ਏਆਈ ਦੀ ਮਦਦ ਨਾਲ ਸਰਕਾਰਾਂ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਤੇ ਨੀਤੀਆਂ ਦੀਆਂ ਕਮੀਆਂ ਨੂੰ ਵੱਧ ਸਮਾਰਟ ਤਰੀਕੇ ਨਾਲ ਪਛਾਨਣ ’ਚ ਸਮਰੱਥ ਬਣ ਰਹੀਆਂ ਹਨ। ਇਹ ਸੰਕੇਤ ਹਨ ਕਿ ਤਕਨੀਕ ਜਦ ਟੀਚੇ ਦੇ ਨਾਲ ਵਿਕਸਿਤ ਹੁੰਦੀ ਹੈ, ਤਾਂ ਉਹ ਜਨ-ਕਲਿਆਣ ਦਾ ਤਾਕਤਵਰ ਸਾਧਨ ਬਣ ਜਾਂਦੀ ਹੈ।
ਭਾਰਤ ਦਾ ਟੀਚਾ 2047 ਤੱਕ ਇਕ ਵਿਕਸਤ ਤੇ ਅਮੀਰ ਰਾਸ਼ਟਰ ਬਣਨਾ ਹੈ। ਇਸ ਤਬਦੀਲੀ ’ਚ ਤਕਨੀਕ ਦੀ ਮੁੱਖ ਭੂਮਿਕਾ ਰਹਿਣ ਵਾਲੀ ਹੈ, ਜਿਸ ਦੀ ਅਗਵਾਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਕਰੇਗੀ। ਭਾਰਤ ’ਚ ਆਧਾਰ ਤੋਂ ਲੈ ਕੇ ਯੂਪੀਆਈ ਤੱਕ ਡਿਜੀਟਲ ਜਨਤਕ ਇਨਫਰਾਸਟ੍ਰਕਚਰ ਨੇ ਵਿਆਪਕ ਸਮਾਵੇਸ਼ ਦੀ ਨੀਂਹ ਤਿਆਰ ਕਰ ਦਿੱਤੀ ਹੈ। ਆਧਾਰ ਦੁਨੀਆ ਦਾ ਸਭ ਤੋਂ ਵੱਡਾ ਬਾਇਓਮੀਟ੍ਰਿਕ ਆਈਡੀ ਸਿਸਟਮ ਹੈ। ਇਸ ਨੇ 100 ਕਰੋੜ ਤੋਂ ਵੱਧ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ’ਚ ਸਮਰੱਥ ਬਣਾਇਆ ਹੈ।
ਯੂਪੀਆਈ ਨੇ ਡਿਜੀਟਲ ਅਦਾਇਗੀ ’ਚ ਕ੍ਰਾਂਤੀ ਲਿਆ ਦਿੱਤੀ ਹੈ। ਇਸਰੋ ਤੇ ਆਈਆਈਟੀ ਵਰਗੇ ਸੰਸਥਾਨਾਂ ਨੇ ਇਹ ਦਿਖਾਇਆ ਹੈ ਕਿ ਜਦ ਭਾਰਤ ਨਿਰਮਾਣ ਕਰਦਾ ਹੈ, ਤਾਂ ਉਸ ਦਾ ਲਾਭ ਪੂਰੇ ਵਿਸ਼ਵ ਨੂੰ ਮਿਲਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਅਦਾਰਿਆਂ ਨੇ ਭਾਰਤ ਦੀ ਜ਼ਰੂਰਤ ਮੁਤਾਬਕ ਮੁਸ਼ਕਲ ਹੱਲ ਕਰਨ ਦੇ ਸੱਭਿਆਚਾਰ ਦਾ ਨਿਰਮਾਣ ਕੀਤਾ ਹੈ। ਪੇਟੈਂਟ ਫਾਈਲਿੰਗ ’ਚ ਆਈਆਈਟੀ ਮੁੱਖ ਯੋਗਦਾਨ ਦੇਣ ਵਾਲੇ ਦੇ ਰੂਪ ’ਚ ਲਗਾਤਾਰ ਅੱਗੇ ਵਧ ਰਿਹਾ ਹੈ। ਜਿਸ ਨਾਲ ਖੋਜ ਤੇ ਇਨੋਵੇਸ਼ਨ ’ਚ ਉਨ੍ਹਾਂ ਦੀ ਭੂਮਿਕਾ ਸਪੱਸ਼ਟ ਹੁੰਦੀ ਹੈ। ਗਲੋਬਲ ਇਨੋਵੇਸ਼ਨ ਇੰਡੈਕਸ 2024 ’ਚ ਭਾਰਤ 2015 ’ਚ 81ਵੇਂ ਸਥਾਨ ਤੋਂ ਵਧ ਕੇ 39ਵੇਂ ਸਥਾਨ ’ਤੇ ਆ ਗਿਆ ਹੈ, ਜੋ ਇਸ ਦੀ ਰਫ਼ਤਾਰ ਨੂੰ ਦਰਸਾਉਂਦਾ ਹੈ। ਸਟਾਰਟਅਪ ਇੰਡੀਆ, ਡਿਜੀਟਲ ਇੰਡੀਆ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਮੁਹਿੰਮਾਂ ਤੇ ਮਜ਼ਬੂਤ ਨੀਤੀਆਂ ਦੇ ਨਾਲ ਭਾਰਤ ਤੇਜ਼ੀ ਨਾਲ ਇਕ ਗਲੋਬਲ ਇਨੋਵੇਸ਼ਨ ਕੇਂਦਰ ਦੇ ਰੂਪ ’ਚ ਉੱਭਰ ਰਿਹਾ ਹੈ।
ਭਾਰਤ ’ਚ ਅਗਲੀ ਵੱਡੀ ਤਬਦੀਲੀ ਏਆਈ ਵੱਲ ਹੋਵੇਗੀ। ਇਸ ਦੀ ਨੀਂਹ ਇਨੋਵੇਸ਼ਨ ਦੇ ਸੱਭਿਆਚਾਰ ਨਾਲ ਤਿਆਰ ਹੋ ਰਹੀ ਹੈ। ਏਆਈ ਨੇ ਸਾਡੇ ਸਿੱਖਣ, ਖੇਤੀ ਕਰਨ, ਇਲਾਜ ਕਰਨ ਤੇ ਸ਼ਾਸਨ ਕਰਨ ਦੇ ਤਰੀਕਿਆਂ ’ਚ ਤਬਦੀਲੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਦੀ ਅਸਲ ਸਮਰੱਥਾ ਇਸ ’ਚ ਮੌਜੂਦ ਹੈ ਕਿ ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹਾਂ। ਅਸੀਂ ਏਆਈ ਦੀ ਮਦਦ ਨਾਲ ਸਿਰਫ਼ ਆਊਟਪੁਟ ਨੂੰ ਹੀ ਬਿਹਤਰ ਨਹੀਂ ਕਰ ਸਕਦੇ, ਬਲਕਿ ਅਸਮਾਨਤਾ ਨੂੰ ਦੂਰ ਕਰਦੇ ਹੋਏ ਉਪਲੱਬਧਤਾ ਤੇ ਮੌਕਿਆਂ ਦਾ ਵਿਸਥਾਰ ਵੀ ਕਰ ਸਕਦੇ ਹਾਂ।
ਏਆਈ ਦੀ ਮਦਦ ਨਾਲ ਕਿਸਾਨਾਂ ਨੂੰ ਫ਼ਸਲ ਦੀ ਪੈਦਾਵਾਰ ਵਧਾਉਣ, ਪਾਣੀ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਤੇ ਲਾਗਤ ਘੱਟ ਕਰ ਕੇ ਲੱਖਾਂ ਲੋਕਾਂ ਨੂੰ ਖ਼ੁਰਾਕੀ ਸੁਰੱਖਿਆ ਪ੍ਰਦਾਨ ਕਰਨ ’ਚ ਮਦਦ ਕੀਤੀ ਜਾ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਵਾਤਾਵਰਨ ਤਬੀਦੀਲੀ ਦੇ ਕਾਰਨ ਹੋਣ ਵਾਲੇ ਫ਼ਸਲ ਦੇ ਨੁਕਸਾਨ ਨੂੰ ਘੱਟ ਕਰਨ ’ਚ ਸਹਾਇਤਾ ਮਿਲ ਰਹੀ ਹੈ। ਹੈਲਥਕੇਅਰ ਦੇ ਖੇਤਰ ’ਚ ਏਮਜ਼ ਦਾ ਏਆਈ ਪਲੇਟਫਾਰਮ ਕੈਂਸਰ ਦੀ ਤੁਰੰਤ ਪਛਾਣ ਕਰਨ ’ਚ ਸਮਰੱਥ ਬਣਾ ਰਿਹਾ ਹੈ। ਸਿੱਖਿਆ ’ਚ ਏਆਈ ਭਾਸ਼ਾ ਦੇ ਅੜਿੱਕੇ ਨੂੰ ਦੂਰ ਕਰ ਰਹੀ ਹੈ ਤੇ ਵਿਸਥਾਰਤ ਰੂਪ ਨਾਲ ਨਿੱਜੀ ਲਰਨਿੰਗ ਸੰਭਵ ਬਣਾ ਰਹੀ ਹੈ।
ਏਆਈ ਦੀ ਮਦਦ ਨਾਲ ਸਰਕਾਰਾਂ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਤੇ ਨੀਤੀਆਂ ਦੀਆਂ ਕਮੀਆਂ ਨੂੰ ਵੱਧ ਸਮਾਰਟ ਤਰੀਕੇ ਨਾਲ ਪਛਾਨਣ ’ਚ ਸਮਰੱਥ ਬਣ ਰਹੀਆਂ ਹਨ। ਇਹ ਸੰਕੇਤ ਹਨ ਕਿ ਤਕਨੀਕ ਜਦ ਟੀਚੇ ਦੇ ਨਾਲ ਵਿਕਸਿਤ ਹੁੰਦੀ ਹੈ, ਤਾਂ ਉਹ ਜਨ-ਕਲਿਆਣ ਦਾ ਤਾਕਤਵਰ ਸਾਧਨ ਬਣ ਜਾਂਦੀ ਹੈ। ਏਆਈ ਭਾਰਤ ’ਚ ਵਿਕਾਸ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੀ ਹੈ, ਪਰ ਇਸ ਲਈ ਏਆਈ ਦਾ ਹਰ ਵਿਅਕਤੀ ਤੱਕ ਪੁੱਜਣਾ ਜ਼ਰੂਰੀ ਹੈ।
ਇਸ ਲਈ ਸਾਨੂੰ ਸਿਰਫ਼ ਇਨੋਵੇਸ਼ਨ ’ਤੇ ਨਹੀਂ, ਬਲਕਿ ਇਨਫਰਾਸਟ੍ਰਕਚਰ, ਹੁਨਰ, ਨੀਤੀ ਤੇ ਵਿਸ਼ਵਾਸ ’ਤੇ ਵੀ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਸਾਨੂੰ ਡਾਟਾ ਕੁਲੈਕਸ਼ਨ, ਸਟੋਰੇਜ ਤੇ ਵਿਸ਼ਲੇਸ਼ਣ ਲਈ ਇਕ ਮਜ਼ਬੂਤ ਸਿਸਟਮ ਦੀ ਵੀ ਲੋੜ ਹੈ। ਆਪਣੀ ਵੱਡੀ ਆਬਾਦੀ ਦੀ ਸਮਰੱਥਾ ਦੀ ਪੂਰੀ ਵਰਤੋਂ ਕਰਨ ਲਈ ਭਾਰਤ ’ਚ ਡਿਜੀਟਲ ਤਬਦੀਲੀ ਦੇ ਇਕ ਵਿਸਥਾਰਤ ਏਜੰਡੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਏਆਈ ਸਾਖਰਤਾ, ਮਨੁੱਖ-ਏਆਈ ਸਹਿਯੋਗ ’ਤੇ ਧਿਆਨ ਕੇਂਦਰਿਤ ਕਰ ਕੇ ਭਾਰਤ ’ਚ ਇਕ ਅਜਿਹੇ ਕਾਰਜਬਲ ਦਾ ਨਿਰਮਾਣ ਸੰਭਵ ਹੈ, ਜੋ ਨਾ ਸਿਰਫ਼ ਤਕਨੀਕ ’ਚ ਯੋਗ ਹੋਵੇ, ਬਲਕਿ ਇਨੋਵੇਸ਼ਨ ਤੇ ਵਿਕਾਸ ਲਿਆਉਣ ’ਚ ਸਮਰੱਥ ਵੀ ਹੋਵੇ। ਇਹ
ਨਜ਼ਰੀਆ ਵੱਖ-ਵੱਖ ਪ੍ਰੋਫੈਸ਼ਨਲਜ਼ ਨੂੰ ਸਮਰੱਥ ਬਣਾਏਗਾ। ਜਿੱਥੇ ਫੈਕਟਰੀ ਮੁਲਾਜ਼ਮ ਕੁਆਲਿਟੀ ਕੰਟਰੋਲ ਲਈ ਏਆਈ ਦੀ ਵਰਤੋਂ ਕਰ ਸਕਣਗੇ, ਉਥੇ ਅਧਿਆਪਕ ਨਿੱਜੀ ਸਿੱਖਿਆ ਪ੍ਰਦਾਨ ਕਰਨ ਲਈ ਏਆਈ ਦੀ ਮਦਦ ਲੈ ਸਕਣਗੇ। ਉਹ ਤਕਨੀਕ ਦੀ ਵੱਧ ਆਤਮਵਿਸ਼ਵਾਸ ਦੇ ਨਾਲ ਵਰਤੋਂ ਕਰਨਗੇ, ਜਿਸ ਨਾਲ ਇੰਟੈਲੀਜੈਂਟ ਯੁਗ ’ਚ ਭਾਰਤ ਦੀ ਕਾਮਯਾਬੀ ਯਕੀਨੀ ਬਣੇਗੀ। ਇਹ ਸਿਰਫ਼ ਤਕਨੀਕੀ ਨਹੀਂ, ਬਲਕਿ ਇਕ ਸਮਾਜਿਕ ਲੋੜ ਵੀ ਹੈ।
-ਅਰੁੰਧਤੀ ਭੱਟਾਚਾਰਿਆ
(ਲੇਖਿਕਾ ਭਾਰਤੀ ਸਟੇਟ ਬੈਂਕ ਦੀ ਸਾਬਕਾ ਚੇਅਰਪਰਸਨ ਤੇ ਸੇਲਸਫੋਰਸ ਸਾਊਥ ਏਸ਼ੀਆ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਹੈ)