ਟੀਕਾਕਰਨ ’ਚ ਤੇਜ਼ੀ
ਉੱਥੋਂ ਦਾ ਸਿਹਤ ਸਬੰਧੀ ਢਾਂਚਾ ਵੀ ਹਿੱਲ ਗਿਆ ਸੀ। ਬਿਸਤਰੇ, ਆਕਸੀਜਨ, ਵੈਂਟੀਲੇਟਰ ਅਤੇ ਪੀਪੀਈ ਕਿੱਟਾਂ ਦਾ ਸੰਕਟ ਪੈਦਾ ਹੋ ਗਿਆ ਸੀ ਪਰ ਹੁਣ ਉੱਥੇ ਹਾਲਾਤ ਬਦਲ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਟੀਕਾਕਰਨ ਹੈ। ਦੁਨੀਆ ਭਰ ਦੇ ਮਾਹਿਰ ਮੰਨਦੇ ਹਨ ਕਿ ਕੋਰੋਨਾ ਨੂੰ ਰੋਕਣ ਲਈ ਸਭ ਤੋਂ ਵੱਡਾ ਹਥਿਆਰ ਟੀਕਾਕਰਨ ਹੀ ਹੈ।
Publish Date: Fri, 23 Apr 2021 11:04 PM (IST)
Updated Date: Sat, 24 Apr 2021 07:00 AM (IST)

v>
ਭਾਰਤ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਕਈ ਸੂਬਿਆਂ ’ਚ ਹਾਲਾਤ ਖ਼ਰਾਬ ਹਨ। ਕੁਝ ਮਹੀਨੇ ਪਹਿਲਾਂ ਦੁਨੀਆ ਦੇ ਵਿਕਸਤ ਦੇਸ਼ਾਂ ਬਰਤਾਨੀਆ, ਸਪੇਨ, ਅਮਰੀਕਾ, ਇਜ਼ਰਾਈਲ ਤੇ ਇਟਲੀ ’ਚ ਵੀ ਇਹੋ ਜਿਹੀ ਸਥਿਤੀ ਸੀ। ਉੱਥੋਂ ਦਾ ਸਿਹਤ ਸਬੰਧੀ ਢਾਂਚਾ ਵੀ ਹਿੱਲ ਗਿਆ ਸੀ। ਬਿਸਤਰੇ, ਆਕਸੀਜਨ, ਵੈਂਟੀਲੇਟਰ ਅਤੇ ਪੀਪੀਈ ਕਿੱਟਾਂ ਦਾ ਸੰਕਟ ਪੈਦਾ ਹੋ ਗਿਆ ਸੀ ਪਰ ਹੁਣ ਉੱਥੇ ਹਾਲਾਤ ਬਦਲ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਟੀਕਾਕਰਨ ਹੈ। ਦੁਨੀਆ ਭਰ ਦੇ ਮਾਹਿਰ ਮੰਨਦੇ ਹਨ ਕਿ ਕੋਰੋਨਾ ਨੂੰ ਰੋਕਣ ਲਈ ਸਭ ਤੋਂ ਵੱਡਾ ਹਥਿਆਰ ਟੀਕਾਕਰਨ ਹੀ ਹੈ। ਟੀਕਾਕਰਨ ਦੇ ਹਾਂ-ਪੱਖੀ ਨਤੀਜੇ 6 ਦੇਸ਼ਾਂ ’ਚ ਵੇਖੇ ਗਏ ਹਨ ਜਿਨ੍ਹਾਂ ਦੀ ਸਭ ਤੋਂ ਵੱਡੀ ਮਿਸਾਲ ਬਰਤਾਨੀਆ ਹੈ। ਉੱਥੇ ਟੀਕਾਕਰਨ ਦੀ ਮੁਹਿੰਮ ਪਿਛਲੇ ਸਾਲ 8 ਦਸੰਬਰ ਤੋਂ ਜਾਰੀ ਹੈ। ਉਦੋਂ ਹਰ ਦਿਨ 60 ਤੋਂ 70 ਹਜ਼ਾਰ ਨਵੇਂ ਕੇਸ ਦੇਸ਼ ਭਰ ’ਚ ਆਉਂਦੇ ਸਨ। ਹਸਪਤਾਲਾਂ ’ਚ ਬਿਸਤਰਿਆਂ ਦੀ ਕਮੀ ਹੋ ਗਈ ਸੀ। ਰੋਜ਼ਾਨਾ 1000 ਤੋਂ 1200 ਮੌਤਾਂ ਹੁੰਦੀਆਂ ਸਨ। ਜਿਉਂ ਹੀ ਟੀਕਾਕਰਨ ਤੇਜ਼ ਹੋਇਆ, ਹਾਲਾਤ ਬਦਲ ਗਏ। ਫਰਵਰੀ ਮਹੀਨੇ ਤੋਂ ਲਗਾਤਾਰ ਕੇਸਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਹੁਣ ਉੱਥੇ ਸਿਰਫ਼ ਇਕ ਤੋਂ ਦੋ ਹਜ਼ਾਰ ਲੋਕ ਹਰ ਰੋਜ਼ ਪਾਜ਼ੇਟਿਵ ਆ ਰਹੇ ਹਨ। ਬਰਤਾਨੀਆ ’ਚ ਲਗਪਗ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਇਜ਼ਰਾਈਲ ’ਚ ਤਾਂ ਹੁਣ ਮਾਸਕ ਪਹਿਨਣ ਦੀ ਲਾਜ਼ਮੀਅਤ ਵਾਲੀ ਪਾਬੰਦੀ ਵੀ ਹਟਾ ਦਿੱਤੀ ਗਈ ਹੈ। ਸਕੂਲ-ਕਾਲਜ, ਕਾਰੋਬਾਰ ਤੇ ਬਾਜ਼ਾਰ ਖੁੱਲ੍ਹ ਰਹੇ ਹਨ। ਅਸੀਂ ਇਹ ਕਹਿ ਸਕਦੇ ਹਾਂ ਕਿ ਚੀਨ ਤੋਂ ਬਾਅਦ ਇਜ਼ਰਾਈਲ ਦੂਜਾ ਮੁਲਕ ਹੈ ਜਿਸ ਨੇ ਕੋਰੋਨਾ ਨੂੰ ਲਗਪਗ ਹਰਾ ਦਿੱਤਾ ਹੈ। ਅਜਿਹਾ ਹੋਣ ਦੀ ਸਭ ਤੋਂ ਵੱਡੀ ਵਜ੍ਹਾ 61 ਫ਼ੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਾ ਲਾਉਣਾ ਹੈ। ਸਰਕਾਰ ਦਾ ਟੀਚਾ ਅਗਲੇ ਦੋ ਤੋਂ ਤਿੰਨ ਮਹੀਨਿਆਂ ਅੰਦਰ 90 ਫ਼ੀਸਦੀ ਲੋਕਾਂ ਦਾ ਟੀਕਾਕਰਨ ਹੈ। ਪਹਿਲਾਂ ਉੱਥੇ 10 ਤੋਂ 11 ਹਜ਼ਾਰ ਲੋਕ ਰੋਜ਼ਾਨਾ ਪਾਜ਼ੇਟਿਵ ਹੁੰਦੇ ਸਨ ਅਤੇ ਹੁਣ ਇਹ ਗਿਣਤੀ 100 ਤਕ ਰਹਿ ਗਈ ਹੈ। ਭਾਰਤ ’ਚ ਜੋ ਮੌਜੂਦਾ ਹਾਲਾਤ ਹਨ, ਅਜਿਹੇ ਹਾਲਾਤ ਸਤੰਬਰ ਤੋਂ ਜਨਵਰੀ ਤਕ ਅਮਰੀਕਾ ’ਚ ਸਨ। ਉੱਥੇ ਰੋਜ਼ 1 ਤੋਂ 3.07 ਲੱਖ ਦੇ ਵਿਚਕਾਰ ਕੋਰੋਨਾ ਕੇਸ ਆ ਰਹੇ ਸਨ। ਫਿਰ ਉੱਥੇ ਵੀ ਟੀਕਾਕਰਨ ਤੇਜ਼ੀ ਨਾਲ ਹੋਇਆ। ਉੱਥੇ 39.56 ਫ਼ੀਸਦੀ ਆਬਾਦੀ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਨਤੀਜੇ ਵਜੋਂ ਲਾਗ ਦੀ ਦਰ 80 ਫ਼ੀਸਦੀ ਘਟੀ ਹੈ। ਸਪੇਨ, ਫਰਾਂਸ ਅਤੇ ਜਰਮਨੀ ਵਿਚ ਵੀ ਟੀਕਾਕਰਨ ਕਾਰਨ ਹਾਲਾਤ ’ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਭਾਰਤ ਸਰਕਾਰ ਨੂੰ ਵੀ ਇਨ੍ਹਾਂ ਮੁਲਕਾਂ ਦੀ ਤਰ੍ਹਾਂ ਹੀ ਟੀਕਾਕਰਨ ਸਹਾਰੇ ਕੋਰੋਨਾ ਨੂੰ ਹਰਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਦੇਸ਼ ’ਚ ਇਸ ਵੇਲੇ ਵੈਕਸੀਨੇਸ਼ਨ ਚੱਲ ਰਹੀ ਹੈ ਪਰ ਉਸ ਨੂੰ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਮਿਲਣਾ ਚਾਹੀਦਾ ਹੈ। ਅਜੇ ਤਕ ਸਿਰਫ਼ ਸਵਾ ਕੁ ਕਰੋੜ ਲੋਕਾਂ ਨੂੰ ਹੀ ਟੀਕਾ ਲੱਗ ਸਕਿਆ ਹੈ। ਕਾਫ਼ੀ ਫਰੰਟਲਾਈਨ ਵਾਰੀਅਰ ਹੀ ਟੀਕੇ ਲਗਵਾਉਣ ਨਹੀਂ ਆਏ ਹਨ। ਟੀਕਿਆਂ ਦਾ ਉਤਪਾਦਨ ਵੱਡੀ ਚੁਣੌਤੀ ਹੈ। ਉਮੀਦ ਹੈ ਕਿ ਕੰਪਨੀਆਂ ਆਪਣੇ ਦਾਅਵੇ ਮੁਤਾਬਕ ਉਤਪਾਦਨ ਵਧਾਉਣਗੀਆਂ। ਟੀਕਾਕਰਨ ਲਈ ਹੁਣ ਉਮਰ ਹੱਦ ਦਾ ਦਾਇਰਾ ਵੀ ਵਧਾਇਆ ਗਿਆ ਹੈ। ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਹਰ ਨਾਗਰਿਕ ਨੂੰ ਟੀਕਾ ਲਾਇਆ ਜਾਵੇਗਾ। ਇਸ ’ਚ ਕੋਈ ਸ਼ੱਕ ਨਹੀਂ ਕਿ ਜਿੱਥੇ ਟੀਕਾਕਰਨ ’ਚ ਤੇਜ਼ੀ ਆਈ, ਉੱਥੇ ਮਰੀਜ਼ਾਂ ਦੀ ਗਿਣਤੀ ਘਟੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਦਾ ਪਹਿਲਾ ਟੀਚਾ ਮਰੀਜ਼ਾਂ ਦੇ ਇਲਾਜ ਤੋਂ ਬਾਅਦ ਹਰ ਨਾਗਰਿਕ ਦਾ ਟੀਕਾਕਰਨ ਹੋਣਾ ਚਾਹੀਦਾ ਹੈ।