ਈਰਾਨ ਨੂੰ ਲੈ ਕੇ ਟਰੰਪ ਦੇ ਨਰਮ ਤੇਵਰ: ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਤੇਲ ਦੀ ਖੇਡ 'ਚ ਆਇਆ ਨਵਾਂ ਮੋੜ
ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋ ਰਹੀਆਂ ਹੱਤਿਆਵਾਂ 'ਤੇ ਟਰੰਪ ਨੇ ਪਹਿਲਾਂ ਸਖ਼ਤ ਫੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ ਪਰ ਹੁਣ ਉਨ੍ਹਾਂ ਨੇ ਕਿਹਾ ਹੈ, ਟਰੰਪ ਅਨੁਸਾਰ, ਈਰਾਨ ਨੇ ਭਰੋਸਾ ਦਿੱਤਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਬੰਦ ਕਰ ਦੇਵੇਗਾ
Publish Date: Thu, 15 Jan 2026 12:44 PM (IST)
Updated Date: Thu, 15 Jan 2026 12:54 PM (IST)
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਬਿਆਨ ਤੋਂ ਬਾਅਦ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਧੜੰਮ ਕਰਕੇ ਹੇਠਾਂ ਡਿੱਗ ਗਈਆਂ ਹਨ। ਪਹਿਲਾਂ ਈਰਾਨ 'ਤੇ ਫੌਜੀ ਕਾਰਵਾਈ ਦੀ ਧਮਕੀ ਦੇਣ ਵਾਲੇ ਟਰੰਪ ਦੇ ਸੁਰ ਹੁਣ ਕੁਝ ਨਰਮ ਪੈਂਦੇ ਦਿਖਾਈ ਦੇ ਰਹੇ ਹਨ, ਜਿਸ ਕਾਰਨ ਤੇਲ ਦੀ ਸਪਲਾਈ ਨੂੰ ਲੈ ਕੇ ਬਣਿਆ ਡਰ ਘੱਟ ਹੋ ਗਿਆ ਹੈ।
ਤੇਲ ਦੀਆਂ ਕੀਮਤਾਂ 'ਚ ਕਿੰਨੀ ਆਈ ਗਿਰਾਵਟ
ਪਿਛਲੇ ਹਫ਼ਤੇ ਤੇਲ ਦੀਆਂ ਕੀਮਤਾਂ ਵਿੱਚ 11 ਫੀਸਦੀ ਦਾ ਉਛਾਲ ਦੇਖਿਆ ਗਿਆ ਸੀ ਪਰ ਹੁਣ ਇਸ ਵਿੱਚ ਵੱਡੀ ਕਮੀ ਆਈ ਹੈ।
ਬ੍ਰੈਂਟ ਕਰੂਡ (Brent Crude): ਇਸ ਦੀ ਕੀਮਤ 2.9 ਫੀਸਦੀ ਡਿੱਗ ਕੇ 65 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ।
WTI ਕਰੂਡ: ਇਸ ਵਿੱਚ 3.0 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਹੁਣ 60.16 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ।
ਟਰੰਪ ਨੇ ਅਜਿਹਾ ਕੀ ਕਿਹਾ
ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋ ਰਹੀਆਂ ਹੱਤਿਆਵਾਂ 'ਤੇ ਟਰੰਪ ਨੇ ਪਹਿਲਾਂ ਸਖ਼ਤ ਫੌਜੀ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ ਪਰ ਹੁਣ ਉਨ੍ਹਾਂ ਨੇ ਕਿਹਾ ਹੈ, ਟਰੰਪ ਅਨੁਸਾਰ, ਈਰਾਨ ਨੇ ਭਰੋਸਾ ਦਿੱਤਾ ਹੈ ਕਿ ਉਹ ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਬੰਦ ਕਰ ਦੇਵੇਗਾ ਅਤੇ ਜੋ ਫਾਂਸੀਆਂ ਹੋਣੀਆਂ ਸਨ, ਉਹ ਹੁਣ ਨਹੀਂ ਹੋਣਗੀਆਂ। ਟਰੰਪ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਵੱਲੋਂ ਤੁਰੰਤ ਕਿਸੇ ਫੌਜੀ ਹਮਲੇ ਦਾ ਖ਼ਤਰਾ ਟਲ ਗਿਆ ਹੈ, ਜਿਸ ਨਾਲ ਊਰਜਾ ਮਾਰਕੀਟ ਨੂੰ ਰਾਹਤ ਮਿਲੀ ਹੈ।
ਈਰਾਨ ਦਾ ਪੱਖ
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ 'ਫਾਕਸ ਨਿਊਜ਼' ਨੂੰ ਦਿੱਤੇ ਇੰਟਰਵਿਊ ਵਿੱਚ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨਕਾਰੀਆਂ ਨੂੰ ਫਾਂਸੀ ਦੇਣ ਦਾ ਕੋਈ ਪਲਾਨ ਨਹੀਂ ਹੈ। ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ।
ਬਾਜ਼ਾਰ ਮਾਹਰਾਂ ਦੀ ਰਾਏ
ਕੈਪੀਟਲ ਡਾਟ ਕਾਮ ਦੇ ਮਾਹਰਾਂ ਅਨੁਸਾਰ, ਜਿਵੇਂ ਹੀ ਟਰੰਪ ਨੇ ਕਿਹਾ ਕਿ ਇਰਾਨ ਹੱਤਿਆਵਾਂ ਤੋਂ ਬਚੇਗਾ, ਸਪਲਾਈ ਸੰਕਟ ਦਾ ਡਰ ਖ਼ਤਮ ਹੋ ਗਿਆ ਅਤੇ ਨਿਵੇਸ਼ਕਾਂ ਨੇ ਰਾਹਤ ਦਾ ਸਾਹ ਲੈ ਕੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਂਦਾ।