Big News : ਭਾਰਤੀ ਟੀਮ ਦੇ ਧਾਕੜ ਖਿਡਾਰੀ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ 'ਚ ਕਰਵਾਉਣਾ ਪਿਆ ਦਾਖਲ
ਜਿੱਥੇ ਇੱਕ ਪਾਸੇ ਕ੍ਰਿਕਟ ਪ੍ਰਸ਼ੰਸਕ IPL ਨਿਲਾਮੀ ਵਿੱਚ ਰੁੱਝੇ ਹੋਏ ਸਨ, ਉੱਥੇ ਹੀ ਦੂਜੇ ਪਾਸੇ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਨੂੰ ਅਚਾਨਕ ਹਸਪਤਾਲ ਲਿਜਾਣਾ ਪਿਆ। ਪੁਣੇ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ ਦੇ ਮੁਕਾਬਲੇ ਤੋਂ ਬਾਅਦ ਜਾਇਸਵਾਲ ਦੀ ਤਬੀਅਤ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
Publish Date: Wed, 17 Dec 2025 11:44 AM (IST)
Updated Date: Wed, 17 Dec 2025 11:46 AM (IST)

ਸਪੋਰਟਸ ਡੈਸਕ - ਜਿੱਥੇ ਇੱਕ ਪਾਸੇ ਕ੍ਰਿਕਟ ਪ੍ਰਸ਼ੰਸਕ IPL ਨਿਲਾਮੀ ਵਿੱਚ ਰੁੱਝੇ ਹੋਏ ਸਨ, ਉੱਥੇ ਹੀ ਦੂਜੇ ਪਾਸੇ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਨੂੰ ਅਚਾਨਕ ਹਸਪਤਾਲ ਲਿਜਾਣਾ ਪਿਆ। ਪੁਣੇ ਵਿੱਚ ਸਈਅਦ ਮੁਸ਼ਤਾਕ ਅਲੀ ਟਰਾਫੀ ਸੁਪਰ ਲੀਗ ਦੇ ਮੁਕਾਬਲੇ ਤੋਂ ਬਾਅਦ ਜਾਇਸਵਾਲ ਦੀ ਤਬੀਅਤ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
ਰਿਪੋਰਟਾਂ ਮੁਤਾਬਕ, ਮੁੰਬਈ ਅਤੇ ਰਾਜਸਥਾਨ ਵਿਚਾਲੇ ਹੋਏ ਮੁਕਾਬਲੇ ਦੇ ਕੁਝ ਘੰਟਿਆਂ ਬਾਅਦ ਯਸ਼ਸਵੀ ਨੂੰ ਪੇਟ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਹੋਈ। 'ਇੰਡੀਅਨ ਐਕਸਪ੍ਰੈਸ' ਦੇ ਇੱਕ ਸੀਨੀਅਰ ਪੱਤਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੀਤੀ ਗਈ ਪੋਸਟ ਅਨੁਸਾਰ, ਜਾਇਸਵਾਲ ਮੈਚ ਦੌਰਾਨ ਹੀ ਪੇਟ ਦੇ ਮਰੋੜਾਂ ਨਾਲ ਜੂਝ ਰਹੇ ਸਨ, ਜੋ ਮੁਕਾਬਲੇ ਤੋਂ ਬਾਅਦ ਹੋਰ ਵਧ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਪਿੰਪਰੀ-ਚਿੰਚਵੜ ਸਥਿਤ ਆਦਿਤਿਆ ਬਿਰਲਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਐਕਿਊਟ ਗੈਸਟਰੋਐਂਟਰਾਈਟਿਸ (Acute Gastroenteritis) ਹੋਣ ਦੀ ਪੁਸ਼ਟੀ ਕੀਤੀ। 23 ਸਾਲਾ ਸਟਾਰ ਬੱਲੇਬਾਜ਼ ਨੂੰ ਹਸਪਤਾਲ ਵਿੱਚ ਡਰਿੱਪ ਰਾਹੀਂ ਦਵਾਈਆਂ ਦਿੱਤੀਆਂ ਗਈਆਂ ਅਤੇ ਅਲਟਰਾਸਾਊਂਡ (USG) ਤੇ ਸੀ.ਟੀ. ਸਕੈਨ ਵੀ ਕਰਵਾਇਆ ਗਿਆ। ਫਿਲਹਾਲ ਉਨ੍ਹਾਂ ਨੂੰ ਦਵਾਈਆਂ ਜਾਰੀ ਰੱਖਣ ਅਤੇ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।
BCCI ਵੱਲੋਂ ਅਪਡੇਟ ਦੀ ਉਡੀਕ
ਦੱਸ ਦੇਈਏ ਕਿ ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਜਾਇਸਵਾਲ ਨੇ ਰਾਜਸਥਾਨ ਖਿਲਾਫ ਮੈਚ ਵਿੱਚ ਹਿੱਸਾ ਲਿਆ ਅਤੇ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 16 ਗੇਂਦਾਂ ਵਿੱਚ 15 ਦੌੜਾਂ ਬਣਾਈਆਂ। ਮੁੰਬਈ ਨੇ ਇਹ ਮੁਕਾਬਲਾ ਤਿੰਨ ਵਿਕਟਾਂ ਨਾਲ ਜਿੱਤਿਆ। ਇਸ ਜਿੱਤ ਵਿੱਚ ਕਪਤਾਨ ਅਜਿੰਕਿਆ ਰਹਾਣੇ ਦੀ ਨਾਬਾਦ 72 ਦੌੜਾਂ ਦੀ ਪਾਰੀ ਅਤੇ ਸਰਫਰਾਜ਼ ਖਾਨ ਦੀ 22 ਗੇਂਦਾਂ ਵਿੱਚ 73 ਦੌੜਾਂ ਦੀ ਤੂਫਾਨੀ ਪਾਰੀ ਅਹਿਮ ਰਹੀ। ਹਾਲਾਂਕਿ, ਇਸ ਦੇ ਬਾਵਜੂਦ ਮੁੰਬਈ ਦੀ ਟੀਮ ਬਾਅਦ ਵਿੱਚ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜਾਇਸਵਾਲ ਪੂਰੇ ਮੈਚ ਦੌਰਾਨ ਕਾਫੀ ਬੇਚੈਨ ਨਜ਼ਰ ਆਏ ਅਤੇ ਮੁਕਾਬਲੇ ਤੋਂ ਬਾਅਦ ਦਰਦ ਵਧਣ 'ਤੇ ਤੁਰੰਤ ਮੈਡੀਕਲ ਸਹਾਇਤਾ ਲੈਣੀ ਪਈ। ਫਿਲਹਾਲ BCCI ਵੱਲੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਜਲਦੀ ਹੀ ਅਪਡੇਟ ਆਉਣ ਦੀ ਉਮੀਦ ਹੈ।
ਜੇਕਰ ਤਾਜ਼ਾ ਫਾਰਮ ਦੀ ਗੱਲ ਕਰੀਏ ਤਾਂ ਜਾਇਸਵਾਲ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਤਿੰਨ ਮੈਚਾਂ ਵਿੱਚ 48.33 ਦੀ ਔਸਤ ਅਤੇ 168.6 ਦੇ ਸਟ੍ਰਾਈਕ ਰੇਟ ਨਾਲ 145 ਦੌੜਾਂ ਬਣਾਈਆਂ ਹਨ। ਉੱਥੇ ਹੀ, ਹਾਲ ਹੀ ਵਿੱਚ ਦੱਖਣੀ ਅਫਰੀਕਾ ਖਿਲਾਫ ਵਨਡੇ (ODI) ਸੀਰੀਜ਼ ਵਿੱਚ ਵੀ ਉਨ੍ਹਾਂ ਨੇ ਤਿੰਨ ਮੈਚਾਂ ਵਿੱਚ 78 ਦੀ ਔਸਤ ਨਾਲ 156 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਪਹਿਲਾ ਵਨਡੇ ਸੈਂਕੜਾ ਵੀ ਸ਼ਾਮਲ ਹੈ।
ਅਗਲੇ ਸਾਲ ਐਕਸ਼ਨ ਵਿੱਚ ਦਿਖਣਗੇ ਜਾਇਸਵਾਲ
ਫਿਲਹਾਲ ਯਸ਼ਸਵੀ ਜਾਇਸਵਾਲ ਭਾਰਤ ਦੀ ਮੌਜੂਦਾ T20I ਟੀਮ ਦਾ ਹਿੱਸਾ ਨਹੀਂ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਕੋਈ ਅੰਤਰਰਾਸ਼ਟਰੀ ਸੀਰੀਜ਼ ਵੀ ਨਹੀਂ ਹੈ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜਨਵਰੀ ਦੇ ਅੱਧ ਵਿੱਚ ਹੋਣ ਵਾਲੇ ਅਗਲੇ ਅੰਤਰਰਾਸ਼ਟਰੀ ਅਸਾਈਨਮੈਂਟ ਤੋਂ ਪਹਿਲਾਂ ਪੂਰੀ ਤਰ੍ਹਾਂ ਉੱਭਰਨ ਲਈ ਕਾਫੀ ਸਮਾਂ ਮਿਲ ਜਾਵੇਗਾ। ਭਾਰਤੀ ਟੀਮ ਨਵੇਂ ਸਾਲ ਦਾ ਆਗਾਜ਼ 11 ਜਨਵਰੀ ਨੂੰ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ਨਾਲ ਕਰੇਗੀ।