IPL 2026: 'ਉਸ ਦੀ ਕੋਈ ਕਮਜ਼ੋਰੀ ਨਹੀਂ', ਖ਼ਤਰਨਾਕ ਗੇਂਦਬਾਜ਼ ਵੀ ਬਣਿਆ ਵੈਭਵ ਸੂਰਿਆਵੰਸ਼ੀ ਦਾ ਮੁਰੀਦ; ਦੱਸੀ ਸਭ ਤੋਂ ਘਾਤਕ ਗੱਲ
ਇਆਨ ਬਿਸ਼ਪਨੇ ਨਾ ਸਿਰਫ਼ ਰਾਜਸਥਾਨ ਰਾਇਲਜ਼ ਦੇ ਇਸ ਓਪਨਰ ਦੀ ਸ਼ਲਾਘਾ ਕੀਤੀ ਹੈ ਸਗੋਂ ਗੇਂਦਬਾਜ਼ਾਂ ਨੂੰ ਨਸੀਹਤ ਵੀ ਦਿੱਤੀ ਹੈ, ਜਿਸ ਦਾ ਸਾਫ਼ ਮਤਲਬ ਹੈ ਕਿ ਜੇਕਰ ਥੋੜ੍ਹੀ ਜਿਹੀ ਵੀ ਚੂਕ ਹੋਈ ਤਾਂ ਗੇਂਦ ਬਾਊਂਡਰੀ ਤੋਂ ਪਾਰ ਹੀ ਜਾਣੀ ਹੈ।
Publish Date: Fri, 01 May 2026 03:46 PM (IST)
Updated Date: Fri, 01 May 2026 04:08 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਵੈਭਵ ਸੂਰਿਆਵੰਸ਼ੀ ਨੇ ਮਹਿਜ਼ 15 ਸਾਲ ਦੀ ਉਮਰ 'ਚ ਆਪਣੇ ਬੱਲੇ ਨਾਲ ਗੇਂਦਬਾਜ਼ਾਂ ਦੇ ਮਨਾਂ 'ਚ ਖ਼ੌਫ਼ ਭਰ ਦਿੱਤਾ ਹੈ। ਲਗਾਤਾਰ ਦੋ ਸੀਜ਼ਨਾਂ ਤੋਂ ਇਹ ਬੱਲੇਬਾਜ਼ ਆਈਪੀਐਲ (IPL) 'ਚ ਕਹਿਰ ਢਾਹ ਰਿਹਾ ਹੈ। ਅਜਿਹੇ ਵਿਚ ਕਈ ਲੋਕ ਉਸ ਦੇ ਮੁਰੀਦ ਬਣ ਗਏ ਹਨ, ਜਿਸ ਵਿਚ ਹੁਣ ਨਵਾਂ ਨਾਂ ਜੁੜ ਗਿਆ ਹੈ ਵੈਸਟਇੰਡੀਜ਼ ਦੇ ਦਿੱਗਜ ਤੇਜ਼ ਗੇਂਦਬਾਜ਼ ਇਆਨ ਬਿਸ਼ਪ ਦਾ। ਬਿਸ਼ਪ ਨੇ ਵੈਭਵ ਦੀ ਰੱਜ ਕੇ ਤਾਰੀਫ਼ ਕੀਤੀ ਹੈ।
ਉਨ੍ਹਾਂ ਨਾ ਸਿਰਫ਼ ਰਾਜਸਥਾਨ ਰਾਇਲਜ਼ ਦੇ ਇਸ ਓਪਨਰ ਦੀ ਸ਼ਲਾਘਾ ਕੀਤੀ ਹੈ ਸਗੋਂ ਗੇਂਦਬਾਜ਼ਾਂ ਨੂੰ ਨਸੀਹਤ ਵੀ ਦਿੱਤੀ ਹੈ, ਜਿਸ ਦਾ ਸਾਫ਼ ਮਤਲਬ ਹੈ ਕਿ ਜੇਕਰ ਥੋੜ੍ਹੀ ਜਿਹੀ ਵੀ ਚੂਕ ਹੋਈ ਤਾਂ ਗੇਂਦ ਬਾਊਂਡਰੀ ਤੋਂ ਪਾਰ ਹੀ ਜਾਣੀ ਹੈ।
ਵੈਭਵ ਨੇ ਇਸ ਸੀਜ਼ਨ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਅਤੇ ਉਹ ਲਗਾਤਾਰ ਔਰੇਂਜ ਕੈਪ ਦੀ ਦੌੜ 'ਚ ਬਣਿਆ ਹੋਇਆ ਹੈ। ਉਹ ਇਸ ਸੀਜ਼ਨ ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮਹਿਜ਼ 36 ਗੇਂਦਾਂ 'ਚ ਸੈਂਕੜਾ ਵੀ ਜੜ ਚੁੱਕਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸੇ ਟੀਮ ਵਿਰੁੱਧ ਉਹ ਪਹਿਲੇ ਮੈਚ ਵਿਚ ਗੋਲਡਨ ਡਕ (ਜ਼ੀਰੋ) ਦਾ ਸ਼ਿਕਾਰ ਹੋਇਆ ਸੀ। ਬਿਸ਼ਪ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, 'ਮੈਨੂੰ ਲੱਗਦਾ ਹੈ ਕਿ ਮਨੋਵਿਗਿਆਨਕ ਤੇ ਕਿਰਦਾਰ ਦੇ ਹਿਸਾਬ ਨਾਲ ਉਹ ਕਾਫ਼ੀ ਮਜ਼ਬੂਤ ਹੈ ਕਿਉਂਕਿ ਉਹ ਆਸਾਨੀ ਨਾਲ ਵਿਸ਼ਵ ਦੇ ਦਿੱਗਜ ਗੇਂਦਬਾਜ਼ਾਂ ਦਾ ਸਾਹਮਣਾ ਕਰ ਰਿਹਾ ਹੈ।'
ਉਨ੍ਹਾਂ ਅੱਗੇ ਕਿਹਾ, 'ਉਹ ਮਾਨਸਿਕ ਤੌਰ 'ਤੇ ਵਿਸ਼ਵ ਦੇ ਸਰਵੋਤਮ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਨੇ ਜਸਪ੍ਰੀਤ ਬੁਮਰਾਹ ਵਰਗੇ ਗੇਂਦਬਾਜ਼ਾਂ ਨੂੰ ਵੀ ਕਰਾਰੇ ਹੱਥੀਂ ਲਿਆ। ਤਕਨੀਕੀ ਤੌਰ 'ਤੇ ਉਹ ਵੱਖਰਾ ਹੈ ਅਤੇ ਉਸ ਦਾ ਬੈਟ ਸਵਿੰਗ ਬੇਸਬਾਲ ਸਟਾਈਲ ਵਰਗਾ ਹੈ।'
ਵਾਪਸੀ ਕਰਨ ਦਾ ਦਮ
ਬਿਸ਼ਪ ਨੇ ਕਿਹਾ ਕਿ ਵੈਭਵ 'ਚ ਬੇਸ਼ੱਕ ਕੁਝ ਤਕਨੀਕੀ ਕਮੀਆਂ ਹੋ ਸਕਦੀਆਂ ਹਨ, ਪਰ ਉਸ ਵਿਚ ਵਾਪਸੀ ਕਰਨ ਦਾ ਦਮ ਹੈ। ਬਿਸ਼ਪ ਮੁਤਾਬਕ, "ਇਹ ਕਹਿਣਾ ਕਾਫ਼ੀ ਮੁਸ਼ਕਲ ਹੈ ਕਿ ਉਸ ਦੀ ਕਮਜ਼ੋਰੀ ਕੀ ਹੈ, ਕਿਉਂਕਿ ਬੈਕ ਆਫ ਲੈਂਥ ਗੇਂਦਾਂ, ਜੋ ਅੰਡਰ-19 ਵਰਲਡ ਕੱਪ 'ਚ ਉਸ ਦੇ ਖ਼ਿਲਾਫ਼ ਕੰਮ ਆਈਆਂ ਸਨ, ਹੁਣ ਜੇਕਰ ਉਨ੍ਹਾਂ 'ਤੇ ਗੇਂਦਬਾਜ਼ ਥੋੜ੍ਹੀ ਜਿਹੀ ਵੀ ਗ਼ਲਤੀ ਕਰਦਾ ਹੈ, ਤਾਂ ਉਹ ਗੇਂਦ ਨੂੰ ਸਟੇਡੀਅਮ ਤੋਂ ਬਾਹਰ ਭੇਜ ਦਿੰਦਾ ਹੈ।"