ਅਮਰੀਕੀ ਖੁਫ਼ੀਆ ਏਜੰਸੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਮਰੀਕੀ ਪ੍ਰਸ਼ਾਸਨ ਨੂੰ ਇਹ ਰਿਪੋਰਟ ਦੇ ਚੁੱਕੀਆਂ ਸਨ ਕਿ ਆਉਣ ਵਾਲੇ ਇਕ ਦਹਾਕੇ ’ਚ ਕਿਸੇ ਵੀ ਤਰ੍ਹਾਂ ਈਰਾਨ ਅਮਰੀਕਾ ਲਈ ਖ਼ਤਰਾ ਨਹੀਂ ਬਣ ਸਕਦਾ। ਵੈਸੇ ਵੀ ਓਮਾਨ ਦੀ ਵਿਚੋਲਗੀ ਨਾਲ ਅਮਰੀਕਾ ਤੇ ਈਰਾਨ ਦਰਮਿਆਨ ਚੱਲ ਰਹੀ ਗੱਲਬਾਤ ਲਗਪਗ ਸਿਰੇ ਚੜ੍ਹ ਚੁੱਕੀ ਸੀ, ਜਿਵੇਂ ਕਿ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੂਸੈਦੀ ਨੇ ਖੁੱਲ੍ਹ ਕੇ ਇੰਕਸ਼ਾਫ਼ ਕੀਤਾ ਹੈ।

ਅਮਰੀਕੀ ਖੁਫ਼ੀਆ ਏਜੰਸੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਮਰੀਕੀ ਪ੍ਰਸ਼ਾਸਨ ਨੂੰ ਇਹ ਰਿਪੋਰਟ ਦੇ ਚੁੱਕੀਆਂ ਸਨ ਕਿ ਆਉਣ ਵਾਲੇ ਇਕ ਦਹਾਕੇ ’ਚ ਕਿਸੇ ਵੀ ਤਰ੍ਹਾਂ ਈਰਾਨ ਅਮਰੀਕਾ ਲਈ ਖ਼ਤਰਾ ਨਹੀਂ ਬਣ ਸਕਦਾ। ਵੈਸੇ ਵੀ ਓਮਾਨ ਦੀ ਵਿਚੋਲਗੀ ਨਾਲ ਅਮਰੀਕਾ ਤੇ ਈਰਾਨ ਦਰਮਿਆਨ ਚੱਲ ਰਹੀ ਗੱਲਬਾਤ ਲਗਪਗ ਸਿਰੇ ਚੜ੍ਹ ਚੁੱਕੀ ਸੀ, ਜਿਵੇਂ ਕਿ ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੂਸੈਦੀ ਨੇ ਖੁੱਲ੍ਹ ਕੇ ਇੰਕਸ਼ਾਫ਼ ਕੀਤਾ ਹੈ। ਅਜਿਹੀ ਸਥਿਤੀ ’ਚ ਅਮਰੀਕਾ ਵੱਲੋਂ ਈਰਾਨ ’ਤੇ ਹਮਲੇ ਦੀ ਕੋਈ ਤੁੱਕ ਨਹੀਂ ਬਣਦੀ ਸੀ। ਇਸ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਨਾਲ ਮਿਲ ਕੇ ਈਰਾਨ ’ਤੇ ਤਾਬੜਤੋੜ ਹਮਲੇ ਕਰਨ ਤੇ ਉਥੇ ਸੱਤਾ ਦੀ ਤਬਦੀਲੀ ਕਰਨ ਦਾ ਫ਼ੈਸਲਾ ਕਿਉਂ ਲਿਆ?
ਕੌਮਾਂਤਰੀ ਡਿਕਟੇਟਰ
ਦੂਸਰੀ ਮਹਾਜੰਗ ਤੋਂ ਬਾਅਦ ਵਿਸ਼ਵ ਥਾਣੇਦਾਰ ਵਜੋਂ ਭੂਮਿਕਾ ਨਿਭਾਉਂਦਾ ਆ ਰਿਹਾ ਅਮਰੀਕਾ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਿਚ ਕੌਮਾਂਤਰੀ ਡਿਕਟੇਟਰ ਵਜੋਂ ਭੂਮਿਕਾ ਨਿਭਾਉਣ ਲਈ ਬਦਨਾਮ ਹੋ ਰਿਹਾ ਹੈ। ਅਮਰੀਕੀ ਸੁਪਰੀਮ ਕੋਰਟ ਵੱਲੋਂ ਉਸ ਦੇ ਟੈਰਿਫ ਟੈਰਰ ਵਿਰੋਧ ਫ਼ੈਸਲੇ ਦੇ ਬਾਵਜੂਦ ਉਸ ਵੱਲੋਂ ਮੁੜ ਪੂਰੇ ਵਿਸ਼ਵ ਦੇ ਦੇਸ਼ਾਂ ’ਤੇ ਟੈਰਿਫ ਠੋਕਣਾ, ਕੈਨੇਡਾ, ਗ੍ਰੀਨਲੈਂਡ ਅਤੇ ਪਨਾਮਾ ’ਤੇ ਕਬਜ਼ੇ ਦਾ ਰਾਗ ਅਲਾਪਣਾ, ਵੈਨਜ਼ੂਏਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਮਿਲਟਰੀ ਕਾਰਵਾਈ ਰਾਹੀਂ ਜਬਰੀ ਅਮਰੀਕਾ ਲਿਆ ਕੇ ਕੈਦ ਕਰਨਾ ਆਦਿ ਇਸ ਦਾ ਪ੍ਰਮਾਣ ਹਨ।
ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰ ਰਿਹਾ ਨੇਤਨਯਾਹੂ
ਏਸ਼ੀਆ ਮਹਾਦੀਪ ਦੇ ਮੱਧ ਪੂਰਬ ਵਿਚਲੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਇਲੀ ਸੁਪਰੀਮ ਕੋਰਟ ’ਚ ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ ਤੇ ਕੌਮਾਂਤਰੀ ਅਦਾਲਤ ’ਚ ਨਸਲਘਾਤ ਦੋਸ਼ ਵਜੋਂ ਮੁਕੱਦਮੇ ਵਿਚ ਨਾਮਜ਼ਦ ਹੈ। ਉਹ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮਨੋਸਥਿਤੀ ਤੋਂ ਭਲੀਭਾਂਤ ਜਾਣੂ ਹੈ। ਇਸੇ ਲਈ ਉਸ ਨੇ ਜੂਨ 2025 ’ਚ 12 ਰੋਜ਼ਾ ਇਜ਼ਰਾਈਲ ਤੇ ਈਰਾਨ ਜੰਗ ’ਚ ਉਸ ਨੂੰ ਘੜੀਸ ਲਿਆ ਸੀ। ਉਸ ਸਮੇਂ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਜੰਗਬੰਦੀ ਤੋਂ ਉਹ ਖ਼ੁਸ਼ ਨਹੀਂ ਸੀ ਤੇ ਲਗਾਤਾਰ ਅਜਿਹੇ ਮੌਕੇ ਦੀ ਤਲਾਸ਼ ਵਿਚ ਸੀ ਕਿ ਰਾਸ਼ਟਰਪਤੀ ਟਰੰਪ ਤੇ ਅਮਰੀਕਾ ਨੂੰ ਮੁੜ ਈਰਾਨ ਜੰਗ ਵਿਚ ਉਲਝਾ ਲਿਆ ਜਾਵੇ। ਗਾਜ਼ਾ ’ਚ ਫ਼ਲਸਤੀਨੀਆ ਦੇ ਮਲੀਆਮੇਟ ਤੋਂ ਬਾਅਦ ਉਹ ਈਰਾਨ ਨੂੰ ਮੱਧ ਪੂਰਬ ਖਿੱਤੇ ’ਚ ਚੁਣੌਤੀ ਸਮਝ ਰਿਹਾ ਸੀ। ਇਸ ਮੰਤਵ ਲਈ ਉਸ ਨੇ ਅਮਰੀਕਾ ਅੰਦਰ ਤਾਕਤਵਰ ਕਾਰਪੋਰੇਟ ਯਹੂਦੀ ਲਾਬੀ ਰਾਹੀਂ ਟਰੰਪ ’ਤੇ ਦਬਾਅ ਬਣਾਉਣਾ ਜਾਰੀ ਰੱਖਿਆ, ਜਿਸ ਵਿਚ ਉਸ ਨੂੰ ਆਖ਼ਰਕਾਰ ਕਾਮਯਾਬੀ ਮਿਲ ਗਈ।
ਦੂਸਰੇ ਪਾਸੇ ਟਰੰਪ ’ਤੇ ਦਬਾਅ ਬਣਾਉਣ ਲਈ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਤਾਨ, ਜੋ ਕੂਟਨੀਤਿਕ ਕੌਮਾਂਤਰੀ ਗਲਿਆਰਿਆਂ ਵਿਚ ਐੱਮਬੀਐੱਸ ਦੇ ਨਾਂ ਵਜੋਂ ਮਸ਼ਹੂਰ ਹੈ, ਨੂੰ ਵੀ ਕੂਟਨੀਤੀ ਰਾਹੀਂ ਆਪਣੇ ਨਾਲ ਜੋੜ ਲਿਆ। ਉਸ ’ਤੇ ਦੋ ਅਕਤੂਬਰ 2018 ਵਿਚ ਤੁਰਕੀ ਦੇ ਮਸ਼ਹੂਰ ਸ਼ਹਿਰ ਇਸਤਨਬੁਲ ਵਿਖੇ 59 ਸਾਲਾ ਨਾਮਵਰ ਪੱਤਰਕਾਰ ਜਮਾਲ ਖਸੋਗੀ ਨੂੰ ਫਿਲਮੀ ਅੰਦਾਜ਼ ’ਚ ਮਾਰਨ ਦੇ ਦੋਸ਼ ਲੱਗਦੇ ਹਨ। ਐੱਮਬੀਐੱਸ ਜਨਤਕ ਤੌਰ ’ਤੇ ਅਮਰੀਕਾ ਤੇ ਈਰਾਨ ਵਿਚਕਾਰ ਸਮਝੌਤੇ ਤੇ ਮੱਧ ਪੂਰਬ ਵਿਚ ਸ਼ਾਂਤੀ ਦੀਆਂ ਗੱਲਾਂ ਕਰਦਾ ਸੀ ਪਰ ਅੰਦਰਖਾਤੇ ਉਹ ਵਾਰ-ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਹਨ ’ਚ ਇਹ ਗੱਲ ਬਿਠਾ ਰਿਹਾ ਸੀ ਕਿ ਈਰਾਨ ਪਰਮਾਣੂ ਬੰਬ ਬਣਾ ਰਿਹਾ ਹੈ, ਉਸ ਕੋਲ ਵਿਨਾਸ਼ਕਾਰੀ ਮਿਜ਼ਾਈਲ ਸ਼ਕਤੀ ਮੌਜੂਦ ਹੈ, ਜੋ ਉਹ ਨਿਸ਼ਚਿਤ ਤੌਰ ’ਤੇ ਭਵਿੱਖ ਵਿਚ ਅਮਰੀਕਾ ਨੂੰ ਨਿਸ਼ਾਨੇ ’ਤੇ ਲਵੇਗਾ। ਇਸੇ ਗੱਲ ’ਤੇ ਅਮਰੀਕਾ ਅੰਦਰ ਯਹੂਦੀ ਕਾਰਪੋਰੇਟ ਲਾਬੀ ਰਾਹੀਂ ਅਤੇ ਨਿੱਜੀ ਤੌਰ ’ਤੇ ਨੇਤਨਯਾਹੂ ਰਾਸ਼ਟਰਪਤੀ ਟਰੰਪ ’ਤੇ ਦਬਾਅ ਬਣਾ ਰਿਹਾ ਸੀ ਕਿ ਈਰਾਨੀ ਮਿਜ਼ਾਈਲ ਸ਼ਕਤੀ ਅਤੇ ਪਰਮਾਣੂ ਬੰਬ ਤਿਆਰ ਕਰਨ ਦੀ ਜ਼ਿੱਦ ਅਮਰੀਕਾ ਤੇ ਖ਼ਾਸ ਕਰਕੇ ਇਜ਼ਰਾਈਲ ਸਮੇਤ ਪੂਰੇ ਵਿਸ਼ਵ ਲਈ ਬਹੁਤ ਮਾਰੂ ਸਿੱਧ ਹੋਵੇਗੀ। ਅਮਰੀਕੀ ਰਾਸ਼ਟਰਪਤੀ ਜੋ ਪਹਿਲਾਂ ਹੀ ਜੰਗੀ ਬੇੜਿਆਂ ਰਾਹੀਂ ਈਰਾਨ ਨੂੰ ਘੇਰੀ ਬੈਠਾ ਸੀ ’ਤੇ ਤੁਰੰਤ ਹਮਲਾ ਕਰਨ ਲਈ ਰਾਜ਼ੀ ਹੋ ਗਿਆ। ਇਹ ਗੱਲ ਖ਼ੁਦ ਟਰੰਪ ਨੇ ਮੰਨੀ ਹੈ ਕਿ ਉਸ ਨੂੰ ਆਪਣੀ ਯੋਜਨਾ ਤੋਂ ਪਹਿਲਾਂ ਇਹ ਹਮਲਾ ਕਰਨ ਦਾ ਨਿਰਣਾ ਲੈਣਾ ਪਿਆ। ਮਸ਼ਹੂਰ ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਇਹ ਹਮਲਾ ਇਜ਼ਰਾਈਲ ਤੇ ਸਾਊਦੀ ਅਰਬ ਵੱਲੋਂ ਪਿਛਲੇ ਕੁਝ ਹਫ਼ਤਿਆਂ ਤੋਂ ਟਰੰਪ ’ਤੇ ਦਬਾਅ ਬਣਾਉਣ ਬਾਅਦ ਕੀਤਾ ਗਿਆ।
ਅਯਾਤੁੱਲਾ ਅਲੀ ਖਾਮਨੇਈ ਦੀ ਮੌਤ
ਇਸ ਹਮਲੇ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੀ ਖੁਫ਼ੀਆ ਏਜੰਸੀ ਮੋਸਾਦ ਰਾਹੀਂ ਈਰਾਨ ਦੇ ਸੁਪਰੀਮ ਆਗੂ 86 ਸਾਲਾ ਅਯਾਤੁੱਲਾ ਅਲੀ ਖਾਮਨੇਈ ਦੇ ਸਟੀਕ ਪ੍ਰੋਗਰਾਮ ਦੀ ਜਾਣਕਾਰੀ ਪ੍ਰਾਪਤ ਕਰ ਲਈ ਸੀ। ਉਸ ਨੇ ਉਸ ਦੇ ਨਿੱਜੀ ਸਟਾਫ ਵਿਚ ਆਪਣੇ ਜਾਸੂਸ ਫਿੱਟ ਕਰ ਰੱਖੇ ਸਨ। ਉਸ ਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਸੀ ਕਿ ਹਮਲੇ ਵਾਲੇ ਦਿਨ 28 ਫਰਵਰੀ ਨੂੰ ਅਲੀ ਖਾਮਨੇਈ ਆਪਣੇ ਤਹਿਰਾਨ ਵਿਖੇ ਘਰ ਤੇ ਦਫ਼ਤਰ ਵਿਚ ਮੀਟਿੰਗ ਕਰਨ ਵਾਲਾ ਹੈ। ਅਮਰੀਕੀ-ਇਜ਼ਰਾਈਲੀ ਤਾਬੜਤੋੜ ਮਿਜ਼ਾਈਲ ਹਮਲੇ ’ਚ ਆਇਤੁਲਾ ਅਲੀ ਖਾਮਨੇਈ ਉੱਚ ਕਮਾਂਡਰਾਂ ਅਲੀ ਸ਼ਮਖਾਨੀ ਅਤੇ ਅਲੀ ਲਾਰਜਾਨੀ ਸਮੇਤ ਮਾਰੇ ਗਏ। ਇਸ ਹਮਲੇ ਵਿਚ ਸੁਪਰੀਮ ਆਗੂ ਦੀ ਧੀ, ਜਵਾਈ, ਨੂੰਹ ਤੇ 14 ਮਹੀਨਿਆਂ ਦੀ ਪੋਤਰੀ ਜਿਹਰਾ ਮੁਹੰਮਦੀ ਗੋਲਪਾਇਗਾਨੀ ਵੀ ਮਾਰੇ ਗਏ। ਇਸ ਤੋਂ ਇਲਾਵਾ 40 ਉੱਚ ਪੱਧਰੀ ਮਿਲਟਰੀ ਤੇ ਸਿਵਲ ਅਧਿਕਾਰੀ ਵੀ ਮਾਰੇ ਗਏ। ਅਮਰੀਕੀ-ਇਜ਼ਰਾਈਲੀ ਸਾਂਝੀ ਕਮਾਨ ਨੇ ਈਰਾਨ ਦੇ ਅਨੇਕ ਮਿਲਟਰੀ ਤੇ ਸਿਵਲ ਟਿਕਾਣਿਆਂ ’ਤੇ ਹਮਲੇ ਕੀਤੇ। ਅਣਮਨੁੱਖੀ ਕਾਰਵਾਈ ’ਚ ਲੜਕੀਆਂ ਦੇ ਸਕੂਲ ’ਤੇ ਹਮਲਾ ਕਰ ਕੇ 165 ਵਿਦਿਆਰਥਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਈਰਾਨ ਜੋ ਆਪਣੇ ਸੁਪਰੀਮ ਧਾਰਮਿਕ ਆਗੂ ਦੀ ਰਾਖੀ ਲਈ ਹਮੇਸ਼ਾ ਚੌਕੰਨਾ ਰਹਿੰਦਾ ਸੀ, ਕਿਵੇਂ ਉਸ ਦੀ ਸੁਰੱਖਿਆ ਵਿਚ ਅਸਫਲ ਤੇ ਦਫ਼ਤਰ ਵਿਚ ਮੀਟਿੰਗ ਦੀ ਜਾਣਕਾਰੀ ਸਬੰਧੀ ਹੌਲਨਾਕ ਨਾਕਾਮੀ ਦਾ ਸ਼ਿਕਾਰ ਹੋ ਗਿਆ, ਜੋ ਹੈਰਾਨਗੀ ਵਾਲੀ ਗੱਲ ਸੀ।
ਈਰਾਨ ਨੂੰ ਇਕਜੁੱਟ ਕਰ ਗਈ ਸੁਪਰੀਮ ਆਗੂ ਦੀ ਸ਼ਹਾਦਤ
ਦੂਸਰੇ ਪਾਸੇ ਈਰਾਨ ਦੀ ਲੀਡਰਸ਼ਿਪ ਦੇ ਲਾਜਵਾਬ ਉਤਰਾਧਿਕਾਰੀ ਅਤੇ ਪ੍ਰਪੱਕ ਰਾਜਨੀਤਕ ਤੇ ਧਾਰਮਿਕ ਸਿਸਟਮ ਤੋਂ ਅਮਰੀਕਾ ਹੀ ਨਹੀਂ ਸਗੋਂ ਪੂਰਾ ਵਿਸ਼ਵ ਹੈਰਾਨ ਰਹਿ ਗਿਆ। ਅਰਬ ਬਹਾਰ ਲਹਰ ਦੀ ਤਰਜ਼ ’ਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੀ ਮੌਤ ਬਾਅਦ ਈਰਾਨੀ ਲੀਡਰਸ਼ਿਪ ਅਤੇ ਸੱਤਾ ’ਚ ਤਬਦੀਲੀ ਦੀ ਅਮਰੀਕਾ ਤੇ ਇਜ਼ਰਾਈਲ ਜੋ ਆਸਾਂ ਲਾਈ ਬੈਠੇ ਸਨ, ਉਨ੍ਹਾਂ ’ਤੇ ਬਿਲਕੁਲ ਪਾਣੀ ਫਿਰ ਗਿਆ। ਪਿਛਲੇ ਕੁਝ ਸਮੇਂ ਤੋਂ ਈਰਾਨ ਅੰਦਰ ਸੱਤਾ ਦੀ ਤਬਦੀਲੀ ਤੇ ਲੋਕਤੰਤਰ ਦੀ ਬਹਾਲੀ ਲਈ ਜੋ ਅਮਰੀਕਾ ਤੇ ਇਜ਼ਰਾਈਲ ਦੀ ਸ਼ਹਿ ’ਤੇ ਲੋਕ ਮੁਜ਼ਾਹਰੇ ਕਰ ਰਹੇ ਸਨ, ਕੋਈ ਅੱਗੇ ਨਹੀਂ ਆਇਆ। ਉਲਟਾ ਸੁਪਰੀਮ ਆਗੂ ਦੀ ਸ਼ਹਾਦਤ ਨੇ ਪੂਰੇ ਈਰਾਨ ਨੂੰ ਇਕਜੁੱਟ ਕਰ ਦਿੱਤਾ, ਜਿਸ ਦੀ ਪ੍ਰਾਪਤੀ ਸੁਪਰੀਮ ਆਗੂ ਆਪਣੇ ਜਿਉਂਦੇ ਜੀਅ ਨਾ ਕਰ ਸਕਿਆ, ਉਹ ਆਪਣੀ ਸ਼ਹਾਦਤ ਨਾਲ ਪੂਰੀ ਕਰ ਗਿਆ।
ਜਵਾਬੀ ਕਾਰਵਾਈ
ਇਸ ਹਮਲੇ ਦੀ ਜਵਾਬੀ ਕਾਰਵਾਈ ਈਰਾਨ ਮਿਲਟਰੀ ਅਤੇ ਆਈਆਰਜੀਸੀ ਲੜਾਕੂਆਂ ਵੱਲੋਂ ਲਗਾਤਾਰ ਬੜੀ ਸ਼ਿੱਦਤ ਨਾਲ ਅਮਰੀਕੀ ਮੱਧ ਪੂਰਬੀ ਫ਼ੌਜੀ ਅੱਡਿਆਂ ਤੇ ਇਜ਼ਰਾਈਲ ਵਿਰੋਧੀ ਹੀ ਨਹੀਂ ਸਗੋਂ ਇਨ੍ਹਾਂ ਦੇ ਸਹਿਯੋਗੀ ਅਰਬ ਮੁਲਕਾਂ ਜਿਵੇਂ ਸਾਊਦੀ ਅਰਬ, ਦੁਬਈ, ਦੋਹਾ, ਬਹਰੀਨ, ਕਤਰ, ਯੂਏਈ, ਕੁਵੈਤ ਅਤੇ ਇਰਾਕ ਆਦਿ ’ਤੇ ਇਬਰਤਨਾਕ ਮਿਜ਼ਾਈਲ ਹਮਲਿਆਂ ਨਾਲ ਕੀਤੀ ਜਾ ਰਹੀ ਹੈ। ਇੱਥੋਂ ਤਕ ਕਿ ਸਾਈਪ੍ਰਸ ਵਿਚ ਬਰਤਾਨਵੀ ਫ਼ੌਜੀ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਅਮਰੀਕਾ ਦੇ ਕਈ ਲੜਾਕੂ ਜਹਾਜ਼ ਦਾਗੇ ਗਏ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫ਼ਤਰ ’ਤੇ ਵੀ ਹਮਲਾ ਕੀਤਾ ਗਿਆ ਪਰ ਉਹ ਬਚ ਨਿਕਲਿਆ। ਇਹ ਵੀ ਡਰ ਹੈ ਕਿ ਭਵਿੱਖ ’ਚ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਰਹੇਗਾ।
ਟਰੰਪ ਨੇ ਮੰਨਿਆ ਹੈ ਕਿ ਮੱਧ ਪੂਰਬ ਵਿਚ ਈਰਾਨ ਵਿਰੁੱਧ ਕਾਰਵਾਈ ਚਾਰ-ਪੰਜ ਹਫ਼ਤੇ ਹੀ ਨਹੀਂ ਸਗੋਂ ਲੰਬੀ ਚੱਲ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਈਰਾਨ ਦੇ ਮਿਲਟਰੀ ਤੇ ਪੁਲਿਸ ਅਧਿਕਾਰੀਆਂ ਨੂੰ ਹਥਿਆਰ ਸੁੱਟਣ ਲਈ ਕਹਿ ਰਿਹਾ ਹੈ। ਇਵੇਂ ਹੀ ਮੁਤਬਾਦਲ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੀ ਗੱਲ ਵੀ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਭਵਿੱਖ ਵਿਚ ਅਮਰੀਕਾ ਦੇ ਇਤਿਹਾਦੀ ਬਣ ਕੇ ਚੱਲਣ ਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦੇ ਰਿਹਾ ਹੈ। ਦੂਸਰੇ ਪਾਸੇ ਇਹ ਵੀ ਡਰਾਵੇ ਦਿੰਦਾ ਹੈ ਕਿ ਉਹ ਉਨ੍ਹਾਂ ਦਾ ਪੂਰਾ ਸਿਸਟਮ ਨੇਸਤੋ ਨਾਬੂਦ ਕਰ ਦੇਵੇਗਾ।
ਵੱਖ-ਵੱਖ ਦੇਸ਼ਾਂ ’ਚ ਹੋ ਰਹੇ ਮੁਜ਼ਾਹਰੇ
ਈਰਾਨ ਦੇ ਸੁਪਰੀਮ ਧਾਰਮਿਕ ਆਗੂ ਅਯਾਤੁੱਲਾ ਖਾਮਨੇਈ ਦੀ ਮੌਤ ਵਿਰੁੱਧ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਮੁਜ਼ਾਹਰੇ ਹੋ ਰਹੇ ਹਨ। ਪਾਕਿਸਤਾਨ ਅੰਦਰ ਕਰਾਚੀ ਵਿਖੇ ਅਮਰੀਕੀ ਦੂਤਾਵਾਸ ਅੱਗੇ ਮੁਜ਼ਾਹਰਾਕਾਰੀਆਂ ਨੂੰ ਅਮਰੀਕੀ ਸੁਰੱਖਿਆ ਗਾਰਡਾਂ ਵੱਲੋਂ ਗੋਲੀਆਂ ਮਾਰ ਕੇ ਭੁੰਨਣ ਤੇ ਕਈਆਂ ਨੂੰ ਜ਼ਖ਼ਮੀ ਕਰਨ ਕਰਕੇ ਪੂਰੇ ਵਿਸ਼ਵ ਵਿਚ ਰਾਸ਼ਟਰਪਤੀ ਟਰੰਪ ਦੀ ਨਿੰਦਿਆ ਹੋ ਰਹੀ ਹੈ। ਲਿਬਨਾਨ ਵਿਚ ਹਿਜ਼ਬੁੱਲਾ ਲੜਾਕੂ ਵੀ ਇਸ ਜੰਗ ’ਚ ਕੁੱਦ ਪਏ ਹਨ ਤੇ ਉਨ੍ਹਾਂ ਨੇ ਸੈਂਕੜੇ ਰਾਕੇਟ ਇਜ਼ਰਾਈਲ ਵਿਚ ਦਾਗੇ ਹਨ। ਸਪੇਨ ਵਿੱਚੋਂ ਅਮਰੀਕਾ ਆਪਣੇ ਲੜਾਕੂ ਜਹਾਜ਼ ਕੱਢ ਰਿਹਾ ਹੈ ਕਿਉਂਕਿ ਉਸ ਨੇ ਸਾਫ਼ ਕਿਹਾ ਕਿ ਉਸ ਦੀ ਧਰਤੀ ’ਤੇ ਅਮਰੀਕੀ ਅੱਡਿਆਂ ਤੋਂ ਈਰਾਨ ’ਤੇ ਹਮਲਿਆਂ ਦੀ ਇਜਾਜ਼ਤ ਨਹੀਂ। ਇੰਜ ਲੱਗਦਾ ਹੈ ਕਿ ਅਮਰੀਕਾ ਵੀਅਤਨਾਮ, ਇਰਾਕ ਅਤੇ ਅਫ਼ਗਾਨਿਸਤਾਨ ਵਾਂਗ ਈਰਾਨ ਵਿਚ ਦੋ ਆਗੂਆਂ ਜਿਵੇਂ ਨੇਤਨਯਾਹੂ ਅਤੇ ਜੀਬੀਐੱਸ ਦੀ ਗ਼ਲਤ ਸਲਾਹ ’ਤੇ ਫਸ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਇਸ ਆਫ਼ਤ ਤੋਂ ਨਿਪਟਾਰਾ ਚਾਹੁੰਦਾ ਹੈ। ਈਰਾਨ ਨਾ ਤਾਂ ਇਰਾਕ ਹੈ, ਨਾ ਲਿਬੀਆ, ਨਾ ਸੀਰੀਆ ਅਤੇ ਨਾ ਅਫ਼ਗਾਨਿਸਤਾਨ। ਈਰਾਨ 2500 ਸਾਲਾ ਪਰਸ਼ੀਅਨ ਸੱਭਿਅਤਾ ’ਤੇ ਖੜ੍ਹਾ ਹੈ। ਅਮਰੀਕਾ ਨੂੰ ਇਸ ਜੰਗ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।
ਕਾਰੋਬਾਰ ’ਤੇ ਪੈਣਾ ਸ਼ੁਰੂ ਹੋ ਗਿਆ ਅਸਰ
ਹਾਰਮੋਜ ਜਲ ਡਮਰੂ ਦੀ ਨਾਕਾਬੰਦੀ ਕਾਰਨ ਸਾਊਦੀ ਅਰਬ ਦੀਆਂ ਰਿਫਾਇਨਰੀਆਂ ’ਤੇ ਈਰਾਨ ਵੱਲੋਂ ਮਿਜ਼ਾਈਲਾਂ ਦਾਗਣ ਤੇ ਬਾਕੀ ਮੱਧ ਪੂਰਬ ਅਰਬ ਦੇਸ਼ਾਂ ’ਤੇ ਹਮਲੇ ਕਰਨ ਕਰਕੇ ਆਵਾਜਾਈ, ਵਪਾਰ, ਤੇਲ ਸਪਲਾਈ ਤੇ ਕਾਰੋਬਾਰ ’ਤੇ ਬਹੁਤ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਸਟਾਕ ਮਾਰਕੀਟਾਂ ਧੜਾਧੜ ਮੂਧੇ ਮੂੰਹ ਡਿੱਗ ਰਹੀਆਂ ਹਨ। ਤੇਲ ਦੀਆਂ ਕੀਮਤਾਂ ਵਿਚ ਵਾਧਾ ਹਰ ਦੇਸ਼ ਦੀ ਆਰਥਿਕਤਾ ਨੂੰ ਨਿਚੋੜ ਕੇ ਰੱਖ ਦੇਵੇਗਾ। ਦੂਸਰੇ ਪਾਸੇ ਟਰੰਪ ਟੈਰਰ ਟੈਰਿਫ ਵੱਖ-ਵੱਖ ਦੇਸ਼ਾਂ ਵਿਚ ਆਰਥਿਕ ਪਰੇਸ਼ਾਨੀਆਂ ਦਾ ਬਾਇਸ ਬਣੇਗਾ। ਇਹ ਵੀ ਪ੍ਰਤੱਖ ਸਮਝ ਆ ਰਿਹਾ ਹੈ ਕਿ ਜਿਵੇਂ ਚੀਨ ਅਤੇ ਰੂਸ ਮਹਾਸ਼ਕਤੀਆਂ ਅਮਰੀਕਾ ਨੂੰ ਕਿਸੇ ਡੂੰਘੀ ਖਾਈ ਵਿਚ ਧਕੇਲਣ ਲਈ ਚੱਕਰਵਿਊ ਰਚਨਾ ਕਰ ਰਹੀਆਂ ਹੋਣ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਕੱਟੜਵਾਦੀ ਤੇ ਨਸਲਘਾਤੀ ਯੋਜਨਾ ਹੈ ਕਿ ਇਸ ਜੰਗ ਦੀ ਆੜ ਵਿਚ ਫਲਸਤੀਨੀਆ ਨੂੰ ਗਾਜ਼ਾ ਤੇ ਪੱਛਮੀ ਕਿਨਾਰੇ ਵਿੱਚੋਂ ਜਬਰੀ ਭੱਜਣ ਲਈ ਮਜਬੂਰ ਕੀਤਾ ਜਾਵੇ। ਲੇਕਿਨ ਇੰਜ ਲੱਗਦਾ ਹੈ ਕਿ ਉਹ ਆਪਣੀ ਇਸ ਘਿਨਾਉਣੀ ਕਾਰਵਾਈ ਵਿਚ ਕਾਮਯਾਬ ਨਹੀਂ ਹੋਵੇਗਾ।
ਗ਼ੈਰ-ਸੰਵਿਧਾਨਿਕ ਹਮਲਾ
ਅਮਰੀਕੀ ਕੇਂਦਰੀ ਕਮਾਂਡ ਦੇ ਮੁਖੀ ਰਹੇ ਲੈਫ. ਕਰਨਲ ਰਾਚੇਲ ਵਾਲਡਿੰਗਹਮ ਦਾ ਕਹਿਣਾ ਹੈ,‘ਟਰੰਪ ਨੇ ਈਰਾਨ ’ਤੇ ਹਮਲਾ ਕਰ ਕੇ ਕੌਮਾਂਤਰੀ ਕਾਨੂੰਨ ਦੀ ਦੀ ਕਈ ਪੱਖਾਂ ਤੋਂ ਉਲੰਘਣਾ ਹੀ ਨਹੀਂ ਕੀਤੀ ਸਗੋਂ ਅਮਰੀਕੀ ਸੰਵਿਧਾਨ ਤੇ ਜੰਗੀ ਸ਼ਕਤੀਆਂ ਦੇ ਮਤੇ ਦੀ ਵੀ ਉਲੰਘਣਾ ਕੀਤੀ ਹੈ।’ ਬੈਕਾ ਬਲਿੰਟ ਡੈਮੋਕਰੇਟ ਪ੍ਰਤੀਨਿਧ ਦਾ ਕਹਿਣਾ ਹੈ ਕਿ ਈਰਾਨੀ ਆਪਰੇਸ਼ਨ ਖ਼ਤਰਨਾਕ ਤੇ ਗ਼ੈਰ-ਕਾਨੂੰਨੀ ਹੈ, ਜੋ ਕਾਂਗਰਸ ਦੀ ਮਨਜ਼ੂਰੀ ਬਗ਼ੈਰ ਸ਼ੁਰੂ ਕੀਤਾ ਗਿਆ ਹੈ। ਸਪੀਕਰ ਜਾਹਨਸਨ ਨੂੰ ਕਾਂਗਰਸ ਸੈਸ਼ਨ ਬੁਲਾ ਕੇ ਇਸ ’ਤੇ ਰੋਕ ਲਗਾਉਣੀ ਚਾਹੀਦੀ ਹੈ। ਹਾਲ ਦੀ ਘੜੀ ਚੰਗੀ ਗੱਲ ਇਹ ਹੈ ਕਿ ਟਰੰਪ ਦੇ ਕੌਮਾਂਤਰੀ ਡਿਕਟੇਟਰਾਨਾ ਵਤੀਰੇ ਕਰਕੇ ਅਮਰੀਕਾ ਦੇ ਇਤਿਹਾਦੀ ਤੇ ਨਾਟੋ ਦੇਸ਼ ਇਸ ਜੰਗ ਤੋਂ ਦੂਰੀ ਬਣਾਈ ਰੱਖ ਰਹੇ ਹਨ। ਫਿਰ ਵੀ ਖੌਫ਼ਨਾਕ ਇਹ ਹੈ ਕਿ ਕਿਤੇ ਇਹ ਜੰਗ ਤੀਸਰੀ ਵਿਸ਼ਵ ਜੰਗ ਦਾ ਰੂਪ ਨਾ ਧਾਰਨ ਕਰ ਕੇ ਮਾਨਵ ਬਰਬਾਦੀ ਦਾ ਕਾਰਨ ਨਾ ਬਣੇ। ਇਸ ਲਈ ਰੂਸ, ਚੀਨ, ਬਰਤਾਨੀਆ, ਬ੍ਰਾਜ਼ੀਲ, ਸਾਊਥ ਅਫ਼ਰੀਕਾ, ਜਪਾਨ, ਜਰਮਨੀ ਆਦਿ ਦੇਸ਼ਾਂ ਦੇ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਤੇ ਦਲੇਰਾਨਾ ਕਦਮ ਪੁੱਟਦਿਆ ਟਰੰਪ ਨੂੰ ਇਸ ਵਿਸ਼ਵ ਨੂੰ ਤੀਸਰੀ ਮਾਰੂ ਜੰਗ ਵਿਚ ਧਕੇਲਣ ਤੋਂ ਬਚਾਉਣਾ ਜ਼ਰੂਰੀ ਹੈ।
- ਦਰਬਾਰਾ ਸਿੰਘ ਕਾਹਲੋ