T20 World Cup 2026 Schedule: ਮੁੜ ਟਕਰਾਉਣਗੇ ਭਾਰਤ ਤੇ ਪਾਕਿਸਤਾਨ, ਅਗਲੇ ਸਾਲ ਇਸ ਤਰੀਕ ਨੂੰ ਹੋਵੇਗਾ ਮਹਾਂ ਮੁਕਾਬਲਾ
ਭਾਰਤ ਦਾ ਆਖਰੀ ਲੀਗ ਮੈਚ 18 ਫਰਵਰੀ ਨੂੰ ਮੁੰਬਈ ’ਚ ਨੀਦਰਲੈਂਡਸ ਦੇ ਖ਼ਿਲਾਫ਼ ਹੋਵੇਗਾ। ਟੀ-20 ਵਿਸ਼ਵ ਕੱਪ ਦੇ ਫਾਰਮੈੱਟ ’ਚ ਇਸ ਵਾਰ ਹਰ ਮੈਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜੇਕਰ ਭਾਰਤ ਸੁਪਰ-8 ਗੇੜ ਵਿਚ ਪ੍ਰਵੇਸ਼ ਕਰਦਾ ਹੈ, ਤਾਂ ਉਸ ਦੇ ਮੁਕਾਬਲੇ 22 ਫਰਵਰੀ ਨੂੰ ਅਹਿਮਦਾਬਾਦ, 26 ਫਰਵਰੀ ਨੂੰ ਚੇਨੱਈ ਤੇ 1 ਮਾਰਚ ਨੂੰ ਕੋਲਕਾਤਾ ’ਚ ਖੇਡੇ ਜਾਣਗੇ।
Publish Date: Fri, 21 Nov 2025 08:08 PM (IST)
Updated Date: Fri, 21 Nov 2025 08:09 PM (IST)
ਨਵੀਂ ਦਿੱਲੀ (ਜੇਐੱਨਐੱਨ) : ਮਹਿਲਾ ਇਕ ਦਿਨਾ ਵਿਸ਼ਵ ਕੱਪ ਤੋਂ ਬਾਅਦ ਹੁਣ ਕ੍ਰਿਕਟ ਪ੍ਰੇਮੀਆਂ ਦਾ ਧਿਆਨ ਅਗਲੇ ਸਾਲ ਹੋਣ ਵਾਲੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਵੱਲ ਕੇਂਦਰਿਤ ਹੋ ਗਿਆ ਹੈ। ਸੂਤਰਾਂ ਮੁਤਾਬਕ, ਭਾਰਤ ਤੇ ਸ੍ਰੀਲੰਕਾ ਦੀ ਸੰਯੁਕਤ ਮੇਜ਼ਬਾਨੀ ’ਚ ਫਰਵਰੀ 2026 ’ਚ ਸ਼ੁਰੂ ਹੋਣ ਵਾਲੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਲਈ ਆਈਸੀਸੀ ਨੇ ਸ਼ਡਿਊਲ ਬਾਰੇ ਫੈਸਲਾ ਕਰ ਲਿਆ ਹੈ। ਭਾਰਤ ਦੇ ਗਰੁੱਪ ’ਚ ਅਮਰੀਕਾ, ਪਾਕਿਸਤਾਨ, ਨਾਮੀਬੀਆ ਤੇ ਨੀਦਰਲੈਂਡਸ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਆਪਣੇ ਸਾਰੇ ਲੀਗ ਮੈਚ ਵੱਖ-ਵੱਖ ਸ਼ਹਿਰਾਂ ’ਚ ਖੇਡੇਗੀ, ਜਿਸ ਨਾਲ ਦਰਸ਼ਕਾਂ ’ਚ ਜੋਸ਼ ਤੇ ਉਤਸ਼ਾਹ ਸਿਖਰ ’ਤੇ ਰਹਿਣ ਦੀ ਉਮੀਦ ਹੈ।
ਭਾਰਤ ਆਪਣੀ ਮੁਹਿੰਮ ਅੱਠ ਫਰਵਰੀ ਨੂੰ ਅਹਿਮਦਾਬਾਦ ’ਚ ਅਮਰੀਕਾ ਦੇ ਖ਼ਿਲਾਫ਼ ਮੈਚ ਨਾਲ ਸ਼ੁਰੂ ਕਰੇਗਾ, ਜੋ ਕਿ ਇਸ ਵਿਸ਼ਵ ਕੱਪ ਦੇ ਸ਼ੁਰੂਆਤੀ ਆਕਰਸ਼ਣਾਂ ’ਚੋਂ ਇਕ ਹੋਵੇਗਾ।
ਇਸ ਤੋਂ ਬਾਅਦ 12 ਫਰਵਰੀ ਨੂੰ ਦਿੱਲੀ ’ਚ ਨਾਮੀਬੀਆ ਨਾਲ ਮੁਕਾਬਲਾ ਹੋਵੇਗਾ, ਜਿਸ ਨੂੰ ਭਾਰਤੀ ਟੀਮ ਗਰੁੱਪ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਮੌਕੇ ਵਜੋਂ ਦੇਖੇਗੀ। ਟੂਰਨਾਮੈਂਟ ਦਾ ਸਭ ਤੋਂ ਹਾਈ ਵੋਲਟੇਜ ਮੁਕਾਬਲਾ 15 ਫਰਵਰੀ ਨੂੰ ਕੋਲੰਬੋ ’ਚ ਪਾਕਿਸਤਾਨ ਖ਼ਿਲਾਫ਼ ਖੇਡਿਆ ਜਾਵੇਗਾ। ਭਾਰਤ-ਪਾਕਿਸਤਾਨ ਦਾ ਭੇੜ ਹਮੇਸ਼ਾ ਦੀ ਤਰ੍ਹਾਂ ਰੋਮਾਂਚ, ਦਬਾਅ ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀ ਉਤਸੁਕਤਾ ਨਾਲ ਭਰੀ ਹੋਵੇਗੀ।