ਲਖਪਤ ਰਾਏ ਨੇ ਪਹਿਲਾਂ ਜੰਗਲ ਕੱਟ ਕੇ ਤੋਪਾਂ ਲਈ ਰਸਤਾ ਬਣਾਇਆ ਅਤੇ ਨਾਲ ਹੀ ਜੰਗਲ ਨੂੰ ਅੱਗ ਲਾ ਦਿੱਤੀ। ਛੰਭ ਵਿਚ ਮੌਜੂਦਾ ਲਗਪਗ ਪੰਜ ਹਜ਼ਾਰ ਸਿੱਖਾਂ ’ਤੇ ਮੁਸੀਬਤ ਦਾ ਪਹਾੜ ਟੁੱਟ ਪਿਆ। ਉਨ੍ਹਾਂ ਲਈ ਇਹ ਘੋਰ ਬਿਪਤਾ ਦਾ ਸਮਾਂ ਸੀ ਪਰ ਫਿਰ ਵੀ ਮੁਗ਼ਲ ਸੈਨਾ ਦਾ ਟਾਕਰਾ ਉਨ੍ਹਾਂ ਬੜੀ ਬਹਾਦਰੀ ਨਾਲ ਕੀਤਾ। ਛੰਭ ਛੱਡ ਕੇ ਜਾਣ ਦਾ ਕੋਈ ਰਸਤਾ ਨਹੀਂ ਸੀ। ਲਖਪਤ ਰਾਏ ਦੀਆਂ ਫ਼ੌਜਾਂ ਮਾਰੋ-ਮਾਰ ਕਰਦੀਆਂ ਆ ਰਹੀਆਂ ਸਨ।

ਸਾਡੇ ਕੌਮੀ ਇਤਿਹਾਸ ਵਿਚ ਛੋਟੇ ਘੱਲੂਘਾਰੇ ਦੇ ਨਾਂ ਨਾਲ ਜਾਣਿਆ ਜਾਂਦਾ ਖ਼ੂਨੀ ਸਾਕਾ 1746 ਈਸਵੀ ਦੇ ਮਈ-ਜੂਨ ਦੇ ਮਹੀਨਿਆਂ ਵਿਚ ਵਾਪਰਿਆ। ਇਤਿਹਾਸਕ ਤੱਥਾਂ ਮੁਤਾਬਕ 1745 ਈਸਵੀ ਦੇ ਜੁਲਾਈ ਮਹੀਨੇ ਵਿਚ ਜ਼ਕਰੀਆ ਖ਼ਾਨ ਦੀ ਮੌਤ ਤੋਂ ਪਿੱਛੋਂ ਉਸ ਦਾ ਲੜਕਾ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਉਹ ਆਪਣੇ ਪਿਉ ਨਾਲੋਂ ਵੀ ਵਧ ਜ਼ੁਲਮੀ ਸ਼ਾਸਕ ਸੀ। ਉਹ ਆਪਣੇ ਪਿਉ ਵਾਂਗ ਹੀ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਹਰ ਸਮੇਂ ਗੋਂਦਾਂ ਗੁੰਦਦਾ ਰਹਿੰਦਾ ਸੀ। ਉਸ ਨੇ ਲਖਪਤ ਰਾਏ ਨੂੰ ਆਪਣਾ ਦੀਵਾਨ ਨਿਯੁਕਤ ਕੀਤਾ। ਐਮਨਾਬਾਦ (ਸ਼ੈਦਪੁਰ) ਹੁਣ ਲਹਿੰਦਾ ਪੰਜਾਬ ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਲਈ ਇਕ ਸਿੱਖ ਜੱਥੇ ਦੀ ਆਮਦ ਦਾ ਲਖਪਤ ਰਾਏ ਨੂੰ ਪਤਾ ਲੱਗਾ। ਉਸ ਨੇ ਇਸ ਜੱਥੇ ਨੂੰ ਰੋਕਣ ਲਈ ਆਪਣੇ ਭਰਾ ਜਸਪਤ ਰਾਏ ਦੀ ਅਗਵਾਈ ਵਿਚ ਇਕ ਫ਼ੌਜੀ ਟੁਕੜੀ ਲਾਹੌਰ ਤੋਂ ਭੇਜੀ। ਇਸ ਸਿੱਖ ਜੱਥੇ ਨੂੰ ਐਮਨਾਬਾਦ ਤੋਂ 25 ਕੁ ਕਿੱਲੋਮੀਟਰ ਦੂਰ ਪਿੰਡ ਬਦੋਲੀ ਗੁਜਾਈਆਂ ਨੇੜੇ ਰੋਕਣ ਦਾ ਯਤਨ ਕੀਤਾ ਗਿਆ। ਇਹ ਘਟਨਾ 1746 ਈਸਵੀ ਦੇ ਆਰੰਭਿਕ ਦਿਨਾਂ ਦੀ ਹੈ। ਸਿੱਖ ਜੱਥਾ ਲੜਨਾ ਨਹੀਂ ਸੀ ਚਾਹੁੰਦਾ, ਉਹ ਕੇਵਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਅਸਥਾਨ ਦੇ ਸ਼ਰਧਾ ਸਹਿਤ ਦਰਸ਼ਨ ਹੀ ਕਰਨਾ ਚਾਹੁੰਦਾ ਸੀ ਪਰ ਜਸਪਤ ਰਾਏ ਨੇ ਜੱਥੇ ਦੇ ਜ਼ਿੰਮੇਵਾਰ ਸਿੰਘਾਂ ਦੀ ਇਕ ਵੀ ਨਾ ਸੁਣੀ। ਸ਼ਰਧਾਲੂ ਜੱਥੇ ਉੱਪਰ ਹਮਲਾ ਕਰ ਦਿੱਤਾ ਗਿਆ। ਇਸ ਝੜਪ ਵਿਚ ਭਾਈ ਨਿਭਾਹੂ ਸਿੰਘ ਨਾਂ ਦੇ ਇਕ ਸਿੱਖ ਯੋਧੇ ਨੇ ਦੀਵਾਨ ਜਸਪਤ ਰਾਏ ਦਾ ਸਿਰ ਕਲਮ ਕਰ ਦਿੱਤਾ। ਇਸ ਘਟਨਾ ਤੋਂ ਪਿੱਛੋਂ ਇਸ ਘੱਲੂਘਾਰੇ ਦਾ ਮੁੱਢ ਬੱਝਦਾ ਹੈ।
ਲਖਪਤ ਰਾਏ ਨੂੰ ਜਦੋਂ ਭਰਾ ਦੀ ਮੌਤ ਦੀ ਖ਼ਬਰ ਮਿਲੀ ਤਾਂ ਉਸ ਨੇ ਗੁੱਸੇ ਵਿਚ ਆ ਕੇ ਫ਼ੌਜਦਾਰ ਯਹੀਆ ਖ਼ਾਨ ਦੀ ਹਾਜ਼ਰੀ ਵਿਚ ਪੱਗ ਲਾਹ ਕੇ ਸਹੁੰ ਖਾਧੀ ਕਿ ਹੁਣ ਮੇਰੀ ਹਕੂਮਤ ਸਿੱਖੀ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗੀ। ਉਸ ਨੇ ਲਾਹੌਰ ਦੇ ਸੂਬੇਦਾਰ ਯਹੀਆ ਖ਼ਾਨ ਦੀ ਸਹਿਮਤੀ ਨਾਲ ਲਾਹੌਰ ਦੀ ਫ਼ੌਜ ਤੋਂ ਇਲਾਵਾ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਦੇ ਫ਼ੌਜਦਾਰਾਂ ਤੋਂ ਸਹਾਇਤਾ ਮੰਗੀ। ਨਾਲ ਹੀ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕੀਤਾ ਕਿ ਸਿੱਖ ਕਿਧਰੇ ਪਹਾੜੀ ਰਿਆਸਤਾਂ ਵੱਲ ਕੂਚ ਨਾ ਕਰ ਜਾਣ। ਸਭ ਤੋਂ ਪਹਿਲਾਂ ਲਾਹੌਰ ਦੇ ਸਾਰੇ ਸਿੱਖਾਂ ਨੂੰ ਫੜ ਕੇ ਕਤਲ ਕਰਨ ਦਾ ਹੁਕਮ ਦਿੱਤਾ। ਲਾਹੌਰ ਦੇ ਮੁਖੀ ਸੱਜਣਾਂ ਨੇ ਲਖਪਤ ਰਾਏ ਨੂੰ ਬਹੁਤ ਸਮਝਾਇਆ ਪਰ ਉਸ ਦੇ ਕੰਨ ’ਤੇ ਜੂੰ ਨਾ ਸਰਕੀ। ਉਸ ਨੇ ਢੋਲ ਵਜਾ ਕੇ ਡੌਂਡੀ ਪਿਟਵਾਈ ਅਤੇ ਐਲਾਨ ਕੀਤਾ ਕਿ ਕੋਈ ਸਿੱਖ ਗੁਰਬਾਣੀ ਨਹੀਂ ਪੜ੍ਹੇਗਾ, ਗੁਰ ਸ਼ਬਦ ਦਾ ਉਚਾਰਨ ਨਹੀਂ ਕਰੇਗਾ ਕਿਉਂਕਿ ਅਜਿਹਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ। ਸਾਰੇ ਸਿੰਘਾਂ ਨੇ ਗੁਰਮਤਾ ਕਰ ਕੇ ਯੁੱਧ ਨੀਤੀ ਨੂੰ ਵਿਚਾਰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਕਸਬੇ ਤੋਂ ਅੱਠ ਕਿੱਲੋਮੀਟਰ ਦੂਰ ਕਾਹਨੂੰਵਾਨ ਦੇ ਛੰਭ ਵਿਚ ਡੇਰੇ ਲਾ ਲਏ। ਇਸ ਛੰਭ ਦਾ ਸੰਘਣਾ ਜੰਗਲ ਪਹਿਲਾਂ ਵੀ ਮੁਸੀਬਤ ਸਮੇਂ ਸਿੰਘਾਂ ਦੀ ਲੁਕਣਗਾਹ ਸੀ। ਲਖਪਤ ਰਾਏ ਨੇ ਲਾਹੌਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ। ਹੁਣ ਉਸ ਨੇ ਕਾਹਨੂੰਵਾਨ ਦੇ ਛੰਭ ਨੂੰ ਘੇਰਨ ਦਾ ਹੁਕਮ ਦਿੱਤਾ। ਛੰਭ ਵਿਚ ਘਿਰੇ ਹੋਏ ਸਿੰਘ ਕੰਡਿਆਂ, ਝਾੜੀਆਂ ਦੇ ਜੰਗਲ ਵਿਚ ਭੁੱਖਣ-ਭਾਣੇ ਦੁਸ਼ਮਣ ਨਾਲ ਗੁਰੀਲਾ ਢੰਗ ਨਾਲ ਲੜਦੇ ਰਹੇ। ਸਿੰਘਾਂ ਕੋਲ ਲਖਪਤ ਰਾਏ ਦੇ ਮੁਕਾਬਲੇ ਦਾ ਕੋਈ ਤੋਪਖਾਨਾ ਵੀ ਨਹੀਂ ਸੀ, ਨਾ ਹੀ ਅਜਿਹੇ ਹਥਿਆਰ ਸਨ ਜਿਨ੍ਹਾਂ ਨਾਲ ਦੁਸ਼ਮਣ ਨੂੰ ਭਾਂਜ ਦਿੱਤੀ ਜਾ ਸਕੇ। ਸਿੰਘਾਂ ਨੂੰ ਜੰਗਲ ਵਿਚ ਰਹਿਣ ਦੀ ਜਾਚ ਸੀ।
ਲਖਪਤ ਰਾਏ ਨੇ ਪਹਿਲਾਂ ਜੰਗਲ ਕੱਟ ਕੇ ਤੋਪਾਂ ਲਈ ਰਸਤਾ ਬਣਾਇਆ ਅਤੇ ਨਾਲ ਹੀ ਜੰਗਲ ਨੂੰ ਅੱਗ ਲਾ ਦਿੱਤੀ। ਛੰਭ ਵਿਚ ਮੌਜੂਦਾ ਲਗਪਗ ਪੰਜ ਹਜ਼ਾਰ ਸਿੱਖਾਂ ’ਤੇ ਮੁਸੀਬਤ ਦਾ ਪਹਾੜ ਟੁੱਟ ਪਿਆ। ਉਨ੍ਹਾਂ ਲਈ ਇਹ ਘੋਰ ਬਿਪਤਾ ਦਾ ਸਮਾਂ ਸੀ ਪਰ ਫਿਰ ਵੀ ਮੁਗ਼ਲ ਸੈਨਾ ਦਾ ਟਾਕਰਾ ਉਨ੍ਹਾਂ ਬੜੀ ਬਹਾਦਰੀ ਨਾਲ ਕੀਤਾ। ਛੰਭ ਛੱਡ ਕੇ ਜਾਣ ਦਾ ਕੋਈ ਰਸਤਾ ਨਹੀਂ ਸੀ। ਲਖਪਤ ਰਾਏ ਦੀਆਂ ਫ਼ੌਜਾਂ ਮਾਰੋ-ਮਾਰ ਕਰਦੀਆਂ ਆ ਰਹੀਆਂ ਸਨ। ਇਸ ਘੇਰੇ ਵਿਚ ਮੁਖੀ ਜਰਨੈਲਾਂ ਵਿਚ ਬੁੱਢਾ ਦਲ ਦੇ ਮੁਖੀ ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁੱਖਾ ਸਿੰਘ ਮਾੜੀ ਕੰਬੋਦੀ ਤੇ ਗੁਰਦਿਆਲ ਸਿੰਘ ਡੱਲੇਵਾਲ ਆਦਿ ਸਨ। ਲਖਪਤ ਰਾਏ ਦੇ ਨਾਮੀ ਜਰਨੈਲ ਇਸ ਯੁੱਧ ਵਿਚ ਮਾਰੇ ਗਏ। ਕੁਝ ਕੁ ਸਿੰਘਾਂ ਨੇ ਬਚ ਕੇ ਲੰਬਾ ਸਫ਼ਰ ਤਹਿ ਕਰ ਕੇ ਰਾਵੀ ਦਰਿਆ ਪਾਰ ਕਰ ਕੇ ਕਠੂਆ ਤੋਂ ਬਸੌਲੀ ਵੱਲ ਮੂੰਹ ਕੀਤਾ ਪਰ ਮੁੱਢ ਤੋਂ ਖ਼ਾਲਸੇ ਨਾਲ ਵੈਰ ਭਾਵ ਰੱਖਣ ਵਾਲੇ ਪਹਾੜੀ ਰਾਜਿਆਂ ਨੇ ਵੀ ਗੋਲ਼ੀਆਂ ਨਾਲ ਸਵਾਗਤ ਕੀਤਾ। ਇਸ ਲੜਾਈ ਵਿਚ ਸੱਤ ਤੋਂ ਦਸ ਹਜ਼ਾਰ ਤੱਕ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ। ਤਿੰਨ ਹਜ਼ਾਰ ਸਿੰਘਾਂ ਨੂੰ ਫੜ ਕੇ ਲਾਹੌਰ ਦੇ ਨਖਾਸ ਚੌਕ ਵਿਚ ਸ਼ਹੀਦ ਕੀਤਾ ਗਿਆ। ਕੁਝ ਕੁ ਸਿੰਘ ਮਾਲਵੇ ਵੱਲ ਤੇ ਕੁਝ ਕੁ ਪਹਾੜਾਂ ਵੱਲ ਨਿਕਲ ਗਏ। ਪਹਿਲਾਂ ਇਸ ਯੁੱਧ ਨੂੰ ਕੇਵਲ ਘੱਲੂਘਾਰਾ ਹੀ ਕਿਹਾ ਜਾਂਦਾ ਸੀ ਪਰ ਇਸ ਯੁੱਧ ਤੋਂ 16 ਸਾਲ ਪਿੱਛੋਂ 1762 ਵਿਚ ਕੁੱਪ-ਰੁਹੀੜਾ ਦੇ ਅਸਥਾਨ ’ਤੇ ਹੋਏ ਵੱਡੇ ਘੱਲੂਘਾਰੇ ਤੋਂ ਬਾਅਦ ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਣ ਲੱਗਾ। ਇਸ ਤਰ੍ਹਾਂ ਪਹਿਲੀ ਵਾਰ ਸਿੱਖਾਂ ਦਾ ਇੰਨਾ ਜਾਨੀ ਨੁਕਸਾਨ ਹੋਇਆ। ਲਖਪਤ ਰਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸਾੜਨ ਤੋਂ ਇਲਾਵਾ ਗੁਰਧਾਮਾਂ ਦਾ ਵੀ ਰੱਜ ਕੇ ਨੁਕਸਾਨ ਕੀਤਾ। ਘੱਲੂਘਾਰਾ ਦੇ ਇਸ ਅਸਥਾਨ ਉੱਪਰ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਗਈ। ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਪ੍ਰਬੰਧਕ ਕਮੇਟੀ ਸੁਚਾਰੂ ਢੰਗ ਨਾਲ ਤਿੰਨ ਦਿਨਾ ਸ਼ਹੀਦੀ ਜੋੜ ਮੇਲਾ ਮਨਾਉਂਦੀ ਹੈ। ਇਸ ਤੋਂ ਇਲਾਵਾ ਕੁਝ ਕੁ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਘੱਲੂਘਾਰੇ ਦੀ ਯਾਦਗਾਰ ਬਣਾਈ ਹੈ।
-ਭਗਵਾਨ ਸਿੰਘ ਜੌਹਲ
-ਮੋਬਾਈਲ : 98143-24040