ਮੁਲਾਜ਼ਮਾਂ ਦੀ ਵਧੀ ਹੋਈ ਮਜ਼ਦੂਰੀ ਦੀਆਂ ਨਵੀਆਂ ਦਰਾਂ 1 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ। ਇਹ ਵਾਧਾ ਉਦਯੋਗਿਕ ਕਾਮਿਆਂ ਲਈ ਔਸਤ ਉਪਭੋਗਤਾ ਮੁੱਲ ਸੂਚਕ ਅੰਕ (CPI) ਵਿੱਚ ਵਾਧੇ ਕਾਰਨ ਕੀਤਾ ਗਿਆ ਹੈ। 31 ਦਸੰਬਰ 2025 ਤੱਕ ਇਹ ਸੂਚਕ ਅੰਕ 413.52 ਤੋਂ ਵਧ ਕੇ 424.80 'ਤੇ ਪਹੁੰਚ ਗਿਆ, ਜਿਸ ਦੇ ਨਤੀਜੇ ਵਜੋਂ ਇਸ ਵਿੱਚ 11.28 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਧੀਨ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦਫ਼ਤਰ ਨੇ ਲੱਖਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਤਨਖਾਹ 'ਚ ਵਾਧਾ ਕੀਤਾ ਹੈ। 30 ਮਾਰਚ 2026 ਨੂੰ ਜਾਰੀ ਕੀਤੇ ਗਏ ਇਕ ਨਵੇਂ ਹੁਕਮ ਤਹਿਤ ਪਰਿਵਰਤਨਸ਼ੀਲ ਮਹਿੰਗਾਈ ਭੱਤੇ (VDA) 'ਚ ਸੋਧ ਕੀਤੀ ਗਈ ਹੈ। ਇਸ ਫੈਸਲੇ ਨਾਲ ਮੁੱਖ ਤੌਰ 'ਤੇ ਰੇਲਵੇ ਦੇ ਗੁਡਜ਼ ਸ਼ੈੱਡਾਂ ਤੇ ਪਾਰਸਲ ਦਫ਼ਤਰਾਂ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ, ਸਫ਼ਾਈ ਮੁਲਾਜ਼ਮਾਂ ਤੇ ਸੁਰੱਖਿਆ ਗਾਰਡਾਂ (ਵਾਚ ਐਂਡ ਵਾਰਡ) ਸਮੇਤ ਖੇਤੀਬਾੜੀ ਅਤੇ ਨਿਰਮਾਣ ਖੇਤਰ ਦੇ ਮੁਲਾਜ਼ਮਾਂ ਦੀ ਘੱਟੋ-ਘੱਟ ਮਜ਼ਦੂਰੀ ਵਧ ਗਈ ਹੈ।
ਮੁਲਾਜ਼ਮਾਂ ਦੀ ਵਧੀ ਹੋਈ ਮਜ਼ਦੂਰੀ ਦੀਆਂ ਨਵੀਆਂ ਦਰਾਂ 1 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ। ਇਹ ਵਾਧਾ ਉਦਯੋਗਿਕ ਕਾਮਿਆਂ ਲਈ ਔਸਤ ਉਪਭੋਗਤਾ ਮੁੱਲ ਸੂਚਕ ਅੰਕ (CPI) ਵਿੱਚ ਵਾਧੇ ਕਾਰਨ ਕੀਤਾ ਗਿਆ ਹੈ। 31 ਦਸੰਬਰ 2025 ਤੱਕ ਇਹ ਸੂਚਕ ਅੰਕ 413.52 ਤੋਂ ਵਧ ਕੇ 424.80 'ਤੇ ਪਹੁੰਚ ਗਿਆ, ਜਿਸ ਦੇ ਨਤੀਜੇ ਵਜੋਂ ਇਸ ਵਿੱਚ 11.28 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ।
ਰੇਲਵੇ ਦੇ ਗੁਡਜ਼ ਸ਼ੈੱਡਾਂ, ਪਾਰਸਲ ਦਫ਼ਤਰਾਂ ਅਤੇ ਹੋਰ ਗੋਦਾਮਾਂ 'ਚ ਲੋਡਿੰਗ-ਅਨਲੋਡਿੰਗ ਕਰਨ ਵਾਲੇ ਮੁਲਾਜ਼ਮਾਂ ਤੇ ਝਾੜੂ ਲਗਾਉਣ ਤੇ ਸਫ਼ਾਈ ਕਰਨ ਵਾਲੇ (ਮੈਨੂਅਲ ਸਕੈਵੇਂਜਿੰਗ ਅਧੀਨ ਵਰਜਿਤ ਗਤੀਵਿਧੀਆਂ ਨੂੰ ਛੱਡ ਕੇ) ਮੁਲਾਜ਼ਮਾਂ ਲਈ ਘੱਟੋ-ਘੱਟ ਮਜ਼ਦੂਰੀ ਦੀਆਂ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ:
'ਕ' (A) ਸ਼੍ਰੇਣੀ ਦੇ ਸ਼ਹਿਰ: ਇਨ੍ਹਾਂ ਸ਼ਹਿਰਾਂ 'ਚ ਮੁਲਾਜ਼ਮਾਂ ਨੂੰ 827 ਰੁਪਏ ਪ੍ਰਤੀ ਦਿਨ (523 ਰੁਪਏ ਮੂਲ ਮਜ਼ਦੂਰੀ + 304 ਰੁਪਏ VDA) ਮਿਲਣਗੇ।
'ਖ' (B) ਸ਼੍ਰੇਣੀ ਦੇ ਸ਼ਹਿਰ: ਇੱਥੇ ਮੁਲਾਜ਼ਮਾਂ ਨੂੰ 693 ਰੁਪਏ (437 ਰੁਪਏ ਮੂਲ ਮਜ਼ਦੂਰੀ + 256 ਰੁਪਏ VDA) ਪ੍ਰਤੀ ਦਿਨ ਦਿੱਤੇ ਜਾਣਗੇ।
'ਗ' (C) ਸ਼੍ਰੇਣੀ ਦੇ ਸ਼ਹਿਰ: ਇਨ੍ਹਾਂ ਖੇਤਰਾਂ 'ਚ 556 ਰੁਪਏ (350 ਰੁਪਏ ਮੂਲ ਮਜ਼ਦੂਰੀ + 206 ਰੁਪਏ VDA) ਪ੍ਰਤੀ ਦਿਨ ਦੇਣਯੋਗ ਹੋਣਗੇ।
ਸੁਰੱਖਿਆ ਕੰਮ ਵਿੱਚ ਤਾਇਨਾਤ ਗਾਰਡਾਂ ਦੀ ਮਜ਼ਦੂਰੀ ਨੂੰ ਦੋ ਹਿੱਸਿਆਂ (ਹਥਿਆਰ ਦੇ ਨਾਲ ਅਤੇ ਬਿਨਾਂ ਹਥਿਆਰ) 'ਚ ਵੰਡਿਆ ਗਿਆ ਹੈ:
ਬਿਨਾਂ ਹਥਿਆਰ ਵਾਲੇ ਗਾਰਡ: 'ਕ' ਸ਼੍ਰੇਣੀ ਦੇ ਸ਼ਹਿਰਾਂ ਵਿੱਚ 1008 ਰੁਪਏ, 'ਖ' ਸ਼੍ਰੇਣੀ ਵਿੱਚ 918 ਰੁਪਏ ਅਤੇ 'ਗ' ਸ਼੍ਰੇਣੀ 'ਚ 781 ਰੁਪਏ ਪ੍ਰਤੀ ਦਿਨ ਮਿਲਣਗੇ।
ਹਥਿਆਰਾਂ ਦੇ ਨਾਲ ਤਾਇਨਾਤ ਗਾਰਡ: 'ਕ' ਸ਼੍ਰੇਣੀ ਦੇ ਸ਼ਹਿਰਾਂ ਵਿੱਚ 1094 ਰੁਪਏ, 'ਖ' ਸ਼੍ਰੇਣੀ ਵਿੱਚ 1008 ਰੁਪਏ ਤੇ 'ਗ' ਸ਼੍ਰੇਣੀ 'ਚ 918 ਰੁਪਏ ਪ੍ਰਤੀ ਦਿਨ ਦੇਣਯੋਗ ਹੋਣਗੇ।
ਮਜ਼ਦੂਰੀ ਦੀਆਂ ਵੱਖ-ਵੱਖ ਦਰਾਂ ਸ਼ਹਿਰਾਂ ਦੇ 'ਕ', 'ਖ' ਅਤੇ 'ਗ' (A, B, C) ਵਰਗੀਕਰਨ 'ਤੇ ਨਿਰਭਰ ਕਰਦੀਆਂ ਹਨ। ਸ਼ਹਿਰਾਂ ਦਾ ਇਹ ਵਰਗੀਕਰਨ ਕਿਰਤ ਮੰਤਰਾਲੇ ਦੇ 19 ਜਨਵਰੀ 2017 ਦੇ ਨੋਟੀਫਿਕੇਸ਼ਨ ਦੇ ਭਾਗ-II ਅਨੁਸਾਰ ਕੀਤਾ ਗਿਆ ਹੈ। ਉਦਾਹਰਨ ਲਈ, ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਕਾਨਪੁਰ, ਲਖਨਊ ਅਤੇ ਨੋਇਡਾ ਵਰਗੇ ਵੱਡੇ ਅਤੇ ਪ੍ਰਮੁੱਖ ਸ਼ਹਿਰਾਂ ਨੂੰ 'ਅ' (A) ਸ਼੍ਰੇਣੀ 'ਚ ਰੱਖਿਆ ਗਿਆ ਹੈ।