ਉਦਾਹਰਨ ਵਜੋਂ ਜੇਕਰ ਕਿਸੇ ਵਿਅਕਤੀ ਦਾ ਨਾਂ “ਅਮਨ” ਹੈ ਤਾਂ ਅਕਸਰ ਉਹ ਸ਼ਾਂਤ ਸੁਭਾਅ ਵਾਲਾ ਬਣਦਾ ਹੈ। ਇਹ ਸਿੱਧਾ ਪ੍ਰਭਾਵ ਤਾਂ ਨਹੀਂ ਪਰ ਮਨੋਵਿਗਿਆਨਕ ਰੂਪ ਵਿਚ ਨਾਂ ਦਾ ਅਰਥ, ਸਮਾਜਿਕ ਉਮੀਦਾਂ ਅਤੇ ਲੋੜਾਂ ਵਿਅਕਤਿੱਤਵ ’ਤੇ ਅਸਰ ਪਾਉਂਦੀਆਂ ਜ਼ਰੂਰ ਹਨ।
ਸ਼ੇਕਸਪੀਅਰ ਨੇ ਰੋਮੀਓ ਜੂਲੀਅਟ ਨਾਂ ਦੇ ਜਗਤ ਪ੍ਰਸਿੱਧ ਆਪਣੇ ਨਾਟਕ ਵਿਚ ਕਿਹਾ ਹੈ ਕਿ ਨਾਂ ਵਿਚ ਕੀ ਰੱਖਿਆ ਹੈ? ਗੁਲਾਬ ਨੂੰ ਤੁਸੀਂ ਕਿਸੇ ਹੋਰ ਨਾਂ ਨਾਲ ਵੀ ਬੁਲਾ ਲਵੋ ਪਰ ਉਸ ਦੀ ਖ਼ੁਸ਼ਬੂ ਫਿਰ ਵੀ ਉਹੀ ਰਹੇਗੀ। ਮਤਲਬ ਇਹ ਕਿ ਨਾਂ ਦੀ ਅਹਿਮੀਅਤ ਚੰਗੇ ਗੁਣਾਂ ਕਰਕੇ ਹੁੰਦੀ ਹੈ, ਨਾਮ ਕਰਕੇ ਬੰਦੇ ਵਿਚ ਗੁਣ ਨਹੀਂ ਭਰੇ ਜਾਂਦੇ।
ਫਿਰ ਵੀ ਨਾਂਵਾਂ ਦੀ ਵੀ ਅਜੀਬ ਹੀ ਦੁਨੀਆ ਹੈ। ‘ਕਦੇ-ਕਦਾਈਂ ਵੱਡੇ ਨਾਂ ਵਾਲੇ ਬੰਦੇ ਬਾਰੇ ਲੋਕ ਇਹ ਵੀ ਕਹਿੰਦੇ ਸੁਣਦੇ ਹਾਂ ਕਿ ‘ਨਾਮ ਬੜੇ ਔਰ ਦਰਸ਼ਨ ਛੋਟੇ’। ਫਿਰ ਵੀ ਬੰਦੇ ਦਾ ਨਾਂ ਤੇ ਜਨਮ ਤਰੀਕ ਉਹਦੀ ਹੋਂਦ ਦੀਆਂ ਦੋ ਬਹੁਤ ਹੀ ਮੁੱਢਲੀਆਂ ਗੱਲਾਂ ਹੁੰਦੀਆਂ ਹਨ।
ਨਾਂ ਸਿਰਫ਼ ਲਫ਼ਜ਼ ਨਹੀਂ, ਉਹ ਮਨੁੱਖੀ ਮਨ, ਵਿਅਕਤਿੱਤਵ ਅਤੇ ਸਮਾਜਿਕ ਜੀਵਨ ਦੀ ਦੌਲਤ ਹੁੰਦੇ ਹਨ। ਨਾਮ ਮਨੁੱਖ ਦੀ ਸਭ ਤੋਂ ਪਹਿਲੀ ਪਛਾਣ ਹੁੰਦੀ ਹੈ। ਬੱਚਾ ਜਦੋਂ ਆਪਣਾ ਨਾਂ ਸੁਣਦਾ ਹੈ, ਉਹ ਆਪਣੇ-ਆਪ ਨੂੰ ਉਸ ਨਾਂ ਨਾਲ ਜੋੜਨਾ ਸਿੱਖ ਜਾਂਦਾ ਹੈ। ਇਹ ਆਤਮ-ਪਛਾਣ ਦੀ ਨੀਂਹ ਰੱਖਦਾ ਹੈ। ਨਾਮ ਰਾਹੀਂ ਮਨੁੱਖ ਸਮਝਦਾ ਹੈ ਕਿ ਉਹ ਕੌਣ ਹੈ। ਨਾਂ ਦੇ ਆਧਾਰ ’ਤੇ ਸਮਾਜ ਵਿਚ ਪਹਿਲਾ ਪ੍ਰਭਾਵ ਬਣਦਾ ਹੈ। ਲੋਕ ਅਕਸਰ ਨਾਂ ਸੁਣ ਕੇ ਕਿਸੇ ਦੀ ਜਾਤ, ਧਰਮ ਜਾਂ ਪਿਛੋਕੜ ਬਾਰੇ ਅਨੁਮਾਨ ਲਗਾ ਲੈਂਦੇ ਹਨ।
ਇਹ ਸਮਾਜਿਕ ਭੇਦਭਾਵ, ਪਛਾਣ ਜਾਂ ਪੱਖਪਾਤੀ ਵਿਵਹਾਰ ਨੂੰ ਜਨਮ ਦੇ ਸਕਦਾ ਹੈ। ਮਾਪੇ ਆਪਣੇ ਬੱਚਿਆਂ ਦੇ ਨਾਂ ਰੱਖਣ ਸਮੇਂ ਆਪਣੇ ਮਨੋਰਥ, ਆਸਾਂ ਅਤੇ ਸੰਸਕਾਰਾਂ ਨੂੰ ਧਿਆਨ ਵਿਚ ਰੱਖਦੇ ਹਨ। ਇਹ ਨਾਂ ਮਾਪਿਆਂ ਦੀ ਮਨੋਵਿਗਿਆਨਕ ਸਥਿਤੀ ਅਤੇ ਭਵਿੱਖ ਦੀ ਉਮੀਦਾਂ ਨੂੰ ਪ੍ਰਗਟ ਕਰਦਾ ਹੈ।
ਕੁਝ ਮਨੋਵਿਗਿਆਨੀਆਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਅਕਸਰ ਉਨ੍ਹਾਂ ਪੇਸ਼ਿਆਂ ਵੱਲ ਵੀ ਆਕਰਸ਼ਿਤ ਹੁੰਦੇ ਹਨ ਜੋ ਉਨ੍ਹਾਂ ਦੇ ਨਾਂ ਦੇ ਅਰਥਾਂ ਜਾਂ ਅੱਖਰਾਂ ਨਾਲ ਮਿਲਦੇ ਹਨ। ਪਰ ਇਹ ਪੂਰੀ ਤਰ੍ਹਾਂ ਸਾਬਿਤ ਤੌਰ ’ਤੇ ਸਿੱਧ ਨਹੀਂ ਹੋਇਆ ਪਰ ਇਹ ਰੁਝਾਨ ਮੌਜੂਦ ਹੈ। ਬਦਲਦੇ ਦੌਰ ਵਿਚ ਕਈ ਲੋਕ ਆਪਣੇ ਨਾਂ ਨੂੰ ਰੂਹਾਨੀ, ਲਿੰਗ ਆਧਾਰਤ ਜਾਂ ਨਵੀਂ ਪਛਾਣ ਬਣਾਉਣ ਲਈ ਬਦਲ ਵੀ ਲੈਂਦੇ ਹਨ। ਨਾਂ ਬਦਲਣਾ ਇਕ ਮਨੋਵਿਗਿਆਨਕ ਨਵੀਨਤਾ ਜਾਂ ਨਵਾਂ ਜਨਮ ਸਮਝਿਆ ਜਾਂਦਾ ਹੈ। ਕਈ ਵਿਅਕਤੀਆਂ ਦੇ ਨਾਂ ਉਨ੍ਹਾਂ ਦੇ ਵਿਅਕਤਿੱਤਵ ਨੂੰ ਪ੍ਰਭਾਵਿਤ ਕਰਦੇ ਹਨ।
ਉਦਾਹਰਨ ਵਜੋਂ ਜੇਕਰ ਕਿਸੇ ਵਿਅਕਤੀ ਦਾ ਨਾਂ “ਅਮਨ” ਹੈ ਤਾਂ ਅਕਸਰ ਉਹ ਸ਼ਾਂਤ ਸੁਭਾਅ ਵਾਲਾ ਬਣਦਾ ਹੈ। ਇਹ ਸਿੱਧਾ ਪ੍ਰਭਾਵ ਤਾਂ ਨਹੀਂ ਪਰ ਮਨੋਵਿਗਿਆਨਕ ਰੂਪ ਵਿਚ ਨਾਂ ਦਾ ਅਰਥ, ਸਮਾਜਿਕ ਉਮੀਦਾਂ ਅਤੇ ਲੋੜਾਂ ਵਿਅਕਤਿੱਤਵ ’ਤੇ ਅਸਰ ਪਾਉਂਦੀਆਂ ਜ਼ਰੂਰ ਹਨ। ਵਿਰਾਸਤੀ ਤੇ ਪਰੰਪਰਾਗਤ ਰਵਾਇਤ ਇਹ ਵੀ ਹੈ ਕਿ ਬਹੁਤ ਸਾਰੇ ਨਾਂ ਪਰਿਵਾਰਕ ਵਿਰਾਸਤ ਨੂੰ ਦਰਸਾਉਂਦੇ ਹਨ।
ਪੰਜਾਬੀ ਸਮਾਜ ਵਿਚ ਕਈ ਵਾਰ ਬੱਚਿਆਂ ਦੇ ਨਾਂ ਨੂੰ ਦਾਦਾ/ਨਾਨਾ ਦੇ ਨਾਂ ਉੱਤੇ ਰੱਖਿਆ ਜਾਂਦਾ ਹੈ। ਬਹੁਤ ਸਾਰੇ ਨਾਂ ਕਿਸੇ ਨੈਤਿਕ ਗੁਣ ਨੂੰ ਧਿਆਨ ਵਿਚ ਰੱਖ ਕੇ ਵੀ ਰੱਖੇ ਜਾਂਦੇ ਹਨ ਜਿਵੇ ਕਿ ਹਰਭਜਨ = ਪਰਮਾਤਮਾ ਦੀ ਭਗਤੀ ਕਰਨ ਵਾਲਾ ਅਤੇ ਅਮਨਦੀਪ= ਸ਼ਾਂਤੀ ਦਾ ਚਾਨਣ। ਨਵੀਂ ਪੀੜ੍ਹੀ ਦੇ ਰੁਝਾਨ ਨਾਂਵਾਂ ਪ੍ਰਤੀ ਬਦਲ ਚੁੱਕੇ ਹਨ। ਆਧੁਨਿਕ ਯੁੱਗ ਵਿਚ ਨਾਂ ਰੱਖਣ ਦੇ ਢੰਗ-ਤਰੀਕੇ ਵੀ ਬਦਲ ਗਏ ਹਨ–ਕਈ ਨਾਂ ਅੰਗਰੇਜ਼ੀ ਜਾਂ ਵਿਦੇਸ਼ੀ ਪ੍ਰਭਾਵ ਵਾਲੇ ਹੁੰਦੇ ਹਨ। ਕੁਝ ਨਾਂ ਬਿਲਕੁਲ ਨਵੇਂ ਤੇ ਵਿਲੱਖਣ ਬਣਾਏ ਜਾਂਦੇ ਹਨ ਜਿਵੇ ਕਿ ਤਵੀਸ਼, ਯਵਨੀਕ ਅਭੀਰ, ਅਵਾਨੀ ਆਦਿ।
ਪੁਰਾਤਨ ਸਮਿਆਂ ਤੋ ਹੀ ਨਾਂ ਵਿਚ ਵੀ ਪਰਿਵਾਰ ਦੀ ਆਰਥਿਕ ਦਸ਼ਾ ਝਲਕਦੀ ਹੈ। ਪਰਿਵਾਰ ਦਾ ਆਰਥਿਕ ਪਿਛੋਕੜ ਅਕਸਰ ਇਹ ਨਿਰਧਾਰਤ ਕਰਦਾ ਹੈ ਕਿ ਉਹ ਕਿਹੜੇ ਤਰੀਕੇ, ਰਵਾਇਤਾਂ ਜਾਂ ਰੁਝਾਨਾਂ ਨੂੰ ਅਪਣਾਉਂਦੇ ਹਨ। ਆਰਥਿਕ ਦ੍ਰਿਸ਼ਟੀ ਨਾਲ ਕਮਜ਼ੋਰ ਪਰਿਵਾਰ ਕਈ ਵਾਰ ਧਾਰਮਿਕ ਗ੍ਰੰਥਾਂ ਜਾਂ ਪੰਡਿਤ/ਗ੍ਰੰਥੀ ਜੀ ਦੀ ਸਲਾਹ ਅਨੁਸਾਰ ਨਾਂ ਰੱਖਦੇ ਹਨ। ਉੱਚ ਆਮਦਨ ਵਾਲੇ ਪਰਿਵਾਰ ਮਹਿੰਗੀਆਂ ਰਸਮਾਂ ਜਾਂ ਵਿਸ਼ੇਸ਼ ਵਿਅਕਤੀਆਂ ਤੋਂ ਨਾਮ ਰਖਵਾਉਣ ਦਾ ਰੁਝਾਨ ਰੱਖਦੇ ਹਨ।
ਆਮ ਤੌਰ ’ਤੇ ਮੱਧ ਵਰਗ ਅਜਿਹੇ ਨਾਂ ਰੱਖਦੇ ਹਨ ਜੋ ਸੈਲੀਬ੍ਰਿਟੀ ਜਾਂ ਮੀਡੀਆ ਰਾਹੀਂ ਪ੍ਰਚਲਿਤ ਹੋ ਜਾਣ ਜਿਵੇਂ ਕਿਸੇ ਫਿਲਮ ਅਭਿਨੇਤਾ ਦੇ ਨਾਂ ’ਤੇ। ਉੱਚ ਆਰਥਿਕ ਵਰਗ ਦੇ ਪਰਿਵਾਰ ਆਪਣੇ ਬੱਚਿਆਂ ਦੇ ਨਾਂ ਵਿਲੱਖਣ ਜਾਂ ਵਿਦੇਸ਼ੀ ਪ੍ਰਭਾਵ ਦੇਣ ਵਾਲੇ ਨਾਂਵਾਂ ਦੀ ਚੋਣ ਕਰਦੇ ਹਨ।
ਕਈ ਵਾਰ ਇਹ ਰੁਚੀ ਅਹੰਕਾਰਕ ਤੌਰ ’ਤੇ ਵੀ ਅਸਰਅੰਦਾਜ਼ ਹੁੰਦੀ ਹੈ। ਗਹੁ ਨਾਲ ਵੇਖੀਏ ਤਾਂ ਨਾਂ ਦੀ ਲੰਬਾਈ ਸਿਰਫ਼ ਇਕ ਲਿਪੀ ਜਾ ਸ਼ਬਦਾਂ ਦਾ ਸਵਾਲ ਨਹੀਂ, ਬਲਕਿ ਆਰਥਿਕ, ਸੰਸਕ੍ਰਿਤਕ ਅਤੇ ਮਨੋਵਿਗਿਆਨਕ ਹਾਲਾਤ ਦੀ ਝਲਕ ਹੁੰਦੀ ਹੈ। ਪੁਰਾਤਨ ਸਮਿਆਂ ਵਿਚ ਛੋਟੀ ਪਰਿਵਾਰਕ ਆਰਥਿਕਤਾ ਵਿਚ ਛੋਟੇ ਅਤੇ ਦੋ ਅੱਖਰਾਂ ਵਾਲੇ ਨਾਂ ਵਧੇਰੇ ਸਨ ਜਿਵੇਂ ਮੱਸਾ ਸਿੰਘ, ਬੁੱਧ ਰਾਮ, ਬੂਟਾ ਰਾਮ, ਗੰਗਾ ਰਾਮ, ਨੱਥਾ ਸਿੰਘ।
ਫਿਰ ਥੋੜ੍ਹੇ ਜਿਹੇ ਵਕਫ਼ੇ ਬਾਅਦ ਆਰਥਿਕ ਹੁਲਾਰੇ ਅਤੇ ਸਮੇਂ ਦੀ ਤਬਦੀਲੀ ਨਾਲ ਇਹ ਨਾਂ ਤਿੰਨ ਅੱਖਰੀ ਹੋ ਗਏ ਜਿਵੇਂ ਕਿ ਵਧਾਵਾ ਸਿੰਘ, ਮੱਘਰ ਸਿੰਘ, ਰਮੇਸ਼ ਆਦਿ ਪਰ ਬਹੁਤ ਸਾਰੇ ਤਿੰਨ ਅੱਖਰਾਂ ਦੇ ਨਾਂਵਾਂ ਵਿਚ ਵੀ ਪੱਛੜਾਪਣ ਝਲਕਦਾ ਰਿਹਾ ਅਤੇ ਉਹ ਰੁਲਦਾ ਰਾਮ, ਘਸੀਟਾ, ਗਰੀਬ ਦਾਸ ਵਰਗੇ ਨਾਂ ਚੱਲਦੇ ਰਹੇ। ਤਵਾਰੀਖ਼ ਫਰੋਲ ਕੇ ਵੇਖ ਲਓ ਐਨ ਉਸ ਸਮੇਂ ਹੀ ਵਡੇਰਿਆਂ, ਜਗੀਰਦਾਰਾਂ, ਰਜਵਾੜਿਆਂ ਨੇ ਰਾਜਵੰਸ਼ ਦੀ ਮਹਾਨਤਾ ਦਰਸਾਉਣ ਤੇ ਸ਼ਾਹੂਕਾਰਾਂ ਨੇ ਅਮੀਰੀ ਦਾ ਪ੍ਰਗਟਾਵਾ ਕਰਨ ਲਈ ਨਾਂਵਾਂ ਵਿਚ ਜ਼ਮੀਨ-ਅਸਮਾਨ ਦਾ ਪਾੜਾ ਨਜ਼ਰ ਆਵੇਗਾ ਜਿਨ੍ਹਾਂ ਵਿਚ ਇਉਂ ਪ੍ਰਤੀਤ ਹੁੰਦਾ ਹੈ ਕਿ ਦੋ-ਤਿੰਨ ਜਾਂ ਚਾਰ ਨਾਂਵਾਂ ਦਾ ਸ਼ੁਮਾਰ ਹੋਵੇ।
ਮਹਿੰਦਰ ਪ੍ਰਤਾਪ ਸਿੰਘ, ਰਾਣਾ ਰਜਵਾੜਿਆਂ ਦੇ ਲੰਬੇ ਨਾਂ ਸ੍ਰੀ 108 ਰਾਜਾ ਸਰਦਾਰ ਸਿੰਘ ਜੀ ਬਹਾਦੁਰ, ਰਾਜਾ ਆਫ ਹਿਸਾਰ, “ਹਿਜ਼ ਹਾਈਨੈਸ ਮਹਾਰਾਜਾ ਭੁਪਿੰਦਰ ਸਿੰਘ ਜੀ ਬਹਾਦੁਰ, ਮਹਾਰਾਜਾ ਆਫ ਪਟਿਆਲਾ, ਸ਼੍ਰੀ ਮਹਾਰਾਣਾ ਪ੍ਰਤਾਪ ਸਿੰਘ ਸਿਸੋਦੀਆ, ਰਾਣਾ ਆਫ ਮੇਵਾੜ, ਜਗੀਰਦਾਰਾਂ ਦੇ ਨਾਂ ਆਮ ਤੌਰ ’ਤੇ ਰਜਵਾੜਿਆਂ (ਮਹਾਰਾਜਿਆਂ, ਮਹਾਰਾਣਿਆਂ) ਨਾਲੋਂ ਥੋੜ੍ਹੇ ਛੋਟੇ ਹੁੰਦੇ ਸਨ ਪਰ ਉਹ ਵੀ ਪਦਵੀ, ਖ਼ਾਨਦਾਨ, ਧਾਰਮਿਕ ਉਪਾਧੀਆਂ ਤੇ ਜਾਇਦਾਦ/ਇਲਾਕੇ ਦੇ ਨਾਂ ਨਾਲ ਮਿਲ ਕੇ ਕਾਫ਼ੀ ਲੰਬੇ ਹੋ ਜਾਂਦੇ ਸਨ।
ਮਿਸਾਲ ਦੇ ਤੌਰ ’ਤੇ ਚੌਧਰੀ ਮਹਿੰਦਰ ਸਿੰਘ ਸਿੱਧੂ, ਜਗੀਰਦਾਰ ਆਫ ਕੋਟਲਾ, ਨਵਾਬ ਫਤਿਹ ਅਲੀ ਖ਼ਾਨ ਪਠਾਣ, ਜਗੀਰਦਾਰ ਆਫ ਧੋਲਪੁਰ, ਸਰ ਰਾਇ ਬਹਾਦੁਰ ਲਾਲਾ ਗੋਵਿੰਦ ਦਾਸ ਜੀ, ਜਗੀਰਦਾਰ ਆਫ ਬਰੇਲੀ ਵਗੈਰਾ-ਵਗੈਰਾ। ਕਈ ਛੋਟੇ ਨਾਂਵਾਂ ਵਾਲੇ ਲੋਕਾਂ ਨੇ ਵੱਡੇ ਕੰਮ ਕਰ ਕੇ ਆਪਣੇ ਛੋਟੇ ਨਾਂਵਾਂ ਨੂੰ ਵੱਡਿਆਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਗੰਗਾ ਰਾਮ ਦਾ ਨਾਂ ਆਪਾਂ ਸਾਰੇ ਜਾਣਦੇ ਹੈ ਜਿਨ੍ਹਾਂ ਨੂੰ ਮਗਰੋਂ ਸਰ ਗੰਗਾ ਰਾਮ ਦੇ ਨਾਂ ਨਾਲ ਜਾਣਿਆ ਗਿਆ ਸੀ।
ਸਰ ਗੰਗਾ ਰਾਮ ਇਕ ਛੋਟੇ ਜਿਹੇ ਨਾਂ ਵਾਲੇ ਸਨ ਪਰ ਵੱਡੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਇਹ ਸਾਬਿਤ ਕੀਤਾ ਕਿ ਨਾਂ ਛੋਟਾ ਹੋ ਸਕਦਾ ਹੈ ਪਰ ਮਨੁੱਖੀ ਕਰਤੱਵ ਮਹਾਨ ਹੋਣੇ ਚਾਹੀਦੇ ਹਨ। ਸਰ ਗੰਗਾ ਰਾਮ ਸਾਨੂੰ ਸਿਖਾਉਂਦੇ ਹਨ ਕਿ ਨਾਮ ਦਾ ਨਹੀਂ, ਕੰਮ ਦਾ ਵੱਡਾ ਹੋਣਾ ਜ਼ਰੂਰੀ ਹੈ।
ਯੂਨੀਅਨਿਸਟ ਪਾਰਟੀ ਦੇ ਸਰ ਛੋਟੂ ਰਾਮ ਦਾ ਨਾਂ ਵੀ ਤੁਹਾਨੂੰ ਯਾਦ ਹੋਵੇਗਾ ਜਿਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ ਤੇ ਪੱਛੜੇ ਵਰਗਾਂ ਲਈ ਆਵਾਜ਼ ਉਠਾਈ। ਉਨ੍ਹਾਂ ਦੀ ਕੋਸ਼ਿਸ਼ ਨਾਲ ਕਰਜ਼ਾ ਮਾਫ਼ੀ ਕਾਨੂੰਨ, ਮਹਿੰਗੇ ਸੂਦ ਖ਼ਿਲਾਫ਼ ਕਾਨੂੰਨ ਅਤੇ ਕਿਸਾਨਾਂ ਲਈ ਰੱਖਿਆ ਕਾਨੂੰਨ ਬਣੇ। ਉਨ੍ਹਾਂ ਨੇ ਕੀਤੇ ਵੱਡੇ ਕੰਮਾਂ ਨਾਲ ਆਪਣੀ ਵੱਡੀ ਪਛਾਣ ਬਣਾਈ। ਸਿੱਖ ਇਤਿਹਾਸ ’ਚ ਬਾਬਾ ਬੁੱਢਾ ਜੀ ਤੇ ਬਾਬਾ ਦੀਪ ਸਿੰਘ ਦੇ ਨਾਂ ਭਾਵੇਂ ਛੋਟੇ ਹੀ ਸਨ ਪਰ ਆਪਣੀਆਂ ਵੱਡੀਆਂ ਕਾਰਗੁਜ਼ਾਰੀਆਂ ਨਾਲ ਸਿੱਖ ਧਰਮ ਤੇ ਸਮਾਜ ’ਚ ਵੱਡਾ ਨਾਂ ਕਮਾਇਆ। ਏਸੇ ਕਰਕੇ ਆਖਦੇ ਹਨ ਕਿ ਨਾਂ ’ਚ ਕੀ ਰੱਖਿਆ ਹੈ।
-ਹਰਜੀਤ ਸਿੰਘ ਗਿੱਲ
-ਸੰਪਰਕ : 647 542 0007 (ਕੈਨੇਡਾ), 9888945127 (ਭਾਰਤ)।