ਪੁਲਿਸ ਨੇ ਚਾਰ ਸ਼ੱਕੀ ਵਿਅਕਤੀਆਂ ਵਿੱਚੋਂ ਦੋ ਨੂੰ ਛੱਡ ਦਿੱਤਾ ਅਤੇ ਦੋ ਜਿਨ੍ਹਾਂ ਵਿਚ ਸੁਖਪ੍ਰੀਤ ਸਿੰਘ (23), ਉਸ ਦੀ ਪਤਨੀ ਰਮਨਦੀਪ ਕੌਰ (26) ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਦੋਵੇਂ ਪੀੜਤ ਲੜਕੀ ਦੇ ਅਤੀ ਨਜ਼ਦੀਕੀ ਰਿਸ਼ਤੇਦਾਰ ਹਨ। ਇਨ੍ਹਾਂ ’ਤੇ ਬੱਚੇ ਦੀ ਲਾਸ਼ ਨੂੰ ਛੁਪਾਉਣ, ਪੁਲਿਸ ਜਾਂਚ ਵਿਚ ਰੋਕ ਪਾਉਣ ਅਤੇ ਲਾਸ਼ ਨਾਲ ਖਿਲਵਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨ੍ਹਾਂ ਨੂੰ ਹੈਲੀਫੈਕਸ ਪ੍ਰੋਵੈਂਸ਼ੀਅਲ ਕੋਰਟ ਵਿਚ ਪੇਸ਼ ਕਰ ਕੇ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ ਹੈ।

ਕੈਨੇਡਾ ’ਚ ਵਾਪਰੀਆਂ ਦੋ ਅਪਰਾਧਕ ਘਟਨਾਵਾਂ ਨੇ ਦੇਸ਼-ਵਿਦੇਸ਼ ਵਿਚ ਵਸਦੇ ਸਮੂਹ ਸਿੱਖ ਭਾਈਚਾਰੇ ਦੇ ਹਿਰਦੇ ਬੁਰੀ ਤਰ੍ਹਾਂ ਛਲਣੀ-ਛਲਣੀ ਕਰ ਕੇ ਰੱਖ ਦਿੱਤੇ ਹਨ। ਦੂਸਰੇ ਭਾਈਚਾਰਿਆਂ ਦੇ ਲੋਕ ਹੈਰਾਨ ਹਨ ਕਿ ਕੀ ਸਿੱਖ ਅਜਿਹੇ ਅਣ-ਮਨੁੱਖੀ ਅਤੇ ਅਪਰਾਧਕ ਕਿਰਦਾਰ ਵਾਲੇ ਵੀ ਹੋ ਸਕਦੇ ਹਨ?
ਪਹਿਲੀ ਅਣ-ਮਨੁੱਖੀ ਅਤੇ ਅਤੀ ਸੰਵੇਦਨਸ਼ੀਲ ਘਟਨਾ 22 ਮਈ ਦੀ ਹੈ ਜਦੋਂ ਇਕ ਸਿੱਖ ਨੌਜਵਾਨ 23 ਸਾਲਾ ਲੜਕੀ ਨੂੰ ਬੁਰੀ ਤਰ੍ਹਾਂ ਮਸ਼ਕੂਕ ਬਿਮਾਰੀ ਦੀ ਹਾਲਤ ਵਿਚ ਪੁਲਿਸ ਹੈਲੀਫੈਕਸ (ਨੋਵਾ ਸਕੋਸ਼ੀਆ) ਵਿਖੇ ਕਲੇਟਨ ਪਾਰਕ ਅਰਬਨ ਨੇੜੇ ਵਿਲੈਟ ਸਟਰੀਟ ਅਪਾਰਟਮੈਂਟ ਵਿੱਚੋਂ ਹਸਪਤਾਲ ਲੈ ਕੇ ਜਾਂਦਾ ਹੈ। ਜਾਂਚ ਤੋਂ ਪਤਾ ਚੱਲਦਾ ਹੈ ਕਿ ਉਸ ਵੱਲੋਂ ਇਕ ਬੱਚੇ ਨੂੰ ਜਨਮ ਦਿੰਦੇ ਸਮੇਂ ਉਸ ਦੀ ਅਜਿਹੀ ਦੁਰਦਸ਼ਾ ਹੋਈ ਹੈ ਪਰ ਘਟਨਾ ਸਥਾਨ ਤੋਂ ਨਵ-ਜੰਮਿਆ ਬੱਚਾ ਪ੍ਰਾਪਤ ਨਹੀਂ ਹੁੰਦਾ। ਪੁਲਿਸ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਂਦੀ ਹੈ। ਬੱਚੇ ਦੀ ਤਲਾਸ਼ ਵਿਚ 60 ਥਾਵਾਂ ’ਤੇ ਪੁਲਿਸ ਅਤੇ ਵਲੰਟੀਅਰਾਂ ਨੇ ਵੀਕਐਂਡ ਸਮੇਂ ਕਲੇਟਨ ਪਾਰਕ ਏਰੀਆ ਖੰਘਾਲ ਮਾਰਿਆ। ਇਸੇ ਦੌਰਾਨ ਕਾਂਸਟੇਬਲ ਮਾਰਟਿਨ ਕਰਾਮਵਿਲ ਅਨੁਸਾਰ ਇਕ ਹੋਰ ਲੋਕੇਸ਼ਨ ਦਾ ਪਤਾ ਚੱਲਦਾ ਹੈ। ਇਹ ਥਾਂ ਵਿਲੈਟ ਸਟਰੀਟ ਤੋਂ ਜੰਗਲੀ ਖੇਤਰ ਵੱਲ ਜਾਂਦੀ ਕੋਚ ਰੋਡ ’ਤੇ 10 ਕਿੱਲੋਮੀਟਰ ਦੂਰੀ ’ਤੇ ਹੁੰਦੀ ਹੈ। ਪੂਰੀ ਪੁਲਿਸ ਨਫਰੀ ਅਤੇ ਵਲੰਟੀਅਰ ਉਸ ਸਥਾਨ ਨੂੰ ਖੰਘਾਲਣਾ ਸ਼ੁਰੂ ਕਰਦੇ ਹਨ। ਉੱਥੋਂ ਜੰਗਲ ਵਿੱਚੋਂ ਦੋ ਦਿਨ ਪਹਿਲਾਂ ਜੰਮੇ ਬੱਚੇ ਦੀ ਲਾਸ਼ ਬਰਾਮਦ ਹੁੰਦੀ ਹੈ। ਕਾਂਸਟੇਬਲ ਕਰਾਮਵਿਲ ਦਾ ਕਹਿਣਾ ਹੈ ਕਿ ਉਹ ਪੁਲਿਸ ਵਿਭਾਗ ਵਿਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਸ ਨੇ ਐਸਾ ਸੰਗੀਨ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ ਇਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ। ਨਿਸ਼ਚੇ ਹੀ ਇਹ ਅਸਹਿਣਯੋਗ ਦੁਖਦਾਈ ਘਟਨਾ ਹੈ।
ਪੁਲਿਸ ਨੇ ਚਾਰ ਸ਼ੱਕੀ ਵਿਅਕਤੀਆਂ ਵਿੱਚੋਂ ਦੋ ਨੂੰ ਛੱਡ ਦਿੱਤਾ ਅਤੇ ਦੋ ਜਿਨ੍ਹਾਂ ਵਿਚ ਸੁਖਪ੍ਰੀਤ ਸਿੰਘ (23), ਉਸ ਦੀ ਪਤਨੀ ਰਮਨਦੀਪ ਕੌਰ (26) ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਦੋਵੇਂ ਪੀੜਤ ਲੜਕੀ ਦੇ ਅਤੀ ਨਜ਼ਦੀਕੀ ਰਿਸ਼ਤੇਦਾਰ ਹਨ। ਇਨ੍ਹਾਂ ’ਤੇ ਬੱਚੇ ਦੀ ਲਾਸ਼ ਨੂੰ ਛੁਪਾਉਣ, ਪੁਲਿਸ ਜਾਂਚ ਵਿਚ ਰੋਕ ਪਾਉਣ ਅਤੇ ਲਾਸ਼ ਨਾਲ ਖਿਲਵਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਨ੍ਹਾਂ ਨੂੰ ਹੈਲੀਫੈਕਸ ਪ੍ਰੋਵੈਂਸ਼ੀਅਲ ਕੋਰਟ ਵਿਚ ਪੇਸ਼ ਕਰ ਕੇ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ ਹੈ।
ਦੂਸਰੀ ਘਟਨਾ ਵਿਚ 17 ਪੰਜਾਬੀ ਅਤੇ ਖ਼ਾਸ ਕਰਕੇ ਸਿੱਖ ਨੌਜਵਾਨ ਓਂਟਾਰੀਓ ਪ੍ਰੋਵੈਂਸ਼ੀਅਲ ਪੁਲਿਸ ਵੱਲੋਂ ਸਰੀ (ਬ੍ਰਿਟਿਸ਼ ਕੋਲੰਬੀਆ) ਦੇ ਆਰਸੀਐੱਮਪੀ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਅਮਰੀਕਨ ਐੱਫਬੀਆਈ ਅਤੇ ਫਿਨਟਰੈਕ ਏਜੰਸੀਆਂ ਨਾਲ ਮਿਲ ਕੇ ਜਬਰੀ ਵਸੂਲੀ, ਅੱਗਜ਼ਨੀ, ਗੋਲ਼ੀਕਾਂਡ, ਹਿੰਸਾ ਅਤੇ ਧਮਕੀਆਂ ਦੇ ਦੋਸ਼ਾਂ ਹੇਠ ਫੜੇ ਹਨ। ਇਨ੍ਹਾਂ ਦੀ ਭਾਲ ਅਤੇ ਛਾਣਬੀਣ ਇਹ ਏਜੰਸੀਆਂ ਮਿਲ ਕੇ ਸੰਨ 2025 ਤੋਂ ਕਰਨ ਲੱਗੀਆਂ ਹੋਈਆਂ ਸਨ। ਫੜੇ ਗਏ ਕਥਿਤ ਦੋਸ਼ੀਆਂ ਵਿਚ ਬਰੈਂਪਟਨ (ਓਂਟਾਰੀਓ) ਨਾਲ ਸਬੰਧਤ ਇਕਬਾਲ ਸਿੰਘ ਬਾਗੜੀਆਂ (25), ਦਿਲਾਵਰ ਪ੍ਰੀਤ ਸਿੰਘ (20), ਪ੍ਰਭਦੀਪ ਸਿੰਘ ਸੋਹਲ (22), ਅਜੇ ਦੀਪ ਸਿੰਘ (29), ਪ੍ਰਤਾਪ ਵੀਰ ਸਿੰਘ ਘੁੰਮਣ (22), ਨਵਰੂਪ ਸਿੰਘ (24), ਮਹਿੰਦਰ ਸਿੰਘ (30), ਮਨਦੀਪ ਸਿੰਘ (21), ਅੰਮ੍ਰਿਤਜੋਤ ਸਿੰਘ (22), ਜਸ਼ਨਪ੍ਰੀਤ ਸਿੰਘ (22), ਗੋਨੀਤ (27), ਸੁਖਵਿੰਦਰ ਸਿੰਘ (32), ਬੈਰੀ ਤੋਂ ਰਾਜਨ ਸਿੰਘ (28), ਸਰੀ( ਬ੍ਰਿਟਿਸ਼ ਕੋਲੰਬੀਆ) ਤੋਂ ਜਸ਼ਨਬੀਰ ਸਿੰਘ (21) ਅਤੇ ਰਵਿੰਦਰ ਸਿੰਘ (25), ਨੌਰਵੈੱਲ ਤੋਂ ਆਕਾਸ਼ਦੀਪ ਸਿੰਘ (24), ਗੌਤਮ 22, ਮਨਟੇਕਾ (ਕੈਲੀਫੋਰਨੀਆ) ਸ਼ਾਮਲ ਸਨ। ਇਨ੍ਹਾਂ ਨੇ ਟੋਰਾਂਟੋ ਦੇ ਪੀਲ ਇਲਾਕੇ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਹੋਰ ਸ਼ਹਿਰਾਂ, ਅਮਰੀਕਾ ਅਤੇ ਭਾਰਤ ਤੱਕ ਆਪਣਾ ਜਾਲ਼ ਵਿਛਾਇਆ ਹੋਇਆ ਸੀ। ਪੁਲਿਸ ਨੇ ਇਨ੍ਹਾਂ ਤੋਂ ਗ਼ੈਰ-ਕਾਨੂੰਨੀ ਹਥਿਆਰ, ਨਸ਼ੀਲੇ ਪਦਾਰਥ, ਜਾਅਲੀ ਪਛਾਣ ਪੱਤਰ ਅਤੇ ਹੋਰ ਸ਼ੱਕੀ ਕਾਗਜ਼-ਪੱਤਰ ਪ੍ਰਾਪਤ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਬਹੁਤ ਸਾਰੇ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਪੁਲਿਸ ਏਜੰਸੀਆਂ ਦੀ ਸਾਂਝੀ ਮੁਹਿੰਮ ਜਾਰੀ ਹੈ। ਇਹ ਅੰਤਰਰਾਸ਼ਟਰੀ ਗੈਂਗ ‘ਫਾਰ ਬ੍ਰਦਰਜ਼’ ਨਾਲ ਸਬੰਧਤ ਹੈ ਜੋ ਵੱਖ-ਵੱਖ ਦੇਸ਼ਾਂ ਵਿਚ ਵੱਡੇ ਪੱਧਰ ’ਤੇ ਅਪਰਾਧਕ ਘਟਨਾਵਾਂ ਵਿਚ ਸ਼ਾਮਲ ਹੈ।
ਇਸ ਗੈਂਗ ਦੇ ਟਾਰਗੈਟ ਸਾਊਥ ਏਸ਼ੀਅਨ ਹੋਟਲ, ਰੈਸਟੋਰੈਂਟ ਤੇ ਟਰੱਕਿੰਗ ਕਾਰੋਬਾਰੀ ਹਨ ਜਿਨ੍ਹਾਂ ਤੋਂ ਜਬਰੀ ਵਸੂਲੀ ਕਰਦੇ ਹਨ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧਕ ਕਾਰਜਾਂ ਲਈ ਵੀ ਬਦਨਾਮ ਹਨ। ਇਹ ਜਬਰੀ ਵਸੂਲੀ ਕਰਦੇ ਹਨ ਅਤੇ ਜੋ ਕਾਰੋਬਾਰੀ ਨਹੀਂ ਮੰਨਦੇ, ਉਨ੍ਹਾਂ ਨੂੰ ਹਿੰਸਾ, ਧਮਕੀਆਂ, ਗੋਲ਼ੀਬਾਰੀ ਅਤੇ ਅੱਗਜ਼ਨੀ ਦਾ ਸ਼ਿਕਾਰ ਬਣਾਉਂਦੇ ਹਨ। ਇਨ੍ਹਾਂ ’ਤੇ ਕਰੀਬ 106 ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 11 ਜਬਰੀ ਵਸੂਲੀ, 75 ਗ਼ੈਰ-ਕਾਨੂੰਨੀ ਹਥਿਆਰ ਰੱਖਣਾ, 24 ਵਿੱਚੋਂ 16 ਸੰਗੀਨ ਹਿੰਸਕ ਘਟਨਾਵਾਂ ਵਿਚ ਸ਼ਾਮਲ ਹੋਣਾ ਦਰਜ ਕੀਤੇ ਗਏ ਹਨ।
ਕੈਨੇਡਾ ਪੁਲਿਸ ਨੇ ਹੁਣ ਤੱਕ 496 ਜਬਰੀ ਵਸੂਲੀ ਦੇ ਕੇਸ ਦਰਜ ਕੀਤੇ ਹਨ ਜਿਨ੍ਹਾਂ ਵਿੱਚੋਂ 180 ਟੋਰਾਂਟੋ ਏਰੀਏ ਨਾਲ ਸਬੰਧਤ ਹਨ। ਹੁਣ ਇਨ੍ਹਾਂ ਲੋਕਾਂ ਨੂੰ ਪਿਤਰੀ ਦੇਸ਼ਾਂ ਵਿਚ ਡਿਪੋਰਟ ਕਰਨ ਦੀ ਨੀਤੀ ਅਪਣਾਈ ਗਈ ਹੈ। ਹੁਣ ਤੱਕ ਦੀ ਰਿਪੋਰਟ ਅਨੁਸਾਰ 118 ਦੋਸ਼ੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਤੇ ਇਨ੍ਹਾਂ ਵਿੱਚੋਂ 55 ਡਿਪੋਰਟ ਕਰ ਦਿੱਤੇ ਗਏ ਹਨ। ਅਜੋਕੇ ਪਕੜੇ ਗਏ 17 ਗੈਂਗਸਟਰਾਂ ਵਿਰੁੱਧ ਵੀ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਕੇ ਉਨ੍ਹਾਂ ਵਿੱਚੋਂ ਤਿੰਨ ਡਿਪੋਰਟ ਕਰ ਦਿੱਤੇ ਗਏ ਹਨ। ਭਾਰਤੀ ਪੰਜਾਬ ਅੰਦਰ ਵੀ ਅਮਨ-ਕਾਨੂੰਨ ਦੀ ਸਥਿਤੀ ਬੇਕਾਬੂ ਨਜ਼ਰ ਆ ਰਹੀ ਹੈ।
ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ, ਫਿਰੌਤੀਆਂ, ਹਿੰਸਾ, ਲੁੱਟਾਂ-ਖੋਹਾਂ ਤੇ ਜਬਰੀ ਵਸੂਲੀ ਨਾਲ ਸਬੰਧਤ ਗੈਂਗਸਟਰਾਂ ਵਿਰੁੱਧ ਪੁਲਿਸ ਕਾਰਵਾਈ ਨੂੰ ਕਿਧਰੇ ਵੀ ਬੂਰ ਪੈਂਦਾ ਵਿਖਾਈ ਨਹੀਂ ਦਿੱਤਾ। ਇਨ੍ਹਾਂ ਵਿਚ ਸ਼ਾਮਲ ਸਿੱਖ ਨੌਜਵਾਨਾਂ ਕਰਕੇ ਸਿੱਖ ਭਾਈਚਾਰਾ ਬਦਨਾਮ ਹੋ ਰਿਹਾ ਹੈ। ਵੈਸੇ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਰਾਜਨੀਤਕ ਆਗੂ, ਉੱਚ ਅਫ਼ਸਰਸ਼ਾਹ ਅਤੇ ਦੇਸੀ-ਵਿਦੇਸ਼ੀ ਬਾਹੂਬਲੀ ਗੈਂਗਸਟਰ ਸ਼ਾਮਲ ਹਨ। ਪਿੱਛੇ ਜਿਹੇ ਚੌਕਸੀ ਵਿਭਾਗ ਦੇ ਮੁਖੀ ਦਾ ਰੀਡਰ ਭ੍ਰਿਸ਼ਟਾਚਾਰ ’ਚ ਸ਼ਾਮਲ ਪਾਇਆ ਗਿਆ।
ਦਰਅਸਲ, ਚੌਕਸੀ ਵਿਭਾਗ ਦੇ ਸਾਬਕਾ ਨਾਮਵਰ ਤੇ ਇਮਾਨਦਾਰ ਮੁਖੀ ਵਰਿੰਦਰ ਕੁਮਾਰ ਆਈਪੀਐੱਸ ਤੋਂ ਬਾਅਦ ਇਹ ਵਿਭਾਗ ਬਿਲਕੁਲ ਲਾਵਾਰਸ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਹਿੱਤਾਂ ਅਤੇ ਹੱਕਾਂ ਲਈ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਈ ਗੁੱਟਾਂ ਵਿਚ ਵੰਡੀ ਹੋਈ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੇ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦਾ ਬੁਰਾ ਹਾਲ ਮਨਪ੍ਰੀਤ ਸਿੰਘ ਇਆਲੀ ਨੇ ਕਰ ਦਿੱਤਾ। ਇਹ ਹੁਣ ਵਾਰਸ ਪੰਜਾਬ ਅਕਾਲੀ ਦਲ ਨੂੰ ‘ਵਾਇਰਸ ਪੰਜਾਬ ਅਕਾਲੀ ਦਲ’ ਬਣਾ ਕੇ ਬਦਨਾਮ ਕਰ ਕੇ ਛੱਡੇਗਾ। ਸਿੱਖਾਂ ਦੇ ਪੰਥਕ ਹਿੱਤਾਂ ਦੀ ਰਖਵਾਲੀ ਲਈ ਮਸ਼ਹੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਨ 2011 ਤੋਂ ਬਾਅਦ ਹਰ ਪੰਜ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਨਾ ਹੋਣ ਕਰ ਕੇ ਇਹ ਕਮੇਟੀ ਸਾਹ-ਸੱਤਹੀਣ ਹੋ ਚੁੱਕੀ ਹੈ।
ਇਸ ’ਤੇ ਕਾਬਜ਼ ਲੀਡਰਸ਼ਿਪ ਨੇ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ੀਮ ਹਸਤੀ ਨੂੰ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ ਹੈ। ਸੁਖਬੀਰ ਬਾਦਲ ਜੇ ਅੱਜ ਇਹ ਕਹਿੰਦਾ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਦਿੱਲੀ ਅਤੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਭਾਰਤੀ ਜਨਤਾ ਪਾਰਟੀ ਚਲਾ ਰਹੀ ਹੈ ਤਾਂ ਕੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਲੀਡਰਸ਼ਿਪ ਜ਼ਿੰਮੇਵਾਰ ਨਹੀਂ? ਸਿੱਖ ਪੰਥ ਅੱਜ ਪੂਰੇ ਵਿਸ਼ਵ ’ਚ ਫੈਲਿਆ ਹੋਇਆ ਹੈ।
ਇਸ ਦੀਆਂ ਅਜ਼ੀਮ ਪ੍ਰਾਪਤੀਆਂ ਤੋਂ ਸਭ ਜਾਣੂ ਹਨ। ਵੱਖ-ਵੱਖ ਦੇਸ਼ਾਂ ਵਿਚ ਸਿੱਖ ਉੱਚ ਅਹੁਦਿਆਂ ਉੱਤੇ ਤਾਇਨਾਤ ਹਨ। ਸਿੱਖਾਂ ਦੇ ਕਿਰਤੀ ਸੁਭਾਅ ਦੀ ਪੂਰਾ ਵਿਸ਼ਵ ਕਦਰ ਕਰਦਾ ਹੈ। ਸੇਵਾ, ਸਿਮਰਨ, ਲੋੜਵੰਦਾਂ ਦੀ ਸਹਾਇਤਾ ਅਤੇ ਮਹਾਮਾਰੀਆਂ ਸਮੇਂ ਮਾਨਵ ਸੇਵਾ ਲਈ ਮਹਾਨ ਭੂਮਿਕਾ ਨਿਬਾਉਣ ਕਾਰਨ ਇਨ੍ਹਾਂ ਨੇ ਇਸ ਧਰਤੀ ਦੇ ਹਰ ਕੋਨੇ ਵਿਚ ਨਾਮਣਾ ਖੱਟਿਆ ਹੈ ਪਰ ਪੰਜਾਬ ਅੰਦਰ ਸਿੱਖ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ ਹੈ। ਪ੍ਰੋ. ਪੂਰਨ ਸਿੰਘ ਦੇ ਬੋਲਾਂ ਅਨੁਸਾਰ ‘ਪੰਜਾਬ ਜੀਂਦਾ ਗੁਰਾਂ ਦੇ ਨਾਮ ਉੱਤੇ’ ਦੀ ਸੱਚਾਈ ਨੂੰ ਹਰ ਧਰਮ, ਵਰਗ ਤੇ ਜਾਤ ਦੇ ਲੋਕ ਮੰਨਦੇ ਹਨ।
ਸਿੱਖ ਪੰਥ ਦੀ ਹੋਂਦ, ਬੋਲਬਾਲੇ ਅਤੇ ਜਾਹੋ-ਜਲਾਲ ਨੂੰ ਕਾਇਮ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਅਨੁਸਾਰ ਸਭ ਨੂੰ ਹਉਮੈ ਤਿਆਗ ਕੇ ਤੇ ਸਭ ਸਿਆਸੀ ਚੁੱਲ੍ਹੇ ਸਮੇਟ ਕੇ ਇਕਜੁੱਟ ਹੋ ਜਾਣਾ ਚਾਹੀਦਾ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਆਪਣੀ ਨੌਜਵਾਨ ਪੀੜ੍ਹੀ ਨੂੰ ਸਿੱਖ ਸਿਧਾਂਤਾਂ ਅਨੁਸਾਰ ਸੰਭਾਲਣਾ ਜ਼ਰੂਰੀ ਹੈ। ਇਕ ਵੀ ਨੌਜਵਾਨ ਸਿੱਖੀ ਸਿਧਾਂਤਾਂ ਤੋਂ ਭਟਕਣਾ ਨਹੀਂ ਚਾਹੀਦਾ ਤੇ ਇਕ ਦੀ ਵੀ ਅਜਾਈਂ ਜਾਨ ਨਹੀਂ ਜਾਣੀ ਚਾਹੀਦੀ। ਸਿੱਖ ਅਤੇ ਸਿੱਖੀ ਦੇ ਉੱਚੇ-ਸੁੱਚੇ ਜਾਹੋ-ਜਲਾਲ ਭਰੇ ਕਿਰਦਾਰ ਨੂੰ ਮੁੜ ਸਜੀਵ ਕਰਨ ਦਾ ਬੀੜਾ ਚੁੱਕਣਾ ਚਾਹੀਦਾ ਹੈ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +12898292929