ਬਾਬਾ ਹਰਬੰਸ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਦੀ ਦੇਖ-ਰੇਖ ਵਿਚ ਕੁਰੂਕਸ਼ੇਤਰ, ਹਜ਼ੂਰ ਸਾਹਿਬ, ਸ਼ਿਕਾਰ ਘਾਟ, ਤਰਨਤਾਰਨ, ਪਿਹੋਵਾ, ਬਿਬੇਕਸਰ, ਰਾਮਸਰ, ਕੌਲਸਰ, ਸ੍ਰੀ ਅੰਮ੍ਰਿਤਸਰ, ਸ੍ਰੀ ਸੰਤੋਖਸਰ ਸਾਹਿਬ, ਗੁਰਦੁਆਰਾ ਨਾਨਕਮਤਾ ਵਿਖੇ ਸਰੋਵਰਾਂ, ਸੜਕਾਂ, ਪੁਲਾਂ, ਇਮਾਰਤਾਂ ਦੀ ਸੇਵਾ 1973 ਈ: ਤੱਕ ਕਰਵਾਈ।
ਸੰਤ ਬਾਬਾ ਹਰਬੰਸ ਸਿੰਘ ਨੇ ਗੁਰਦੁਆਰਿਆਂ ਦੀਆਂ ਇਮਾਰਤਾਂ, ਸਰੋਵਰਾਂ, ਹੰਸਲੀਆਂ, ਪੁਲਾਂ, ਸਰਾਵਾਂ, ਬਿਲਡਿੰਗਾਂ, ਹਸਪਤਾਲਾਂ, ਵਿੱਦਿਅਕ ਅਦਾਰਿਆਂ ਆਦਿ ਦੀ ਸੇਵਾ ਕੀਤੀ। ਉਨ੍ਹਾਂ ਨੇ ਕਾਰ-ਸੇਵਾ ਦਾ ਕੁੰਭ ਜੋ ਚਲਾਇਆ ਹੈ, ਇਹ ਜੁਗਾਂ-ਜੁਗਾਂਤਰਾਂ ਤੱਕ ਚੱਲਦਾ ਰਹੇਗਾ। ਉਨ੍ਹਾਂ ਦਾ ਜਨਮ ਸੰਨ 1920 ਈ: ਵਿਚ ਨੂਰਪੁਰ ਥਲ (ਪਾਕਿਸਤਾਨ) ਵਿਚ ਪਿਤਾ ਆਸਾ ਸਿੰਘ ਦੇ ਗ੍ਰਹਿ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਸੀ। ਬਾਬਾ ਜੀ ਛੇ ਭਰਾ ਤੇ ਚਾਰ ਭੈਣਾਂ ਸਨ। ਆਪ ਨੇ ਮੁੱਢਲੀ ਵਿੱਦਿਆ ਚੱਕ ਨੰਬਰ 86, ਜ਼ਿਲ੍ਹਾ ਮਿੰਟਗੁਮਰੀ ਤੋਂ ਪ੍ਰਾਪਤ ਕੀਤੀ। ਉਹ ਅੰਗਰੇਜ਼ੀ ਤੇ ਉਰਦੂ ਵੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਬਾਬਾ ਜੀ ਨੇ ਫ਼ੌਜ ਦੀ ਨੌਕਰੀ ਵੀ ਕੀਤੀ। ਕੁਝ ਚਿਰ ਨੌਕਰੀ ਕਰਨ ਉਪਰੰਤ ਆਪਣੇ ਕਾਰੋਬਾਰ ਵਿਚ ਲੱਗ ਗਏ। ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲਾ ਵਾਲੇ 1943 ਵਿਚ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਆਪ ਨੇ 40 ਦਿਨ ਸੇਵਾ ਕੀਤੀ। ਬਾਬਾ ਜੀ ਨੇ ਪੁੱਛਿਆ, ‘‘ਤੁਹਾਡਾ ਦਾ ਨਾਮ ਕੀ ਹੈ ? ਉਨ੍ਹਾਂ ਨੇ ਦੱਸਿਆ ਹਰੀ ਸਿੰਘ ਤਾਂ ਬਾਬਾ ਗੁਰਮੁਖ ਸਿੰਘ ਕਹਿਣ ਲੱਗੇ, ‘ਭਾਈ ਆਪ ਤਾਂ ਹਰੀ ਕੇ ਬੰਸ ਹੋ।’ ਉਸ ਦਿਨ ਤੋਂ ਬਾਅਦ ਆਪ ਦਾ ਨਾਮ ‘ਹਰਬੰਸ ਸਿੰਘ’ ਹੋ ਗਿਆ। ਸੰਨ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਆਪ ਪੰਜਾਬ ਆਏ ਤੇ ਆਪ ਜੀ ਦੀ ਸੇਵਾ ਖਡੂਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਕੋਲ ਲੱਗ ਗਈ। ਉੱਥੇ ਆਪ ਨੇ ਲਾਂਗਰੀ, ਸਟੋਰ-ਕੀਪਰ ਦੀ ਸੇਵਾ ਕੀਤੀ ਤੇ ਗੁਰੂ-ਘਰ ਦੀਆਂ ਇਮਾਰਤਾਂ ਬਣਾਉਣ ਲਈ ਇੱਟਾਂ ਬਣਾਉਣ ਵਾਲੇ ਭੱਠੇ ਦੇ ਪ੍ਰਬੰਧ ਨੂੰ ਸੰਭਾਲਿਆ। ਬਾਬਾ ਹਰਬੰਸ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਦੀ ਦੇਖ-ਰੇਖ ਵਿਚ ਕੁਰੂਕਸ਼ੇਤਰ, ਹਜ਼ੂਰ ਸਾਹਿਬ, ਸ਼ਿਕਾਰ ਘਾਟ, ਤਰਨਤਾਰਨ, ਪਿਹੋਵਾ, ਬਿਬੇਕਸਰ, ਰਾਮਸਰ, ਕੌਲਸਰ, ਸ੍ਰੀ ਅੰਮ੍ਰਿਤਸਰ, ਸ੍ਰੀ ਸੰਤੋਖਸਰ ਸਾਹਿਬ, ਗੁਰਦੁਆਰਾ ਨਾਨਕਮਤਾ ਵਿਖੇ ਸਰੋਵਰਾਂ, ਸੜਕਾਂ, ਪੁਲਾਂ, ਇਮਾਰਤਾਂ ਦੀ ਸੇਵਾ 1973 ਈ: ਤੱਕ ਕਰਵਾਈ। ਆਪ ਬਾਬਾ ਗੁਰਮੁਖ ਸਿੰਘ ਦੇ ਹੁਕਮ ਅਨੁਸਾਰ 60 ਪਾਠ ਜਪੁਜੀ ਸਾਹਿਬ ਦੇ ਰੋਜ਼ਾਨਾ ਕਰਦੇ ਸਨ। ਸੰਨ 1975 ’ਚ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਦੀ ਸੇਵਾ ਸ਼ੁਰੂ ਹੋਈ। ਉਨ੍ਹਾਂ ਦਿਨਾਂ ਵਿਚ ਦਿੱਲੀ ਵਿਚ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ’ਤੇ ਸਰੋਵਰ ਦਾ ਕੰਮ ਕਮੇਟੀ ਨੇ ਠੇਕੇਦਾਰ ਨੂੰ ਦੇ ਕੇ ਸ਼ੁਰੂ ਕਰਵਾਇਆ ਸੀ। ਬਾਬਾ ਹਰਬੰਸ ਸਿੰਘ ਦੇ ਦਿੱਲੀ ਆਉਣ ’ਤੇ ਉਨ੍ਹਾਂ ਨੇ ਦਿੱਲੀ ਦੇ ਸਾਰੇ ਅਸਥਾਨਾਂ ਦੀ ਨਵ-ਉਸਾਰੀ ਕਰਵਾਈ। ਇੱਥੇ ਸੇਵਾ ਕਰਦਿਆਂ ਹੀ ਆਪ ਦੇ ਨਾਂ ਨਾਲ ‘ਕਾਰ-ਸੇਵਾ ਦਿੱਲੀ ਵਾਲੇ’ ਸ਼ਬਦ ਜੁੜ ਗਿਆ। ਬਾਬਾ ਜੀ ਨੇ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਹੋਰ ਵੀ ਅਨੇਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿਚ ਵੀ ਯੋਗਦਾਨ ਪਾਇਆ। ਉਹ ਸਿਰਫ਼ ਸੇਵਾ ਤੇ ਭਜਨ ਨੂੰ ਹੀ ਮੁੱਖ ਰੱਖਦੇ ਸਨ। ਉਨ੍ਹਾਂ ਨੇ ਕਾਰ-ਸੇਵਾ ਰਾਹੀਂ ਜਿੱਥੇ ਗੁਰੂ ਦੇ ਅਸਥਾਨ ਬਣਵਾਏ, ਉੱਥੇ ਨਾਲ ਹੀ ਵਿੱਦਿਆ ਦੇ ਖੇਤਰ ਵਿਚ ਵੀ ਵਿਸ਼ੇਸ਼ ਯੋਗਦਾਨ ਪਾਇਆ। ਸੇਵਾ ਦੇ ਪੁੰਜ ਬਾਬਾ ਹਰਬੰਸ ਸਿੰਘ ਜੀ ਕਾਰ-ਸੇਵਾ ਵਾਲੇ 21 ਅਪ੍ਰੈਲ 2011 ਨੂੰ 91 ਸਾਲ ਦੀ ਉਮਰ ਬਤੀਤ ਕਰ ਕੇ ਸੱਚਖੰਡ ਜਾ ਬਿਰਾਜੇ। ਵੀਹ ਮਾਰਚ 2012 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਮਰਨ ਉਪਰੰਤ ‘ਪੰਥ ਰਤਨ’ ਦਾ ਸਨਮਾਨ ਦਿੱਤਾ ਗਿਆ।
-ਕਰਨੈਲ ਸਿੰਘ ਐੱਮਏ,
ਲੁਧਿਆਣਾ।