47 ਸਾਲ ਦੀ ਲੰਬੀ ਉਡੀਕ, ਅਧੂਰੇ ਸੁਪਨੇ ਤੇ ਸਾਲਾਂ ਦੀ ਮਿਹਨਤ। ਇਹ ਸਭ ਕੁਝ ਐਤਵਾਰ ਦੀ ਰਾਤ ਉਸ ਇਕ ਪਲ਼ ’ਚ ਸਮਾ ਗਿਆ ਜਦ ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਵਨ ਡੇ ਵਿਸ਼ਵ ਕੱਪ ਆਪਣੇ ਨਾਂ ਕੀਤਾ।

IND W vs SA W Final : ਜਾਗਰਣ ਨਿਊਜ਼ ਨੈਟਵਰਕ, ਨਵੀਂ ਦਿੱਲੀ : 47 ਸਾਲ ਦੀ ਲੰਬੀ ਉਡੀਕ, ਅਧੂਰੇ ਸੁਪਨੇ ਤੇ ਸਾਲਾਂ ਦੀ ਮਿਹਨਤ। ਇਹ ਸਭ ਕੁਝ ਐਤਵਾਰ ਦੀ ਰਾਤ ਉਸ ਇਕ ਪਲ਼ ’ਚ ਸਮਾ ਗਿਆ ਜਦ ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਵਨ ਡੇ ਵਿਸ਼ਵ ਕੱਪ ਆਪਣੇ ਨਾਂ ਕੀਤਾ। ਇਹ ਸਿਰਫ਼ ਇਕ ਜਿੱਤ ਨਹੀਂ ਸੀ, ਬਲਕਿ 140 ਕਰੋੜ ਭਾਰਤੀਆਂ ਦੇ ਦਿਲਾਂ ’ਚ ਵਸੀਆਂ ਉਮੀਦਾਂ ਦਾ ਚਰਮ ਸੀ। ਇਹ ਅੱਧੀ ਆਬਾਦੀ ਨੂੰ ਮਜ਼ਬੂਤੀ ਦੇਣ ਵਾਲੀ ਜਿੱਤ ਹੈ ਜੋ ਨਜ਼ੀਰ ਬਣ ਗਈ, ਉਨ੍ਹਾਂ ਲਈ ਜੋ ਇਕ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ। ਨਵੀ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਤੇ ਜਦ ਦੱਖਣੀ ਅਫਰੀਕਾ ਦਾ ਆਖ਼ਰੀ ਵਿਕਟ ਡਿੱਗਾ ਤਾਂ ਮੈਦਾਨ ਭਾਰਤ ਮਾਤਾ ਦੀ ਜੈਅ ਨਾਲ ਗੂੰਜ ਉੱਠਿਆ। ਇਸ ਇਤਿਹਾਸਕ ਜਿੱਤ ਦੇ ਨਾਲ ਭਾਰਤੀ ਮਹਿਲਾ ਕ੍ਰਿਕਟ ਨੇ ਉਹ ਮੁਕਾਮ ਛੋਹ ਲਿਆ, ਜਿੱਥੇ ਹੁਣ ਉਹ ਦੁਨੀਆ ਦੇ ਸਿਖਰ ’ਤੇ ਖੜ੍ਹੀ ਹੈ। ਭਾਰਤ ਨੇ 1978 ’ਚ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ’ਚ ਹਿੱਸਾ ਲਿਆ ਸੀ ਤੇ 2005 ਤੇ 2017 ’ਚ ਮਿਤਾਲੀ ਰਾਜ ਦੀ ਕਪਤਾਨੀ ’ਚ ਭਾਰਤ ਫਾਈਨਲ ਤੱਕ ਪੁੱਜਾ, ਪਰ ਦੋਵੇਂ ਵਾਰ ਟਰਾਫੀ ਹੱਥੋਂ ਨਿਕਲ ਗਈ।
ਆਖ਼ਰਕਾਰ ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਜੇਤੂ ਬਣ ਗਈ। ਮਹਿਲਾ ਟੀਮ ਦੀ ਇਹ ਪਹਿਲੀ ਆਈਸੀਸੀ ਟਰਾਫੀ ਹੈ। 1983 ’ਚ ਕਪਿਲ ਦੇਵ ਤੇ 2011 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਮਰਦ ਟੀਮ ਨੇ ਭਾਰਤ ਲਈ ਵਨ ਡੇ ਵਿਸ਼ਵ ਕੱਪ ਜਿੱਤਿਆ ਸੀ ਤੇ ਹੁਣ ਹਰਮਨਪ੍ਰੀਤ ਕੌਰ ਦੀ ਅਗਵਾਈ ’ਚ ਧੀਆਂ ਨੇ ਵੀ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਹਾਸਲ ਕਰ ਲਿਆ। ਇਹ ਜਿੱਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸ੍ਰੋਤ ਬਣੇਗੀ। ਇਹ ਸਾਬਿਤ ਕਰਦੀ ਹੈ ਕਿ ਭਾਰਤ ਦੀਆਂ ਧੀਆਂ ਹੁਣ ਸਿਰਫ਼ ਮੈਦਾਨ ’ਚ ਹਿੱਸਾ ਲੈਣ ਨਹੀਂ, ਬਲਕਿ ਇਤਿਹਾਸ ਰਚਨ ਉਤਰਦੀਆਂ ਹਨ। ਮੈਚ ’ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ ’ਤੇ 297 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜੋ ਮਹਿਲਾ ਵਨ ਡੇ ਵਿਸ਼ਵ ਕੱਪ ਦਾ ਦੂਜਾ ਸਰਬੋਤਮ ਸਕੋਰ ਹੈ, ਜਿਸ ਦੇ ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ ’ਤੇ ਆਲ ਆਊਟ ਹੋ ਗਈ। ਉਸ ਲਈ ਕਪਤਾਨ ਲੌਰਾ ਵੋਲਵਾਰਟ (101) ਨੇ ਸੈਂਕੜੇ ਵਾਲੀ ਪਾਰੀ ਖੇਡੀ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ।
ਸ਼ੇਫਾਲੀ-ਦੀਪਤੀ ਦਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਲਈ ਇਸ ਮੈਚ ’ਚ ਸ਼ੇਫਾਲੀ ਵਰਮਾ ਨੇ ਬੱਲੇ ਤੇ ਗੇਂਦ ਨਾਲ ਕਮਾਲ ਦਿਖਾਇਆ। ਜ਼ਖ਼ਮੀ ਪ੍ਰਤੀਕਾ ਰਾਵਲ ਦੀ ਥਾਂ ’ਤੇ ਟੀਮ ’ਚ ਸ਼ਾਮਲ ਕੀਤੀ ਗਈ ਸ਼ੇਫਾਲੀ ਨੇ 87 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਹੀ ਦੋ ਵਿਕਟਾਂ ਵੀ ਹਾਸਲ ਕੀਤੀਆਂ। ਉਥੇ ਦੀਪਤੀ ਸ਼ਰਮਾ (58) ਨੇ ਵੀ ਅਰਧ ਸੈਂਕੜਾ ਲਾਉਣ ਤੋਂ ਇਲਾਵਾ ਪੰਜ ਵਿਕਟਾਂ ਹਾਸਲ ਕੀਤੀਆਂ।
ਟੀ-20 ਵਿਸ਼ਵ ਕੱਪ ਦੀਆਂ ਯਾਦਾਂ ਹੋਈਆਂ ਤਾਜ਼ਾ :
ਵਿਸ਼ਵ ਕੱਪ ਫਾਈਨਲ ਨੇ 2024 ਟੀ-20 ਵਿਸ਼ਵ ਕੱਪ ਦੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ, ਜਦ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜਾ ਟੀ-20 ਖ਼ਿਤਾਬ ਜਿੱਤਿਆ ਸੀ। ਦੱਖਣੀ ਅਫਰੀਕੀ ਟੀਮ ਪਹਿਲੀ ਵਾਰ ਮਹਿਲਾ ਵਨ ਡੇ ਵਿਸ਼ਵ ਕੱਪ ਫਾਈਨਲ ਖੇਡਣ ਉਤਰੀ ਸੀ। ਇਸ ਤੋਂ ਪਹਿਲਾਂ 2023 ’ਚ ਭਾਰਤੀ ਟੀਮ ਨੇ ਅੰਡਰ-19 ਮਹਿਲਾ ਵਿਸ਼ਵ ਕੱਪ ਦੇ ਫਾਈਨਲ ’ਚ ਵੀ ਦੱਖਣੀ ਅਫਰੀਕਾ ਨੂੰ ਹਰਾਇਆ ਸੀ।
‘ਆਈਸੀਸੀ ਮਹਿਲਾ ਵਨ ਡੇ ਵਿਸ਼ਵ ਕੱਪ ਫਾਈਨਲ ’ਚ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ, ਫਾਈਨਲ ’ਚ ਉਨ੍ਹਾਂ ਦਾ ਪ੍ਰਦਰਸ਼ਨ ਆਤਮਵਿਸ਼ਵਾਸ ਨਾਲ ਭਰਿਆ ਰਿਹਾ। ਟੀਮ ਨੇ ਬਿਹਤਰੀਨ ਟੀਮ ਵਰਕ ਤੇ ਮਜ਼ਬੂਤੀ ਦਿਖਾਈ। ਸਾਡੀਆਂ ਖਿਡਾਰਨਾਂ ਨੂੰ ਵਧਾਈ। ਇਹ ਇਤਿਹਾਸਕ ਜਿੱਤ ਭਵਿੱਖ ਦੇ ਚੈਂਪੀਅਨਾਂ ਨੂੰ ਪ੍ਰੇਰਿਤ ਕਰੇਗੀ।’
-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
-40 ਕਰੋੜ ਰੁਪਏ ਮਿਲੇ ਭਾਰਤੀ ਮਹਿਲਾ ਟੀਮ ਨੂੰ
-19.77 ਕਰੋੜ ਰੁਪਏ ਉਪ ਜੇਤੂ ਦੱਖਣੀ ਅਫਰੀਕਾ ਨੂੰ ਮਿਲੇ
-9.89 ਕਰੋੜ ਰੁਪਏ ਸੈਮੀਫਾਈਨਲ ’ਚ ਹਾਰਨ ਵਾਲੀਆਂ ਟੀਮਾਂ ਨੂੰ ਦਿੱਤੇ ਗਏ
-35.27 ਕਰੋੜ ਰੁਪਏ ਚੈਂਪੀਅਨ ਆਸਟ੍ਰੇਲਿਆਈ ਟੀਮ ਨੂੰ ਮਿਲੇ ਸਨ 2023 ਵਨ ਡੇ ਵਿਸ਼ਵ ਕੱਪ ’ਚ