ਅਸੀਂ ਜਿਸ ਪਰਿਵਾਰ ਦੀ ਗੱਲ ਕਰ ਰਹੇ ਹਾਂ ਉਸਦਾ ਨਾਮ ਜਗਤ ਸੇਠ ਸੀ। ਜਿਨ੍ਹਾਂ ਦੀ ਦੌਲਤ ਨੂੰ ਦੇਖ ਕੇ ਅੱਜ ਦੇ ਐਲਨ ਮਸਕ, ਜੈੱਫ ਬੇਜ਼ੋਸ ਅਤੇ ਬਿਲ ਗੇਟਸ ਵੀ ਫਿੱਕੇ ਪੈ ਜਾਣ। ਜਗਤ ਸੇਠ ਦੀ ਕੁੱਲ ਜਾਇਦਾਦ ਅੱਜ ਦੇ ਮੁੱਲ ਵਿੱਚ ਲਗਪਗ 8.3 ਲੱਖ ਕਰੋੜ ਰੁਪਏ ਸੀ

ਨਵੀਂ ਦਿੱਲੀ : ਅਸੀਂ ਤੁਹਾਨੂੰ ਉਸ ਭਾਰਤੀ ਪਰਿਵਾਰ ਦੀ ਕਹਾਣੀ ਦੱਸ ਰਹੇ ਹਾਂ, ਜੋ ਇੰਨਾ ਅਮੀਰ ਸੀ ਕਿ ਅਮੀਰੀ ਵੀ ਸ਼ਰਮਾ ਜਾਵੇ! ਜਿਸ ਨੇ ਮੁਗਲਾਂ ਨੂੰ ਉਧਾਰ ਦਿੱਤਾ, ਅੰਗਰੇਜ਼ਾਂ ਨੂੰ ਕਰਜ਼ਾ ਦਿੱਤਾ ਅਤੇ ਅੰਤ ਵਿੱਚ ਇਤਿਹਾਸ ਨੂੰ ਇੱਕ ਸਵਾਲ ਦਿੱਤਾ ਕਿ, "ਜੋ ਦੁਨੀਆ ਨੂੰ ਕਰਜ਼ਾ ਦਿੰਦਾ ਹੋਵੇ, ਉਸਨੂੰ ਭਲਾ ਕੋਈ ਕਿਵੇਂ ਕੰਗਾਲ ਕਰ ਸਕਦਾ ਹੈ?" ਤਾਂ ਚਲੋ ਇਸ ਸਵਾਲ ਦਾ ਜਵਾਬ ਜਾਣਦੇ ਹਾਂ।
ਅਸੀਂ ਜਿਸ ਪਰਿਵਾਰ ਦੀ ਗੱਲ ਕਰ ਰਹੇ ਹਾਂ ਉਸਦਾ ਨਾਮ ਜਗਤ ਸੇਠ ਸੀ। ਜਿਨ੍ਹਾਂ ਦੀ ਦੌਲਤ ਨੂੰ ਦੇਖ ਕੇ ਅੱਜ ਦੇ ਐਲਨ ਮਸਕ, ਜੈੱਫ ਬੇਜ਼ੋਸ ਅਤੇ ਬਿਲ ਗੇਟਸ ਵੀ ਫਿੱਕੇ ਪੈ ਜਾਣ। ਜਗਤ ਸੇਠ ਦੀ ਕੁੱਲ ਜਾਇਦਾਦ ਅੱਜ ਦੇ ਮੁੱਲ ਵਿੱਚ ਲਗਪਗ 8.3 ਲੱਖ ਕਰੋੜ ਰੁਪਏ ਸੀ ਅਤੇ ਜੋ ਮੁਗਲਾਂ ਤੋਂ ਲੈ ਕੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੱਕ ਨੂੰ ਕਰਜ਼ਾ ਦਿੰਦੇ ਸਨ।
18ਵੀਂ ਸਦੀ ਦੇ ਬੰਗਾਲ ਵਿੱਚ ਇੱਕ ਬੈਂਕਰ ਸਨ ਫਤਿਹ ਚੰਦ, ਜਿਨ੍ਹਾਂ ਨੂੰ "ਜਗਤ ਸੇਠ" (ਭਾਵ ਵਿਸ਼ਵ ਦਾ ਸੇਠ ਜਾਂ ਬੈਂਕਰ ਆਫ ਦ ਵਰਲਡ) ਦੀ ਉਪਾਧੀ ਮਿਲੀ। ਜਗਤ ਸੇਠ ਖ਼ਾਨਦਾਨ ਦੀਆਂ ਜੜ੍ਹਾਂ ਪਟਨਾ ਦੇ ਮਾਣਿਕ ਚੰਦ ਨਾਲ ਜੁੜੀਆਂ ਹਨ, ਜੋ 1700 ਦੇ ਸ਼ੁਰੂਆਤੀ ਦਹਾਕੇ ਵਿੱਚ ਵਪਾਰ ਕਰਨ ਲਈ ਢਾਕਾ ਆਏ।
ਜਦੋਂ ਬੰਗਾਲ ਦੀ ਰਾਜਧਾਨੀ ਢਾਕਾ ਤੋਂ ਮੁਰਸ਼ਿਦਾਬਾਦ ਤਬਦੀਲ ਹੋਈ ਤਾਂ ਮਾਣਿਕ ਚੰਦ ਵੀ ਉੱਥੇ ਚਲੇ ਗਏ। ਮੁਰਸ਼ਿਦਾਬਾਦ ਵਿੱਚ ਉਹ ਨਵਾਬ ਦੇ ਕਰੀਬੀ ਬਣ ਗਏ ਅਤੇ ਨਵਾਬ ਦੇ ਨਿੱਜੀ ਬੈਂਕਰ ਤੇ ਵਿੱਤੀ ਸਲਾਹਕਾਰ ਬਣ ਬੈਠੇ। ਸੰਨ 1712 ਵਿੱਚ ਦਿੱਲੀ ਦੇ ਬਾਦਸ਼ਾਹ ਫ਼ਰਰੁਖਸੀਅਰ ਨੇ ਉਨ੍ਹਾਂ ਨੂੰ 'ਨਾਗਰ ਸੇਠ' ਦੀ ਉਪਾਧੀ ਦਿੱਤੀ।
ਜਗਤ ਸੇਠ ਪਰਿਵਾਰ ਦਾ ਉਦੈ
1714 ਵਿੱਚ ਮਾਣਿਕ ਚੰਦ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਅਤੇ ਗੋਦ ਲਏ ਪੁੱਤਰ ਫਤਿਹ ਚੰਦ ਨੇ ਕਾਰੋਬਾਰ ਸੰਭਾਲਿਆ। ਫਤਿਹ ਚੰਦ ਦੀ ਅਗਵਾਈ ਵਿੱਚ ਇਹ ਪਰਿਵਾਰ ਇੰਨਾ ਸ਼ਕਤੀਸ਼ਾਲੀ ਹੋ ਗਿਆ ਕਿ ਈਸਟ ਇੰਡੀਆ ਕੰਪਨੀ ਵੀ ਉਨ੍ਹਾਂ ਤੋਂ ਉਧਾਰ ਲੈਂਦੀ ਸੀ, ਸੋਨਾ-ਚਾਂਦੀ ਖਰੀਦਦੀ-ਵੇਚਦੀ ਸੀ।
ਬ੍ਰਿਟਿਸ਼ ਇਤਿਹਾਸਕਾਰ ਰੌਬਰਟ ਓਰਮੇ ਨੇ ਲਿਖਿਆ ਹੈ ਕਿ ਮੁਗਲ ਸਾਮਰਾਜ ਵਿੱਚ ਇਹ ਹਿੰਦੂ ਵਪਾਰੀ ਪਰਿਵਾਰ ਸਭ ਤੋਂ ਅਮੀਰ ਸੀ ਅਤੇ ਮੁਰਸ਼ਿਦਾਬਾਦ ਦੀ ਸਰਕਾਰ 'ਤੇ ਇਸਦਾ ਜ਼ਬਰਦਸਤ ਪ੍ਰਭਾਵ ਸੀ।
ਬੈਂਕਿੰਗ ਸਾਮਰਾਜ
ਜਗਤ ਸੇਠਾਂ ਦੀ ਤੁਲਨਾ ਉਸ ਸਮੇਂ ਦੇ ਬੈਂਕ ਆਫ਼ ਇੰਗਲੈਂਡ ਨਾਲ ਕੀਤੀ ਜਾਂਦੀ ਸੀ। ਬੰਗਾਲ ਸਰਕਾਰ ਲਈ ਇਹ ਮਾਲੀਆ ਇਕੱਠਾ ਕਰਦੇ ਸਨ, ਸਰਕਾਰੀ ਖਜ਼ਾਨਾ ਰੱਖਦੇ ਸਨ, ਸਿੱਕੇ ਢਾਲਦੇ ਸਨ ਅਤੇ ਵਿਦੇਸ਼ੀ ਮੁਦਰਾ ਦਾ ਲੈਣ-ਦੇਣ ਕਰਦੇ ਸਨ। ਕੁਝ ਸਮਕਾਲੀ ਵੇਰਵਿਆਂ ਅਨੁਸਾਰ 1720 ਦੇ ਦਹਾਕੇ ਵਿੱਚ ਜਗਤ ਸੇਠਾਂ ਦੀ ਦੌਲਤ ਬ੍ਰਿਟਿਸ਼ ਅਰਥਵਿਵਸਥਾ ਤੋਂ ਵੀ ਜ਼ਿਆਦਾ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਕੋਲ ਨਕਦ ਰਾਸ਼ੀ ਇੰਗਲੈਂਡ ਦੇ ਸਾਰੇ ਬੈਂਕਾਂ ਨੂੰ ਮਿਲਾ ਕੇ ਉਸ ਤੋਂ ਵੀ ਵੱਧ ਸੀ। ਅੱਜ ਦੇ ਮੁੱਲ ਵਿੱਚ ਉਨ੍ਹਾਂ ਦੀ ਜਾਇਦਾਦ ਘੱਟੋ-ਘੱਟ 1 ਟ੍ਰਿਲੀਅਨ ਅਮਰੀਕੀ ਡਾਲਰ (ਲਗਭਗ ₹8.3 ਲੱਖ ਕਰੋੜ) ਆਂਕੀ ਜਾਂਦੀ ਹੈ।
ਉੱਤਰਾਧਿਕਾਰੀ ਤੇ ਰਾਜਨੀਤਿਕ ਪ੍ਰਭਾਵ
ਫਤਿਹ ਚੰਦ ਤੋਂ ਬਾਅਦ 1744 ਵਿੱਚ ਉਨ੍ਹਾਂ ਦਾ ਪੋਤਾ ਮਹਿਤਾਬ ਚੰਦ ਗੱਦੀ 'ਤੇ ਬੈਠਾ। ਮਹਿਤਾਬ ਚੰਦ ਅਤੇ ਉਨ੍ਹਾਂ ਦੇ ਚਚੇਰੇ ਭਾਈ ਮਹਾਰਾਜਾ ਸਵਰੂਪ ਚੰਦ ਦਾ ਅਲੀਵਰਦੀ ਖਾਨ ਦੇ ਸਮੇਂ ਬਹੁਤ ਦਬਦਬਾ ਸੀ ਪਰ ਜਦੋਂ ਸਿਰਾਜ-ਉਦ-ਦੌਲਾ ਨਵਾਬ ਬਣਿਆ ਤਾਂ ਜਗਤ ਸੇਠਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਉਸਦੇ ਖਿਲਾਫ਼ ਸਾਜ਼ਿਸ਼ ਰਚੀ, ਜਿਸਦੇ ਨਤੀਜੇ ਵਜੋਂ 1757 ਵਿੱਚ ਪਲਾਸੀ ਦੀ ਲੜਾਈ ਹੋਈ ਅਤੇ ਬੰਗਾਲ 'ਤੇ ਬ੍ਰਿਟਿਸ਼ ਕਬਜ਼ਾ ਹੋ ਗਿਆ।
ਇਸ ਤੋਂ ਬਾਅਦ ਜਗਤ ਸੇਠਾਂ ਨੇ ਆਪਣੀਆਂ ਜ਼ਿਆਦਾਤਰ ਜ਼ਮੀਨਾਂ ਗੁਆ ਦਿੱਤੀਆਂ ਅਤੇ ਕੰਪਨੀ ਨੇ ਉਨ੍ਹਾਂ ਨੂੰ ਦਿੱਤਾ ਗਿਆ ਭਾਰੀ ਕਰਜ਼ਾ ਕਦੇ ਵਾਪਸ ਹੀ ਨਹੀਂ ਕੀਤਾ। 1857 ਦੇ ਵਿਦਰੋਹ ਨੇ ਇਸ ਖ਼ਾਨਦਾਨ ਨੂੰ ਅੰਤਿਮ ਝਟਕਾ ਦਿੱਤਾ।
ਅੰਤ ਤੇ ਵਰਤਮਾਨ
1900 ਆਉਂਦੇ-ਆਉਂਦੇ ਜਗਤ ਸੇਠ ਜਨਤਕ ਜੀਵਨ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੇ ਸਨ। ਉਨ੍ਹਾਂ ਦੇ ਵੰਸ਼ਜ ਅੱਜ ਕਿੱਥੇ ਹਨ, ਇਹ ਕਿਸੇ ਨੂੰ ਨਹੀਂ ਪਤਾ, ਠੀਕ ਉਸੇ ਤਰ੍ਹਾਂ ਜਿਵੇਂ ਮੁਗਲ ਵੰਸ਼ਜ ਅਗਿਆਤ ਹਨ। ਮੁਰਸ਼ਿਦਾਬਾਦ ਵਿੱਚ ਹਜ਼ਾਰਦੁਆਰੀ ਪੈਲੇਸ ਤੋਂ ਥੋੜ੍ਹੀ ਹੀ ਦੂਰੀ 'ਤੇ ਜਗਤ ਸੇਠ ਦਾ ਸ਼ਾਨਦਾਰ ਮਹਿਲ ਅੱਜ ਇੱਕ ਅਜਾਇਬ ਘਰ (Museum) ਬਣ ਚੁੱਕਾ ਹੈ, ਜਿੱਥੇ ਉਸ ਅਤੁਲਨੀਯ ਸ਼ਾਨੋ-ਸ਼ੌਕਤ ਦੀਆਂ ਬਸ ਕੁਝ ਯਾਦਾਂ ਬਾਕੀ ਹਨ।
ਇੱਕ ਸਮਾਂ ਸੀ ਜਦੋਂ ਇੱਕ ਭਾਰਤੀ ਪਰਿਵਾਰ ਦੁਨੀਆ ਦਾ ਸਭ ਤੋਂ ਵੱਡਾ ਬੈਂਕਰ ਸੀ ਅਤੇ ਅੱਜ ਅਸੀਂ ਉਸਨੂੰ ਲਗਪਗ ਭੁੱਲ ਹੀ ਚੁੱਕੇ ਹਾਂ।