ਇਸ ਮਾਮਲੇ ਦਾ ਵੱਡਾ ਵਿਅੰਗਾਤਮਕ ਪਰ ਦੁਖਦਾਈ ਪੱਖ ਇਹ ਹੈ ਕਿ ਇਸ ਚਿੱਠੀ ਨੂੰ ਲਿਖਿਆ ਤਾਂ ਮੰਗਲਵਾਰ 20 ਫਰਵਰੀ ਨੂੰ ਗਿਆ ਹੈ ਪਰ ਇਹ ਸਭ ਕੋਲ ਅਗਲੇ ਦਿਨ ਭਾਵ 21 ਫਰਵਰੀ-ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਪੁੱਜੀ ਹੈ ਤੇ ਇਹ ਹੈ ਵੀ ਪ੍ਰਾਈਵੇਟ ਸਕੂਲਾਂ ’ਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਉਣ ਬਾਰੇ।

‘ਦੀਵੇ ਥੱਲੇ ਹਨੇਰਾ’ ਵਾਲੀ ਕਹਾਵਤ ਅਜੋਕੇ ਪੰਜਾਬ ਦੇ ਸੈਕੰਡਰੀ ਸਿੱਖਿਆ ਵਿਭਾਗ ’ਤੇ ਵੀ ਪੂਰੀ ਤਰ੍ਹਾਂ ਢੁੱਕਦੀ ਹੈ। ਸੈਕੰਡਰੀ ਸਿੱਖਿਆ ਬਾਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਮੋਹਾਲੀ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਵੱਲੋਂ ਪੰਜਾਬ ਦੇ ਸਕੂਲ ਸਿੱਖਿਆ ਡਾਇਰੈਕਟਰ ਦੇ ਮੀਮੋ ਨੰ. 647757/ 202448188 ਮਿਤੀ 20 ਫਰਵਰੀ 2024 ਦੇ ਹਵਾਲੇ ਨਾਲ ਸਮੂਹ ਸਕੂਲ ਮੁਖੀਆਂ ਨੂੰ ਪੰਜਾਬੀ ਭਾਸ਼ਾ ’ਚ ਜਿਹੜੀ ਚਿੱਠੀ ਲਿਖੀ ਗਈ ਹੈ, ਉਸ ’ਚ ਬੇਸ਼ੁਮਾਰ ਗ਼ਲਤੀਆਂ ਹਨ।
ਇਸ ਮਾਮਲੇ ਦਾ ਵੱਡਾ ਵਿਅੰਗਾਤਮਕ ਪਰ ਦੁਖਦਾਈ ਪੱਖ ਇਹ ਹੈ ਕਿ ਇਸ ਚਿੱਠੀ ਨੂੰ ਲਿਖਿਆ ਤਾਂ ਮੰਗਲਵਾਰ 20 ਫਰਵਰੀ ਨੂੰ ਗਿਆ ਹੈ ਪਰ ਇਹ ਸਭ ਕੋਲ ਅਗਲੇ ਦਿਨ ਭਾਵ 21 ਫਰਵਰੀ-ਕੌਮਾਂਤਰੀ ਮਾਂ-ਬੋਲੀ ਦਿਵਸ ਨੂੰ ਪੁੱਜੀ ਹੈ ਤੇ ਇਹ ਹੈ ਵੀ ਪ੍ਰਾਈਵੇਟ ਸਕੂਲਾਂ ’ਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਉਣ ਬਾਰੇ। ਇਹ ਚਿੱਠੀ ਮੀਡੀਆ ਨਾਲ ਵੀ ਸਾਂਝੀ ਕੀਤੀ ਗਈ ਹੈ। ਜਿਹੜੇ ਸਿੱਖਿਆ ਵਿਭਾਗ ਨੇ ਦੇਸ਼ ਦੇ ਭਵਿੱਖ ਭਾਵ ਬੱਚਿਆਂ ਨੂੰ ਵਿੱਦਿਆ ਦਾ ਚਾਨਣ ਵੰਡਣਾ ਹੈ, ਉਸ ਦੀ ਹਰੇਕ ਲਿਖਤ ਤਾਂ ਮੋਤੀਆਂ ਵਾਂਗ ਪਿਰੋਈ ਹੋਣੀ ਚਾਹੀਦੀ ਹੈ ਤੇ ਉਸ ’ਚ ਕਿਸੇ ਵੀ ਤਰ੍ਹਾਂ ਦੀਆਂ ਤਰੁੱਟੀਆਂ, ਉਕਾਈਆਂ ਜਾਂ ਗ਼ਲਤੀਆਂ ਕਿਸੇ ਵੀ ਹਾਲਤ ’ਚ ਨਾ ਤਾਂ ਹੋਣੀਆਂ ਚਾਹੀਦੀਆਂ ਹਨ ਤੇ ਨਾ ਹੀ ਬਰਦਾਸ਼ਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਆਖ਼ਰ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਆਪਣੇ ਵਿਭਾਗ ਤੋਂ ਹੀ ਸੇਧ ਲੈਣੀ ਹੈ ਤੇ ਉਸ ਦੀਆਂ ਲਿਖਤਾਂ ਨੂੰ ਆਦਰਸ਼ ਮੰਨ ਕੇ ਚੱਲਣਾ ਹੈ। ਇਸ ਅਧਿਕਾਰਤ ਵਿਭਾਗੀ ਚਿੱਠੀ ’ਚ ਪੰਜਾਬੀ ਨੂੰ ਪੰਜਾਬ, ਭਾਸ਼ਾ ਨੂੰ ਭਾਸਾਂ, ਵਿਸ਼ਾ ਨੂੰ ਵਿਸਾਂ, ਲਾਜ਼ਮੀ ਨੂੰ ਲਾਜਮੀ, ਪੜ੍ਹਾਉਣ ਨੂੰ ਪੜਾਉਣ, ਐਜੂਕੇਸ਼ਨ ਨੂੰ ਐਜੂਕੇਸਨ, ਰਾਹੀਂ ਨੂੰ ਰਾਹੀ, ਜ਼ਿਲ੍ਹੇ ਨੂੰ ਜਿਲੇ, ਤੌਰ ਨੂੰ ਤੋਰ, ਨਿਰੀਖਣ ਨੂੰ ਨਿਰਿਖਣ, ’ਤੇ ਨੂੰ ਤੇ, ਆਦੇਸ਼ਾਂ ਨੂੰ ਆਦੇਸਾ, ਸਕੂਲਾਂ ਨੂੰ ਸਕੂਲਾ, ਸ਼ਾਮ ਨੂੰ ਸਾਂਮ, ਦਫ਼ਤਰ ਨੂੰ ਦਫਤਰ, ਜਮ੍ਹਾ ਨੂੰ ਜਮਾਂ, ਮਨੌਲੀ ਨੂੰ ਮਨੋਲੀ ਲਿਖਿਆ ਗਿਆ ਹੈ। ਇਹ ਗ਼ਲਤੀਆਂ ਇਸ ਚਿੱਠੀ ਦੀਆਂ ਸਿਰਫ਼ ਪਹਿਲੀਆਂ ਪੰਜ ਸਤਰਾਂ ਦੀਆਂ ਹਨ। ਪੰਜਾਬੀ ਮਾਂ-ਬੋਲੀ ਨੂੰ ਇਸ ਹੱਦ ਤੱਕ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।
ਜੇ ਪੰਜਾਬੀ ਭਾਸ਼ਾ ਦੀ ਹਾਲਤ ਵੇਖੀਏ-ਪਰਖੀਏ ਤਾਂ ਇਹ ਕੌੜੀ ਸੱਚਾਈ ਹੈ ਕਿ ਪੰਜਾਬ ਅੰਦਰ ਪੰਜਾਬੀ ਵਿਸ਼ੇ ’ਚ ਐੱਮਏ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇੰਨਾ ਮਾੜਾ ਹਾਲ ਦੇਸ਼ ਦੇ ਕਿਸੇ ਹੋਰ ਰਾਜ ਜਾਂ ਦੇਸ਼ ਦੀ ਕਿਸੇ ਹੋਰ ਭਾਸ਼ਾ ਦਾ ਨਹੀਂ ਵੇਖਿਆ ਗਿਆ।ਪੰਜਾਬ ’ਚ ਹੀ ਅਧਿਕਾਰੀਆਂ ਵੱਲੋਂ ਅੰਗਰੇਜ਼ੀ ਤੇ ਹਿੰਦੀ ’ਚ ਕੋਈ ਨੋਟ ਜਾਂ ਅਧਿਕਾਰਤ ਪੱਤਰ ਲਿਖਦੇ ਸਮੇਂ ਕਦੇ ਕਿਸੇ ਦੀ ਕੋਈ ਗ਼ਲਤੀ ਹੁੰਦੀ ਨਹੀਂ ਦਿਸਦੀ ਪਰ ਪੰਜਾਬੀ ਭਾਸ਼ਾ ’ਚ ਅਣਗਿਣਤ ਗ਼ਲਤੀਆਂ ਤੁਸੀਂ ਬੜੀ ਆਸਾਨੀ ਨਾਲ ਵੇਖ ਸਕਦੇ ਹੋ। ਇਸ ਸੱਚਾਈ ਤੋਂ ਪੰਜਾਬ ਸਰਕਾਰ ਵੀ ਮੂੰਹ ਨਹੀਂ ਮੋੜ ਸਕਦੀ। ਜੇ ਸਿੱਖਿਆ ਵਿਭਾਗ ਦੇ ਅਧਿਕਾਰ-ਖੇਤਰ ’ਤੇ ਝਾਤ ਪਾਈਏ ਤਾਂ ਇਸ ਅਧੀਨ 5,400 ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹਨ, 2300 ਐਸੋਸੀਏਟਡ ਸਕੂਲ ਸੀ-ਸ਼੍ਰੇਣੀ ’ਚ ਹਨ।
ਇਸੇ ਤਰ੍ਹਾਂ ਵਿੱਦਿਆ ਦੇ ਅਧਿਕਾਰ ਕਾਨੂੰਨ-2009 ਅਧੀਨ 1,800 ਨਿੱਜੀ ਮਿਡਲ ਸਕੂਲ ਹਨ। ਇਨ੍ਹਾਂ ਸਭਨਾਂ ਨੂੰ ਦਿਸ਼ਾ-ਨਿਰਦੇਸ਼ ਸਿੱਖਿਆ ਵਿਭਾਗ, ਪੰਜਾਬ ਨੇ ਹੀ ਦੇਣੇ ਹੁੰਦੇ ਹਨ। ਰਾਜ ’ਚ ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਕੂਲਾਂ ਦੀ ਗਿਣਤੀ 1,600 ਹੈ ਜਦਕਿ 800 ਸਕੂਲ ਆਈਸੀਐੱਸਈ ਬੋਰਡ ਤੋਂ ਮਾਨਤਾ ਪ੍ਰਾਪਤ ਹਨ। ਪੰਜਾਬ ਸਰਕਾਰ ਨੂੰ ਆਪਣੇ ਸਿੱਖਿਆ ਵਿਭਾਗ ’ਚ ਪੰਜਾਬੀ ਭਾਸ਼ਾ ਦੇ ਮਾਹਿਰਾਂ ਦੀ ਭਰਤੀ ਜ਼ਰੂਰ ਕਰਨੀ ਚਾਹੀਦੀ ਹੈ।