- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਆਂ ਪਾਰਟੀਆਂ ਅਤੇ ਗੱਠਜੋੜ ਅਕਸਰ ਸਾਫ਼-ਸੁਥਰਾ ਅਤੇ ਲੋਕ-ਪੱਖੀ ਰਾਜ ਦੇਣ ਦੇ ਵਾਅਦੇ ਕਰਦੇ ਹਨ ਪਰ ਜਦੋਂ ਗੱਲ ਟਿਕਟਾਂ ਦੀ ਵੰਡ ਜਾਂ ਅਗਵਾਈ ਦੀ ਆਉਂਦੀ ਹੈ, ਤਾਂ ਅੰਦਰੂਨੀ ਟਕਰਾਅ ਸਾਹਮਣੇ ਆ ਜਾਂਦਾ ਹੈ। ਵੋਟਰ ਹੁਣ ਪਹਿਲਾਂ ਨਾਲੋਂ ਕਾਫ਼ੀ ਸਚੇਤ ਹਨ। ਉਹ ਸਿਰਫ਼ ਵਾਅਦਿਆਂ ਦੀ ਬਜਾਏ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਤਰਜੀਹ ਦਿੰਦੇ ਹਨ।

- ਜਗਦੇਵ ਸਿੰਘ ਗਰੇਵਾਲ
ਪੰਜਾਬ ਦੀ ਰਾਜਨੀਤੀ ’ਚ ਵੋਟਾਂ ਦੇ ਨੇੜੇ ਆਉਂਦੇ ਹੀ ਨਵੇਂ ਗੱਠਜੋੜ ਤੇ ਪਾਰਟੀਆਂ ਬਣਾਉਣ ਦੀ ਪਰੰਪਰਾ ਕੋਈ ਨਵੀਂ ਗੱਲ ਨਹੀਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਚੋਣਾਂ ਤੋਂ ਠੀਕ ਪਹਿਲਾਂ ਬਣੀਆਂ ਇਹ ਭਾਈਵਾਲ ਪਾਰਟੀਆਂ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਸਕੀਆਂ। ਸਵ.ਗੁਰਬਚਨ ਸਿੰਘ ਟੌਹੜਾ ਦੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ, ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ, ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲਾ ਪੰਥਕ ਮੋਰਚਾ, ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ, ਰਵੀਇੰਦਰ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ 1920, ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਧਰਮਵੀਰ ਗਾਂਧੀ, ਕਾਮਰੇਡ ਅਤੇ ਬਹੁਜਨ ਸਮਾਜ ਪਾਰਟੀ ਵਾਲਾ ਡੈਮੋਕ੍ਰੇਟਿਕ ਗੱਠਜੋੜ ਅਤੇ ਸਵ.ਰਣਜੀਤ ਸਿੰਘ ਬ੍ਰਹਮਪੁਰਾ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਰਗੀਆਂ ਪਾਰਟੀਆਂ ਵੀ ਰਵਾਇਤੀ ਧਿਰਾਂ ਨੂੰ ਪਿੱਛੇ ਛੱਡ ਕੇ ਸਰਕਾਰ ਬਣਾਉਣ ’ਚ ਅਸਫ਼ਲ ਰਹੇ ਹਨ। ਇਸ ਦਾ ਮੁੱਖ ਕਾਰਨ ਸਿਧਾਂਤਕ ਏਕਤਾ ਦੀ ਕਮੀ ਅਤੇ ਨਿੱਜੀ ਹਿੱਤਾਂ ਦਾ ਟਕਰਾਰ ਰਿਹਾ ਹੈ। ਨਵੀਆਂ ਪਾਰਟੀਆਂ ਅਤੇ ਗੱਠਜੋੜ ਅਕਸਰ ਸਾਫ਼-ਸੁਥਰਾ ਅਤੇ ਲੋਕ-ਪੱਖੀ ਰਾਜ ਦੇਣ ਦੇ ਵਾਅਦੇ ਕਰਦੇ ਹਨ ਪਰ ਜਦੋਂ ਗੱਲ ਟਿਕਟਾਂ ਦੀ ਵੰਡ ਜਾਂ ਅਗਵਾਈ ਦੀ ਆਉਂਦੀ ਹੈ, ਤਾਂ ਅੰਦਰੂਨੀ ਟਕਰਾਅ ਸਾਹਮਣੇ ਆ ਜਾਂਦਾ ਹੈ। ਵੋਟਰ ਹੁਣ ਪਹਿਲਾਂ ਨਾਲੋਂ ਕਾਫ਼ੀ ਸਚੇਤ ਹਨ। ਉਹ ਸਿਰਫ਼ ਵਾਅਦਿਆਂ ਦੀ ਬਜਾਏ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਤਰਜੀਹ ਦਿੰਦੇ ਹਨ। ਜਦੋਂ ਉਹ ਵੇਖਦੇ ਹਨ ਕਿ ਗੱਠਜੋੜ ਦੇ ਆਗੂ ਆਪਸ ’ਚ ਹੀ ਸਹਿਮਤੀ ਨਹੀਂ ਬਣਾ ਸਕਦੇ ਤਾਂ ਉਹ ਸੋਚਣ ’ਤੇ ਮਜ਼ਬੂਰ ਹੋ ਜਾਂਦੇ ਹਨ ਕਿ ਅਜਿਹੇ ਨੇਤਾ ਸੂਬੇ ਨੂੰ ਕਿਵੇਂ ਸਥਿਰ ਸਰਕਾਰ ਦੇ ਸਕਣਗੇ। ਜੇਕਰ ਆਗੂ ਆਪਣੇ ਹੀ ਬਣਾਏ ਅਨੁਸ਼ਾਸਨ ਅਤੇ ਵਚਨਾਂ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਲੋਕਾਂ ਤੋਂ ਕਾਨੂੰਨ ਦੀ ਪਾਲਣਾ ਦੀ ਉਮੀਦ ਕਰਨਾ ਵੀ ਮੁਸ਼ਕਲ ਬਣ ਜਾਂਦਾ ਹੈ। ਅਸਲ ’ਚ, ਨਵੀਆਂ ਪਾਰਟੀਆਂ ਅਤੇ ਗੱਠਜੋੜਾਂ ਲਈ ਸਭ ਤੋਂ ਵੱਡੀ ਚੁਣੌਤੀ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਲੋਕਾਂ ਦੇ ਦਿਲ ਜਿੱਤਣਾ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੀ ਇਕਜੁੱਟਤਾ, ਅਨੁਸ਼ਾਸਨ ਅਤੇ ਲੋਕ-ਪੱਖੀ ਕਾਰਗੁਜ਼ਾਰੀ ਦੀ ਮਿਸਾਲ ਪੇਸ਼ ਕਰਨ। ਪੰਜਾਬ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ, ਵਧਦੀ ਬੇਰੁਜ਼ਗਾਰੀ, ਨਸ਼ਿਆਂ ਦੀ ਲਤ ਨਾਲ ਜੂਝਦੀ ਜਵਾਨੀ ਅਤੇ ਹੋਰ ਸਮਾਜਿਕ-ਆਰਥਿਕ ਸਮੱਸਿਆਵਾਂ ਸਿਰ ਚੁੱਕੀ ਖੜ੍ਹੀਆਂ ਹਨ। ਆਗੂਆਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਨਾਲ ਖੜ੍ਹ ਕੇ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਗੰਭੀਰ ਯਤਨ ਕਰਨ। ਪੰਜਾਬ ਦੀ ਸਿਆਸਤ ਨੂੰ ਇਸ ਵੇਲੇ ਸੇਧ ਦੀ ਲੋੜ ਹੈ।