ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਉਸ ਦੀ ਟੀਮ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਟੀ-20 ਵਰਲਡ ਕੱਪ-2026 ਵਿੱਚ ਖੇਡੇਗੀ ਜਾਂ ਨਹੀਂ। ਪੀਸੀਬੀ ਨੇ ਇਹ ਫ਼ੈਸਲਾ ਆਪਣੀ ਸਰਕਾਰ 'ਤੇ ਛੱਡ ਦਿੱਤਾ ਹੈ ਅਤੇ ਸਰਕਾਰ ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਰਾਸ਼ਿਦ ਲਤੀਫ਼ ਨੇ ਨਵਾਂ ਸ਼ਗੂਫਾ ਛੇੜ ਦਿੱਤਾ ਹੈ ਅਤੇ ਆਪਣੇ ਹੀ ਦੇਸ਼ ਨੂੰ ਇੱਕ ਤਰ੍ਹਾਂ ਨਾਲ 'ਕਮਜ਼ੋਰ' ਦੱਸਿਆ ਹੈ।

ਰਾਸ਼ਿਦ ਲਤੀਫ਼ ਨੇ ਪਾਕਿਸਤਾਨੀ ਕ੍ਰਿਕਟ ਬੋਰਡ ਦੀਆਂ ਖੋਲ੍ਹੀਆਂ ਪੋਲਾਂ
ਸਾਬਕਾ ਕਪਤਾਨ ਰਾਸ਼ਿਦ ਲਤੀਫ਼ ਨੇ ਕਿਹਾ ਹੈ ਕਿ ਪਾਕਿਸਤਾਨ ਫ਼ੈਸਲੇ ਲੈਣ ਦੇ ਮਾਮਲੇ ਵਿੱਚ ਬਹੁਤ ਸੁਸਤ ਚੱਲ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਅਹਿਮ ਫ਼ੈਸਲਾ ਲੈਣ ਦਾ ਸਹੀ ਸਮਾਂ ਹੁਣ ਨਿਕਲ ਚੁੱਕਾ ਹੈ। ਲਤੀਫ਼ ਮੁਤਾਬਕ, ਹੁਣ ਪਾਕਿਸਤਾਨ ਲਈ ਟੂਰਨਾਮੈਂਟ ਤੋਂ ਪੂਰੀ ਤਰ੍ਹਾਂ ਨਾਂ ਵਾਪਸ ਲੈਣਾ ਸੰਭਵ ਨਹੀਂ ਹੈ, ਪਰ ਉਨ੍ਹਾਂ ਨੇ ਵਿਰੋਧ ਦਾ ਇੱਕ ਨਵਾਂ ਤਰੀਕਾ ਸੁਝਾਇਆ ਹੈ।
ਭਾਰਤ ਨਾਲ ਖੇਡਣ 'ਤੇ ਲਤੀਫ਼ ਦਾ ਸਟੈਂਡ
ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦਿਆਂ ਲਤੀਫ਼ ਨੇ ਕਿਹਾ, "ਜੇਕਰ ਸਰਕਾਰ ਕਹਿੰਦੀ ਹੈ ਕਿ ਅਸੀਂ ਹੁਣ ਭਾਰਤ ਨਾਲ ਨਹੀਂ ਖੇਡਾਂਗੇ, ਤਾਂ ਆਈਸੀਸੀ ਨੂੰ ਇਹ ਮੰਨਣਾ ਪਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਅਸਲੀ ਮੁਕਾਬਲਾ ਫਿਰ ਸ਼ੁਰੂ ਹੋਵੇਗਾ।" ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਫਾਈਨਲ ਵਿੱਚ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਕੀ ਹੋਵੇਗਾ? ਤਾਂ ਲਤੀਫ਼ ਨੇ ਦੋ ਟੁੱਕ ਜਵਾਬ ਦਿੱਤਾ, "ਨਹੀਂ ਖੇਡਾਂਗੇ।"
ਤੁਰੰਤ ਲੈਣਾ ਸੀ ਫੈਸਲਾ
ਲਤੀਫ਼ ਦਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਬੰਗਲਾਦੇਸ਼ ਨੂੰ (ਮੇਜ਼ਬਾਨੀ ਤੋਂ) ਹਟਾਏ ਜਾਣ ਤੋਂ ਤੁਰੰਤ ਬਾਅਦ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ, "ਵਿਰੋਧ ਕਰਨ ਦਾ ਸਮਾਂ ਚਲਾ ਗਿਆ ਹੈ। ਹਰ ਫ਼ੈਸਲੇ ਦਾ ਇੱਕ ਸਮਾਂ ਹੁੰਦਾ ਹੈ। ਹਥੌੜਾ ਉਦੋਂ ਮਾਰਨਾ ਚਾਹੀਦਾ ਹੈ ਜਦੋਂ ਲੋਹਾ ਗਰਮ ਹੋਵੇ। ਉਹ ਸਮਾਂ ਪਿਛਲੇ ਹਫ਼ਤੇ ਹੋਈ ਆਈਸੀਸੀ ਦੀ ਮੀਟਿੰਗ ਸੀ। ਅਸੀਂ ਆਪਣਾ ਸਮਰਥਨ ਦਿਖਾਇਆ ਅਤੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਈ। ਹੁਣ ਮਾਮਲਾ ਖ਼ਤਮ ਹੋ ਚੁੱਕਾ ਹੈ, ਜੇ ਹੁਣ ਅਸੀਂ ਬਾਈਕਾਟ ਕਰਦੇ ਹਾਂ ਤਾਂ ਉਸ ਦਾ ਕੋਈ ਖ਼ਾਸ ਅਸਰ ਨਹੀਂ ਪਵੇਗਾ।"