ਜੇਕਰ ਤੁਸੀਂ ਨਵਾਂ ਟੈਲੀਵਿਜ਼ਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਜਨਵਰੀ ਤੋਂ ਟੀਵੀ ਦੀਆਂ ਕੀਮਤਾਂ ਵਿੱਚ ਵਾਧਾ (TV Price Hike) ਦੇਖਣ ਨੂੰ ਮਿਲ ਸਕਦਾ ਹੈ।

ਨਵੀਂ ਦਿੱਲੀ : ਜੇਕਰ ਤੁਸੀਂ ਨਵਾਂ ਟੈਲੀਵਿਜ਼ਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਜਨਵਰੀ ਤੋਂ ਟੀਵੀ ਦੀਆਂ ਕੀਮਤਾਂ ਵਿੱਚ ਵਾਧਾ (TV Price Hike) ਦੇਖਣ ਨੂੰ ਮਿਲ ਸਕਦਾ ਹੈ। ਇਸਦੇ ਪਿੱਛੇ ਦੋ ਵੱਡੇ ਕਾਰਨ ਦੱਸੇ ਜਾ ਰਹੇ ਹਨ: ਪਹਿਲਾ, ਮੈਮੋਰੀ ਚਿੱਪਾਂ ਦੀ ਭਾਰੀ ਕਮੀ ਅਤੇ ਦੂਜਾ, ਰੁਪਏ ਦੀ ਕਮਜ਼ੋਰੀ।
ਹਾਲ ਦੇ ਮਹੀਨਿਆਂ ਵਿੱਚ ਰੁਪਏ ਦੀ ਕੀਮਤ ਪਹਿਲੀ ਵਾਰ 90 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੋਂ ਪਾਰ ਚਲੀ ਗਈ ਹੈ। ਇਸ ਦਾ ਸਿੱਧਾ ਅਸਰ ਇਲੈਕਟ੍ਰੋਨਿਕਸ ਉਦਯੋਗ 'ਤੇ ਪਿਆ ਹੈ ਕਿਉਂਕਿ ਭਾਰਤ ਵਿੱਚ ਬਣਨ ਵਾਲੇ ਐਲ.ਈ.ਡੀ. ਟੀਵੀ ਵਿੱਚ ਸਿਰਫ ਲਗਪਗ 30 ਪ੍ਰਤੀਸ਼ਤ ਮੁੱਲ ਜੋੜ ਹੀ ਦੇਸ਼ ਦੇ ਅੰਦਰ ਹੁੰਦਾ ਹੈ। ਟੀਵੀ ਦੇ ਜ਼ਰੂਰੀ ਪੁਰਜ਼ੇ, ਜਿਵੇਂ ਕਿ ਓਪਨ ਸੈੱਲ, ਸੈਮੀਕੰਡਕਟਰ ਚਿੱਪ ਅਤੇ ਮਦਰਬੋਰਡ, ਅਜੇ ਵੀ ਵੱਡੇ ਪੱਧਰ 'ਤੇ ਆਯਾਤ (import) ਕੀਤੇ ਜਾਂਦੇ ਹਨ। ਅਜਿਹੇ ਵਿੱਚ ਰੁਪਏ ਦੀ ਗਿਰਾਵਟ ਸਿੱਧੇ ਤੌਰ 'ਤੇ ਲਾਗਤ ਵਧਾ ਦਿੰਦੀ ਹੈ, ਜਿਸ ਦਾ ਬੋਝ ਅਖੀਰ ਵਿੱਚ ਖਪਤਕਾਰਾਂ 'ਤੇ ਪੈਂਦਾ ਹੈ।
ਮੈਮੋਰੀ ਚਿੱਪ ਸੰਕਟ ਨੇ ਵਧਾਈ ਚਿੰਤਾ
ਟੀਵੀ ਦੀਆਂ ਕੀਮਤਾਂ 'ਤੇ ਅਸਰ ਪਾਉਣ ਵਾਲਾ ਦੂਜਾ ਵੱਡਾ ਕਾਰਨ ਵਿਸ਼ਵਵਿਆਪੀ ਮੈਮੋਰੀ ਚਿੱਪ ਸੰਕਟ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸਰਵਰਾਂ ਲਈ ਹਾਈ-ਬੈਂਡਵਿਡਥ ਮੈਮੋਰੀ (HBM) ਦੀ ਮੰਗ ਅਚਾਨਕ ਬਹੁਤ ਤੇਜ਼ ਹੋ ਗਈ ਹੈ। ਇਸ ਕਾਰਨ ਦੁਨੀਆ ਭਰ ਵਿੱਚ ਮੈਮੋਰੀ ਚਿੱਪਾਂ ਦੀ ਸਪਲਾਈ ਸੀਮਤ ਹੋ ਗਈ ਹੈ ਅਤੇ ਡੀ.ਆਰ.ਏ.ਐੱਮ. (DRAM) ਅਤੇ ਫਲੈਸ਼ (Flash) ਵਰਗੀਆਂ ਹਰ ਤਰ੍ਹਾਂ ਦੀਆਂ ਮੈਮੋਰੀ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਦੇਖਿਆ ਜਾ ਰਿਹਾ ਹੈ।
ਚਿੱਪ ਬਣਾਉਣ ਵਾਲੀਆਂ ਕੰਪਨੀਆਂ ਹੁਣ ਜ਼ਿਆਦਾ ਮੁਨਾਫ਼ਾ ਦੇਣ ਵਾਲੀਆਂ AI ਚਿੱਪਾਂ 'ਤੇ ਧਿਆਨ ਦੇ ਰਹੀਆਂ ਹਨ, ਜਿਸ ਨਾਲ ਟੀਵੀ ਵਰਗੇ ਰਵਾਇਤੀ ਇਲੈਕਟ੍ਰਾਨਿਕ ਉਤਪਾਦਾਂ ਲਈ ਜ਼ਰੂਰੀ ਚਿੱਪਾਂ ਦੀ ਉਪਲਬਧਤਾ ਘੱਟ ਹੋ ਰਹੀ ਹੈ।
ਕਿੰਨੀਆਂ ਵਧ ਸਕਦੀਆਂ ਹਨ ਕੀਮਤਾਂ?
ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜਨਵਰੀ ਤੋਂ ਐਲ.ਈ.ਡੀ. ਟੀਵੀ ਦੀ ਕੀਮਤ ਵਿੱਚ 3 ਤੋਂ 4 ਪ੍ਰਤੀਸ਼ਤ ਤੱਕ ਦਾ ਵਾਧਾ ਸੰਭਵ ਹੈ। ਕੁਝ ਕੰਪਨੀਆਂ ਨੇ ਆਪਣੇ ਡੀਲਰਾਂ ਨੂੰ ਪਹਿਲਾਂ ਹੀ ਸੰਭਾਵੀ ਮੁੱਲ ਵਾਧੇ ਦੀ ਜਾਣਕਾਰੀ ਦੇ ਦਿੱਤੀ ਹੈ। ਉੱਥੇ ਹੀ ਕੁਝ ਨਿਰਮਾਤਾਵਾਂ ਦਾ ਅਨੁਮਾਨ ਇਸ ਤੋਂ ਵੀ ਜ਼ਿਆਦਾ ਹੈ ਅਤੇ ਉਨ੍ਹਾਂ ਦੇ ਅਨੁਸਾਰ ਕੀਮਤਾਂ 7 ਤੋਂ 10 ਪ੍ਰਤੀਸ਼ਤ ਤੱਕ ਵਧ ਸਕਦੀਆਂ ਹਨ, ਕਿਉਂਕਿ ਪਿਛਲੇ ਕੁਝ ਮਹੀਨਿਆਂ ਵਿੱਚ ਮੈਮੋਰੀ ਚਿੱਪ ਦੀ ਲਾਗਤ ਕਈ ਗੁਣਾ ਵਧ ਚੁੱਕੀ ਹੈ।
ਥੌਮਸਨ, ਕੋਡਕ ਅਤੇ ਬਲਾਉਪੁੰਕਟ ਸਮੇਤ ਕਈ ਆਲਮੀ ਬ੍ਰਾਂਡਾਂ ਦੇ ਲਾਇਸੈਂਸ ਰੱਖਣ ਵਾਲੀ ਟੀਵੀ ਨਿਰਮਾਤਾ ਕੰਪਨੀ ਸੁਪਰ ਪਲਾਸਟ੍ਰੋਨਿਕਸ ਪ੍ਰਾਈਵੇਟ ਲਿਮਟਿਡ (ਐੱਸ.ਪੀ.ਪੀ.ਐੱਲ.) ਨੇ ਕਿਹਾ, "ਪਿਛਲੇ ਤਿੰਨ ਮਹੀਨਿਆਂ ਵਿੱਚ ਮੈਮੋਰੀ ਚਿੱਪ ਦੀਆਂ ਕੀਮਤਾਂ ਵਿੱਚ 500 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।" ਐੱਸ.ਪੀ.ਪੀ.ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਵਨੀਤ ਸਿੰਘ ਮਾਰਵਾਹ ਦੇ ਅਨੁਸਾਰ, ਮੈਮੋਰੀ ਚਿੱਪ ਸੰਕਟ ਅਤੇ ਰੁਪਏ ਦੇ ਅਵਮੂਲਨ (devaluation) ਦੇ ਪ੍ਰਭਾਵ ਕਾਰਨ ਜਨਵਰੀ ਤੋਂ ਟੈਲੀਵਿਜ਼ਨ ਦੀਆਂ ਕੀਮਤਾਂ ਵਿੱਚ ਸੱਤ ਤੋਂ 10 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।
ਖਪਤਕਾਰਾਂ ਲਈ ਕੀ ਸਲਾਹ?
ਜੇਕਰ ਤੁਸੀਂ ਜਲਦੀ ਹੀ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਦਸੰਬਰ ਦੇ ਅੰਦਰ ਖਰੀਦਦਾਰੀ ਕਰਨਾ ਫਾਇਦੇਮੰਦ ਸੌਦਾ ਹੋ ਸਕਦਾ ਹੈ। ਜਨਵਰੀ ਤੋਂ ਨਵੀਆਂ ਕੀਮਤਾਂ ਲਾਗੂ ਹੋਣ 'ਤੇ ਤੁਹਾਨੂੰ ਉਸੇ ਮਾਡਲ ਲਈ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਬਜਟ ਅਤੇ ਜ਼ਰੂਰਤ ਦੇ ਹਿਸਾਬ ਨਾਲ ਆਪਸ਼ਨਾਂ ਦੀ ਤੁਲਨਾ ਕਰਨਾ ਅਤੇ ਆਫਰਾਂ 'ਤੇ ਨਜ਼ਰ ਰੱਖਣਾ ਵੀ ਸਮਝਦਾਰੀ ਹੋਵੇਗੀ।