ਸ਼ੁਭਮਨ ਗਿੱਲ ਨੂੰ ਟੀ-20 ਵਰਲਡ ਕੱਪ ਤੋਂ ਬਾਹਰ ਕਰਨ 'ਤੇ ਭੜਕੇ ਯੋਗਰਾਜ ਸਿੰਘ, ਚੀਫ਼ ਸਿਲੈਕਟਰ ਅਜੀਤ ਅਗਰਕਰ 'ਤੇ ਲਗਾਏ ਗੰਭੀਰ ਦੋਸ਼
ਸ਼ੁਭਮਨ ਗਿੱਲ ਦੱਖਣੀ ਅਫਰੀਕਾ ਸੀਰੀਜ਼ ਤੱਕ ਭਾਰਤੀ ਟੀ-20 ਟੀਮ ਦੇ ਕਪਤਾਨ ਸਨ ਪਰ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਲਈ ਉਨ੍ਹਾਂ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ। ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ
Publish Date: Sat, 03 Jan 2026 12:54 PM (IST)
Updated Date: Sat, 03 Jan 2026 01:00 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਆਲਰਾਊਂਡਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਆਪਣੇ ਬੇਬਾਕ ਬਿਆਨਾਂ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਦੇ ਨਿਸ਼ਾਨੇ 'ਤੇ ਚੀਫ਼ ਸਿਲੈਕਟਰ ਅਜੀਤ ਅਗਰਕਰ ਅਤੇ ਉਨ੍ਹਾਂ ਦੀ ਚੋਣ ਕਮੇਟੀ ਹੈ। ਯੋਗਰਾਜ ਨੇ ਟੀ-20 ਵਰਲਡ ਕੱਪ ਲਈ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਨਾ ਚੁਣੇ ਜਾਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਦੱਸ ਦੇਈਏ ਕਿ ਸ਼ੁਭਮਨ ਗਿੱਲ ਦੱਖਣੀ ਅਫਰੀਕਾ ਸੀਰੀਜ਼ ਤੱਕ ਭਾਰਤੀ ਟੀ-20 ਟੀਮ ਦੇ ਕਪਤਾਨ ਸਨ ਪਰ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਲਈ ਉਨ੍ਹਾਂ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ। ਉਨ੍ਹਾਂ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ ਹੈ ਅਤੇ ਈਸ਼ਾਨ ਕਿਸ਼ਾਨ ਦੀ ਟੀਮ ਵਿੱਚ ਵਾਪਸੀ ਹੋਈ ਹੈ।
ਗਿੱਲ ਨੂੰ ਕਿਉਂ ਹਟਾਇਆ? ਯੋਗਰਾਜ ਦਾ ਸਵਾਲ
ਇੱਕ ਯੂਟਿਊਬ ਚੈਨਲ ਨਾਲ ਗੱਲਬਾਤ ਕਰਦਿਆਂ ਯੋਗਰਾਜ ਸਿੰਘ ਨੇ ਸਵਾਲ ਚੁੱਕਿਆ ਕਿ ਜਦੋਂ ਗਿੱਲ ਉਪ-ਕਪਤਾਨ ਸਨ ਤਾਂ ਉਨ੍ਹਾਂ ਨੂੰ ਬਾਹਰ ਕਿਉਂ ਕੀਤਾ ਗਿਆ? ਯੋਗਰਾਜ ਨੇ ਕਿਹਾ,"ਗਿੱਲ ਉਪ-ਕਪਤਾਨ ਸੀ। ਉਸ ਨੂੰ ਬਾਹਰ ਕਰਨ ਪਿੱਛੇ ਕੀ ਕਾਰਨ ਸੀ? ਕੀ ਸਿਰਫ਼ ਇਸ ਲਈ ਕਿ ਉਹ ਚਾਰ-ਪੰਜ ਪਾਰੀਆਂ ਵਿੱਚ ਫੇਲ੍ਹ ਹੋ ਗਿਆ? ਕਈ ਭਾਰਤੀ ਕ੍ਰਿਕਟਰ ਅਜਿਹੇ ਹਨ ਜਿਨ੍ਹਾਂ ਨੂੰ 10-10 ਮੌਕੇ ਦਿੱਤੇ ਗਏ ਅਤੇ ਉਹ ਪ੍ਰਦਰਸ਼ਨ ਨਹੀਂ ਕਰ ਸਕੇ, ਫਿਰ ਵੀ ਉਹ ਟੀਮ ਵਿੱਚ ਖੇਡਦੇ ਰਹੇ।"
ਉਨ੍ਹਾਂ ਅੱਗੇ ਕਿਹਾ, "ਅਭਿਸ਼ੇਕ ਸ਼ਰਮਾ ਵਰਗੇ ਨੌਜਵਾਨ ਖਿਡਾਰੀ ਹਾਲ ਹੀ ਵਿੱਚ ਆਏ ਹਨ। ਜੇਕਰ ਉਹ ਵੀ ਚਾਰ-ਪੰਜ ਪਾਰੀਆਂ ਵਿੱਚ ਫੇਲ੍ਹ ਹੋ ਗਏ ਤਾਂ ਕੀ ਤੁਸੀਂ ਉਨ੍ਹਾਂ ਨੂੰ ਵੀ ਬਾਹਰ ਕਰ ਦਿਓਗੇ?"
ਕਪਿਲ ਦੇਵ ਦੀ ਦਿੱਤੀ ਮਿਸਾਲ
ਯੋਗਰਾਜ ਸਿੰਘ ਨੇ ਕਪਿਲ ਦੇਵ ਦਾ ਉਦਾਹਰਣ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਕਪਿਲ ਨੂੰ ਸਮਰਥਨ ਮਿਲਿਆ ਸੀ, ਉਹੀ ਗਿੱਲ ਨੂੰ ਵੀ ਮਿਲਣਾ ਚਾਹੀਦਾ ਸੀ। ਉਨ੍ਹਾਂ ਦੱਸਿਆ:
"ਜਦੋਂ ਬਿਸ਼ਨ ਸਿੰਘ ਬੇਦੀ ਕਪਤਾਨ ਸਨ ਅਤੇ ਅਸੀਂ ਪਾਕਿਸਤਾਨ ਦੌਰੇ 'ਤੇ ਗਏ ਸੀ, ਤਾਂ ਕਪਿਲ ਦੇਵ ਲਗਾਤਾਰ ਫੇਲ੍ਹ ਹੋਣ ਦੇ ਬਾਵਜੂਦ ਟੀਮ ਵਿੱਚ ਬਣੇ ਰਹੇ ਸਨ। ਬੇਦੀ ਉਨ੍ਹਾਂ ਨੂੰ ਅੱਗੇ ਇੰਗਲੈਂਡ ਦੌਰੇ 'ਤੇ ਵੀ ਲੈ ਕੇ ਗਏ ਸਨ। ਖਿਡਾਰੀ ਨੂੰ ਮੌਕੇ ਦੇਣੇ ਚਾਹੀਦੇ ਹਨ।"