ਕ੍ਰਿਸ਼ਨ ਗੋਪਾਲ ਨੇ ਸ਼ਿਵ ਕੁਮਾਰ ਨੂੰ ਪਟਵਾਰੀ ਲੁਆ ਦਿੱਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਰਿਹਾ•। ਇਸ ਸਮੇਂ ਦੌਰਾਨ ਉਹ ਕਦੇ-ਕਦਾਈਂ ਕਵੀ ਦਰਬਾਰਾਂ ਵਿਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਰਿਹਾ।

ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ, ਪੰਜਾਬ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਅਤੇ ਬਾਅਦ ਵਿਚ ਕਾਨੂੰਗੋ ਰਹੇ। ਸ਼ਿਵ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ ‘ਲੋਹਤੀਆਂ’ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ।
ਸੰਨ 1947 ਵਿਚ ਦੇਸ਼ ਦੀ ਵੰਡ ਸਮੇਂ ਉਹ ਹਾਲੇ 11 ਸਾਲ ਦਾ ਸੀ ਜਦੋਂ ਉਸ ਦਾ ਪਰਿਵਾਰ ਭਾਰਤ ਦੇ ਬਟਾਲਾ ਵਿਖੇ ਆ ਗਿਆ ਜਿੱਥੇ ਉਸ ਦੇ ਪਿਤਾ ਨੇ ਪਟਵਾਰੀ ਵਜੋਂ ਆਪਣਾ ਕੰਮ ਜਾਰੀ ਰੱਖਿਆ। ਸੰਨ 1953 ਵਿਚ ਸ਼ਿਵ ਨੇ ‘ਸਾਲਵੇਸ਼ਨ ਆਰਮੀ ਹਾਈ ਸਕੂਲ’ ਬਟਾਲਾ ਤੋਂ ਦਸਵੀਂ ਪਾਸ ਕੀਤੀ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਦਾਖ਼ਲਾ ਲਿਆ, ਫਿਰ ਕੁਝ ਸਮੇਂ ਬਾਅਦ ਆਰਟਸ ਵਿਸ਼ਵ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਸ ਪਿੱਛੋਂ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ।
ਕ੍ਰਿਸ਼ਨ ਗੋਪਾਲ ਨੇ ਸ਼ਿਵ ਕੁਮਾਰ ਨੂੰ ਪਟਵਾਰੀ ਲੁਆ ਦਿੱਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ 1966 ਤੱਕ ਬੇਰੁਜ਼ਗਾਰ ਰਿਹਾ•। ਇਸ ਸਮੇਂ ਦੌਰਾਨ ਉਹ ਕਦੇ-ਕਦਾਈਂ ਕਵੀ ਦਰਬਾਰਾਂ ਵਿਚ ਆਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁਝ ਛਪ ਚੁੱਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ ’ਤੇ ਹੀ ਗੁਜ਼ਾਰਾ ਕਰਦਾ ਰਿਹਾ। ਸੰਨ 1966 ਵਿਚ ਉਸ ਨੇ ‘ਸਟੇਟ ਬੈਂਕ ਆਫ ਇੰਡੀਆ’ ਦੀ ਬਟਾਲਾ ਸ਼ਾਖਾ ਵਿਚ ਕਲਰਕ ਦੀ ਨੌਕਰੀ ਕਰ ਲਈ।
ਪੰਜ ਫਰਵਰੀ 1967 ਨੂੰ ਸ਼ਿਵ ਦਾ ਵਿਆਹ, ਗੁਰਦਾਸਪੁਰ ਜ਼ਿਲ੍ਹੇ ਦੇ ਹੀ ਇਕ ਪਿੰਡ ‘ਕੀੜੀ ਮੰਗਿਆਲ’ ਦੀ ਅਰੁਣਾ ਨਾਲ ਹੋ ਗਿਆ। ਉਸ ਦਾ ਵਿਆਹੁਤਾ ਜੀਵਨ ਖ਼ੁਸ਼ ਅਤੇ ਹਰ ਪੱਖੋਂ ਠੀਕ-ਠਾਕ ਸੀ। ਉਨ੍ਹਾਂ ਦੇ ਘਰ ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਅਤੇ ਧੀ ਪੂਜਾ ਨੇ ਜਨਮ ਲਿਆ। ਸੰਨ 1968 ਵਿਚ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ ਵਜੋਂ ਬਦਲ ਕੇ ਉਹ ਚੰਡੀਗੜ੍ਹ ਆ ਗਿਆ।
ਬੈਜਨਾਥ ਦੇ ਇਕ ਮੇਲੇ ਵਿਚ ਉਸ ਦੀ ਮੁਲਾਕਾਤ ਮੈਨਾ ਨਾਂ ਦੀ ਇਕ ਕੁੜੀ ਨਾਲ ਹੋਈ। ਜਦੋਂ ਉਹ ਉਸ ਨੂੰ ਉਸ ਦੇ ਜੱਦੀ ਸ਼ਹਿਰ ਲੱਭਣ ਲਈ ਵਾਪਸ ਗਿਆ ਤਾਂ ਉਸ ਨੇ ਉਸ ਦੀ ਮੌਤ ਦੀ ਖ਼ਬਰ ਸੁਣੀ ਅਤੇ ਇੱਥੇ ਹੀ ਉਸ ਨੇ ਇਲਾਹੀ ਮੈਨਾ ਦੀ ਰਚਨਾ ਲਿਖੀ। ‘ਮੈਂ ਇਕ ਸ਼ਿਕਰਾ ਯਾਰ ਬਣਾਇਆ’ ਕਵਿਤਾ ਪੰਜਾਬੀ ਭਾਸ਼ਾ ਵਿਚ ਹੈ। ਇਸ ਕਵਿਤਾ ਦਾ ਅੰਗਰੇਜ਼ੀ ਅਨੁਵਾਦ ਵੀ ਓਨਾ ਹੀ ਖ਼ੂਬਸੂਰਤ ਹੈ। ਬਟਾਲਵੀ ਦੀਆਂ ਕਵਿਤਾਵਾਂ ਨੂੰ ਪ੍ਰਸਿੱਧ ਗਾਇਕਾਂ ਨੁਸਰਤ ਫਤਿਹ ਅਲੀ ਖ਼ਾਨ, ਗੁਲਾਮ ਅਲੀ, ਜਗਜੀਤ ਸਿੰਘ, ਹੰਸ ਰਾਜ ਹੰਸ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ।
ਸ਼ਿਵ ਦਾ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਸੰਨ 1960 ਵਿਚ ਪ੍ਰਕਾਸ਼ਿਤ ਹੋਇਆ ਜਿਸ ਦਾ ਸਿਰਲੇਖ ਸੀ ‘ਪੀੜਾਂ ਦਾ ਪਰਾਗਾ’ ਜੋ ਇਕ ਤਤਕਾਲ ਸਫਲਤਾ ਬਣ ਗਿਆ। ਸ਼ਿਵ 1967 ਵਿਚ ਆਪਣੀ ਸ਼ਾਨਦਾਰ ਰਚਨਾ, ਲੂਣਾ (1965) ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਵਾਲਾ ਵਿਅਕਤੀ ਬਣ ਗਿਆ। ਮਈ 1972 ਵਿਚ ਸ਼ਿਵ ਨੇ ਡਾ. ਗੋਪਾਲ ਪੁਰੀ ਅਤੇ ਕੈਲਾਸ਼ ਪੁਰੀ ਦੇ ਸੱਦੇ ’ਤੇ ਇੰਗਲੈਂਡ ਦਾ ਦੌਰਾ ਕੀਤਾ।
ਜਦੋਂ ਉਹ ਇੰਗਲੈਂਡ ਪੁੱਜਾ ਤਾਂ ਪੰਜਾਬੀ ਭਾਈਚਾਰੇ ਨੇ ਉਸ ਨੂੰ ਪਲਕਾਂ ’ਤੇ ਬਿਠਾ ਲਿਆ। ਡਾ. ਪੁਰੀ ਨੇ ਸ਼ਿਵ ਦਾ ਸਵਾਗਤ ਕਰਨ ਲਈ ਲੰਡਨ ਦੇ ਨੇੜੇ ਕੋਵੈਂਟਰੀ ਵਿਚ ਪਹਿਲੇ ਵੱਡੇ ਸਮਾਗਮ ਦਾ ਪ੍ਰਬੰਧ ਕੀਤਾ। ਸ਼ਿਵ ਬਹੁਤ ਹੱਸਮੁੱਖ ਤੇ ਮਖੌਲੀਏ ਸਨ। ਸਤੰਬਰ 1972 ਵਿਚ ਜਦੋਂ ਸ਼ਿਵ ਇੰਗਲੈਂਡ ਤੋਂ ਪਰਤਿਆ ਤਾਂ ਉਸ ਦੀ ਸਿਹਤ ਵਿਚ ਕਾਫ਼ੀ ਗਿਰਾਵਟ ਆ ਗਈ ਸੀ। ਉਨ੍ਹਾਂ ਦਿਨਾਂ ਦੌਰਾਨ ਉਹ ਇਕ ਗੰਭੀਰ ਵਿੱਤੀ ਸੰਕਟ ਵਿਚ ਸੀ ਅਤੇ ਮਹਿਸੂਸ ਕਰਦਾ ਸੀ ਕਿ ਲੋੜ ਦੇ ਸਮੇਂ ਉਸ ਦੇ ਬਹੁਤੇ ਦੋਸਤਾਂ ਨੇ ਉਸ ਨੂੰ ਛੱਡ ਦਿੱਤਾ ਸੀ। ਉਸ ਦੀ ਪਤਨੀ ਅਰੁਣਾ ਨੇ ਕਿਸੇ ਤਰ੍ਹਾਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਉਹ ਕੁਝ ਦਿਨ ਜ਼ੇਰੇ-ਇਲਾਜ ਰਹੇ।
ਕੁਝ ਮਹੀਨਿਆਂ ਬਾਅਦ ਸ਼ਿਵ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸ਼ਿਵ ਇਹ ਕਹਿੰਦਿਆਂ ਕਿ ਉਹ ਹਸਪਤਾਲ ਵਿਚ ਮਰਨਾ ਨਹੀਂ ਚਾਹੁੰਦਾ, ਹਸਪਤਾਲ ਤੋਂ ਨਿਕਲ ਕੇ ਬਟਾਲਾ ਵਿਚ ਆਪਣੇ ਘਰ ਚਲਾ ਗਿਆ। ਬਾਅਦ ਵਿਚ ਉਸ ਨੂੰ ਉਸ ਦੇ ਸਹੁਰੇ ਪਿੰਡ ਕਿਰੀ ਮੰਗਿਆਲ ਲਿਜਾਇਆ ਗਿਆ ਜਿੱਥੇ 6 ਮਈ 1973 ਦੀ ਸਵੇਰ ਨੂੰ ਉਸ ਦੀ ਮੌਤ ਹੋ ਗਈ।
-ਅਜੀਤ ਖੰਨਾ
ਮੋਬਾਈਲ : 76967-54669