RBI ਦੇ ਨਵੇਂ ਬੁਲੇਟਿਨ 'ਚ ਪ੍ਰਕਾਸ਼ਿਤ ਅਮਰੀਕੀ ਡਾਲਰ ਦੀ ਵਿਕਰੀ/ਖਰੀਦ ਦੇ ਅੰਕੜਿਆਂ ਅਨੁਸਾਰ, ਅਗਸਤ 'ਚ ਕੇਂਦਰੀ ਬੈਂਕ ਦੀ ਅਮਰੀਕੀ ਡਾਲਰ ਦੀ ਸ਼ੁੱਧ ਬਿਕਵਾਲੀ 7.69 ਅਰਬ ਅਮਰੀਕੀ ਡਾਲਰ ਰਹੀ, ਜੋ ਪਿਛਲੇ ਮਹੀਨੇ ਦੇ ਮੁਕਾਬਲੇ ਲਗਪਗ ਤਿੰਨ ਗੁਣਾ ਹੈ।
ਭਾਸ਼ਾ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (RBI) ਨੇ ਅਗਸਤ ਮਹੀਨੇ 7.7 ਅਰਬ ਅਮਰੀਕੀ ਡਾਲਰ ਵੇਚ ਕੇ ਐਕਸਚੇਂਜ ਦਰਾਂ 'ਚ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਅਤੇ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਦੇ ਮੁੱਲ 'ਚ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਆਰਬੀਆਈ ਦੇ ਨਵੇਂ ਬੁਲੇਟਿਨ 'ਚ ਪ੍ਰਕਾਸ਼ਿਤ ਅਮਰੀਕੀ ਡਾਲਰ ਦੀ ਵਿਕਰੀ/ਖਰੀਦ ਦੇ ਅੰਕੜਿਆਂ ਅਨੁਸਾਰ, ਅਗਸਤ 'ਚ ਕੇਂਦਰੀ ਬੈਂਕ ਦੀ ਅਮਰੀਕੀ ਡਾਲਰ ਦੀ ਸ਼ੁੱਧ ਬਿਕਵਾਲੀ 7.69 ਅਰਬ ਅਮਰੀਕੀ ਡਾਲਰ ਰਹੀ, ਜੋ ਪਿਛਲੇ ਮਹੀਨੇ ਦੇ ਮੁਕਾਬਲੇ ਲਗਪਗ ਤਿੰਨ ਗੁਣਾ ਹੈ।
ਅੰਕੜਿਆਂ ਅਨੁਸਾਰ, ਕੇਂਦਰੀ ਬੈਂਕ ਨੇ ਜੁਲਾਈ ਤੇ ਅਗਸਤ 'ਚ ਅਮਰੀਕੀ ਡਾਲਰ ਨਹੀਂ ਖਰੀਦੇ। ਆਰਬੀਆਈ ਦਾ ਐਲਾਨਿਆ ਰੁਖ ਇਹ ਹੈ ਕਿ ਉਹ ਰੁਪਏ-ਡਾਲਰ ਐਕਸਚੇਂਜ ਦਰ ਦੇ ਕਿਸੇ ਪੱਧਰ ਜਾਂ ਦਾਇਰੇ ਨੂੰ ਲਕਸ਼ਿਤ ਨਹੀਂ ਕਰਦਾ, ਸਗੋਂ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸਿਰਫ਼ ਉਸ ਵੇਲੇ ਦਖ਼ਲ ਦਿੰਦਾ ਹੈ ਜਦੋਂ ਬਹੁਤ ਜ਼ਿਆਦਾ ਅਸਥਿਰਤਾ ਹੋਵੇ।
ਅਗਸਤ 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਵੱਡੀ ਗਿਰਾਵਟ ਆਈ ਸੀ। ਇਸ ਤੋਂ ਬਾਅਦ ਵਧਦੇ ਵਪਾਰਕ ਤਣਾਅ, ਵਧਦੀਆਂ ਆਲਮੀ ਬੇਨਿਯਮੀਆਂ ਤੇ ਲਗਾਤਾਰ ਵਿਦੇਸ਼ੀ ਪੋਰਟਫੋਲਿਓ ਨਿਵੇਸ਼ ਦੀ ਨਿਕਾਸੀ ਦੌਰਾਨ ਸਤੰਬਰ 'ਚ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ 'ਚ ਗਿਰਾਵਟ ਦਰਜ ਕੀਤੀ ਗਈ ਸੀ।
ਕੇਂਦਰੀ ਬੈਂਕ ਐਕਸਚੇਂਜ ਰੇਟ 'ਚ ਉਤਰਾਅ-ਚੜ੍ਹਾਅ ਨੂੰ ਰੋਕਣ ਲਈ ਸਪੌਟ ਤੇ ਫਾਰਵਰਡ ਮਾਰਕੀਟ 'ਚ ਦਖਲ ਦਿੰਦਾ ਹੈ। 20 ਅਕਤੂਬਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਥੋੜ੍ਹਾ ਵਧ ਕੇ 87.9275 'ਤੇ ਬੰਦ ਹੋਇਆ। ਆਰਬੀਆਈ ਦੇ ਸਰਕਾਰੀ ਬੈਂਕਾਂ ਰਾਹੀਂ ਮਾਰਕੀਟ 'ਚ ਵਾਪਸੀ ਦੀ ਉਮੀਦ ਹੈ, ਜਿਸ ਨਾਲ ਰੁਪਏ ਨੂੰ 88 ਦੇ ਪੱਧਰ ਨੇੜੇ ਸਹਾਰਾ ਮਿਲੇਗਾ।
ਰੁਪਿਆ ਹੋਰ ਏਸ਼ਿਆਈ ਕਰੰਸੀਆਂ 'ਚੋਂ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਿਆਂ 'ਚੋਂ ਇਕ ਰਿਹਾ ਹੈ, ਜਿਸ ਨੇ ਇਸ ਸਾਲ ਹੁਣ ਤਕ 4.61 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਦਰਜ ਕੀਤੀ ਹੈ, ਜਿਸ ਵਿਚ ਸਤੰਬਰ ਸਭ ਤੋਂ ਖਰਾਬ ਮਹੀਨਾ ਰਿਹਾ। ਹਾਲਾਂਕਿ, ਇਸ ਸੋਮਵਾਰ ਤੇ ਮੰਗਲਵਾਰ ਨੂੰ ਇਹ 10 ਪੈਸੇ ਵਧ ਕੇ ਮੰਗਲਵਾਰ ਨੂੰ 87.9620 'ਤੇ ਪਹੁੰਚ ਗਿਆ। ਅਕਤੂਬਰ ਦੌਰਾਨ, ਰੁਪਿਆ 0.39 ਪ੍ਰਤੀਸ਼ਤ ਮਜ਼ਬੂਤ ਹੋਇਆ ਹੈ, ਪਰ ਪਿਛਲੇ 12 ਮਹੀਨਿਆਂ ਵਿਚ ਇਹ 4.61 ਪ੍ਰਤੀਸ਼ਤ ਹੇਠਾਂ ਆ ਗਿਆ ਹੈ। ਰੁਪਿਆ 23 ਸਤੰਬਰ ਨੂੰ 88.89 ਦੇ ਸਾਰੇ ਸਮੇਂ ਦੇ ਨੀਵੇਂ ਪੱਧਰ 'ਤੇ ਪਹੁੰਚ ਗਿਆ ਸੀ।