ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤਾਂ ਭਾਵੇਂ ਬਹੁਤ ਵਧੀਆ ਬਣ ਗਈਆਂ ਹਨ ਪਰ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ ਹੁੰਦੀ ਹੈ ਪਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਤੋਂ ਸਰਕਾਰ ਪੜ੍ਹਾਈ ਤੋਂ ਇਲਾਵਾ ਹੋਰ ਕੰਮ ਲੈਂਦੀ ਹੈ ਜਿਸ ਕਾਰਨ ਅਧਿਆਪਕਾਂ ਵੱਲੋਂ ਵੀ ਬੱਚਿਆਂ ਨਾਲ ਜਮਾਤਾਂ ’ਚ ਘੱਟ ਸਮਾਂ ਦਿੱਤਾ ਜਾਂਦਾ ਹੈ ਅਤੇ ਇਕ ਕਲਾਸ ਮੋਨੀਟਰ ਉੱਤੇ ਹੀ ਕਲਾਸ ਛੱਡੀ ਜਾਂਦੀ ਹੈ ਜਿਸ ਕਾਰਨ ਵੀ ਬੱਚੇ ਸ਼ੁੱਧ ਪੰਜਾਬੀ ਉਚਾਰਣ ਵਿਚ ਕਮਜ਼ੋਰ ਰਹਿ ਜਾਂਦੇ ਹਨ।

ਕੋਈ ਸਮਾਂ ਸੀ ਜਦੋਂ ਪਹਿਲੀ ਜਮਾਤ ਤੋਂ ਹੀ ਮਾਸਟਰ ਬੱਚਿਆਂ ਨੂੰ ਪੈਂਤੀ ਅੱਖਰੀ ਸਿਖਾਉਣ ਤੋਂ ਬਾਅਦ ਲਗਾਂ-ਮਾਤਰਾਂ ਦੀ ਪੜ੍ਹਾਈ ਸ਼ੁਰੂ ਕਰਵਾ ਦਿੰਦੇ ਸਨ ਅਤੇ ਨਾਲ ਹੀ ਉਨ੍ਹਾਂ ਨੂੰ ਮੁਹਾਰਨੀ ਵਿਚ ਵੀ ਨਿਪੁੰਨ ਕਰ ਦਿੰਦੇ ਸਨ । ਇਸ ਦੇ ਨਾਲ ਹੀ ਵਿਦਿਆਰਥੀ ਸ਼ੁੱਧ ਪੰਜਾਬੀ ਤਾਂ ਬੋਲਦੇ ਹੀ ਬੋਲਦੇ ਸਨ, ਨਾਲ ਹੀ ਆਪੋ-ਆਪਣੇ ਧਾਰਮਿਕ ਗ੍ਰੰਥ ਨੂੰ ਵੀ ਸ਼ੁੱਧ ਪੜ੍ਹ ਲੈਂਦੇ ਸਨ। ਅੱਜ ਦੇ ਸਮੇਂ ਵਿਚ ਬਹੁਤੇ ਸਕੂਲਾਂ ਵਿਚ ਤਾਂ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ। ਜਿਨ੍ਹਾਂ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ, ਉੱਥੇ ਵੀ ਪੰਜਵੀਂ ਜਮਾਤ ਤੋਂ ਬਾਅਦ ਸ਼ੁਰੂ ਕੀਤੀ ਜਾਂਦੀ ਹੈ।
ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਤਾਂ ਭਾਵੇਂ ਬਹੁਤ ਵਧੀਆ ਬਣ ਗਈਆਂ ਹਨ ਪਰ ਵਿਦਿਆਰਥੀਆਂ ਦੀ ਗਿਣਤੀ ਨਾਮਾਤਰ ਹੁੰਦੀ ਹੈ ਪਰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਤੋਂ ਸਰਕਾਰ ਪੜ੍ਹਾਈ ਤੋਂ ਇਲਾਵਾ ਹੋਰ ਕੰਮ ਲੈਂਦੀ ਹੈ ਜਿਸ ਕਾਰਨ ਅਧਿਆਪਕਾਂ ਵੱਲੋਂ ਵੀ ਬੱਚਿਆਂ ਨਾਲ ਜਮਾਤਾਂ ’ਚ ਘੱਟ ਸਮਾਂ ਦਿੱਤਾ ਜਾਂਦਾ ਹੈ ਅਤੇ ਇਕ ਕਲਾਸ ਮੋਨੀਟਰ ਉੱਤੇ ਹੀ ਕਲਾਸ ਛੱਡੀ ਜਾਂਦੀ ਹੈ ਜਿਸ ਕਾਰਨ ਵੀ ਬੱਚੇ ਸ਼ੁੱਧ ਪੰਜਾਬੀ ਉਚਾਰਣ ਵਿਚ ਕਮਜ਼ੋਰ ਰਹਿ ਜਾਂਦੇ ਹਨ।
ਛੋਟੀਆਂ ਕਲਾਸਾਂ ਵਿਚ ਛੁੱਟੀ ਲਈ ਅਰਜ਼ੀ ਲਿਖਣ ਨਾਲ ਵੀ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ ਵਿਚ ਸਹਾਇਤਾ ਮਿਲਦੀ ਸੀ ਕਿਉਂਕਿ ਅਧਿਆਪਕ ਅਰਜ਼ੀ ਲਿਖਣ ਵਾਲੇ ਵੱਲੋਂ ਹੋਈਆਂ ਗ਼ਲਤੀਆਂ ਨੂੰ ਠੀਕ ਕਰ ਦਿੰਦੇ ਅਤੇ ਅਗਲੀ ਵਾਰ ਬੱਚੇ ਉਹ ਗ਼ਲਤੀ ਨਾ ਦੁਹਰਾਉਂਦੇ। ਮੌਜੂਦਾ ਸਮੇਂ ਵਿਦਿਆਰਥੀਆਂ ਨੇ ਏਆਈ ਦੇ ਆਸਰੇ ਸਭ ਕੁਝ ਛੱਡ ਦਿੱਤਾ ਹੈ। ਇਸ ਕਾਰਨ ਬਹੁਤ ਸਾਰੇ ਸ਼ਬਦਾਂ ਦਾ ਉਚਾਰਨ ਹੀ ਵਿਗੜ ਗਿਆ ਹੈ। ਹਾਈਵੇਅ ਅਤੇ ਲਿੰਕ ਰੋਡਜ਼ ’ਤੇ ਲੱਗੇ ਸਾਈਨ ਬੋਰਡਾਂ ਵਿਚ ਅਸ਼ੁੱਧ ਲਿਖੀ ਪੰਜਾਬੀ ਵੀ ਅੰਗਰੇਜ਼ੀ ਬੋਲ ਕੇ ਬਣਾਈ ਪੰਜਾਬੀ ਦਾ ਹੀ ਨਤੀਜਾ ਹੈ।
ਇਸੇ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੇ ਗ਼ਲਤ ਨਾਂ ਲਿਖੇ ਹੋਏ ਹਨ। ਅੱਜ-ਕੱਲ੍ਹ ਫੋਨ ਉੱਤੇ ਪੈਣ ਵਾਲੀਆਂ ਪੋਸਟਾਂ ਤੇ ਇਕ-ਦੂਜੇ ਨੂੰ ਭੇਜੇ ਜਾਣ ਵਾਲੇ ਸੁਨੇਹੇ ਵੀ ਏਆਈ ਤਕਨੀਕ ਦੀ ਵਰਤੋਂ ਕਰ ਕੇ ਹੀ ਭੇਜੇ ਜਾਂਦੇ ਹਨ ਜਿਸ ਵਿਚ ਅਸ਼ੁੱਧ ਪੰਜਾਬੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਹੈ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਅਸੀਂ ਅਤੇ ਸਾਡੇ ਬੱਚੇ ਵੀ ਘਰਾਂ ਵਿਚ ਉਹੀ ਸ਼ਬਦਾਂ ਦੀ ਵਿਗੜੀ ਹੋਈ ਬੋਲੀ ਬੋਲਣ ਲੱਗ ਪਏ ਹਾਂ। ਅੱਜ-ਕੱਲ੍ਹ ਤਾਂ ਫੋਨ ਦੀ ਸਕਰੀਨ ’ਤੇ ਮਿਲਣ ਵਾਲੀਆਂ ਫੋਟੋਆਂ ਵੀ ਅਸਲੀ ਨਹੀਂ ਰਹਿ ਗਈਆਂ। ਏਆਈ ਤਕਨੀਕ ਨਾਲ ਬਣਾ ਕੇ ਲਾਈਆਂ ਫੋਟੋਆਂ ਨੇ ਅਸਲੀ ਚਿਹਰੇ ਪਛਾਣਨ ਵਿਚ ਮੁਸ਼ਕਲ ਪੈਦਾ ਕੀਤੀ ਹੋਈ ਹੈ। ਪੰਜਾਬ ਦੇ ਕੁਝ ਕੁ ਆਨਲਾਈਨ ਮੈਗ਼ਜ਼ੀਨ ਵੀ ਪੰਜਾਬੀ ਨੂੰ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡ ਰਹੇ।
ਇਸ ਵਰਤਾਰੇ ਵੱਲ ਵੀ ਪੰਜਾਬੀ ਭਾਸ਼ਾ ਵਿਭਾਗ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਮਾਂ-ਬੋਲੀ ਦੀ ਹੁੰਦੀ ਇਸ ਦੁਰਦਸ਼ਾ ਨੂੰ ਰੋਕਿਆ ਜਾਵੇ ਪਰ ਅਫ਼ਸੋਸ, ਕਿਸੇ ਵੱਲੋਂ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ। ਅਸੀਂ ਪੰਜਾਬੀ ਦੇ ਮੁਦਈ ਅਖਵਾਉਣ ਵਾਲੇ ਲੋਕ, ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੈ ਕਿ ਪੰਜਾਬੀ ਮਾਤ-ਭਾਸ਼ਾ ਦੀ ਸ਼ਾਨ ਵਿਚ ਫ਼ਰਕ ਪੈ ਰਿਹਾ ਹੈ, ਸਾਨੂੰ ਉਸ ਵੱਲ ਖ਼ਾਸ ਧਿਆਨ ਦੇ ਕੇ ਇਸ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ। ਵਿਦਿਆਰਥੀ ਵਰਗ ਨੂੰ ਵੀ ਏਆਈ ਦਾ ਸਹਾਰਾ ਛੱਡ ਕੇ ਖ਼ੁਦ ਹੱਥਾਂ ਨਾਲ ਲਿਖਣ ਦੀ ਆਦਤ ਪਾਉਣੀ ਚਾਹੀਦੀ ਹੈ ਤੇ ਹੋਰਨਾਂ ਨੂੰ ਵੀ ਕਿਤਾਬਾਂ ਤੇ ਅਖ਼ਬਾਰਾਂ ਪੜ੍ਹਨ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
-ਹਰਭਿੰਦਰ ਸਿੰਘ ਸੰਧੂ
-ਮੋਬਾਈਲ : 97810-81888