ਅਮਰੀਕੀ ਰਾਸ਼ਟਰਪਤੀ ਦੀ ਮੌਜੂਦਗੀ ਵਾਲੇ ਇਕ ਵਿਸ਼ੇਸ਼ ਸਮਾਰੋਹ ਵਿਚ ਗੋਲ਼ੀਬਾਰੀ ਦੀ ਘਟਨਾ ਟਰੰਪ ਦੀ ਸੁਰੱਖਿਆ ਵਿਵਸਥਾ ਵਿਚ ਉਕਾਈ ਨੂੰ ਤਾਂ ਦਰਸਾਉਂਦੀ ਹੀ ਹੈ, ਨਾਲ ਹੀ ਅਮਰੀਕਾ ਵਿਚ ਵਿਆਪਕ ਅਤੇ ਖ਼ਤਰਨਾਕ ਹੁੰਦੀ ਜਾ ਰਹੀ ਬੰਦੂਕ ਸੰਸਕ੍ਰਿਤੀ ਵੱਲ ਵੀ ਧਿਆਨ ਖਿੱਚਦੀ ਹੈ।

ਅਮਰੀਕੀ ਰਾਸ਼ਟਰਪਤੀ ਦੀ ਮੌਜੂਦਗੀ ਵਾਲੇ ਇਕ ਵਿਸ਼ੇਸ਼ ਸਮਾਰੋਹ ਵਿਚ ਗੋਲ਼ੀਬਾਰੀ ਦੀ ਘਟਨਾ ਟਰੰਪ ਦੀ ਸੁਰੱਖਿਆ ਵਿਵਸਥਾ ਵਿਚ ਉਕਾਈ ਨੂੰ ਤਾਂ ਦਰਸਾਉਂਦੀ ਹੀ ਹੈ, ਨਾਲ ਹੀ ਅਮਰੀਕਾ ਵਿਚ ਵਿਆਪਕ ਅਤੇ ਖ਼ਤਰਨਾਕ ਹੁੰਦੀ ਜਾ ਰਹੀ ਬੰਦੂਕ ਸੰਸਕ੍ਰਿਤੀ ਵੱਲ ਵੀ ਧਿਆਨ ਖਿੱਚਦੀ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਇਸ ਗੋਲ਼ੀਬਾਰੀ ਵਿਚ ਕੋਈ ਗੰਭੀਰ ਤੌਰ ’ਤੇ ਜ਼ਖ਼ਮੀ ਨਹੀਂ ਹੋਇਆ ਅਤੇ ਇਕ ਸੁਰੱਖਿਆ ਮੁਲਾਜ਼ਮ ਹਮਲਾਵਰ ਦੀ ਗੋਲ਼ੀ ਲੱਗਣ ਤੋਂ ਬਾਅਦ ਵੀ ਬਚ ਗਿਆ ਕਿਉਂਕਿ ਉਸ ਨੇ ਬੁਲਟ-ਪਰੂਫ ਜੈਕਟ ਪਹਿਨੀ ਹੋਈ ਸੀ ਪਰ ਇਹ ਘਟਨਾ ਇਸ ਲਈ ਕਿਤੇ ਜ਼ਿਆਦਾ ਧਿਆਨ ਖਿੱਚਦੀ ਹੈ ਕਿਉਂਕਿ ਇਹ ਉਸੇ ਵਾਸ਼ਿੰਗਟਨ ਡੀਸੀ ਦੇ ਹਿਲਟਨ ਹੋਟਲ ਵਿਚ ਵਾਪਰੀ ਜਿਸ ’ਚ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।
ਇਹ ਆਮ ਗੱਲ ਨਹੀਂ ਹੈ ਕਿ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਉਨ੍ਹਾਂ ਦੇ ਸੀਨੀਅਰ ਸਹਿਯੋਗੀਆਂ ਅਤੇ ਵ੍ਹਾਈਟ ਹਾਊਸ ਕਵਰ ਕਰਨ ਵਾਲੇ ਪੱਤਰਕਾਰਾਂ ਦੀ ਮੌਜੂਦਗੀ ਵਾਲੇ ਪ੍ਰੋਗਰਾਮ ਵਿਚ ਕੋਈ ਗੋਲ਼ੀਬਾਰੀ ਕਰਨ ਵਿਚ ਸਮਰੱਥ ਹੋ ਜਾਵੇ। ਵ੍ਹਾਈਟ ਹਾਊਸ ਦੇ ਪੱਤਰਕਾਰਾਂ ਨਾਲ ਅਮਰੀਕੀ ਰਾਸ਼ਟਰਪਤੀ ਦੇ ਡਿਨਰ ਦੇ ਇਸ ਸਾਲਾਨਾ ਸਮਾਰੋਹ ਵਿਚ ਉਸੇ ਤਰ੍ਹਾਂ ਦੇ ਸਖ਼ਤ ਸੁਰੱਖਿਆ ਬੰਦੋਬਸਤ ਹੁੰਦੇ ਹਨ ਜਿਹੋ ਜਿਹੇ ਅਮਰੀਕੀ ਹਵਾਈ ਅੱਡਿਆਂ ’ਤੇ ਹੁੰਦੇ ਹਨ।
ਇਸ ਤੋਂ ਇਲਾਵਾ, ਇਸ ਸਮਾਰੋਹ ਨੂੰ ਸਭ ਤੋਂ ਸੁਰੱਖਿਅਤ ਆਯੋਜਨਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ ਪਰ ਉੱਥੇ ਵੀ ਸੁਰੱਖਿਆ-ਵਿਵਸਥਾ ਵਿਚ ਸੰਨ੍ਹਮਾਰੀ ਹੋ ਗਈ। ਹਾਲਾਂਕਿ ਰਾਸ਼ਟਰਪਤੀ ਟਰੰਪ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਦੀ ਉੱਚਿਤ ਹੀ ਪ੍ਰਸ਼ੰਸਾ ਕਰ ਰਹੇ ਹਨ ਪਰ ਸੁਰੱਖਿਆ ਅਧਿਕਾਰੀਆਂ ਨੂੰ ਇਸ ਦੀ ਤਹਿ ਤੱਕ ਜਾਣਾ ਪਵੇਗਾ ਕਿ ਆਖ਼ਰ ਹਮਲਾਵਰ ਨੇ ਉਨ੍ਹਾਂ ਦੇ ਸੁਰੱਖਿਆ ਘੇਰੇ ਨੂੰ ਕਿਵੇਂ ਤੋੜਿਆ? ਵੈਸੇ ਤਾਂ ਹਮਲਾਵਰ ਦੀ ਪਛਾਣ ਹੋ ਗਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਸ ਦਾ ਇਰਾਦਾ ਕੀ ਸੀ? ਹੈਰਾਨੀ ਨਹੀਂ ਕਿ ਉਹ ਅਮਰੀਕਾ ਵਿਚ ਉਪਜੀ ਸਿਆਸੀ ਕੁੜੱਤਣ ਤੋਂ ਪ੍ਰਭਾਵਿਤ ਕੋਈ ਵਿਅਕਤੀ ਹੋਵੇ ਜੋ ਟਰੰਪ ਨੂੰ ਉਨ੍ਹਾਂ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਤੋਂ ਗੁੱਸੇ ਹੋ ਕੇ ਨਿਸ਼ਾਨਾ ਬਣਾਉਣਾ ਚਾਹੁੰਦਾ ਹੋਵੇ।
ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਬੀਤੇ ਦੋ ਸਾਲਾਂ ਵਿਚ ਟਰੰਪ ਨੂੰ ਘੱਟੋ-ਘੱਟ ਦੋ ਵਾਰ ਅਜਿਹੇ ਹੀ ਲੋਕਾਂ ਦੁਆਰਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਕ ਘਟਨਾ ਵਿਚ ਤਾਂ ਹਮਲਾਵਰ ਦੀ ਗੋਲ਼ੀ ਉਨ੍ਹਾਂ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ। ਵਾਸ਼ਿੰਗਟਨ ਦੇ ਹਿਲਟਨ ਹੋਟਲ ਦੀ ਘਟਨਾ ਇਹ ਵੀ ਦੱਸਦੀ ਹੈ ਕਿ ਅਮਰੀਕਾ ਵਿਚ ਆਸਾਨੀ ਨਾਲ ਬੰਦੂਕ ਖ਼ਰੀਦਣ ਅਤੇ ਰੱਖਣ ਦਾ ਜੋ ਅਧਿਕਾਰ ਹੈ, ਉਸ ’ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ। ਅਮਰੀਕੀ ਸਮਾਜ ਵਿਚ ਤੇਜ਼ੀ ਨਾਲ ਫੈਲ ਰਹੀ ਅਸਹਿਣਸ਼ੀਲਤਾ ਤੇ ਸਨਕੀਪੁਣੇ ਦਾ ਨਤੀਜਾ ਜਨਤਕ ਥਾਵਾਂ ’ਤੇ ਗੋਲ਼ੀਬਾਰੀ ਦੀਆਂ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਅਜਿਹੀਆਂ ਘਟਨਾਵਾਂ ਵਿਚ ਕਾਫ਼ੀ ਜਾਨੀ ਨੁਕਸਾਨ ਵੀ ਹੁੰਦਾ ਰਿਹਾ ਹੈ।
ਵਿਡੰਬਣਾ ਇਹ ਹੈ ਕਿ ਅਮਰੀਕਾ ਵਿਚ ਬੰਦੂਕ ਸੰਸਕ੍ਰਿਤੀ ਕਾਰਨ ਅਕਸਰ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਰਾਸ਼ਟਰਪਤੀ ਟਰੰਪ ਇਸ ਸੰਸਕ੍ਰਿਤੀ ’ਤੇ ਰੋਕ ਲਗਾਉਣ ਦੇ ਪੱਖ ਵਿਚ ਨਹੀਂ ਹਨ। ਉਲਟਾ ਉਹ ਹਥਿਆਰ ਰੱਖਣ ਦੀ ਆਜ਼ਾਦੀ ਦੇ ਤਕੜੇ ਸਮਰਥਕਾਂ ਵਿੱਚੋਂ ਇਕ ਹਨ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਬੰਦੂਕ ਸੰਸਕ੍ਰਿਤੀ ਖ਼ਿਲਾਫ਼ ਜੋ ਸਖ਼ਤੀ ਵਰਤਣੀ ਸ਼ੁਰੂ ਕੀਤੀ ਸੀ ਅਤੇ ਉਸ ਤਹਿਤ ਜਿਨ੍ਹਾਂ ਨਵੇਂ ਨਿਯਮਾਂ ਨੂੰ ਲਾਗੂ ਕੀਤਾ ਗਿਆ ਸੀ, ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਖ਼ਤਮ ਕਰਨ ਦਾ ਹੀ ਕੰਮ ਕੀਤਾ।