਮੈਂ ਆਪਣੇ ਪੇਸ਼ੇਵਰ ਜੀਵਨ ਵਿਚ ਵਿਚਰਦਾ ਹਾਂ ਤਾਂ ਵਾਸੂ ਜੀ ਦੀ ਉਹ ਨਸੀਹਤ ਅਤੇ ਉਨ੍ਹਾਂ ਦੀ 'ਕੰਟੀਨ ਵਾਲੀ ਕਲਾਸ' ਦੀ ਗੱਲ ਮੇਰੇ ਅੰਦਰਲੇ ਵਿਦਿਆਰਥੀ ਨੂੰ ਹਮੇਸ਼ਾ ਜਾਗਦਾ ਰੱਖਦੀ ਹੈ।
ਇਹ ਗੱਲ ਸਿਰਫ਼ ਪੱਤਰਕਾਰੀ ਦੇ ਵਿਦਿਆਰਥੀਆਂ 'ਤੇ ਹੀ ਨਹੀਂ, ਸਗੋਂ ਹਰ ਉਸ ਇਨਸਾਨ 'ਤੇ ਲਾਗੂ ਹੁੰਦੀ ਹੈ ਜੋ ਜ਼ਿੰਦਗੀ ਵਿਚ ਕੁਝ ਨਵਾਂ ਸਿੱਖਣਾ ਚਾਹੁੰਦਾ ਹੈ। ਸਾਨੂੰ ਸਾਰਿਆਂ ਨੂੰ 'ਚੰਗੇ ਬੱਚੇ' ਹੋਣ ਦੇ ਭਰਮ ਵਿਚੋਂ ਨਿਕਲ ਕੇ, ਇਕ ਅਜਿਹਾ 'ਵਿਦਿਆਰਥੀ' ਬਣਨਾ ਚਾਹੀਦਾ ਹੈ ਜੋ ਸੱਚ ਦੀ ਤਲਾਸ਼ ਵਿਚ ਸਵਾਲ ਪੁੱਛਣ ਦੀ ਜੁਰਅਤ ਰੱਖਦਾ ਹੋਵੇ।
-ਨਰਿੰਦਰ ਪਾਲ ਸਿੰਘ ਗਿੱਲ
9876805158