ਟੀ-20 ਵਿਸ਼ਵ ਕੱਪ 2026 ਦੀ ਸ਼ੁਰੂਆਤ ਤੋਂ ਪਹਿਲਾਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਕ੍ਰਿਕਟ ਨੂੰ ਲੈ ਕੇ ਟਕਰਾਅ ਵਧਦਾ ਜਾ ਰਿਹਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਆਪਣੇ ਖਿਡਾਰੀਆਂ ਨੂੰ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਆਈਸੀਸੀ (ICC) ਤੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਮੈਚ ਭਾਰਤ ਤੋਂ ਬਾਹਰ ਕਰਵਾਏ ਜਾਣ। ਹਾਲਾਂਕਿ, ਉਨ੍ਹਾਂ ਦੀ ਇਸ ਮੰਗ ਨੂੰ ਆਈਸੀਸੀ ਨੇ ਰੱਦ ਕਰ ਦਿੱਤਾ ਸੀ।

21 ਜਨਵਰੀ ਤੱਕ ਬੰਗਲਾਦੇਸ਼ ਨੂੰ ਕਰਨਾ ਹੋਵੇਗਾ ਫੈਸਲਾ
ਰਿਪੋਰਟ ਦੇ ਮੁਤਾਬਕ, ਮੀਟਿੰਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਆਈਸੀਸੀ (ICC) ਨੇ ਬੰਗਲਾਦੇਸ਼ ਨੂੰ 21 ਜਨਵਰੀ ਤੱਕ ਦੀ ਡੈੱਡਲਾਈਨ ਦਿੱਤੀ ਹੈ। ਬੰਗਲਾਦੇਸ਼ ਨੂੰ ਕਿਹਾ ਗਿਆ ਹੈ ਕਿ ਉਹ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਜਾਂ ਨਹੀਂ, ਇਸ ਦਾ ਫੈਸਲਾ ਉਹ 21 ਜਨਵਰੀ ਤੱਕ ਕਰਕੇ ਆਈਸੀਸੀ ਨੂੰ ਦੱਸ ਦੇਣ। ਇਹ ਵੀ ਸਪੱਸ਼ਟ ਕਰਨ ਕਿ ਉਹ ਭਾਰਤ ਵਿੱਚ ਮੈਚ ਖੇਡਣਗੇ ਜਾਂ ਨਹੀਂ। ਇਸ ਤੋਂ ਬਾਅਦ 21 ਜਨਵਰੀ ਨੂੰ ਆਈਸੀਸੀ ਖੁਦ ਅੰਤਿਮ ਫੈਸਲਾ ਲਵੇਗੀ।
ਕੀ ICC ਬੰਗਲਾਦੇਸ਼ ਨੂੰ ਬਾਹਰ ਕਰ ਦੇਵੇਗੀ?
ਜੇਕਰ ਬੰਗਲਾਦੇਸ਼ ਦੀ ਟੀਮ ਭਾਰਤ ਵਿੱਚ ਜਾ ਕੇ ਮੈਚ ਖੇਡਣ ਤੋਂ ਇਨਕਾਰ ਕਰਦੀ ਹੈ, ਤਾਂ ਆਈਸੀਸੀ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦੇਵੇਗੀ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਜਗ੍ਹਾ ਆਈਸੀਸੀ ਕਿਸੇ ਦੂਜੇ ਦੇਸ਼ ਦਾ ਨਾਮ ਰਿਪਲੇਸਮੈਂਟ (ਬਦਲ) ਵਜੋਂ ਐਲਾਨੇਗੀ। ਤਾਜ਼ਾ ਰੈਂਕਿੰਗ ਦੇ ਅਨੁਸਾਰ, ਉਹ ਦੇਸ਼ ਸਕਾਟਲੈਂਡ ਹੋ ਸਕਦਾ ਹੈ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਬੰਗਲਾਦੇਸ਼ ਕ੍ਰਿਕਟ ਟੀਮ ਦੇ ਟੀ-20 ਵਿਸ਼ਵ ਕੱਪ 2026 ਲਈ ਭਾਰਤ ਨਾ ਆਉਣ ਦੇ ਫੈਸਲੇ ਨੂੰ ਲੈ ਕੇ ਵਿਵਾਦ ਲਗਾਤਾਰ ਜਾਰੀ ਹੈ। ਬੀਸੀਬੀ (BCB) ਨੇ 4 ਜਨਵਰੀ ਨੂੰ ਆਈਸੀਸੀ ਨੂੰ ਚਿੱਠੀ ਭੇਜ ਕੇ ਆਪਣੇ ਮੈਚ ਭਾਰਤ ਤੋਂ ਬਾਹਰ ਸ਼ਿਫਟ ਕਰਨ ਦੀ ਮੰਗ ਕੀਤੀ ਸੀ। ਇਹ ਮੰਗ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਦਾ ਭਾਰਤ ਵਿੱਚ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ, ਬੀਸੀਸੀਆਈ (BCCI) ਦੇ ਨਿਰਦੇਸ਼ਾਂ 'ਤੇ ਕੇਕੇਆਰ (KKR) ਵੱਲੋਂ ਉਸ ਨੂੰ ਆਈਪੀਐਲ 2026 ਤੋਂ ਰਿਲੀਜ਼ ਕਰਨ ਤੋਂ ਬਾਅਦ ਕੀਤੀ ਗਈ ਸੀ।
ਬੀਸੀਬੀ ਨੇ ਫਿਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ੀ ਖਿਡਾਰੀਆਂ ਦੇ ਭਾਰਤ ਨਾ ਆਉਣ ਦਾ ਫੈਸਲਾ ਲਿਆ। ਉਨ੍ਹਾਂ ਦਾ ਦਾਅਵਾ ਹੈ ਕਿ ਆਈਸੀਸੀ ਦੀ ਸੁਤੰਤਰ ਸੁਰੱਖਿਆ ਏਜੰਸੀ ਵੱਲੋਂ ਕੀਤੀ ਗਈ ਜਾਂਚ ਵਿੱਚ ਭਾਰਤ ਵਿੱਚ ਟੀ-20 ਵਿਸ਼ਵ ਕੱਪ ਦੌਰਾਨ ਹਮਲੇ ਦਾ ਖਤਰਾ ਦੱਸਿਆ ਗਿਆ ਹੈ।
ਇਸ 'ਤੇ ਆਈਸੀਸੀ ਨੇ ਕਿਹਾ ਕਿ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੇ ਸਾਰੇ 20 ਦੇਸ਼ਾਂ ਨੂੰ ਇੱਕ 'ਐਡਵਾਈਜ਼ਰੀ' ਭੇਜੀ ਗਈ ਹੈ, ਜਿਸ ਵਿੱਚ ਭਾਰਤ ਵਿੱਚ 'ਦਰਮਿਆਨੇ ਤੋਂ ਉੱਚ ਪੱਧਰ' (Medium to High) ਦੇ ਖਤਰੇ ਦੀ ਸੰਭਾਵਨਾ ਮੰਨੀ ਗਈ ਹੈ, ਪਰ ਉਸ ਐਡਵਾਈਜ਼ਰੀ ਵਿੱਚ ਕਿਸੇ ਖਾਸ ਦੇਸ਼ (ਬੰਗਲਾਦੇਸ਼) ਦੇ ਨਾਮ ਦਾ ਜ਼ਿਕਰ ਨਹੀਂ ਹੈ। ਇਸ ਤਰ੍ਹਾਂ ਆਈਸੀਸੀ ਨੇ ਬੀਸੀਬੀ ਦੀ ਮੈਚ ਸ਼ਿਫਟ ਕਰਨ ਦੀ ਮੰਗ ਨੂੰ ਠੁਕਰਾ ਦਿੱਤਾ ਸੀ।