ਪੱਛਮੀ ਏਸ਼ੀਆ ਸੰਕਟ ਦਾ ਭਾਰਤ 'ਤੇ ਕੀ ਅਸਰ ਹੋਵੇਗਾ, ਇਸ ਬਾਰੇ ਪਾਰਕ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਵਿੱਚ 0.6 ਫੀਸਦੀ ਦੀ ਕਮੀ ਆਵੇਗੀ, ਜਿਸ ਨਾਲ ਇਹ 6.3 ਫੀਸਦੀ ਰਹਿ ਜਾਵੇਗੀ।

ਭਾਸ਼ਾ, ਨਵੀਂ ਦਿੱਲੀ: ਪੱਛਮੀ ਏਸ਼ੀਆ ਸੰਕਟ ਦੇ ਲੰਬੇ ਸਮੇਂ ਤਕ ਖਿੱਚੇ ਜਾਣ ਦੇ ਖ਼ਦਸ਼ੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ (Crude Oil Price) ਅਜੇ ਉੱਚੇ ਪੱਧਰ 'ਤੇ ਬਣੀਆਂ ਰਹਿਣਗੀਆਂ। ਏਸ਼ਿਆਈ ਵਿਕਾਸ ਬੈਂਕ (ADB) ਦੇ ਮੁੱਖ ਅਰਥ ਸ਼ਾਸਤਰੀ ਅਲਬਰਟ ਪਾਰਕ ਨੇ ਇਹ ਗੱਲ ਕਹੀ ਹੈ। ਪਾਰਕ ਨੇ ਕਿਹਾ, "ਕੱਚੇ ਤੇਲ ਦੀਆਂ ਕੀਮਤਾਂ ਉੱਚੀਆਂ ਰਹਿਣ ਦੇ ਖ਼ਦਸ਼ੇ ਦੇ ਵਿਚਕਾਰ ਸਾਡਾ ਅਨੁਮਾਨ ਹੈ ਕਿ ਨਵੇਂ ਦ੍ਰਿਸ਼ 'ਚ ਇਹ 2026 ਵਿੱਚ ਔਸਤਨ 96 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਰਹੇਗਾ। 2027 'ਚ ਇਹ 80 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਰਹੇਗਾ। ਇਸ ਲਈ ਸਾਡਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਲੰਬੇ ਸਮੇਂ ਤਕ ਉੱਚੀਆਂ ਰਹਿ ਸਕਦੀਆਂ ਹਨ।"
ਪਾਰਕ ਨੇ ਕਿਹਾ ਕਿ ਫਿਊਚਰਜ਼ ਕੀਮਤਾਂ ਵੀ ਉੱਚੀਆਂ ਬਣੀਆਂ ਹੋਈਆਂ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਹਾਜ਼ਰ ਬਾਜ਼ਾਰ (spot market) ਦੀਆਂ ਕੀਮਤਾਂ ਅਤੇ ਨੇੜਲੇ ਫਿਊਚਰਜ਼ ਬਾਜ਼ਾਰ 'ਚ ਇਕ ਕਿਸਮ ਦਾ ਪ੍ਰੀਮੀਅਮ ਵੀ ਦੇਖਿਆ ਹੈ ਕਿਉਂਕਿ ਅਜੇ ਕੱਚੇ ਤੇਲ ਦੀ ਬਹੁਤ ਕਮੀ ਹੈ। ਪੱਛਮੀ ਏਸ਼ੀਆ ਸੰਕਟ ਦਾ ਭਾਰਤ 'ਤੇ ਕੀ ਅਸਰ ਹੋਵੇਗਾ, ਇਸ ਬਾਰੇ ਪਾਰਕ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਵਿੱਚ 0.6 ਫੀਸਦੀ ਦੀ ਕਮੀ ਆਵੇਗੀ, ਜਿਸ ਨਾਲ ਇਹ 6.3 ਫੀਸਦੀ ਰਹਿ ਜਾਵੇਗੀ।
ਪਾਰਕ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਨਾਲ ਮੌਜੂਦਾ ਵਿੱਤੀ ਸਾਲ 'ਚ ਮਹਿੰਗਾਈ ਵੀ ਕਾਫੀ ਵੱਧ ਜਾਵੇਗੀ। ADB ਨੇ ਅਪ੍ਰੈਲ 'ਚ ਅਨੁਮਾਨ ਲਗਾਇਆ ਸੀ ਕਿ ਮਜ਼ਬੂਤ ਘਰੇਲੂ ਮੰਗ ਕਾਰਨ ਚਾਲੂ ਵਿੱਤੀ ਸਾਲ ਵਿੱਚ ਭਾਰਤ ਦੀ ਜੀਡੀਪੀ ਵਿਕਾਸ ਦਰ 6.9 ਫੀਸਦੀ ਦੇ ਪੱਧਰ 'ਤੇ ਮਜ਼ਬੂਤ ਬਣੀ ਰਹੇਗੀ। ਅਗਲੇ ਵਿੱਤੀ ਸਾਲ 'ਚ ਇਹ ਵਧ ਕੇ 7.3 ਫੀਸਦੀ ਹੋ ਜਾਵੇਗੀ। ਮਹਿੰਗਾਈ ਦੇ ਮਾਮਲੇ 'ਚ ADB ਨੇ ਮੌਜੂਦਾ ਵਿੱਤੀ ਸਾਲ 'ਚ ਇਸ ਦੇ 4.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਭਾਰਤ ਲਈ, ਪਾਰਕ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ 2026-27 ਵਿੱਚ ਵਿਕਾਸ ਦਰ ਵਿੱਚ 0.6 ਫੀਸਦੀ ਦੀ ਕਮੀ ਆਵੇਗੀ। ਇਹ ਸਾਡੇ ਆਦਰਸ਼ ਦ੍ਰਿਸ਼ 'ਤੇ ਅਧਾਰਤ ਹੈ। ਪਰ ਇਸ ਨਾਲ ਅਗਲੇ ਸਾਲ ਵਿਕਾਸ 'ਤੇ ਕੋਈ ਬੁਰਾ ਅਸਰ ਨਹੀਂ ਪਵੇਗਾ। ਭਾਰਤ ਅਗਲੇ ਸਾਲ ਵਾਪਸੀ ਕਰੇਗਾ।
ਪਾਰਕ ਨੇ ਕਿਹਾ ਕਿ ਇਸ ਸਾਲ ਮਹਿੰਗਾਈ 2.4 ਫੀਸਦੀ ਵਧ ਕੇ 6.9 ਫੀਸਦੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਤਾਂ ਇਹ ਇਸ ਖੇਤਰ (ਏਸ਼ੀਆ-ਪ੍ਰਸ਼ਾਂਤ) 'ਤੇ ਪੈਣ ਵਾਲੇ ਮਹਿੰਗਾਈ ਦੇ ਅਸਰ ਤੋਂ ਥੋੜ੍ਹਾ ਜ਼ਿਆਦਾ ਹੈ, ਕਿਉਂਕਿ ਭਾਰਤ ਦਰਾਮਦ ਕੀਤੇ (Imported) ਤੇਲ ਅਤੇ ਗੈਸ 'ਤੇ ਜ਼ਿਆਦਾ ਨਿਰਭਰ ਹੈ। ਜੇਕਰ ਤੁਸੀਂ ਚੀਨ ਨੂੰ ਹਟਾ ਦਿਓ, ਤਾਂ ਇਸ ਸਾਲ ਵਿਕਾਸ 'ਤੇ ਇਹ ਨਕਾਰਾਤਮਕ 0.6 ਫੀਸਦੀ ਦਾ ਅਸਰ ਪੂਰੇ ਖੇਤਰ ਲਈ ਵੀ ਕਾਫੀ ਹੱਦ ਤੱਕ ਇੱਕੋ ਜਿਹਾ ਹੈ। ADB ਨੇ 29 ਅਪ੍ਰੈਲ ਨੂੰ ਆਪਣੀ ਵਿਸ਼ੇਸ਼ ਅਪਡੇਟ ਰਿਪੋਰਟ ਵਿੱਚ 2026 ਲਈ ਏਸ਼ੀਆ ਪ੍ਰਸ਼ਾਂਤ ਲਈ ਵਿਕਾਸ ਦਰ ਦੇ ਅਨੁਮਾਨ ਨੂੰ 5.1 ਫੀਸਦੀ ਤੋਂ ਘਟਾ ਕੇ 4.7 ਫੀਸਦੀ ਕਰ ਦਿੱਤਾ ਹੈ।
ਖਾਧ ਉਤਪਾਦਨ 'ਤੇ 'ਐਲ ਨੀਨੋ' ਦੇ ਅਸਰ ਬਾਰੇ ਪੁੱਛੇ ਜਾਣ 'ਤੇ ਪਾਰਕ ਨੇ ਕਿਹਾ, 'ਬੇਸ਼ੱਕ, ਇਹ ਬਹੁਤ ਅਨਿਸ਼ਚਿਤ ਹੈ। ਜ਼ਾਹਰ ਹੈ ਜਦੋਂ ਵੀ ਭਾਰਤ ਵਿੱਚ ਫਸਲ ਖਰਾਬ ਹੁੰਦੀ ਹੈ, ਤਾਂ ਸਾਨੂੰ ਇੱਕ ਸਮੱਸਿਆ ਹੁੰਦੀ ਹੈ, ਉੱਚੀਆਂ ਕੀਮਤਾਂ ਦੇ ਨਾਲ। ਚੌਲਾਂ ਦੇ ਵਿਸ਼ਵ ਵਪਾਰ ਵਿੱਚ ਭਾਰਤ ਦਾ ਇੱਕ ਵੱਡਾ ਹਿੱਸਾ ਹੈ। ਇਸ ਲਈ ਭਾਰਤ ਵਿੱਚ ਜੋ ਕੁਝ ਵੀ ਹੁੰਦਾ ਹੈ, ਉਸ ਦਾ ਅਕਸਰ ਦੂਜੇ ਦੇਸ਼ਾਂ 'ਤੇ ਵੀ ਵੱਡਾ ਅਸਰ ਪੈਂਦਾ ਹੈ।'
ਪਾਰਕ ਨੇ ਅੱਗੇ ਕਿਹਾ ਕਿ ਵਧਦੀਆਂ ਖਾਦਾਂ ਦੀਆਂ ਕੀਮਤਾਂ ਤੋਂ ਇਲਾਵਾ ਇਹ ਵੀ ਚਿੰਤਾ ਦਾ ਇੱਕ ਕਾਰਨ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਕੀਮਤ ਵਧਣ ਨਾਲ ਕਿਸਾਨ ਘੱਟ ਖਾਦ ਦੀ ਵਰਤੋਂ ਕਰਨਗੇ, ਜਿਸ ਨਾਲ ਪੈਦਾਵਾਰ ਵੀ ਘੱਟ ਹੋਵੇਗੀ ਤੇ ਸਾਲ ਦੇ ਅੰਤ ਵਿੱਚ ਇਸਦੀ ਉਪਲਬਧਤਾ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਜ਼ਰੂਰ ਪਵੇਗਾ, ਪਰ ਇਹ ਕਿੰਨਾ ਡੂੰਘਾ ਹੋਵੇਗਾ ਇਸ ਦਾ ਅਨੁਮਾਨ ਗੈਸ ਸੰਕਟ ਦੇ ਅਧਾਰ 'ਤੇ ਹੀ ਲਗਾਇਆ ਜਾ ਸਕੇਗਾ।