-ਗੁਰਪ੍ਰੀਤ ਸਿੰਘ ਸੰਧੂ

ਅਬਰਾਹਮ ਲਿੰਕਨ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ। ਉਨ੍ਹਾਂ ਦਾ ਜਨਮ 12 ਫਰਵਰੀ 1809 ਨੂੰ ਪਿਤਾ ਥਾਮਸ ਲਿੰਕਨ ਦੇ ਘਰ ਮਾਤਾ ਨੈਨਸੀ ਲਿੰਕਨ ਦੀ ਕੁੱਖੋਂ ਕੈਨਟਕੀ ਸੂਬੇ ਦੀ ਹਾਰਡਿੰਗ ਕਾਊਂਟੀ 'ਚ ਹੋਇਆ ਸੀ। ਉਨ੍ਹਾਂ ਦੀ ਵੱਡੀ ਭੈਣ ਦਾ ਨਾਂ ਸਾਰਾ ਲਿੰਕਨ ਸੀ।।ਉਨ੍ਹਾਂ ਦੇ ਪਿਤਾ ਜੀ ਕਿਸਾਨ ਸਨ। ਘਰ ਵਿਚ ਬਹੁਤ ਗ਼ਰੀਬੀ ਹੋਣ ਕਾਰਨ ਪੂਰਾ ਪਰਿਵਾਰ ਲੱਕੜੀ ਦੇ ਬਣੇ ਇਕ ਮਕਾਨ ਵਿਚ ਰਹਿੰਦਾ ਸੀ। ਅਬਰਾਹਮ ਲਿੰਕਨ ਬਚਪਨ ਤੋਂ ਹੀ ਮਜ਼ਦੂਰੀ ਕਰਨ ਲੱਗ ਪਏ ਸਨ। ਪੰਜ ਅਕਤੂਬਰ 1818 ਨੂੰ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਥਾਮਸ ਨੇ ਵਿਧਵਾ ਸਾਰਾ ਬੂਸ ਜੋਨਸਨ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਮਤਰੇਈ ਮਾਂ ਅਬਰਾਹਮ ਨੂੰ ਬਹੁਤ ਪਿਆਰ ਕਰਦੀ ਸੀ। ਉਸ ਨੇ ਉਸ ਨੂੰ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਪੜ੍ਹਾਈ-ਲਿਖਾਈ ਵਿਚ ਪੂਰੀ ਮਦਦ ਕੀਤੀ ਸੀ। ਆਪ ਜੀ ਦਾ ਪੂਰਾ ਪਰਿਵਾਰ 1819 ਈਸਵੀ ਵਿਚ ਦੱਖਣੀ ਇੰਡੀਆਨਾ ਵਿਚ ਆ ਵੱਸਿਆ ਸੀ। ਅਬਰਾਹਮ ਲਿੰਕਨ ਨੇ ਸਕੂਲੀ ਵਿੱਦਿਆ ਬਹੁਤ ਹੀ ਮੁਸ਼ਕਲ ਹਾਲਾਤ ਵਿਚ ਹਾਸਲ ਕੀਤੀ ਸੀ। ਘਰ 'ਚ ਇੰਨੀ ਗ਼ਰੀਬੀ ਸੀ ਕਿ ਉਹ ਮੰਗਵੀਆਂ ਕਿਤਾਬਾਂ ਲੈ ਕੇ ਰਾਤ ਨੂੰ ਫੁੱਟਪਾਥ 'ਤੇ ਬੈਠ ਕੇ ਸਟਰੀਟ ਲਾਈਟਾਂ ਦੀ ਰੋਸ਼ਨੀ 'ਚ ਪੜ੍ਹਦੇ ਸਨ।।ਉਨ੍ਹਾਂ ਨੇ ਖੇਤਾਂ ਵਿਚ ਮਜ਼ਦੂਰੀ ਤੋਂ ਲੈ ਕੇ ਹੋਰ ਕਈ ਕੰਮ ਕੀਤੇ। ਲਿੰਕਨ ਨੇ 1842 ਵਿਚ ਮੈਰੀ ਟੋਡ ਨਾਲ ਵਿਆਹ ਕਰਵਾਇਆ ਸੀ। ਆਪ ਦੇ ਚਾਰ ਪੁੱਤਰ ਸਨ ਪਰ ਇਕ ਹੀ ਜਿਊਂਦਾ ਰਹਿ ਸਕਿਆ ਸੀ। ਲਿੰਕਨ ਕਿੱਤੇ ਵਜੋਂ ਵਕੀਲ ਸਨ। ਹੋਰਨਾਂ ਵਕੀਲਾਂ ਦੇ ਮੁਕਾਬਲੇ ਆਪ ਬਹੁਤ ਘੱਟ ਫੀਸ ਲੈਂਦੇ ਸਨ। ਗ਼ੁਲਾਮੀ ਅਤੇ ਦਾਸ ਪ੍ਰਥਾ ਨੂੰ ਖ਼ਤਮ ਕਰਨ ਲਈ ਆਪ ਨੇ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਕੀਤਾ ਅਤੇ ਚੋਣ ਲੜੇ ਪਰ ਕਈ ਵਾਰ ਅਸਫਲ ਹੋਣ ਤੋਂ ਬਾਅਦ 1845 ਵਿਚ ਆਪ ਅਮਰੀਕੀ ਕਾਂਗਰਸ ਲਈ ਚੋਣ ਲੜੇ ਅਤੇ ਜਿੱਤ ਗਏ। ਅਬਰਾਹਮ ਲਿੰਕਨ ਸਮਾਜ 'ਚ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਕਹਿੰਦੇ ਸਨ।।ਉਹ 6 ਨਵੰਬਰ 1860 ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜੇ ਅਤੇ 4 ਮਾਰਚ 1861 ਨੂੰ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਬਣੇ। ਰਾਸ਼ਟਰਪਤੀ ਹੁੰਦੇ ਹੋਏ ਆਪ ਨੇ ਅਮਰੀਕਾ ਨੂੰ ਗ੍ਰਹਿ ਯੁੱਧ ਤੋਂ ਬਚਾਇਆ ਸੀ। ਇਸ ਤੋਂ ਇਲਾਵਾ ਅਮਰੀਕਾ ਦੇ ਸੰਵਿਧਾਨ 'ਚ ਤਰਮੀਮ ਕਰ ਕੇ ਦਾਸ ਪ੍ਰਥਾ ਦਾ ਅੰਤ ਕੀਤਾ ਸੀ। ਉਹ 14 ਅਪ੍ਰੈਲ 1865 ਨੂੰ ਵਾਸ਼ਿੰਗਟਨ ਡੀਸੀ ਦੇ ਫੋਰਡ ਥੀਏਟਰ ਵਿਚ ਪਤਨੀ ਨਾਲ ਨਾਟਕ ਦੇਖਣ ਗਏ ਸਨ ਜਿੱਥੇ ਮਸ਼ਹੂਰ ਨੇਤਾ ਜੋਹਨ ਵੀਲਕਸ ਨੇ ਲਿੰਕਨ ਨੂੰ ਗੋਲ਼ੀ ਮਾਰ ਦਿੱਤੀ ਸੀ ਜਿਸ ਕਾਰਨ 15 ਅਪ੍ਰੈਲ 1865 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਆਪਣੇ ਬੇਟੇ ਦੇ ਅਧਿਆਪਕ ਨੂੰ ਲਿਖਿਆ ਖ਼ਤ ਬਹੁਤ ਪ੍ਰਸਿੱਧ ਹੋਇਆ ਸੀ। ਉਨ੍ਹਾਂ ਨੇ ਕਈ ਵਾਰ ਅਸਫਲ ਹੋਣ 'ਤੇ ਵੀ ਹਾਰ ਨਹੀਂ ਮੰਨੀ ਸੀ। ਇਸ ਤੋਂ ਸਬਕ ਮਿਲਦਾ ਹੈ ਕਿ ਜੇ ਅਸੀਂ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰਨਾ ਹੈ ਤਾਂ ਸਾਨੂੰ ਕਦੇ ਵੀ ਹਾਰ ਨਹੀਂ ਮੰਨਣ ਵਾਲੀ ਹਾਂ-ਪੱਖੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ।

ਮੋਬਾਈਲ ਨੰ. : 99887-66013

Posted By: Jagjit Singh