- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਨੇ ਸ਼ੁੱਕਰਵਾਰ ਤੜਕੇ ਵੈਨੇਜ਼ੁਏਲਾ ’ਤੇ ਵੱਡੇ ਪੱਧਰ ਉੱਤੇ ਹਵਾਈ ਹਮਲੇ ਕੀਤੇ। ਹਮਲੇ ਦੌਰਾਨ ਰਾਜਧਾਨੀ ਕਰਾਕਸ ’ਚ ਘੱਟੋ-ਘੱਟ ਸੱਤ ਧਮਾਕੇ ਸੁਣੇ ਗਏ ਤੇ ਅਮਰੀਕੀ ਜਹਾਜ਼ ਨੀਂਵੀਂ ਉਡਾਣ ਭਰਦੇ ਦੇਖੇ ਗਏ। ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸ ਦੀ ਪਤਨੀ ਸਿਲੀਆ ਫਲੋਰਸ ਨੂੰ ਹਿਰਾਸਤ ’ਚ ਲੈ ਕੇ ਨਿਊਯਾਰਕ ਲਿਜਾਇਆ ਗਿਆ, ਜਿੱਥੇ ਉਨ੍ਹਾਂ ’ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਵੇਗਾ।

ਅਮਰੀਕਾ ਨੇ ਸ਼ੁੱਕਰਵਾਰ ਤੜਕੇ ਵੈਨੇਜ਼ੁਏਲਾ ’ਤੇ ਵੱਡੇ ਪੱਧਰ ਉੱਤੇ ਹਵਾਈ ਹਮਲੇ ਕੀਤੇ। ਹਮਲੇ ਦੌਰਾਨ ਰਾਜਧਾਨੀ ਕਰਾਕਸ ’ਚ ਘੱਟੋ-ਘੱਟ ਸੱਤ ਧਮਾਕੇ ਸੁਣੇ ਗਏ ਤੇ ਅਮਰੀਕੀ ਜਹਾਜ਼ ਨੀਂਵੀਂ ਉਡਾਣ ਭਰਦੇ ਦੇਖੇ ਗਏ। ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸ ਦੀ ਪਤਨੀ ਸਿਲੀਆ ਫਲੋਰਸ ਨੂੰ ਹਿਰਾਸਤ ’ਚ ਲੈ ਕੇ ਨਿਊਯਾਰਕ ਲਿਜਾਇਆ ਗਿਆ, ਜਿੱਥੇ ਉਨ੍ਹਾਂ ’ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾਵੇਗਾ। ਮਾਦੁਰੋ ’ਤੇ 2020 ਵਿਚ ਨਾਰਕੋ ਟੈਰਰਿਜ਼ਮ (ਨਸ਼ਾ ਤਸਕਰੀ ਤੇ ਅੱਤਵਾਦ) ਦੇ ਦੋਸ਼ ਲਗਾਏ ਗਏ ਸਨ। ਅਮਰੀਕਾ ’ਚ 1999 ਤੋਂ ਅੱਜ ਤਕ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਕਰਕੇ ਦਸ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਸ ਕਾਰਵਾਈ ਮਗਰੋਂ ਵੈਨੇਜ਼ੁਏਲਾ ਸਰਕਾਰ ਨੇ ਇਸ ਨੂੰ ਅਮਰੀਕਾ ਵੱਲੋਂ ਕੀਤਾ ਗਿਆ ਸਾਮਰਾਜਵਾਦੀ ਹਮਲਾ ਕਰਾਰ ਦਿੰਦਿਆਂ ਲੋਕਾਂ ਨੂੰ ਸੜਕਾਂ ’ਤੇ ਉਤਰਨ ਦੀ ਅਪੀਲ ਕੀਤੀ। ਕਾਨੂੰਨ ਤਹਿਤ ਉੱਥੋਂ ਦੀ ਉਪ-ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਸੱਤਾ ਸੰਭਾਲੇਗੀ। ਅਮਰੀਕਾ ਪਿਛਲੇ ਕੁਝ ਮਹੀਨਿਆਂ ਤੋਂ ਨਸ਼ਾ ਤਸਕਰੀ ਰੋਕਣ ਦੇ ਨਾਂ ’ਤੇ ਇਸ ਖੇਤਰ ਵਿਚ ਆਪਣੀ ਫ਼ੌਜੀ ਮੌਜੂਦਗੀ ਵਧਾ ਰਿਹਾ ਸੀ। ਇਹ ਹਮਲਾ ਉਸੇ ਲੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਲਾਏ ਗਏ ਗੰਭੀਰ ਦੋਸ਼
ਅਮਰੀਕਾ ਦੀ ਅਟਾਰਨੀ ਜਨਰਲ ਪਾਮੇਲਾ ਬੌਂਡੀ ਨੇ ਦਸਿਆ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰਸ ਖ਼ਿਲਾਫ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ’ਚ ਦੋਸ਼ ਆਇਦ ਕੀਤੇ ਗਏ ਹਨ। ਅਮਰੀਕਾ ਦੇ ਨਿਆਂ ਵਿਭਾਗ ਨੇ ਮਾਦੁਰੋ ’ਤੇ ਭ੍ਰਿਸ਼ਟ ਤੇ ਗ਼ੈਰ-ਕਾਨੂੰਨੀ ਸਰਕਾਰ ਚਲਾਉਣ ਦਾ ਦੋਸ਼ ਵੀ ਲਗਾਇਆ ਹੈ। ਉਨ੍ਹਾ ਕਿਹਾ ਕਿ ਮਾਦੂਰੋ ’ਤੇ ਨਾਰਕੋ ਟੈਰਰਿਜ਼ਮ, ਕੋਕੀਨ ਦਰਾਮਦ ਕਰਨ ਦੀ ਸਾਜ਼ਿਸ਼, ਮਸ਼ੀਨਗੰਨਾਂ ਤੇ ਹੋਰ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਅਮਰੀਕਾ ਦੀ ਵੈਨੇਜ਼ੁਏਲਾ ਦੇ ਤੇਲ ਭੰਡਾਰਾਂ ਦੀ ਵਰਤੋਂ ਕਰਨ ਦੀ ਯੋਜਨਾ ਹੈ। ਇਹ ਤਾਂ ਸਾਫ ਹੈ ਕਿ ਟਰੰਪ ਦੀ ਨਜ਼ਰ ਵੈਨੇਜ਼ੁਏਲਾ ਦੇ 350 ਅਰਬ ਬੈਰਲ ਦੇ ਤੇਲ ਭੰਡਾਰ ’ਤੇ ਹੈ। ਪਿਛਲੇ ਲਗਪਗ 20 ਸਾਲਾਂ ਦੇ ਮਾੜੇ ਪ੍ਰਬੰਧ ਤੇ ਪਾਬੰਦੀਆਂ ਕਰਕੇ ਵੈਨੇਜ਼ੁਏਲਾ ਦਾ ਤੇਲ ਉਤਪਾਦਨ ਰੋਜ਼ਾਨਾ 32 ਲੱਖ ਬੈਰਲ ਬੀਪੀਡੀ ਰਹਿ ਗਿਆ। ਟਰੰਪ ਵੈਨੇਜ਼ੁਏਲਾ ਦੇ ਤੇਲ ਉਦਯੋਗ ’ਤੇ ਕੰਟਰੋਲ ਕਰ ਕੇ ਉਸ ਦਾ ਪੁਨਰ ਗਠਨ ਕਰੇਗਾ ਤੇ ਤੇਲ ਦੀ ਬਰਾਮਦ ਕਰੇਗਾ। ਟਰੰਪ ਦਾਅਵਾ ਕਰ ਰਹੇ ਹਨ ਕਿ ਇਸ ਤੋਂ ਮਿਲਣ ਵਾਲਾ ਧਨ ਨਾ ਸਿਰਫ਼ ਵੈਨੇਜ਼ੁਏਲਾ ਦੇ ਲੋਕਾਂ ਦੇ ਭਲੇ ਲਈ ਇਸਤੇਮਾਲ ਹੋਵੇਗਾ ਸਗੋਂ ਅਮਰੀਕਾ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਕਰੇਗਾ। ਹਕੀਕਤ ਇਹ ਹੈ ਕਿ ਅਮਰੀਕਾ ਅਸਲ ’ਚ ਹੀ ਵੈਨੇਜ਼ੁਏਲਾ ਤੇਲ ਉਦਯੋਗ ਦਾ ਸੰਚਾਲਨ ਸ਼ੁਰੂ ਕਰ ਦਿੰਦਾ ਹੈ ਤਾਂ ਉਥੋਂ ਦੇ ਲੋਕਾਂ ਨੂੰ ਆਪਣੇ ਤੇਲ ਤੋਂ ਮੁਨਾਫ਼ਾ ਮਿਲਣ ’ਚ ਅਜੇ ਬਹੁਤ ਸਮਾਂ ਲੱਗਣ ਵਾਲਾ ਹੈ।
ਏਸ਼ੀਆ, ਯੂਰਪ ਤੇ ਲੈਟਿਨ ਦੇਸ਼ਾਂ ਨੂੰ ਧਮਕਾਇਆ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਏਸ਼ੀਆ, ਯੂਰਪ ਤੇ ਲੈਟਿਨ ਅਮਰੀਕੀ ਦੇਸ਼ਾਂ ਨੂੰ ਵੀ ਧਮਕਾਇਆ। ਕੋਲੰਬੀਆ, ਮੈਕਸੀਕੋ ਤੇ ਕਿਊਬਾ ਅਮਰੀਕਾ ’ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਜੇ ਕਿਊਬਾ, ਕੋਲੰਬੀਆ, ਮੈਕਸੀਕੋ ਤੇ ਈਰਾਨ ਨਾ ਸੁਧਰੇ ਤਾਂ ਕਾਰਵਾਈ ਕਰਾਂਗੇ। ਅਮਰੀਕਾ ਨੇ ਵੈਨੇਜ਼ੁਏਲਾ ਨੂੰ ਰੂਸ, ਈਰਾਨ ਤੇ ਕਿਊਬਾ ਨਾਲ ਰਿਸ਼ਤੇ ਤੇ ਆਰਥਿਕ ਸਬੰਧ ਤੋੜਨੇ ਹੋਣਗੇ। ਕੋਲੰਬੀਆ, ਮੈਕਸੀਕੋ ਰੂਸ, ਚੀਨ, ਇਰਾਨ ਤੇ ਕਿਊਬਾ ਤੇ ਹੋਰ ਦੇਸ਼ਾਂ ਨੇ ਵੈਨੇਜ਼ੁਏਲਾ ’ਤੇ ਹਮਲੇ ਨੂੰ ‘ਹਥਿਆਰਬੰਦ ਹਮਲਾ’ ਦੱਸ ਕੇ ਨਿਖੇਧੀ ਕੀਤੀ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵੱਲੋਂ ਦਿੱਤੇ ਗਏ ਤਰਕ ਬੇਬੁਨਿਆਦ ਹਨ। ਰੂਸ ਨੇ ਦੱਖਣੀ ਅਮਰੀਕੀ ਆਗੂਆਂ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਹੰਗਾਮੀ ਮੀਟਿੰਗ ਬੁਲਾਉਣ ਦੀ ਮੰਗ ਦਾ ਸਮਰਥਨ ਕੀਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਪਸ਼ੱਟ ਕੀਤਾ ਕਿ ਉਨ੍ਹਾ ਦਾ ਦੇਸ਼ ਇਸ ਹਮਲੇ ਵਿਚ ਸ਼ਾਮਿਲ ਨਹੀਂ ਸੀ। ਉਹ ਟਰੰਪ ਨਾਲ ਗੱਲ ਕਰ ਕੇ ਤੱਥ ਜਾਣਨਾ ਚਾਹੁੰਦੇ ਹਨ ਤੇ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨ ਦੇ ਹੱਕ ਵਿਚ ਹਨ। ਭਾਰਤ ਵੱਲੋਂ ਵੈਨੇਜ਼ੁਏਲਾ ਘਟਨਾਕ੍ਰਮ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਤੇ ਕਿਹਾ ਹੈ ਕਿ ਉਹ ਤੇਲ ਨਾਲ ਭਰਪੂਰ ਇਸ ਦੱਖਣੀ ਅਮਰੀਕੀ ਦੇਸ਼ ਦੀ ਬਦਲ ਰਹੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਨਵੀਂ ਦਿੱਲੀ ਨੇ ਖਿੱਤੇ ਵਿਚ ਸਥਿਰਤਾ ਯਕੀਨੀ ਬਣਾਉਣ ਲਈ ਗੱਲਬਾਤ ਰਾਹੀਂ ਸਥਿਤੀ ਦੇ ਸ਼ਾਂਤੀਪੂਰਨ ਹੱਲ ਦੀ ਅਪੀਲ ਕੀਤੀ ਅਤੇ ਉਸ ਦੇਸ਼ ਦੇ ਲੋਕਾਂ ਦੀ ਭਲਾਈ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ ਹੈ।
ਅਮਰੀਕੀ ਹਮਲੇ ਦੀ ਨਿੰਦਾ
ਭਾਰਤ ਦੀਆਂ ਖੱਬੀਆਂ ਪਾਰਟੀਆਂ ਨੇ ਵੈਨੇਜ਼ੁਏਲਾ ’ਤੇ ਅਮਰੀਕੀ ਹਮਲੇ ਦੀ ਨਿੰਦਾ ਕੀਤੀ ਤੇ ਇਸ ਨੂੰ ਤੇਲ ਭੰਡਾਰਾਂ ’ਤੇ ਕਬਜ਼ਾ ਕਰਨ ਦੀ ਸਾਮਰਾਜਵਾਦੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਅਮਰੀਕਾ ਖ਼ਿਲਾਫ਼ ਨਿਖੇਧੀ ਦਾ ਮਤਾ ਪਾਸ ਕਰਨ ਦੀ ਮੰਗ ਵੀ ਕੀਤੀ। ਖੱਬੀਆਂ ਪਾਰਟੀਆਂ ਨੇ ਕਿਹਾ ਕਿ ਵੈਨੇਜ਼ੁਏਲਾ ’ਤੇ ਅਮਰੀਕੀ ਹਮਲਾ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਸਰੇਆਮ ਉਲੰਘਣਾ ਹੈ। ਵਿਦੇਸ਼ੀ ਮਾਮਲਿਆਂ ’ਚ ਭਾਰਤ ਦਾ ਰੁਖ਼ ਹਮੇਸ਼ਾਂ ਤੋਂ ਸੰਤੁਲਿਤ ਰਿਹਾ ਹੈ, ਜੋ ਰਣਨੀਤਕ ਖ਼ੁਦਮੁਖਤਿਆਰੀ, ਬਹੁ-ਗਠਬੰਧਨ ਅਤੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣ ’ਤੇ ਕੇਂਦਰਿਤ ਹੈ। ਭਾਰਤ ਸੀਤ ਯੁੱਧ ਦੀ ‘ਗੁੱਟ ਨਿਰਪੇਖਤਾ’ ਦੇ ਅੱਗੇ ਵੱਧ ਕੇ ਹੁਣ ਅਮਰੀਕਾ, ਰੂਸ, ਚੀਨ, ਯੂਰਪੀ ਦੇਸ਼ਾਂ ਤੇ ਸੰਸਾਰ ਦੱਖਣ ਨਾਲ ਵੱਖ-ਵੱਖ ਮੁੱਦਿਆ ’ਤੇ ਸੰਤੁਲਨ ਬਣਾਉਂਦਾ ਰਿਹਾ ਹੈ, ਜੋ ਉਸ ਨੂੰ ਕਿਸੇ ਇਕ ਧੜੇ ਨਾਲ ਬੰਨ੍ਹੇ ਬਿਨਾਂ ਵਿਸ਼ਵ ਮੰਚ ’ਤੇ ਮਜ਼ਬੂਤ ਤੇ ਸੁਤੰਤਰ ਪੱਖ ਬਣਾਉਂਦਾ ਹੈ। ਵੈਨੇਜ਼ੁਏਲਾ ’ਤੇ ਅਮਰੀਕਾ ਦੀ ਕਾਰਵਾਈ ਦੇ ਮੁੱਦੇ ’ਤੇ ਵੀ ਭਾਰਤ ਨੇ ਗੱਲਬਾਤ ਨਾਲ ਮਸਲੇ ਨੂੰ ਹੱਲ ਕਰਨ ਤੇ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਕਾਇਮ ਰੱਖਣ ਲਈ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਵੈਨੇਜ਼ੁਏਲਾ ’ਚ ਤੇਜ਼ੀ ਨਾਲ ਬਦਲ ਰਹੀ ਸਥਿਤੀ ’ਤੇ ਕਰੀਬ ਤੋਂ ਨਜ਼ਰ ਰੱਖੀ ਹੈ। ਭਾਰਤ ਸਮੇਤ ਕਈ ਦੇਸ਼ਾਂ ਨੇ ਇਸ ਘਟਨਾਕ੍ਰਮ ’ਤੇ ਡੂੰਘੀ ਚਿੰਤਾ ਜਤਾਈ ਹੇ।
ਦਖ਼ਲ ਦਾ ਪੁਰਾਣਾ ਅਤੀਤ
ਇਹ ਕੋਈ ਪਹਿਲੀ ਵਾਰ ਨਹੀਂ ਕਿ ਅਮਰੀਕਾ ਨੇ ਕਿਸੇ ਦੇਸ਼ ’ਚ ਸੱਤਾ ਪਰਿਵਰਤਨ ਦੀ ਕੋਸ਼ਿਸ਼ ਕੀਤੀ ਹੈ। ਸਾਲ 1965 ’ਚ ਉਸ ਨੇ ਡੌਮੀਨਿਕਨ ਗਣਰਾਜ ’ਚ ਵੱਡੀ ਗਿਣਤੀ ਵਿਚ ਆਪਣੀ ਫ਼ੌਜ ਭੇਜੀ ਤਾਂ ਜੋ 1963 ’ਚ ਤਖ਼ਤਾ ਪਲਟ ਤਹਿਤ ਹਟਾਏ ਗਏ ਸਾਬਕਾ ਰਾਸ਼ਟਰਪਤੀ ਜੁਆਨ ਬੋਸ਼ ਦੀ ਵਾਪਸੀ ਰੋਕੀ ਜਾ ਸਕੇ। ਸਾਲ 1989 ਵਿਚ ਅਮਰੀਕੀ ਫ਼ੌਜ ਨੇ ਪਨਾਮਾ ’ਤੇ ਧਾਵਾ ਬੋਲਿਆ, ਜਿਸਦਾ ਮਕਸਦ ਤਤਕਲੀਨ ਜਨਰਲ ਮੇਨੂਅਲ ਨੌਰਿਏਗਾ ਨੂੰ ਹਟਾਉਣਾ ਸੀ, ਜਿਸ ’ਤੇ ਮਾਦੁਰੋ ਵਾਂਗ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮ ਸਨ। ਇਸੇ ਤਰ੍ਹਾਂ ਸਾਲ 2003 ਵਿਚ ਅਮਰੀਕੀ ਫ਼ੌਜ ਨੇ ਮਾਰੂ ਹਥਿਆਰ ਰੱਖਣ ਦਾ ਦੋਸ਼ ਲਾ ਕੇ ਇਰਾਕ ’ਤੇ ਹਮਲਾ ਕਰ ਕੇ ਸੱਦਾਮ ਹੁਸੈਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੇ ਲੰਮੇ ਸ਼ਾਸਨ ਦਾ ਅੰਤ ਕਰ ਦਿੱਤਾ। 2004 ਵਿਚ ਹੈਤੀ ਦੇ ਤਤਕਲੀਨ ਰਾਸ਼ਟਰਪਤੀ ਨੂੰ ਸੱਤਾ ਤੋਂ ਹਟਾ ਕੇ ਅਮਰੀਕਾ ਭੇਜ ਦਿੱਤਾ। ਅਮਰੀਕਾ ਨੇ ਚਿਲੀ, ਇਕਵਾਡੋਰ, ਗਵਾਟੇਮਾਲਾ, ਪੇਰੂ, ਬ੍ਰਾਜ਼ੀਲ ਦੇ ਤਖ਼ਤਾ ਪਲਟ ਕਰਵਾਏ। ਅਮਰੀਕੀ ਦਖ਼ਲ ਦਾ ਪੁਰਾਣਾ ਅਤੀਤ ਹੈ।
ਸੰਯੁਕਤ ਰਾਸ਼ਟਰ ਦੀ ਖ਼ਤਰਨਾਕ ਰੁਝਾਨ ਪ੍ਰਤੀ ਡੂੰਘੀ ਚਿੰਤਾ
ਜੇ ਦੁਨੀਆ ਦੇ ਕਿਸੇ ਹਿੱਸੇ ’ਚ ਮਾਨਵ ਸੁਰੱਖਿਆ ਦਾ ਗੰਭੀਰ ਸੰਕਟ ਹੋਵੇ ਤਾਂ ਕਿਸੇ ਦੂਸਰੇ ਦੇਸ਼ ਦੇ ਦਖ਼ਲ ਨੂੰ ਤਦ ਹੀ ਉਚਿਤ ਠਹਿਰਾਇਆ ਜਾ ਸਕਦਾ ਹੈ, ਜਦੋਂ ਇਹ ਸਭ ਕੌਮਾਂਤਰੀ ਨਿਯਮ/ਕਾਨੂੰਨ ਦੇ ਦਾਇਰੇ ’ਚ ਕੀਤਾ ਜਾਵੇ। ਪਿਛਲੇ ਕੁਝ ਦਹਾਕਿਆਂ ਤੋਂ ਕੁਝ ਸ਼ਕਤੀਸ਼ਾਲੀ ਦੇਸ਼ ਵਿਸ਼ਵ ਮਾਨਵ ਹਿੱਤਾਂ ਦੀ ਥਾਂ ਆਪਣੇ ਨਿੱਜੀ ਸਵਾਰਥਾਂ ਲਈ ਕਿਸੇ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਹਨ। ਸੰਯੁਕਤ ਰਾਸ਼ਟਰ ਨੇ ਵੀ ਇਸ ਖ਼ਤਰਨਾਕ ਰੁਝਾਨ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ, ਜਿਸ ਨੂੰ ਅਮਰੀਕਾ ਬੜਾਵਾ ਦੇ ਰਿਹਾ ਹੈ। ਇਸ ਤੱਥ ਵੱਲ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਵਿਸ਼ਵ ’ਚ ਸ਼ਾਂਤੀ ਤੇ ਸਥਿਰਤਾ ਵਾਸਤੇ ਸਾਰੇ ਦੇਸ਼ ਮਿਲ ਕੇ ਕੌਮਾਂਤਰੀ ਕਾਨੂੰਨ ਬਣਾਏ ਹਨ, ਉਸ ਦੇ ਮਹੱਤਵ ਤੇ ਪ੍ਰਸੰਗਤਾ ਨੂੰ ਬਣਾਈ ਰੱਖਣ ਲਈ ਸੰਤੁਲਿਤ ਰੁਖ਼ ਬੇਹੱਦ ਜ਼ਰੂਰੀ ਹੈ।
ਕੌਮਾਂਤਰੀ ਕਾਨੂੰਨ ਦੀ ਉਲੰਘਣਾ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਰੂਸ ਤੇ ਚੀਨ ਦੇ ਪ੍ਰਤੀਨਿਧਾਂ ਨੇ ਕਿਹਾ ਕਿ ਟਰੰਪ ਦਾਦਾਗਿਰੀ ਕਰ ਰਹੇ ਹਨ। ਮਾਦੁਰੋ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਮੀਟਿੰਗ ਵਿਚ ਚੀਨ ਤੇ ਰੂਸ ਨੇ ਵੈਨੇਜ਼ੁਏਲਾ ਦੇ ਮੁੱਦੇ ’ਤੇ ਅਮਰੀਕਾ ਦੀ ਜੰਮ ਕੇ ਘੇਰਾਬੰਦੀ ਕੀਤੀ। ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰ ਕੇ ਅਮਰੀਕਾ ਲਿਜਾਣਾ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ। ਅਮਰੀਕਾ ਨੇ ਵੈਨੇਜ਼ੁਏਲਾ ’ਚ ਜੋ ਕੁਝ ਕੀਤਾ, ਉਸ ਦੀ ਕਾਨੂੰਨੀ ਜਾਇਜ਼ਤਾ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ ਹੇ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਮਾਦੁਰੋ ਜਾਇਜ਼ ਰਾਸ਼ਟਰਪਤੀ ਨਹੀ ਹੈ, ਉਹ ਦੇਸ਼ ਦੀ ਰਾਸ਼ਟਰੀ ਚੋਣ ਪ੍ਰੀਸ਼ਦ ਦੁਆਰਾ ਚੁਣਿਆ ਗਿਆ ਸੀ।
ਮਿਲਣੀ ਚਾਹੀਦੀ ਕਾਨੂੰਨੀ ਛੋਟ
ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣਿਤ ਤੇਲ ਭੰਡਾਰ ਹੈ। ਅਮਰੀਕਾ ਉਸ ਦੇ ਤੇਲ ਉਦਯੋਗ ਨੂੰ ਆਪਣੇ ਕਾਬੂ ਹੇਠ ਲਿਆਉਣਾ ਚਾਹੁੰਦਾ ਹੈ ਪ੍ਰੰਤੂ ਕਿਸੇ ਦੇਸ਼ ’ਤੇ ਕਬਜ਼ਾ ਕਰਨ ਅਤੇ ਉਸ ਦੇ ਸਾਧਨਾਂ ਨੂੰ ਵਿਸ਼ਵ ਬਾਜ਼ਾਰ ਵਿਚ ਵੇਚਣ ਲਈ ਨਾ ਤਾਂ ਅਮਰੀਕੀ ਕਾਨੂੰਨ ਤੇ ਨਾ ਹੀ ਕੌਮਾਂਤਰੀ ਕਾਨੂੰਨ ਟਰੰਪ ਨੂੰ ਕੋਈ ਕਾਨੂੰਨੀ ਇਜਾਜ਼ਤ ਦਿੰਦਾ ਹੈ। ਬੁੱਧਵਾਰ ਨੂੰ ਅਮਰੀਕਾ ਨੇ ਵੈਨੇਜ਼ੁਏਲਾ ਦੇ ਤੇਲ ਟੈਂਕਰ ’ਤੇ ਕਬਜ਼ਾ ਕੀਤਾ। ਅਮਰੀਕਾ ਵੱਲੋਂ ਹਿਰਾਸਤ ’ਚ ਲਏ ਗਏ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਮੈਨਹਟਨ ਦੀ ਫੈਡਰਲ ਅਦਾਲਤ ਵਿਚ ਪੇਸ਼ੀ ਦੌਰਾਨ ਨਸ਼ਾ ਤਸਕਰੀ ਦੇ ਦੋਸ਼ ਨਕਾਰਦਿਆਂ ਖ਼ੁਦ ਨੂੰ ਬੇਕਸੂਰ ਕਿਹਾ। ਮੈਂ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ। ਉਨ੍ਹਾਂ ਦੋਸ਼ ਲਾਇਆ ਕਿ ਉਸ ਨੂੰ ਘਰੋਂ ਅਗਵਾ ਕੀਤਾ ਗਿਆ ਹੈ ਤੇ ਉਹ ਜੰਗੀ ਕੈਦੀ ਹਨ। ਮਾਦੁਰੋ ਨਾਲ ਉਨ੍ਹਾਂ ਦੀ ਪਤਨੀ ਸਿਲੀਆ ਫਲੋਰਸ ਵੀ ਅਦਾਲਤ ’ਚ ਪੇਸ਼ ਹੋਈ, ਉਸ ਨੇ ਵੀ ਦੋਸ਼ ਨਕਾਰ ਦਿੱਤੇ। ਸਿਲੀਆ ਦੇ ਸਿਰ ਤੇ ਮੱਥੇ ’ਤੇ ਪੱਟੀਆਂ ਬੱਝੀਆਂ ਹੋਈਆਂ ਸਨ। ਵਕੀਲਾਂ ਮੁਤਾਬਿਕ ਗ੍ਰਿਫ਼ਤਾਰੀ ਵੇਲੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵਾਂ ਨੂੰ ਭਾਰੀ ਸੁਰੱਖਿਆ ਹੇਠ ਬਰੁਕਲਿਨ ਜੇਲ੍ਹ ਤੋਂ ਅਦਾਲਤ ਲਿਆਂਦਾ ਗਿਆ ਸੀ। ਵਕੀਲ ਨੇ ਕਿਹਾ ਮਾਦੁਰੋ ਦੇਸ਼ ਦੇ ਮੁਖੀ ਹਨ, ਉਨ੍ਹਾਂ ਨੂੰ ਕਾਨੂੰਨੀ ਛੋਟ ਮਿਲਣੀ ਚਾਹੀਦੀ ਹੈ।
ਯੂਐੱਨ ਚਾਰਟਰ ਦੀ ਉਲੰਘਣਾ
ਵੈਨੇਜ਼ੁਏਲਾ ’ਤੇ ਹਮਲੇ ਬਾਰੇ ਜੇ ਅਜਿਹਾ ਦੋਹਰਾ ਰਵੱਈਆ ਚੱਲਦਾ ਰਿਹ ਤਾਂ ਫਿਰ ਰੂਸ ਦਾ ਯੂਕਰੇਨ ’ਤੇ ਹਮਲਾ ਅਤੇ ਚੀਨ ਦੇ ਤਾਇਵਾਨ ’ਤੇ ਦਾਅਵੇ ਨੂੰ ਗ਼ਲਤ ਕਿਵੇਂ ਕਿਹਾ ਜਾਵੇਗਾ। ਸੰਯੁਕਤ ਰਾਸ਼ਟਰ ਦੀ ਧਾਰਾ 2 (4) ਆਤਮ ਰੱਖਿਆ ਦੀ ਸਪਸ਼ਟ ਆਗਿਆ ਬਿਨਾਂ ਕਿਸੇ ਰਾਜ ਦੀ ਖੇਤਰੀ ਅਖੰਡਤਾ ਜਾਂ ਰਾਜਨੀਤਕ ਆਜ਼ਾਦੀ ਦੇ ਵਿਰੁੱਧ ਬਲ ਪ੍ਰਯੋਗ ਕਰਨਾ ਤੇ ਧਮਕੀ ਦੇਣ ’ਤੇ ਵੀ ਪਾਬੰਦੀ ਲਗਾਉਂਦਾ ਹੈ। ਇਨ੍ਹਾਂ ਅਰਥਾਂ ’ਚ ਵੈਨੇਜ਼ੁਏਲਾ ’ਤੇ ਕੀਤਾ ਗਿਆ ਹਮਲਾ ਯੂਐੱਨ ਚਾਰਟਰ ਦੀ ਸਪਸ਼ਟ ਉਲੰਘਣਾ ਹੈ। ਨਾਰਕੋ ਤਸਕਰੀ ਦਾ ਇਲਜ਼ਾਮ ਵੀ ਸਿਰਫ਼ ਇਨ੍ਹਾਂ ਨਜ਼ਾਇਜ਼ ਅਮਰੀਕੀ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਲਗਾਇਆ ਗਿਆ ਹੈ। ਅਸਲ ਵਿਚ ਅਮਰੀਕਾ ਦੀ ਅਧਿਕਾਰਕ ਨੈਸ਼ਨਲ ਡਰੱਗ ਥਰੈੱਟ/ਧਮਕੀ ਅਸੈਸਮੈਂਟ ਰਿਪੋਰਟ 2025 ਵਿਚ ਮਾਦੁਰੋ ਬਾਰੇ ਕੁਝ ਵੀ ਨਹੀਂ ਸੀ ਕਿਹਾ ਗਿਆ। ਇਸਦੇ ਉਲਟ ਉਸ ਵਿਚ ਮੈਕਸੀਕੋ, ਕੋਲੰਬੀਆ ਅਤੇ ਕੁਝ ਹੋਰ ਲੈਟਿਨ ਅਮਰੀਕੀ ਦੇਸ਼ਾਂ ਨੂੰ ਨਸ਼ੀਲੇ ਪਦਾਰਥਾਂ ਦੇ ਪ੍ਰਮੁੱਖ ਸਰੋਤ ਦੇ ਰੂਪ ’ਚ ਸ਼ਨਾਖਤ ਕੀਤੀ ਗਈ ਸੀ।
ਕੌਮਾਂਤਰੀ ਸੰਕਟ
ਦੁਨੀਆ ਦੇ ਕਈ ਦੇਸ਼ਾਂ, ਖੱਬੀਆ ਧਿਰਾਂ ਤੇ ਵਿਸ਼ਵ ਮੀਡੀਆ ਨੇ ਅਮਰੀਕਾ ਦੇ ਵੈਨੇਜ਼ੁਏਲਾ ਹਮਲੇ ਦੀ ਨਿਖੇਧੀ ਕੀਤੀ ਹੈ। ਸੰਸਾਰ ਭਰ ਦੇ ਮੀਡੀਆ ਨੇ ਇਸ ਹਮਲੇ ਨੂੰ ਕੌਮਾਂਤਰੀ ਸੰਕਟ ਦੱਸਿਆ। ਨਿਊਯਾਰਕ ਟਾਈਮਜ਼ ਨੇ ਹਮਲੇ ਨੂੰ ਗੰਭੀਰ ਅੰਤਰ-ਰਾਸ਼ਟਰੀ ਸੰਕਟ ਮੰਨਿਆ। ਗਲੋਬਲ ਟਾਈਮਜ਼ ਨੇ ਖੇਤਰੀ ਅਸਥਿਰਤਾ ਵਧਾਉਣ ਵਾਲਾ ਕਦਮ ਦੱਸਿਆ ਤੇ ਅਮਰੀਕੀ ਕਾਰਵਾਈ ਦੀ ਆਲੋਚਨਾ ਦੇ ਨਾਲ ਉਥੋਂ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਕੀਤੀ। ਅਲਜਜ਼ੀਰਾ ਨੇ ਘਟਨਾਕ੍ਰਮ ਨੂੰ ਸੱਤਾ ਪਰਿਵਰਤਨ ਤੇ ਰਾਸ਼ਟਰੀ ਪ੍ਰਭੂਸੱਤਾ ਨਾਲ ਜੁੜਿਆ ਮੁੱਦਾ ਦੱਸਿਆ ਤੇ ਪੱਛਮੀ ਦਖ਼ਲ ’ਤੇ ਸਵਾਲ ਉਠਾਏ। ਵੈਨੇਜ਼ੁਏਲਾ ’ਤੇ ਅਮਰੀਕੀ ਕਾਰਵਾਈ ਨੂੰ ਲੈ ਕੇ ਸਵਾਲ ਉੱਠਣੇ ਸਨ। ਇਸ ਹਮਲੇ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਦੁਨੀਆ ਦੇ ਅਮਨ ਪਸੰਦ ਭਾਈਚਾਰੇ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ।
ਮੁਖ਼ਤਾਰ ਗਿੱਲ