ਪਾਕਿਸਤਾਨ ਸੋਚ ਰਿਹਾ ਹੈ ਕਿ ਆਪਣੇ ਇੱਥੇ ਅਮਰੀਕਾ ਤੇ ਚੀਨ ਦਾ ਨਿਵੇਸ਼ ਵਧਾਉਣ ਨਾਲ ਉਸ ਨੂੰ ਭਵਿੱਖ ਵਿਚ ਭਾਰਤ ਦੀ ਕਿਸੇ ਹਮਲਾਵਰ ਕਾਰਵਾਈ ਤੋਂ ਬਚਣ ਵਿਚ ਮਦਦ ਮਿਲ ਸਕੇਗੀ।
ਬੀਤੇ ਦਿਨੀਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਰ ਕ੍ਰੀਕ ਖੇਤਰ ਵਿਚ ਆਪਣੀ ਫ਼ੌਜੀ ਮੌਜੂਦਗੀ ਨੂੰ ਲਗਾਤਾਰ ਵਧਾ ਰਿਹਾ ਹੈ ਅਤੇ ਉਸ ਦੀ ਕਿਸੇ ਵੀ ਹਿਮਾਕਤ ਦਾ ਜਵਾਬ ਇਸ ਤਰ੍ਹਾਂ ਦਿੱਤਾ ਜਾਵੇਗਾ ਕਿ ਇਤਿਹਾਸ ਅਤੇ ਭੂਗੋਲ, ਦੋਵੇਂ ਬਦਲ ਜਾਣਗੇ।
ਇਸ ਤੋਂ ਕੁਝ ਦਿਨਾਂ ਬਾਅਦ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਅੱਤਵਾਦ ਦਾ ਸਮਰਥਨ ਕਰਨਾ ਨਹੀਂ ਛੱਡਿਆ ਤਾਂ ਭਾਰਤ ਅਗਲੀ ਵਾਰ ਉਹ ਸਬਰ ਨਹੀਂ ਦਿਖਾਏਗਾ ਜੋ ਉਸ ਨੇ ਆਪ੍ਰੇਸ਼ਨ ਸਿੰਧੂਰ ਦੇ ਸਮੇਂ ਦਿਖਾਇਆ ਸੀ ਅਤੇ ਪਾਕਿਸਤਾਨ ਨੂੰ ਵਿਸ਼ਵ ਦੇ ਨਕਸ਼ੇ ਤੋਂ ਮਿਟਣਾ ਵੀ ਪੈ ਸਕਦਾ ਹੈ। ਉਨ੍ਹਾਂ ਨੇ ਸੈਨਿਕਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਵੀ ਕਿਹਾ। ਭਾਰਤ ਵੱਲੋਂ ਆਮ ਤੌਰ ’ਤੇ ਅਜਿਹੇ ਬਿਆਨ ਘੱਟ ਹੀ ਆਉਂਦੇ ਹਨ।
ਇਸ ਦਾ ਮਤਲਬ ਹੈ ਕਿ ਸਰਕਾਰ ਕੋਲ ਪਾਕਿਸਤਾਨ ਵੱਲੋਂ ਰਚੀ ਜਾ ਰਹੀ ਅੱਤਵਾਦੀ ਸਾਜ਼ਿਸ਼ ਬਾਰੇ ਵੱਡੀ ਜਾਣਕਾਰੀ ਹੈ ਜਿਸ ਕਾਰਨ ਰੱਖਿਆ ਮੰਤਰੀ ਅਤੇ ਫ਼ੌਜ ਮੁਖੀ ਨੇ ਇਕ ਤੋਂ ਬਾਅਦ ਇਕ ਬਿਆਨ ਜਾਰੀ ਕਰ ਕੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਫ਼ੌਜ ਮੁਖੀ ਆਸਿਮ ਮੁਨੀਰ ਦੋ ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ ਅਤੇ ਦੋਵੇਂ ਵਾਰ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਸ਼ੇਸ਼ ਆਓਭਗਤ ਅਤੇ ਸਮਾਂ ਮਿਲਿਆ ਹੈ। ਮੁਨੀਰ ਨੇ ਅਮਰੀਕੀ ਧਰਤੀ ਤੋਂ ਭਾਰਤ ਨੂੰ ਧਮਕਾਉਣ ਦਾ ਅਣ-ਕਿਆਸਿਆ ਕੰਮ ਵੀ ਕੀਤਾ। ਮੁਨੀਰ ਦੇ ਦੌਰੇ ਤੋਂ ਕੁਝ ਦਿਨ ਬਾਅਦ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਭਾਰਤ ਨੂੰ ਧਮਕਾਉਂਦੇ ਹੋਏ ਕਿਹਾ ਕਿ ਇਸ ਵਾਰ ਕਿਸੇ ਫ਼ੌਜੀ ਟਕਰਾਅ ਦੀ ਸਥਿਤੀ ਵਿਚ ਪਾਕਿਸਤਾਨ ਭਾਰਤ ਦੇ ਪੂਰਬੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਤੋਂ ਸ਼ੁਰੂਆਤ ਕਰੇਗਾ। ਸਵਾਲ ਉੱਠਦਾ ਹੈ ਕਿ ਜਦੋਂ ਆਪ੍ਰੇਸ਼ਨ ਸਿੰਧੂਰ ਦੇ ਸਮੇਂ ਪਾਕਿਸਤਾਨ ਦੀਆਂ ਮਿਜ਼ਾਈਲਾਂ ਸਿਰਸਾ ਤੇ ਹਿਸਾਰ ਤੱਕ ਨਹੀਂ ਪਹੁੰਚ ਸਕੀਆਂ ਤਾਂ ਉਹ ਪੂਰਬੀ ਭਾਰਤ ਤੱਕ ਕਿਵੇਂ ਪਹੁੰਚ ਸਕਣਗੀਆਂ?
ਇਸ ਦਾ ਜਵਾਬ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਅਤੇ ਅਮਰੀਕੀ ਡੀਪ ਸਟੇਟ ਦੀ ਕਠਪੁਤਲੀ ਮੰਨੇ ਜਾਣ ਵਾਲੇ ਮੁਹੰਮਦ ਯੂਨਸ ਦੀ ਵ੍ਹਾਈਟ ਹਾਊਸ ਵਿਚ ਟਰੰਪ ਨਾਲ ਮੁਲਾਕਾਤ ਵਿਚ ਮਿਲਿਆ। ਪਾਕਿਸਤਾਨ ਵਾਂਗ ਇਕ ਸਮੇਂ ਯੂਨਸ ਨੂੰ ਲੈ ਕੇ ਗੁੱਸੇ ਰਹਿਣ ਵਾਲੇ ਟਰੰਪ ਦਾ ਰਵੱਈਆ ਉਨ੍ਹਾਂ ਪ੍ਰਤੀ ਇਕਦਮ ਬਦਲਿਆ ਦਿਖਾਈ ਦਿੱਤਾ। ਯੂਨਸ ਨੇ ਅਮਰੀਕਾ ਵਿਚ ਆਪਣੇ ਭਾਰਤ ਵਿਰੋਧੀ ਤੇਵਰ ਹੀ ਦਿਖਾਏ। ਇਸ ਨਾਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਪਾਕਿਸਤਾਨ ਕਿਸ ਦੇ ਮੋਢੇ ’ਤੇ ਬੰਦੂਕ ਰੱਖ ਕੇ ਪੂਰਬੀ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਮਨਸ਼ਾ ਰੱਖਦਾ ਹੈ।
ਅਮਰੀਕਾ ਦੇ ਖ਼ਤਰਨਾਕ ਇਰਾਦੇ ਸਾਰੀ ਦੁਨੀਆ ਲਈ ਚਿੰਤਾ ਦਾ ਸਬੱਬ ਬਣੇ ਹੋਏ ਹਨ। ਉਹ ਆਪਣੇ ਹਿੱਤਾਂ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਰੂਸ, ਭਾਰਤ ਅਤੇ ਚੀਨ ਦੀਆਂ ਕਰੀਬੀਆਂ ਅਮਰੀਕਾ ਨੂੰ ਰਾਸ ਨਹੀਂ ਆ ਰਹੀਆਂ ਹਨ। ਇਸੇ ਕਾਰਨ ਟਰੰਪ ਬੌਖਲਾ ਚੁੱਕੇ ਹਨ ਅਤੇ ਭਾਰਤ ਨੂੰ ਤੰਗ-ਪਰੇਸ਼ਾਨ ਕਰਨ ਲਈ ਉਸ ਦੇ ਰਵਾਇਤੀ ਦੁਸ਼ਮਣਾਂ ਪਾਕਿਸਤਾਨ ਤੇ ਬੰਗਲਾਦੇਸ਼ ਦਾ ਇਸਤੇਮਾਲ ਕਰ ਰਹੇ ਹਨ।
ਇਸ ਦੌਰਾਨ ਕੁਝ ਸਵਾਲ ਵੀ ਉੱਠਦੇ ਹਨ ਕਿ ਕੀ ਅਮਰੀਕਾ ਇਸ ਦੀ ਗੁੰਜਾਇਸ਼ ਦੇਵੇਗਾ ਕਿ ਬੰਗਲਾਦੇਸ਼ ਵਿਚ ਆਪਣੀ ਕਠਪੁਤਲੀ ਸਰਕਾਰ ਦਾ ਫ਼ਾਇਦਾ ਪਾਕਿਸਤਾਨ ਉਠਾਏ? ਕੀ ਪਾਕਿਸਤਾਨ ਨੇ ਭਾਰਤ ਦੀ ਪੂਰਬੀ ਸਰਹੱਦਾਂ ਦੇ ਨੇੜੇ ਕੋਈ ਡ੍ਰੋਨ ਬੇਸ ਜਾਂ ਅੱਤਵਾਦੀ ਅੱਡਾ ਤਿਆਰ ਕੀਤਾ ਹੈ ਜਿਸ ਦੇ ਬਲਬੂਤੇ ਉਹ ਵਾਰ-ਵਾਰ ਭਾਰਤ ਦੇ ਪੂਰਬੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਰਿਹਾ ਹੈ? ਸੰਭਵ ਹੈ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਮਰੀਕਾ ਭਾਰਤ ਖ਼ਿਲਾਫ਼ ਕੋਈ ਖਿਚੜੀ ਪਕਾ ਰਹੇ ਹੋਣ। ਯਾਦ ਰਹੇ ਕਿ ਜਦੋਂ ਆਪ੍ਰੇਸ਼ਨ ਸਿੰਧੂਰ ਸ਼ੁਰੂ ਹੋਇਆ ਤਾਂ ਅਮਰੀਕਾ ਨੂੰ ਲੱਗਾ ਸੀ ਕਿ ਬਾਲਾਕੋਟ ਦੀ ਤਰ੍ਹਾਂ ਭਾਰਤ ਦੀ ਕਾਰਵਾਈ ਸੀਮਤ ਰਹੇਗੀ ਅਤੇ ਕੁਝ ਘੰਟਿਆਂ ਵਿਚ ਸਭ ਕੁਝ ਆਮ ਵਾਂਗ ਹੋ ਜਾਵੇਗਾ ਪਰ ਜਦੋਂ ਪਾਕਿਸਤਾਨ ਨੇ ਭਾਰਤ ਦੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਨੇ ਅਮਰੀਕਾ ਦੁਆਰਾ ਵਰਤੇ ਜਾ ਰਹੇ ਪਾਕਿਸਤਾਨੀ ਏਅਰਬੇਸਾਂ ਨੂੰ ਵੀ ਨਹੀਂ ਛੱਡਿਆ। ਅਮਰੀਕਾ ਹੁਣ ਇਸ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਹੈ।
ਇਸ ਸੰਦਰਭ ਵਿਚ ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਬੇਵਜ੍ਹਾ ਨਹੀਂ ਹੈ ਕਿ ਅਮਰੀਕੀ ਫ਼ੌਜਾਂ ਨੂੰ ਅਫ਼ਗਾਨਿਸਤਾਨ ਦਾ ਬਗਰਾਮ ਏਅਰਬੇਸ ਵਾਪਸ ਚਾਹੀਦਾ ਹੈ। ਟਰੰਪ ਨੇ ਅਫ਼ਗਾਨਿਸਤਾਨ ਨੂੰ ਇਹ ਧਮਕੀ ਵੀ ਦਿੱਤੀ ਕਿ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਦੇ ਨਾਲ ਬੁਰੀਆਂ ਘਟਨਾਵਾਂ ਹੋ ਸਕਦੀਆਂ ਹਨ।
ਚੀਨ ਦੀਆਂ ਗਤੀਵਿਧੀਆਂ ’ਤੇ ਤਾਂ ਅਮਰੀਕਾ ਪਾਕਿਸਤਾਨ ਦੇ ਨੂਰ ਖ਼ਾਨ ਏਅਰਬੇਸ ਤੋਂ ਵੀ ਨਜ਼ਰ ਰੱਖ ਸਕਦਾ ਹੈ ਪਰ ਹੁਣ ਉਸ ਨੂੰ ਅਫ਼ਗਾਨਿਸਤਾਨ ਵਿਚ ਏਅਰਬੇਸ ਇਸ ਲਈ ਚਾਹੀਦਾ ਹੈ ਤਾਂ ਜੋ ਭਾਰਤ ਦੁਆਰਾ ਪਾਕਿਸਤਾਨੀ ਏਅਰਬੇਸਾਂ ’ਤੇ ਹਮਲੇ ਦੀ ਸਥਿਤੀ ਵਿਚ ਪਾਕਿਸਤਾਨ ਦੀ ਸਹਾਇਤਾ ਜਾਰੀ ਰੱਖ ਸਕੇ। ਆਪਣੇ ਫ਼ੌਜੀ ਸਾਜ਼ੋ-ਸਾਮਾਨ ਨੂੰ ਪਾਕਿਸਤਾਨੀ ਏਅਰਬੇਸਾਂ ਤੋਂ ਹਟਾ ਕੇ ਬਗਰਾਮ ਲਿਜਾ ਸਕੇ ਅਤੇ ਸਭ ਤੋਂ ਮਹੱਤਵਪੂਰਨ ਇਹ ਕਿ ਚੀਨ ਦੇ ਨਾਲ-ਨਾਲ ਭਾਰਤੀ ਫ਼ੌਜੀ ਗਤੀਵਿਧੀਆਂ ’ਤੇ ਵੀ ਨਜ਼ਰ ਰੱਖ ਸਕੇ ਅਤੇ ਜ਼ਰੂਰਤ ਪੈਣ ’ਤੇ ਈਰਾਨ ’ਤੇ ਹਮਲੇ ਲਈ ਵੀ ਉਸ ਦਾ ਇਸਤੇਮਾਲ ਕਰ ਸਕੇ।
ਪਾਕਿਸਤਾਨ ਨੇ ਵੀ ਇਨ੍ਹਾਂ ਅਮਰੀਕੀ ਜ਼ਰੂਰਤਾਂ ਦੀ ਪੂਰਤੀ ਕਰਨ ਦਾ ਤਰੀਕਾ ਲੱਭ ਲਿਆ ਹੈ। ਮੁਨੀਰ ਨੇ ਟਰੰਪ ਨੂੰ ਪਾਕਿਸਤਾਨ ਦੇ ਪਾਸਨੀ ਬੰਦਰਗਾਹ ਨੂੰ ਵਿਕਸਤ ਕਰਨ ਦਾ ਸੱਦਾ ਦਿੱਤਾ ਹੈ। ਪਾਸਨੀ ਚੀਨ ਦੁਆਰਾ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਤਹਿਤ ਅਰਬਾਂ ਡਾਲਰ ਖ਼ਰਚ ਕਰ ਕੇ ਵਿਕਸਤ ਕੀਤੇ ਗਏ ਬਲੋਚਿਸਤਾਨ ਦੇ ਗਵਾਦਰ ਬੰਦਰਗਾਹ ਤੋਂ ਸਿਰਫ਼ ਸੌ ਕਿੱਲੋਮੀਟਰ ਦੂਰ ਹੈ ਅਤੇ ਸਾਲ 2011 ਤੋਂ ਰੇਤ ਭਰਨ ਦੀ ਸਮੱਸਿਆ ਤੋਂ ਗ੍ਰਸਤ ਹੈ।
ਪਾਕਿਸਤਾਨ ਨੂੰ ਲੱਗਦਾ ਹੈ ਕਿ ਚੀਨ ਨੂੰ ਰੋਕਣ ਲਈ ਸੀਆਈਏ ਕਿਤੇ ਨਾ ਕਿਤੇ ਬਲੋਚ ਬਾਗ਼ੀਆਂ ਦਾ ਸਾਥ ਦੇ ਰਹੀ ਹੈ। ਅਜਿਹੇ ਵਿਚ ਪਾਸਨੀ ਜ਼ਰੀਏ ਖ਼ੁਸ਼ਾਮਦ ਨਾਲ ਖ਼ੁਸ਼ ਅਮਰੀਕਾ ਸ਼ਾਇਦ ਬਲੋਚ ਬਾਗ਼ੀਆਂ ਨੂੰ ਸਮਰਥਨ ਦੇਣੋਂ ਪਿੱਛੇ ਹਟ ਜਾਵੇ ਅਤੇ ਪਾਸਨੀ ਵਿਚ ਬੈਠ ਕੇ ਭਾਰਤ ਅਤੇ ਚੀਨ, ਦੋਹਾਂ ’ਤੇ ਨਜ਼ਰ ਰੱਖ ਸਕੇ। ਮੁਨੀਰ ਨੂੰ ਲੱਗਦਾ ਹੈ ਕਿ ਇਸ ਕਵਾਇਦ ਨਾਲ ਚੀਨ ਅਤੇ ਅਮਰੀਕਾ ਨਾਲ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਸੰਤੁਲਨ ਬਣਾਇਆ ਜਾ ਸਕਦਾ ਹੈ। ਅਮਰੀਕਾ ਅਤੇ ਚੀਨ, ਦੋਹਾਂ ਦਾ ਪਾਕਿਸਤਾਨ ਵਿਚ ਨਿਵੇਸ਼ ਵਧਣ ਨਾਲ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਵੱਧ ਹਮਲਾਵਰ ਕਾਰਵਾਈ ਤੋਂ ਵੀ ਰੋਕਿਆ ਜਾ ਸਕਦਾ ਹੈ।
ਇਸ ਰਣਨੀਤੀ ਨਾਲ ਪੈਦਾ ਹੋਏ ਅੱਤ ਦੇ ਆਤਮ-ਵਿਸ਼ਵਾਸ ਨਾਲ ਮੁਨੀਰ ਹੁਣ ਸਰ ਕ੍ਰੀਕ ਦੇ ਨੇੜੇ ਫ਼ੌਜੀ ਜਮਾਵੜਾ ਵਧਾ ਰਹੇ ਹਨ ਅਤੇ ਜਾਮਨਗਰ ਸਥਿਤ ਵਿਸ਼ਵ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ’ਤੇ ਹਮਲੇ ਦੀ ਧਮਕੀ ਦੇ ਰਹੇ ਹਨ। ਇਸ ਧਮਕੀ ਵਿਚ ਆਵਾਜ਼ ਸਿਰਫ਼ ਮੁਨੀਰ ਦੀ ਹੈ ਪਰ ਇਸ ਦੀ ਪਟਕਥਾ ਉਨ੍ਹਾਂ ਅਮਰੀਕੀ ਲੋਕਾਂ ਦੀ ਲਿਖੀ ਹੋਈ ਹੈ ਜੋ ਚਾਹੁੰਦੇ ਹਨ ਕਿ ਰਿਲਾਇੰਸ ਵਰਗੀਆਂ ਭਾਰਤੀ ਕੰਪਨੀਆਂ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਕੇ ਅਮਰੀਕਾ ਤੋਂ ਤੇਲ ਦਰਾਮਦ ਵਧਾਉਣ।
ਟਰੰਪ ਅਤੇ ਅਮਰੀਕਾ ਦੇ ਵਪਾਰਕ ਸਵਾਰਥ ਉਨ੍ਹਾਂ ਨੂੰ ਹੋਰ ਮੁਲਕਾਂ ਨੂੰ ਧਮਕਾਉਣ ਲਈ ਮਜਬੂਰ ਕਰ ਰਹੇ ਹਨ। ਜੋ ਦੇਸ਼ ਉਨ੍ਹਾਂ ਦੇ ਆਖੇ ਲੱਗ ਜਾਂਦੇ ਹਨ, ਉਹ ਦੁੱਧ ਦੇ ਧੋਤੇ ਬਣ ਜਾਂਦੇ ਹਨ ਅਤੇ ਜੋ ਉਨ੍ਹਾਂ ਦੀ ਹਾਂ ਵਿਚ ਹਾਂ ਨਹੀਂ ਮਿਲਾਉਂਦੇ ਅਤੇ ਆਪਣੇ ਹਿੱਤਾਂ ਦੀ ਪਰਵਾਹ ਕਰਦੇ ਹਨ, ਉਨ੍ਹਾਂ ਨੂੰ ਵੱਖ-ਵੱਖ ਹਥਕੰਡੇ ਅਪਣਾ ਕੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ।
ਇਸ ਸਭ ਦੌਰਾਨ ਇਹ ਦੇਖਣਾ ਹੋਵੇਗਾ ਕਿ ਪਾਕਿਸਤਾਨ ਨੂੰ ਅਮਰੀਕਾ ਦੇ ਪਾਲੇ ਵਿਚ ਜਾਂਦਾ ਦੇਖ ਕੇ ਚੀਨ ਦਾ ਉਸ ਪ੍ਰਤੀ ਕੀ ਰਵੱਈਆ ਰਹੇਗਾ। ਚੀਨ ਭਾਰਤ ਨੂੰ ਵੱਡੀ ਸ਼ਕਤੀ ਮੰਨ ਕੇ ਨਾਲ-ਨਾਲ ਚੱਲਣਾ ਚਾਹੇਗਾ ਜਾਂ ਅਮਰੀਕਾ ਦੇ ਨਾਲ ਜੀ-2 ਧਾਰਨਾ, ਜਿਸ ਮੁਤਾਬਕ ਅਮਰੀਕਾ ਅਤੇ ਚੀਨ ਦੁਨੀਆ ਦੀ ਸ਼ਕਤੀ ਨੂੰ ਆਪਸ ਵਿਚ ਵੰਡਣ ਦੀ ਸੋਚ ਰੱਖਦੇ ਹਨ, ਉੱਤੇ ਅੱਗੇ ਵਧੇਗਾ। ਜੇ ਜੀ-2 ਦੀ ਧਾਰਨਾ ਅੱਗੇ ਵਧਦੀ ਹੈ ਤਾਂ ਭਾਰਤ ਲਈ ਆਉਣ ਵਾਲਾ ਸਮਾਂ ਮੁਸ਼ਕਲ ਹੋਵੇਗਾ। ਕਿਸੇ ਵੀ ਸੂਰਤ ਵਿਚ ਪਾਕਿਸਤਾਨ ਨਾਲ ਭਵਿੱਖ ਦਾ ਯੁੱਧ ਹੋਰ ਜ਼ਿਆਦਾ ਵੱਡਾ ਅਤੇ ਵਿਆਪਕ ਹੋਣ ਵਾਲਾ ਹੈ।
-ਦਿੱਵਿਆ ਕੁਮਾਰ ਸੋਤੀ
-(ਲੇਖਕ ਕੌਂਸਲ ਆਫ ਸਟ੍ਰੈਟੇਜਿਕ ਅਫੇਅਰਜ਼ ਨਾਲ ਸਬੰਧਤ ਰੱਖਿਆ ਵਿਸ਼ਲੇਸ਼ਕ ਹੈ)। -response@jagran.com