ਰਮੇਸ਼ ਨੂੰ ਏਟੀਐੱਮ ਕਾਰਡ ਵਾਪਸ ਕਰਦਿਆਂ ਮੈਨੇਜਰ ਨੇ ਸਿਰ ਝੁਕਾਉਂਦਿਆਂ ਕਿਹਾ। ਰਮੇਸ਼ ਦਾ ਧਿਆਨ ਉੱਥੇ ਇਕ ਤਿੰਨ ਡੱਬੇ ਵਾਲੇ ਟਿਫਿਨ ਉੱਤੇ ਪਿਆ। ਅਚਾਨਕ ਮੈਨੇਜਰ ਨੇ ਬੈਰੇ ਨੂੰ ਆਵਾਜ਼ ਦੇ ਕੇ ਕਿਹਾ, “ਸਾਹਿਬ ਦਾ ਟਿਫਿਨ ਉਨ੍ਹਾਂ ਦੇ ਦਫ਼ਤਰ ਵਿਚ ਰੱਖ ਕੇ ਆ। ਉਹ ਬਾਅਦ ਵਿਚ ਖਾਣਗੇ।

ਦੋਸਤੋ, ਲਗਪਗ ਤਿੰਨ ਦਹਾਕਿਆਂ ਤੋਂ ਦੁਨੀਆ ਵਿਚ ਬਦਲਾਅ ਦੀ ਗਤੀ ਦਾ ਵੇਗ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕੋਈ ਵੀ ਖ਼ਰੀਦੀ ਚੀਜ਼-ਵਸਤ ਕੁਝ ਦੇਰ ਬਾਅਦ ਹੀ ਪੁਰਾਣੀ ਹੋ ਜਾਂਦੀ ਹੈ। ਸਵੇਰੇ ਖ਼ਰੀਦਿਆ ਮੋਬਾਈਲ ਫੋਨ ਸ਼ਾਮ ਤੱਕ ਸੈਕਿੰਡ ਹੈਂਡ ਹੋ ਜਾਂਦਾ ਹੈ। ਇਹ ਗਤੀ ਹਰ ਤਰ੍ਹਾਂ ਦੇ ਬਦਲਾਅ ਨਾਲ ਸਬੰਧਤ ਹੈ। ਅੱਜ ਅਸੀਂ ਕੇਵਲ ਮੂਲ ਤੇ ਬਨਾਵਟੀਪਣ ਦੀ ਗੱਲ ਕਰਾਂਗੇ। ਅੱਜ ਦਾ ਸਮਾਜ ਮੂਲਤਾ ਨਾਲੋਂ ਟੁੱਟ ਕੇ ਬਨਾਵਟੀਪਣ ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ।
ਇਸ ਪਿੱਛੇ ਹੱਥ ਹੈ ਆਧੁਨਿਕ ਮਾਰਕੀਟਿੰਗ ਦਾ, ਭਾਵ ਇਸ਼ਤਿਹਾਰਬਾਜ਼ੀ ਦਾ। ਤੁਸੀਂ ਆਮ ਵੇਖਿਆ ਹੋਣਾ ਹੈ ਕਿ ਦਾੜ੍ਹੀ ਮੁਨਾਉਣ ਤੇ ਹਜ਼ਾਮਤ ਕਰਨ ਵਾਸਤੇ ਵਰਤੇ ਜਾਂਦੇ ਬਲੇਡ ਤੇ ਸ਼ੇਵਿੰਗ ਮਸ਼ੀਨ ਦੇ ਇਸ਼ਤਿਹਾਰਾਂ ਵਿਚ ਔਰਤਾਂ ਜਦਕਿ ਔਰਤਾਂ ਦੁਆਰਾ ਵਰਤੇ ਜਾਂਦੇ ਸਾਮਾਨ ਵਾਸਤੇ ਬਣਾਏ ਜਾਂਦੇ ਇਸ਼ਤਿਹਾਰਾਂ ਵਿਚ ਮਰਦ ਵਿਖਾਈ ਦਿੰਦੇ ਹਨ। ਇਹ ਮਾਰਕੀਟਿੰਗ ਇਸ ਤਰ੍ਹਾਂ ਦੀ ਕੀਤੀ ਜਾਂਦੀ ਹੈ ਕਿ ਮਿੱਟੀ ਨੂੰ ਸੋਨੇ ਦੇ ਭਾਅ ਵੇਚ ਦਿੱਤਾ ਜਾਂਦਾ ਹੈ।
ਪਿੱਛੇ ਜਿਹੇ ਇਕ ਦੋਸਤ ਨੇ ਸੋਸ਼ਲ ਮੀਡੀਆ ਰਾਹੀਂ ਇਸ ਵਰਤਾਰੇ ਨਾਲ ਸਬੰਧਤ ਇਕ ਸੁਨੇਹਾ ਮੇਰੇ ਨਾਲ ਸਾਂਝਾ ਕੀਤਾ। ਉਸ ਦਾ ਮੂਲ਼ ਭਾਵ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਰਮੇਸ਼ ਇਕ ਵਾਕਿਫ਼ਕਾਰ ਕੈਮਿਸਟ ਦੀ ਦੁਕਾਨ ਉੱਪਰ ਗਿਆ। ਉਸ ਦੇ ਸਿਰ ’ਚ ਦਰਦ ਸੀ । ਦੁਕਾਨ ’ਤੇ ਨੌਕਰ ਬੈਠਾ ਸੀ। ਨੌਕਰ ਨੇ ਉਸ ਨੂੰ ਦਵਾਈਆਂ ਦਾ ਪੱਤਾ ਦੇ ਦਿੱਤਾ। ਪੈਸੇ ਦਿੰਦਿਆਂ ਰਮੇਸ਼ ਨੇ ਨੌਕਰ ਨੂੰ ਪੁੱਛਿਆ, “ਗੋਇਲ ਸਾਹਿਬ ਕਿੱਥੇ ਹਨ?” “ਉਨ੍ਹਾਂ ਦੇ ਸਿਰ ’ਚ ਪੀੜ ਹੋ ਰਹੀ ਸੀ, ਉਹ ਘਰ ਗਏ ਨੇ ਤੇ ਕਹਿ ਰਹੇ ਸਨ ਕਿ ਉਹ ਕੌਫ਼ੀ ਪੀ ਕੇ ਕੁਝ ਘੜੀਆਂ ਆਰਾਮ ਕਰ ਕੇ ਆਉਣਗੇ।”ਨੌਕਰ ਨੇ ਜਵਾਬ ਦਿੱਤਾ।
ਰਮੇਸ਼ ਆਪਣੇ ਹੱਥਾਂ ’ਚ ਦਵਾਈ ਦਾ ਪੱਤਾ ਨਿਹਾਰਦਾ ਰਿਹਾ ਤੇ ਨਾਲ ਹੀ ਦਵਾਈ ਵਾਸਤੇ ਖ਼ਰਚ ਕੀਤੇ ਪੈਸਿਆਂ ਬਾਰੇ ਸੋਚਦਾ ਰਿਹਾ। ਇਕ ਦਿਨ ਸਵੇਰੇ-ਸਵੇਰੇ ਰਮੇਸ਼ ਦੀ ਮਾਤਾ ਜੀ ਨੂੰ ਪੁਰਾਣੀ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੇ ਬਹੁਤ ਸਤਾਇਆ। ਉਹ ਮਾਤਾ ਜੀ ਨੂੰ ਆਪਣੇ ਪੁਰਾਣੇ ਪਰਿਵਾਰਕ ਡਾਕਟਰ ਕੋਲ ਲੈ ਗਿਆ।
ਉਸ ਵੇਲੇ ਡਾਕਟਰ ਸਾਹਿਬ ਯੋਗਾ ਦੇ ਨਾਲ-ਨਾਲ ਵਰਜਿਸ਼ ਕਰ ਰਹੇ ਸਨ। ਰਮੇਸ਼ ਨੇ ਕੋਈ ਵਿਘਨ ਪਾਉਣਾ ਠੀਕ ਨਹੀਂ ਸਮਝਿਆ। ਪੰਜਤਾਲੀ ਕੁ ਮਿੰਟਾਂ ਬਾਅਦ ਡਾਕਟਰ ਸਾਹਿਬ ਆਏ। ਮਾਤਾ ਨੂੰ ਚੈੱਕ ਕੀਤਾ ਤੇ ਕਿਹਾ, “ਦਵਾਈਆਂ ਥੋੜ੍ਹੀਆਂ ਵਧਾਉਣੀਆਂ ਪੈਣਗੀਆਂ। ਚੈੱਕਅੱਪ ਵੀ ਹਫ਼ਤੇ ਵਿਚ ਦੋ ਵਾਰ ਕਰਵਾਉਣਾ ਪਵੇਗਾ।’’ ਡਾਕਟਰ ਨੇ ਦਵਾਈਆਂ ਵਾਸਤੇ ਪਰਚੀ ਬਣਾ ਦਿੱਤੀ ਤੇ ਉਸ ਕੈਮਿਸਟ ਦਾ ਨਾਂ ਵੀ ਦੱਸ ਦਿੱਤਾ ਜਿੱਥੇ ਡਾਕਟਰ ਦੇ ਕਹਿਣ ’ਤੇ ਦਸ ਫ਼ੀਸਦੀ ਰਿਆਇਤ ਮਿਲਣੀ ਸੀ। ਡਾਕਟਰ ਹੋਰਾਂ ਤੋਂ ਅੱਠ ਸੌ ਰੁਪਏ ਲੈਂਦਾ ਸੀ ਪਰ ਰਮੇਸ਼ ਤੋਂ ਉਸ ਨੇ ਛੇ ਸੌ ਰੁਪਏ ਲਏ। ਰਮੇਸ਼ ਨੇ ਡਾਕਟਰ ਸਾਹਿਬ ਤੋਂ ਪੁੱਛਿਆ, “ ਕੀ ਤੁਸੀਂ ਰੋਜ਼ ਸਵੇਰੇ ਕਸਰਤ ਤੇ ਯੋਗਾ ਕਰਦੇ ਹੋ?” ਡਾਕਟਰ ਨੇ ਕਿਹਾ, “ਪੰਦਰਾਂ ਵਰ੍ਹਿਆਂ ਤੋਂ ਰੋਜ਼ 45 ਮਿੰਟ ਯੋਗਾ ਤੇ ਕਸਰਤ ਕਰਦਾ ਹਾਂ। ਇਸ ਨਾਲ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੇੜੇ ਨਹੀਂ ਆਉਂਦੇ।’’ ਰਮੇਸ਼ ਹੱਥ ਵਿਚ ਛੇ ਸੌ ਰੁਪਇਆਂ ਵਾਲੀ ਪਰਚੀ ਦੇਖ ਰਿਹਾ ਸੀ ਜਿਸ ’ਚ ਬਾਰਾਂ ਸੌ ਰੁਪਏ ਦੀਆਂ ਦਵਾਈਆਂ ਵੀ ਲਿਖੀਆਂ ਸਨ।
ਰਮੇਸ਼ ਦੀ ਧਰਮ ਪਤਨੀ ਪਿੰਕੀ ਦੇ ਵਾਲ਼ ਖ਼ਰਾਬ ਹੋ ਗਏ ਸਨ। ਪਤਨੀ ਦੇ ਜ਼ੋਰ ਦੇਣ ’ਤੇ ਉਹ ਉਸ ਨੂੰ ਲੈ ਕੇ ਬਿਊਟੀ ਪਾਰਲਰ ਚਲਾ ਗਿਆ। ਉੱਥੇ ਬੈਠੀ ਟੈਕਨੀਸ਼ੀਅਨ ਨੇ ਵਾਲ਼ ਠੀਕ ਕਰਨ ਵਾਸਤੇ ਕਈ ਤਰ੍ਹਾਂ ਦੇ ਪੈਕੇਜ ਦੱਸੇ। ਤੇਰਾਂ ਸੌ ਤੋਂ ਲੈ ਕੇ ਤੇਤੀ ਸੌ ਤੱਕ ਦੇ। ਕੁਦਰਤੀ ਗੱਲ ਸੀ ਕਿ ਧਰਮ ਪਤਨੀ ਨੂੰ ਮਹਿੰਗੇ ਵਾਲਾ ਹੀ ਪਸੰਦ ਆਉਣਾ ਸੀ। ਟੈਕਨੀਸ਼ੀਅਨ ਦੇ ਆਪਣੇ ਵਾਲ਼ਾਂ ’ਚੋਂ ਬਹੁਤ ਸੋਹਣੀ ਖ਼ੁਸ਼ਬੂ ਆ ਰਹੀ ਸੀ।
ਰਮੇਸ਼ ਤੋਂ ਰਿਹਾ ਨਾ ਗਿਆ। ਉਸ ਨੇ ਉਸ ਤੋਂ ਪੁੱਛ ਹੀ ਲਿਆ, “ਮੈਡਮ ਤੁਸੀਂ ਬਹੁਤ ਖ਼ੂਬਸੂਰਤ ਲੱਗ ਰਹੇ ਹੋ। ਤੁਹਾਡੇ ਵਾਲ਼ ਬਹੁਤ ਸੋਹਣੇ ਨੇ। ਤੁਸੀਂ ਕਿਹੜਾ ਪੈਕੇਜ ਵਰਤਦੇ ਹੋ?’’ ਮੈਡਮ ਨੇ ਕਿਹਾ, “ਮੈਂ ਆਪਣੇ ਵਾਲ਼ਾਂ ਦਾ ਘਰੇਲੂ ਇਲਾਜ ਕਰਦੀ ਹਾਂ। ਤੇਲ ’ਚ ਮੇਥੀ ਤੇ ਕਪੂਰ ਮਿਲਾ ਕੇ ਗਰਮ ਕਰ ਕੇ ਵਾਲ਼ਾਂ ਨੂੰ ਲਗਾਉਂਦੀ ਹਾਂ। ਇਸ ਨਾਲ ਵਾਲ਼ ਨਰਮ ਤੇ ਮੁਲਾਇਮ ਰਹਿੰਦੇ ਨੇ ਤੇ ਜਲਦੀ ਵਧਦੇ ਵੀ ਨੇ।”
ਰਮੇਸ਼ ਨੇ ਪੈਕੇਜ ਦੇ ਵੇਰਵੇ ਨੂੰ ਮਚਕੋੜਦਿਆਂ ਆਪਣੀ ਪਤਨੀ ਵੱਲ ਝਾਕਿਆ ਪਰ ਪਤਨੀ ਨੇ ਨਜ਼ਰਾਂ ਦੂਸਰੇ ਪਾਸੇ ਕਰ ਲਈਆਂ। ਇਕ ਵਾਰ ਰਮੇਸ਼ ਆਪਣੇ ਇਕ ਅਮੀਰ ਦੋਸਤ ਦੇ ‘ਫਾਰਮ ਹਾਊਸ’ ਵਿਚ ਗਿਆ। ਉਸ ਨੇ ਡੇਢ-ਦੋ ਸੌ ਦੇ ਕਰੀਬ ਵਿਦੇਸ਼ੀ ਗਊਆਂ ਰੱਖੀਆਂ ਹੋਈਆਂ ਸਨ। ਉਹ ਉਨ੍ਹਾਂ ਦਾ ਦੁੱਧ ਪ੍ਰੋਸੈਸ ਕਰ ਕੇ ਨਾਮੀ ਬ੍ਰਾਂਡ ਨੂੰ ਵੇਚਦਾ ਸੀ। ਉੱਥੇ ਇਕ ਨੁੱਕੜ ’ਚ ਦੋ ਦੇਸੀ ਗਊਆਂ ਵੀ ਬੱਝੀਆਂ ਹੋਈਆਂ ਸਨ। ਰਮੇਸ਼ ਦੇ ਪੁੱਛਣ ’ਤੇ ਦੋਸਤ ਨੇ ਦੱਸਿਆ, “ਅਸੀਂ ਆਪਣੇ ਘਰ ਵਿਚ ਵਲੈਤੀ ਗਊਆਂ ਦਾ ਨਹੀਂ ਸਗੋਂ ਇਨ੍ਹਾਂ ਦੇਸੀ ਗਊਆਂ ਦਾ ਦੁੱਧ ਵਰਤਦੇ ਹਾਂ।’’ ਰਮੇਸ਼ ਆਮ ਲੋਕਾਂ ਦੇ ਬ੍ਰਾਂਡਡ ਦੁੱਧ ਪਿੱਛੇ ਪਾਗਲਪਣ ਬਾਰੇ ਸੋਚ ਰਿਹਾ ਸੀ। ਰਮੇਸ਼ ਦਾ ਪੂਰਾ ਪਰਿਵਾਰ ਪਿਕਨਿਕ ਮਨਾਉਣ ਗਿਆ ਸੀ।
ਅਖੀਰ ਉਹ ਇਕ ਅਜਿਹੇ ਨਾਮੀ ਰੈਸਟੋਰੈਂਟ ’ਚ ਗਏ ਜਿੱਥੋਂ ਦਾ ਭੋਜਨ ਕਾਫ਼ੀ ਲਜ਼ੀਜ਼ ਅਤੇ ਸ਼ੁੱਧ ਮੰਨਿਆ ਜਾਂਦਾ ਸੀ। ਉਹ ਭੋਜਨ ਖਾ ਕੇ ਬਿੱਲ ਦੇਣ ਕਾਊਂਟਰ ’ਤੇ ਪਹੁੰਚੇ। ਮੈਨੇਜਰ ਨੇ ਆਦਤਨ ਸ਼ਾਂਤ ਸੁਭਾਅ ਨਾਲ ਰਮੇਸ਼ ਨੂੰ ਪੁੱਛਿਆ, “ਸ਼੍ਰੀਮਾਨ ਜੀ, ਭੋਜਨ ਕਿੱਦਾਂ ਦਾ ਲੱਗਿਆ?” ਰਮੇਸ਼ ਨੇ ਵੀ ਸੰਤੁਸ਼ਟ ਹੋ ਕੇ ਖਾਣੇ ਦੀ ਤਾਰੀਫ਼ ਕੀਤੀ। “ਸ਼੍ਰੀਮਾਨ ਜੀ, ਸਾਡੇ ਭੋਜਨ ਵਿਚ ਕੇਵਲ ਤੇ ਕੇਵਲ ਦੇਸੀ ਸ਼ੁੱਧ ਘਿਓ, ਸਰ੍ਹੋਂ ਦਾ ਤੇਲ ਤੇ ਘਰੇਲੂ ਤਾਜ਼ੇ ਪੀਸੇ ਮਸਾਲੇ ਹੀ ਪ੍ਰਯੋਗ ਹੁੰਦੇ ਹਨ । ਅਸੀਂ ਇਸ ਗੱਲ ਦਾ ਵੀ ਧਿਆਨ ਰੱਖਦੇ ਹਾਂ ਕਿ ਗਾਹਕਾਂ ਨੂੰ ਖਾਣੇ ਦਾ ਸੁਆਦ ਘਰ ਦੇ ਖਾਣੇ ਵਰਗਾ ਹੀ ਆਵੇ।’’
ਰਮੇਸ਼ ਨੂੰ ਏਟੀਐੱਮ ਕਾਰਡ ਵਾਪਸ ਕਰਦਿਆਂ ਮੈਨੇਜਰ ਨੇ ਸਿਰ ਝੁਕਾਉਂਦਿਆਂ ਕਿਹਾ। ਰਮੇਸ਼ ਦਾ ਧਿਆਨ ਉੱਥੇ ਇਕ ਤਿੰਨ ਡੱਬੇ ਵਾਲੇ ਟਿਫਿਨ ਉੱਤੇ ਪਿਆ। ਅਚਾਨਕ ਮੈਨੇਜਰ ਨੇ ਬੈਰੇ ਨੂੰ ਆਵਾਜ਼ ਦੇ ਕੇ ਕਿਹਾ, “ਸਾਹਿਬ ਦਾ ਟਿਫਿਨ ਉਨ੍ਹਾਂ ਦੇ ਦਫ਼ਤਰ ਵਿਚ ਰੱਖ ਕੇ ਆ। ਉਹ ਬਾਅਦ ਵਿਚ ਖਾਣਗੇ।” “ ਤੁਹਾਡੇ ਸਾਹਿਬ ਆਪਣੇ ਰੈਸਟੋਰੈਂਟ ਦਾ ਖਾਣਾ ਨਹੀਂ ਖਾਂਦੇ?” ਰਮੇਸ਼ ਨੇ ਐਵੇਂ ਹੀ ਪੁੱਛਿਆ।
“ਨਹੀਂਂ ਸ੍ਰੀਮਾਨ ਜੀ। ਸਾਹਿਬ ਕਦੇ ਬਾਹਰ ਦਾ ਖਾਣਾ ਨਹੀਂ ਖਾਂਦੇ, ਘਰ ਦਾ ਖਾਣਾ ਹੀ ਖਾਂਦੇ ਨੇ।” ਮੈਨੇਜਰ ਨੇ ਮਾਸੂਮੀਅਤ ਭਰੇ ਲਹਿਜ਼ੇ ਵਿਚ ਜਵਾਬ ਦਿੱਤਾ। ਰਮੇਸ਼ ਆਪਣੇ ਹੱਥ ਵਿਚ ਹੁਣੇ-ਹੁਣੇ ਖਾਧੇ ਸ਼ੁੱਧ ਖਾਣੇ ਦਾ ਇਕੱਤੀ ਸੌ ਤੇਰਾਂ ਰੁਪਏ ਦਾ ਬਿੱਲ ਦੇਖ ਕੇ ਹੈਰਾਨ ਸੀ। ਇਸ ਸਾਰੇ ਵਰਤਾਰੇ ਤੋਂ ਇਹੀ ਸਮਝ ਆਉਂਦਾ ਹੈ ਕਿ ਜਿਸ ਨੂੰ ਅਸੀਂ ਆਪਣੀ ਅਮੀਰੀ ਜਾਂ ਰਈਸੀ ਸਮਝਦੇ ਹਾਂ, ਅਸਲ ਵਿਚ ਉਹ ਸਾਡੀ ਵੱਡੀ ਨਾਦਾਨੀ ਹੈ।
ਅਸੀਂ ਤਾਂ ਤੁਰਦੇ-ਫਿਰਦੇ ਏਟੀਐੱਮ ਧਾਰੀ ਭੋਲੇ ਮਨੁੱਖ ਹਾਂ ਜਿਨ੍ਹਾਂ ਤੋਂ ਇਕਦਮ ਕੁਸ਼ਲ ਤੇ ਜਾਅਲੀ ਮਾਰਕੀਟਿੰਗ ਕਰਨ ਵਾਲੇ ਵਾਲੇ ਮਨਚਾਹਿਆ ਪੈਸਾ ਵਸੂਲਦੇ ਰਹਿੰਦੇ ਨੇ। ਅਸੀਂ ਨਾਸਮਝੀ ’ਚ ਖ਼ੁਦ ਨੂੰ ਲੁੱਟਣ ਦੇ ਮੌਕੇ ਦਿੰਦੇ ਰਹਿੰਦੇ ਹਾਂ। ਅਕਸਰ ਇਹ ਲੋਕ ਜਿਹੜੀਆਂ ਵਸਤਾਂ ਸਾਨੂੰ ਵੇਚਦੇ ਹਨ, ਉਹ ਖ਼ੁਦ ਉਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ। ਸੋ, ਦੋਸਤੋ! ਜ਼ਮਾਨਾ ਮੂਲਤਾ ਨੂੰ ਭੁੱਲਦਾ ਹੋਇਆ ਤੇਜ਼ੀ ਨਾਲ ਭੌਤਿਕੀ ਦਿਖਾਵੇ ਵੱਲ ਵਧੀ ਜਾ ਰਿਹਾ ਹੈ।
-ਗੋਵਰਧਨ ਗੱਬੀ
-ਮੋਬਾਈਲ : 94171-73700
response@jagran.com