‘ਪ੍ਰਹਾਰ’ ਭਾਰਤ ਦੀ ਅੱਤਵਾਦ-ਰੋਕੂ ਰਣਨੀਤੀ ਵਿਚ ਇਕ ਮਹੱਤਵਪੂਰਨ ਬਦਲਾਅ ਦਾ ਪ੍ਰਤੀਕ ਹੈ ਪਰ ਇਸ ਦੀ ਸਫਲਤਾ ਇਸ ਦੇ ਅਮਲ ’ਤੇ ਨਿਰਭਰ ਕਰੇਗੀ।

ਭਾਰਤ ਦਹਾਕਿਆਂ ਤੋਂ ਸਿੱਧੇ ਅਤੇ ਅਸਿੱਧੇ ਅੱਤਵਾਦ ਦਾ ਸਾਹਮਣਾ ਕਰਦਾ ਆਇਆ ਹੈ। ਇਹ ਲੜਾਈ ਸਾਡੇ ਲਈ ਨਵੀਂ ਨਹੀਂ ਹੈ। ਦਹਿਸ਼ਤਗਰਦੀ ਕਿੰਨੀ ਭਿਆਨਕ ਹੋ ਸਕਦੀ ਹੈ, ਇਸ ਦੀ ਇਕ ਉਦਾਹਰਨ ਪਿਛਲੇ ਸਾਲ ਪਹਿਲਗਾਮ ਵਿਚ ਹੋਇਆ ਅੱਤਵਾਦੀ ਹਮਲਾ ਸੀ ਜਿਸ ਵਿਚ ਲੋਕਾਂ ਨੂੰ ਉਨ੍ਹਾਂ ਦਾ ਮਜ਼ਹਬ ਪੁੱਛ ਕੇ ਮਾਰਿਆ ਗਿਆ ਸੀ। ਕਿਉਂਕਿ ਪਹਿਲਗਾਮ ਹਮਲੇ ਦੀ ਬਰਸੀ ਨੇੜੇ ਆ ਰਹੀ ਹੈ, ਇਸ ਲਈ ਸਾਨੂੰ ਦਹਿਸ਼ਤਗਰਦੀ ਦੇ ਖ਼ਤਰਿਆਂ ਨੂੰ ਲੈ ਕੇ ਸਚੇਤ ਰਹਿਣਾ ਚਾਹੀਦਾ ਹੈ। ਪਹਿਲਾਂ ਜਿੱਥੇ ਅੱਤਵਾਦ ਸਰਹੱਦੀ ਇਲਾਕਿਆਂ ਅਤੇ ਰਵਾਇਤੀ ਤਰੀਕਿਆਂ ਤੱਕ ਸੀਮਤ ਸੀ, ਓਥੇ ਹੀ ਹੁਣ ਇਹ ਉੱਚ ਤਕਨਾਲੋਜੀ, ਇੰਟਰਨੈੱਟ ਅਤੇ ਅੰਤਰਰਾਸ਼ਟਰੀ ਨੈੱਟਵਰਕਾਂ ਦੇ ਸਹਾਰੇ ਤੇਜ਼ੀ ਨਾਲ ਫੈਲਣ ਵਾਲਾ ਆਲਮੀ ਖ਼ਤਰਾ ਬਣ ਗਿਆ ਹੈ। ਅੱਜ ਅੱਤਵਾਦੀ ਸਿਰਫ਼ ਹਥਿਆਰਾਂ ਦੇ ਸਹਾਰੇ ਨਹੀਂ, ਸਗੋਂ ਡਿਜੀਟਲ ਮਾਧਿਅਮਾਂ, ਗੁਪਤ ਵਿੱਤੀ ਨੈੱਟਵਰਕਾਂ ਅਤੇ ਵਿਚਾਰਧਾਰਾ ਦੇ ਪ੍ਰਚਾਰ ਜ਼ਰੀਏ ਵੀ ਕੰਮ ਕਰ ਰਹੇ ਹਨ। ਇਸ ਬਦਲਦੇ ਸਰੂਪ ਨੂੰ ਸਮਝੇ ਬਿਨਾਂ ਦਹਿਸ਼ਤਗਰਦੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣਾ ਸੰਭਵ ਨਹੀਂ ਹੈ। ਇਸੇ ਸਿਲਸਿਲੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਸਮੇਂ ਦੇ ਅਨੁਕੂਲ ਪਹਿਲ ਕੀਤੀ ਹੈ। ਇਸ ਨੂੰ ‘ਪ੍ਰਹਾਰ’ (ਜਿਸ ਦਾ ਅਰਥ ਹੈ ਪ੍ਰੋਐਕਟਿਵ ਰਿਸਪਾਂਸ ਅਗੇਂਸਟ ਹੋਸਟਾਈਲ ਐਕਟਸ) ਦਾ ਨਾਂ ਦਿੱਤਾ ਗਿਆ ਹੈ। ਇਹ ਕਦਮ ਦਹਿਸ਼ਤਗਰਦੀ ਨਾਲ ਨਿਪਟਣ ਵਿਚ ਬਾਜ਼ੀ ਪਲਟਣ ਵਾਲਾ ਦਾਅ ਸਿੱਧ ਹੋ ਸਕਦਾ ਹੈ।
ਭਾਰਤ ਨੇ ਅੱਤਵਾਦ ਨਾਲ ਲੜਾਈ ਲੜਦਿਆਂ ਕਈ ਤਜਰਬੇ ਹਾਸਲ ਕੀਤੇ ਹਨ। ਇਸ ਲੜੀ ਵਿਚ ਮਾਓਵਾਦ ਨਾਲ ਨਿਪਟਣ ਲਈ ਅਪਣਾਈ ਗਈ ‘ਸਮਾਧਾਨ’ ਧਾਰਨਾ ਇਕ ਸ਼ਾਨਦਾਰ ਉਦਾਹਰਨ ਹੈ। ਦ੍ਰਿੜ ਇੱਛਾ ਸ਼ਕਤੀ, ਸਪਸ਼ਟ ਰਣਨੀਤੀ, ਬਿਹਤਰ ਤਾਲਮੇਲ ਅਤੇ ਮਜ਼ਬੂਤ ਖ਼ੁਫ਼ੀਆ ਤੰਤਰ ਜ਼ਰੀਏ ਉੱਗਰਵਾਦ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਗਿਆ। ਇਸ ਨਾਲ ਇਹ ਸਿੱਧ ਹੋਇਆ ਕਿ ਜੇਕਰ ਨੀਤੀ ਸਪਸ਼ਟ ਹੋਵੇ ਅਤੇ ਏਜੰਸੀਆਂ ਵਿਚਕਾਰ ਤਾਲਮੇਲ ਮਜ਼ਬੂਤ ਹੋਵੇ ਤਾਂ ਜ਼ਮੀਨੀ ਪੱਧਰ ’ਤੇ ਠੋਸ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਹਾਲਾਂਕਿ, ਦਹਿਸ਼ਤਗਰਦੀ ਨਾਲ ਨਿਪਟਣ ਵਿਚ ਅੱਜ ਦੀਆਂ ਚੁਣੌਤੀਆਂ ਕਿਤੇ ਜ਼ਿਆਦਾ ਵਿਕਰਾਲ ਹਨ। ਅੱਤਵਾਦ ਮੁੱਖ ਤੌਰ ’ਤੇ ਬਾਹਰਲੀਆਂ ਤਾਕਤਾਂ ਦੁਆਰਾ ਪੋਸ਼ਿਤ ਕੀਤਾ ਜਾਂਦਾ ਹੈ। ਹੁਣ ਖਿੰਡੇ ਹੋਏ ਛੋਟੇ-ਛੋਟੇ ਧੜਿਆਂ, ਇਕੱਲੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਆਨਲਾਈਨ ਨੈੱਟਵਰਕ ਦੇ ਰੂਪ ਵਿਚ ਵੀ ਫੈਲਦਾ ਜਾ ਰਿਹਾ ਹੈ। ਇਸ ਤਰ੍ਹਾਂ ਇਹ ਇਕੱਠਾ ਜ਼ਮੀਨੀ, ਇੰਟਰਨੈੱਟ ਅਤੇ ਵਿੱਤੀ ਤੰਤਰ, ਤਿੰਨਾਂ ਪੱਧਰਾਂ ’ਤੇ ਕੰਮ ਕਰਦਾ ਹੈ। ਅਜਿਹੇ ਵਿਚ ਵੱਖ-ਵੱਖ ਅਤੇ ਅਸੰਗਠਿਤ ਯਤਨ ਕਾਫ਼ੀ ਨਹੀਂ ਹੋਣਗੇ। ਪ੍ਰਹਾਰ ਜਿਹੀ ਧਾਰਨਾ ਇਨ੍ਹਾਂ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਇਹ ਤਕਨਾਲੋਜੀ, ਖ਼ੁਫ਼ੀਆ ਜਾਣਕਾਰੀ, ਕਾਨੂੰਨ-ਵਿਵਸਥਾ, ਵਿੱਤੀ ਨਿਗਰਾਨੀ ਅਤੇ ਅੰਤਰਰਾਸ਼ਟਰੀ ਸਹਿਯੋਗ ਵਿਚ ਤਾਲਮੇਲ ਨੂੰ ਯਕੀਨੀ ਬਣਾਉਂਦੀ ਹੈ। ਇਸ ਦਾ ਮਕਸਦ ਸਾਫ਼ ਹੈ-ਖ਼ਤਰੇ ਦੀ ਪਛਾਣ ਕਰਨੀ, ਉਸ ਨੂੰ ਵਧਣ ਤੋਂ ਰੋਕਣਾ ਅਤੇ ਜ਼ਰੂਰਤ ਪੈਣ ’ਤੇ ਤੁਰੰਤ ਅਤੇ ਸਖ਼ਤ ਕਾਰਵਾਈ ਕਰਨਾ। ਇਸ ਨੀਤੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦਾ ਸਮੁੱਚਾ ਦ੍ਰਿਸ਼ਟੀਕੋਣ ਹੈ। ਅੱਤਵਾਦ ਸਿਰਫ਼ ਬੰਦੂਕ ਜਾਂ ਬੰਬ ਦਾ ਮਾਮਲਾ ਨਹੀਂ ਹੈ ਸਗੋਂ ਇਹ ਇਕ ਸੋਚ, ਇਕ ਵੱਡੇ ਨੈੱਟਵਰਕ ਅਤੇ ਦੁਸ਼ਮਣ ਦੀ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ, ਇਸ ਲਈ ਇਸ ਦਾ ਹੱਲ ਵੀ ਬਹੁ-ਆਯਾਮੀ ਹੋਣਾ ਚਾਹੀਦਾ ਹੈ। ਪ੍ਰਹਾਰ ਸੱਤ ਮੁੱਖ ਸਤੰਭਾਂ ’ਤੇ ਆਧਾਰਤ ਹੈ ਜੋ ਇਸ ਨੂੰ ਇਕ ਸੰਤੁਲਿਤ ਅਤੇ ਪ੍ਰਭਾਵਸ਼ਾਲੀ ਨੀਤੀ ਬਣਾਉਂਦੇ ਹਨ। ਪਹਿਲਾ ਸਤੰਭ ਹੈ ਰੋਕਥਾਮ ਯਾਨੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸਮੇਂ ਸਿਰ ਕਾਰਵਾਈ ਕਰਨੀ। ਦੂਜਾ ਸਤੰਭ ਹੈ ਪ੍ਰਤੀਕਿਰਿਆ ਜਿਸ ਵਿਚ ਕਿਸੇ ਘਟਨਾ ’ਤੇ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਕਰਨੀ। ਤੀਜਾ ਸਤੰਭ ਹੈ ਵਿਸ਼ਲੇਸ਼ਣ ਜਿਸ ਵਿਚ ਸਟੀਕ ਜਾਣਕਾਰੀ ਅਤੇ ਵਿਸ਼ਲੇਸ਼ਣ ਦੇ ਆਧਾਰ ’ਤੇ ਫ਼ੈਸਲਾ ਕਰਨਾ। ਚੌਥਾ ਸਤੰਭ ਹੈ ਮਨੁੱਖੀ ਹੱਕਾਂ ਦੀ ਪਾਲਣਾ ਯਾਨੀ ਕਾਨੂੰਨ ਅਤੇ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਕਾਰਵਾਈ ਕਰਨੀ। ਪੰਜਵਾਂ ਸਤੰਭ ਹੈ ਦਹਿਸ਼ਤਗਰਦਾਂ ਦੇ ਵਿੱਤੀ ਢਾਂਚੇ ਦੀ ਕਮਰ ਤੋੜਨਾ ਤਾਂ ਜੋ ਉਨ੍ਹਾਂ ਤੱਕ ਵਿੱਤੀ ਮਦਦ ਪਹੁੰਚ ਹੀ ਨਾ ਸਕੇ। ਛੇਵਾਂ ਸਤੰਭ ਹੈ ਜਾਗਰੂਕਤਾ ਫੈਲਾਉਣਾ ਅਤੇ ਕੱਟੜਤਾ ਨੂੰ ਰੋਕਣਾ, ਜਿਸ ਵਿਚ ਸਮਾਜ ਨੂੰ ਨਾਲ ਲੈ ਕੇ ਚੱਲਣਾ ਅਤੇ ਕੂੜ-ਪ੍ਰਚਾਰ ਦਾ ਸਮੇਂ ਸਿਰ ਖੰਡਨ ਕਰਨਾ। ਸੱਤਵਾਂ ਸਤੰਭ ਹੈ ਲਚੀਲਾਪਣ ਅਤੇ ਪੁਨਰ-ਬਹਾਲੀ ਯਾਨੀ ਘਟਨਾ ਤੋਂ ਬਾਅਦ ਤੇਜ਼ੀ ਨਾਲ ਆਮ ਵਰਗੇ ਹਾਲਾਤ ਬਹਾਲ ਕਰਨੇ। ਇਹ ਸਾਰੇ ਸਤੰਭ ਅਜਿਹੀ ਰਣਨੀਤੀ ਬਣਾਉਂਦੇ ਹਨ ਜੋ ਨਾ ਸਿਰਫ਼ ਦਹਿਸ਼ਤਗਰਦੀ ਨੂੰ ਰੋਕਣ ਵਿਚ ਸਮਰੱਥ ਹੈ ਸਗੋਂ ਸਮਾਜ ਨੂੰ ਵੀ ਮਜ਼ਬੂਤ ਬਣਾਉਂਦੀ ਹੈ।
ਅੱਜ ਅੱਤਵਾਦੀ ਨਵੀਆਂ ਤਕਨਾਲੋਜੀਆਂ ਦਾ ਤੇਜ਼ੀ ਨਾਲ ਇਸਤੇਮਾਲ ਕਰ ਰਹੇ ਹਨ। ਅਜਿਹੇ ਵਿਚ ਰਵਾਇਤੀ ਪੁਲਿਸਿੰਗ ਹੀ ਕਾਫ਼ੀ ਨਹੀਂ ਰਹਿ ਗਈ ਹੈ। ਪ੍ਰਹਾਰ ਇਸ ਕਮੀ ਨੂੰ ਦੂਰ ਕਰਦੇ ਹੋਏ ਸਾਈਬਰ ਸਮਰੱਥਾ, ਆਧੁਨਿਕ ਤਕਨਾਲੋਜੀ ਅਤੇ ਵਿੱਤੀ ਨਿਗਰਾਨੀ ਨੂੰ ਵੀ ਆਪਣੇ ਢਾਂਚੇ ਵਿਚ ਸ਼ਾਮਲ ਕਰਦਾ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ ਨੇ ਦਹਿਸ਼ਤਗਰਦੀ ਖ਼ਿਲਾਫ਼ ਆਪਣਾ ਰੁਖ਼ ਹੋਰ ਸਪਸ਼ਟ ਕੀਤਾ ਹੈ। ਬਾਲਾਕੋਟ ਏਅਰ ਸਟ੍ਰਾਈਕ ਤੋਂ ਲੈ ਕੇ ਆਪ੍ਰੇਸ਼ਨ ਸਿੰਦੂਰ ਅਤੇ ਦੇਸ਼ ਦੇ ਅੰਦਰ ਅੱਤਵਾਦੀ ਨੈੱਟਵਰਕ ’ਤੇ ਲਗਾਤਾਰ ਕਾਰਵਾਈ ਇਹ ਦਿਖਾਉਂਦੀ ਹੈ ਕਿ ਭਾਰਤ ਹੁਣ ਸਿਰਫ਼ ਬਚਾਅ ਦੀ ਨੀਤੀ ਤੱਕ ਸੀਮਤ ਨਹੀਂ ਹੈ। ਜ਼ਰੂਰਤ ਪੈਣ ’ਤੇ ਉਸ ਕੋਲ ਫ਼ੈਸਲਾਕੁੰਨ ਅਤੇ ਪਹਿਲਾਂ ਦੇ ਮਨਾਹੀ ਵਾਲੇ ਸਖ਼ਤ ਕਦਮ ਚੁੱਕਣ ਦੀ ਸਮਰੱਥਾ ਅਤੇ ਇੱਛਾ-ਸ਼ਕਤੀ, ਦੋਵੇਂ ਮੌਜੂਦ ਹਨ। ਪ੍ਰਹਾਰ ਇਹ ਯਕੀਨੀ ਬਣਾਉਂਦਾ ਹੈ ਕਿ ਅਜਿਹੀ ਕਾਰਵਾਈ ਸਿਰਫ਼ ਹਾਲਾਤ ’ਤੇ ਨਿਰਭਰ ਨਾ ਰਹੇ ਸਗੋਂ ਇਕ ਵਿਵਸਥਿਤ ਨੀਤੀ ਦੇ ਤਹਿਤ ਕੀਤੀ ਜਾਵੇ। ਇਸ ਨੀਤੀ ਦਾ ਕੇਂਦਰੀ ਆਧਾਰ ਅੱਤਵਾਦ ਦੀ ਰੋਕਥਾਮ ਹੈ। ਇਸ ਲਈ ਖ਼ਤਰੇ ਦੀ ਮੁੱਢਲੇ ਪੱਧਰ ’ਤੇ ਹੀ ਨਿਸ਼ਾਨਦੇਹੀ ਕਰ ਕੇ ਉਸ ਨੂੰ ਨਕਾਰਾ ਕਰਨਾ ਮੁੱਖ ਟੀਚਾ ਹੈ। ਇਸ ਦੇ ਲਈ ਖ਼ੁਫ਼ੀਆ-ਆਧਾਰਤ ਪੁਲਿਸਿੰਗ ਨੂੰ ਮਜ਼ਬੂਤ ਕਰਨਾ, ਏਜੰਸੀਆਂ ਵਿਚਕਾਰ ਰੀਅਲ-ਟਾਈਮ ਜਾਣਕਾਰੀ ਸਾਂਝੀ ਕਰਨਾ ਯਕੀਨੀ ਬਣਾਉਣਾ, ਭਰਤੀ ਨੈੱਟਵਰਕ ਨੂੰ ਸਮਾਂ ਰਹਿੰਦਿਆਂ ਨੇਸਤੋਨਾਬੂਦ ਕਰਨਾ ਅਤੇ ਅੱਤਵਾਦੀ ਸਮਰਥਨ ਤੰਤਰ ਨੂੰ ਖ਼ਤਮ ਕਰਨਾ ਲਾਜ਼ਮੀ ਹੈ। ਨਾਲ ਹੀ, ਡਿਜੀਟਲ ਪਲੇਟਫਾਰਮ ’ਤੇ ਸਰਗਰਮ ਕੱਟੜਪੰਥੀ ਗਤੀਵਿਧੀਆਂ ਦੀ ਨਿਗਰਾਨੀ ਅਤੇ ਦਹਿਸ਼ਤਗਰਦੀ ਦੇ ਵਿੱਤੀ-ਪੋਸ਼ਣ ਵਾਲੇ ਸਰੋਤਾਂ ’ਤੇ ਸਖ਼ਤ ਨਿਯੰਤਰਣ ਇਸ ਢਾਂਚੇ ਦੇ ਮੁੱਖ ਪਹਿਲੂ ਹਨ। ਏਆਈ ਜ਼ਰੀਏ ਸੰਭਾਵਿਤ ਖ਼ਤਰਿਆਂ ਦਾ ਪੂਰਵ-ਅਨੁਮਾਨ, ਬਿਗ ਡਾਟਾ ਨਾਲ ਸ਼ੱਕੀ ਪੈਟਰਨ ਦੀ ਪਛਾਣ, ਸੀਮਾਵਾਂ ’ਤੇ ਡ੍ਰੋਨ ਨਿਗਰਾਨੀ ਅਤੇ ਸਾਈਬਰ ਫੋਰੈਂਸਿਕ ਦੇ ਮਾਧਿਅਮ ਨਾਲ ਇਕ ਇੰਕ੍ਰਿਪਟਡ ਸੰਚਾਰ ਦੀ ਟਰੈਕਿੰਗ ਵਰਗੇ ਉਪਾਅ ਇਸ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦੇ ਹਨ। ਅੱਤਵਾਦ ਦੇ ਡਿਜੀਟਲ ਸਰੂਪ ਨੂੰ ਦੇਖਦੇ ਹੋਏ ਸਾਈਬਰ ਸਮਰੱਥਾਵਾਂ ਦਾ ਵਿਸਥਾਰ ਹੁਣ ਬੇਹੱਦ ਜ਼ਰੂਰੀ ਹੋ ਗਿਆ ਹੈ ਕਿਉਂਕਿ ਡੀਪਫੇਕ ਆਧਾਰਤ ਕੂੜ-ਪ੍ਰਚਾਰ ਦੇ ਵਧਦੇ ਇਸਤੇਮਾਲ ਨੇ ਇਹ ਚੁਣੌਤੀ ਹੋਰ ਜਟਿਲ ਬਣਾ ਦਿੱਤੀ ਹੈ। ਇਹ ਵੀ ਸਮਝਣਾ ਚਾਹੀਦਾ ਹੈ ਕਿ ਕੱਟੜਪੰਥ ਸਿਰਫ਼ ਸੁਰੱਖਿਆ ਬਲਾਂ ਜ਼ਰੀਏ ਕੰਟਰੋਲ ਨਹੀਂ ਕੀਤਾ ਜਾ ਸਕਦਾ। ਇਸ ਵਾਸਤੇ ਸਮਾਜ, ਅਧਿਆਪਕਾਂ, ਧਾਰਮਿਕ ਅਗਵਾਈ ਅਤੇ ਨਾਗਰਿਕ ਸੰਗਠਨਾਂ ਦੀ ਭਾਗੀਦਾਰੀ ਵੀ ਜ਼ਰੂਰੀ ਹੈ। ਪ੍ਰਹਾਰ ਭਾਰਤ ਦੀ ਅੱਤਵਾਦ-ਰੋਕੂ ਰਣਨੀਤੀ ਵਿਚ ਵੱਡੇ ਬਦਲਾਅ ਦਾ ਪ੍ਰਤੀਕ ਹੈ। ਇਸ ਦਾ ਢਾਂਚਾ ਮਜ਼ਬੂਤ ਹੈ ਅਤੇ ਸਰਕਾਰ ਦੀ ਮਨਸ਼ਾ ਵੀ ਸਪਸ਼ਟ ਦਿਖਾਈ ਦਿੰਦੀ ਹੈ ਪਰ ਇਸ ਦੀ ਸਫਲਤਾ ਲਾਗੂ ਕਰਨ ’ਤੇ ਨਿਰਭਰ ਕਰੇਗੀ। ਨੀਤੀ ਬਣਾਉਣਾ ਪਹਿਲਾ ਕਦਮ ਹੈ, ਉਸ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਬਣਾਉਣਾ ਅਸਲੀ ਚੁਣੌਤੀ ਹੈ।
-ਅਸ਼ੋਕ ਕੁਮਾਰ
-(ਲੇਖਕ ਉੱਤਰਾਖੰਡ ਦੇ ਸਾਬਕਾ ਪੁਲਿਸ ਮਹਾ-ਨਿਰਦੇਸ਼ਕ ਹਨ)। -response@jagran.com